ਅਧਿਆਪਕ

ਅਧਿਆਪਕ ਹਰ ਇੱਕ ਦੇ ਅੰਦਰ ਵੀ ਹੈ, ਪਰ ਉਹ ਉਦੋਂ ਹੀ ਜਾਗਦਾ ਹੈ ਜਦੋਂ ਸੁਹਿਰਦਤਾ ਨਾਲ ਉਸ ਵੱਲ ਕੋਈ ਮੁੜੇ |ਉਹ ਅੰਦਰਲਾ ਅਧਿਆਪਕ ਇਹ ਵੀ ਦੱਸਦਾ ਹੈ ਕਿ ਅਸੀਂ ਸਭ ਤੋਂ ਜਿਆਦਾ ਆਪਣੇ ਆਪ ਨਾਲ ਬੇਵਫ਼ਾਈ ਉਦੋਂ ਕਰਦੇ ਹਾਂ ਜਦੋਂ ਅਸੀਂ ਕਈ ਵਾਰ ਦੋ ਅਤੇ ਤਿੰਨ ਬਣਕੇ ਜਿਉਂਦੇ ਹਾਂ | ਸਾਡੇ ਧੁਰ ਅੰਦਰ ਸਾਡੇ ਕਈ ਰੂਪ ਛੁਪੇ ਰਹਿੰਦੇ ਹਨ ਪਰ ਆਪਣੇ ਇਨ੍ਹਾਂ ਕਰਮਾਂ ਨੂੰ ਅਸੀਂ ਜਾਇਜ ਕਰਾਰ ਦੇਂਦੇ ਰਹਿੰਦੇ ਹਾਂ ਕਿਸੇ ਨਾ ਕਿਸੇ ਬਹਾਨੇ ਨਾਲ | ਉਹ ਬਹਾਨੇ ਹੀ ਸਾਡੇ ਝੂਠ ਦੇ ਸਿਲਸਲੇ ਨੂੰ ਸ਼ੁਰੂ ਕਰ ਦੇਂਦੇ ਹਨ | ਅੰਦਰ ਅਤੇ ਬਹਿਰੋਂ ਇੱਕ ਹੋਕੇ ਜਿਉਣਾ ਹੀ ਸਾਨੂੰ ਦੋਗਲੀ ਭੀੜ ਵਿੱਚੋਂ ਬਹਿਰ ਕੱਢ ਦੇੰਦਾ ਹੈ | ਜਦੋਂ ਅਸੀਂ ਆਪਣੇ ਪ੍ਰਤੀ ਵਫ਼ਾਦਾਰ ਨਹੀਂ, ਤਦ ਅਸੀਂ ਕਿਸੇ ਪ੍ਰਤੀ ਵਫ਼ਾਦਾਰੀ ਕਿਵੇਂ ਨਿਭਾ ਸਕਦੇ ਹਾਂ ? ਜੇ ਕਦੇ ਅਸੀਂ ਵਫਾ ਕਰਨ ਦੀ ਕੋਸ਼ਿਸ਼ ਵਿੱਚ ਲੱਗ ਵੀ ਜਾਈਏ ਤਦ ਵੀ ਸਾਡੇ ਅੰਦਰਲੇ ਦੋ ਜਾਂ ਤਿੰਨ ਜੋ ਅਸੀਂ ਆਪ ਪੈਦਾ ਕੀਤੇ ਹਨ ਸਾਡੀ ਰਹਿਨੁਮਾਈ ਕਰਦੇ ਰਹਿੰਦੇ ਹਨ | ਸਭ ਤੋਂ ਵੱਡਾ ਸਬੂਤ ਸਾਡੇ ਅੰਦਰੋਂ ਹੋਰ ਅਤੇ ਬਹਿਰੋਂ ਹੋਰ ਹੋਣ ਦਾ ਤਮਾਸ਼ਾ ਉਦੋਂ ਹੁੰਦਾ ਹੈ ਜਦੋਂ ਅਸੀਂ ਮਨ ਅੰਦਰ ਕਿਸੇ ਨੂੰ ਗਾਲਾਂ ਕੱਢ ਰਹੇ ਹੁੰਦੇ ਹਾਂ ਪਰ ਬਾਹਰੋਂ ਮੁਸਕਰਕੇ ਗੱਲ ਕਰਦੇ ਹਾਂ | ਅੰਦਰ ਅਤੇ ਬਹਿਰ ਨੂੰ ਇੱਕ ਕਰਦਿਆਂ ਇਨਸਾਨ ਅੰਤ ਨੂੰ ਇਕੱਲੇ ਰਹਿ ਜਾਂਦੇ ਹਨ ਪਰ ਮਨ ਦੇ ਟਿਕਾਓ ਦਾ ਆਨੰਦ ਉਹ ਬਹੁਤ ਮਾਣਦੇ ਹਨ | ਸਿਆਣਪ ਇਸ ਵਿੱਚ ਹੀ ਹੈ ਕਿ ਆਪਣੀ ਨਿੰਦਿਆ ਤੋਂ ਕੁਝ ਆਪਾਂ ਸਿੱਖੀਏ ਅਤੇ ਉਸ ਤੋਂ ਨਿਰਾਸ਼ ਨਾ ਹੋਈਏ | ਕਿਉਂ ? ਕਿਉਂਕਿ ਆਪਣੀ ਨਿੰਦਿਆ, ਜੋ ਕਿਸੇ ਲਗਬਾਜ ਵੱਲੋਂ ਨਹੀਂ ਬਲਕਿ ਤਰਕ ਭਰਪੂਰ ਅਤੇ ਇਨਸਾਫ ਪਸੰਦ ਵੱਲੋਂ ਹੁੰਦੀ ਹੈ, ਸਾਨੂੰ ਸਿਰਫ਼ ਇਹ ਦੱਸਦੀ ਹੈ ਕਿ ਸਦਾ ਉਹ ਪੱਖ, ਜਿਸ ਨੂੰ ਅਸੀਂ ਸੰਪੂਰਨ ਮੰਨੀ ਬੈਠੇ ਹਾਂ, ਉਹ ਸਹੀ ਨਹੀਂ ਹੈ | ਇਹ ਰਸਤਾ ਔਖਾ ਹੈ ਪਰ ਅਸਲੀ ਮਨ ਦਾ ਟਿਕਾਓ ਇਸੇ ਵਿੱਚ ਹੈ ਕਿ ਅਸੀਂ ਇੱਕ ਹੀ, ਅੰਦਰ ਅਤੇ ਬਹਿਰ, ਹੋ ਕੇ ਜੀਵੀਏ ਅਤੇ ਆਪਣੀ ਨਿੰਦਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਕੇ ਆਪਣੀਂਆਂ ਊਣਾ ਨੂੰ ਭਰੀਏ ਇਹ ਮੰਨਕੇ ਕਿ ਇਸ ਧਰਤੀ ‘ਤੇ ਕੋਈ ਵੀ ਇਨਸਾਨ ਸੰਪੂਰਨਤਾ ਨਹੀਂ ਰੱਖਦਾ | ਬਾਕੀ ਵਿਚਾਰ ਆਪੋ ਆਪਣੇ ! ਅਧਿਆਪਕ ਦਿਵਸ ਮੁਬਾਰਕ !

Scroll to Top