
ਕਲਮਾਂ ਦੇ ਮੂੰਹ ‘ਤੇ ਲੱਗੇ ਜਿੰਦਰੇ – ਗ.ਸ.ਨਕਸ਼ਦੀਪ ਪੰਜਕੋਹਾ
ਕਲਮ ਕਲਾ ਹੈ ਪਰ ਕਿਰਤ ਦੇ, ਮੁੜ੍ਹਕੇ ਲਈ ਤੜਫ ਨਹੀਂ ਹੈ!
ਕੋਈ ਵੀ ਵਿਰੋਧ ਭਰਿਆ ਸ਼ਬਦ ਨਹੀਂ, ਕੋਈ ਹਰਫ਼ ਨਹੀਂ ਹੈ!
ਲੱਗੀ ਹੋਈ ਇਨਾਮਾਂ ਦੀ ਦੌੜ ਹੈ, ਅਤੇ ਬੜੀ ਨਾਂ ਦੀ ਭੁੱਖ ਹੈ!
ਪਰ ਮਿਹਨਤਕਸ਼ਾਂ ਉੱਤੇ ਹੁੰਦੇ, ਧੱਕਿਆਂ ਦਾ ਨਹੀਂ ਕੋਈ ਦੁੱਖ ਹੈ!
ਜਬਰ ਜੋਰ ਸਹੇ ਜਾ ਰਹੇ ਹਨ, ਅੱਜ ਕਲਮ ਕਲਾ ਕਿਉਂ ਚੁੱਪ ਹੈ!
ਜਿਉਂਦੇ ਜੀਵ ਹੀ ਗਾਇਬ ਹਨ, ਇਹ ਕਿਸ ਤਰ੍ਹਾਂ ਦੀ ਆਈ ਰੁੱਤ ਹੈ?
ਮੂੰਹਾਂ ‘ਤੇ ਜਿੰਦੇ ਜਿਵੇਂ ਲਾ ਦਿੱਤੇ, ਉਨ੍ਹਾਂ ਦੇ ਅੱਜ ਕਿਸੇ ਨੇ ਜ਼ੋਰ ਨਾਲ!
ਕੰਨ ਵੀ ਬੰਦ ਕਰ ਬੈਠਗੇ ਹਨ, ਹੁਣ ਉਹ ਕਮੀਨਗੀ ਦੇ ਸ਼ੋਰ ਨਾਲ!
ਇਨਕਲਾਬ ਦੇ ਇਸ ਦੌਰ ਵਿੱਚ, ਜੇ ਅੱਜ ਕਲਮ ਹੀ ਬਜਾਰੂ ਹੋ ਗਈ!
ਸਮਝ ਲੈਣਾ ਇਤਿਹਾਸ ਵਿੱਚ, ਉਹ ਕੰਡੇ ਹੈ ਆਪਣੇ ਲਈ ਆਪੇ ਬੋ ਗਈ!
ਫਿਰ ਵੀ ਕੋਈ ਅਭੈ ਹੋ ਲਿਖੇਗਾ ਅਤੇ ਗਾਵੇਗਾ, ਤੇ ਸੁੱਤਿਆਂ ਨੂੰ ਜਗਾਵੇਗਾ!
ਉਜਾੜੇ ਜਾ ਰਹੇ ਬਾਗ ਵਿੱਚ ਵੀ ਉਹ, ਫਿਰ ਤੋਂ ਸਦਾ ਬਹਾਰ ਫੁੱਲ ਲਾਵੇਗਾ!
ਫਿਰ ਤੋਂ ਖਰੀਦਦਾਰ ਖਰੀਦਣਗੇ ਉਨ੍ਹਾਂ ਨੂੰ, ਜੋ ਤਿਆਰ ਹਨ ਵਿਕਣ ਲਈ!
ਪਰ ਜਿੰਦਾਦਿਲ ਸਦਾ ਰਹਿਣਗੇ ਤਿਆਰ, ਹੱਕਾਂ ਦੇ ਹੱਕ ਵਿੱਚ ਲਿਖਣ ਲਈ!
ਬੁਲਿਆਂ ਦੇ ਟੰਗੇ ਹੋਏ ਇਹ ਜੋ, ਕਾਗਜ ਦਰਖੱਤਾਂ ਦੀਆਂ ਟੀਸੀਆਂ ‘ਤੇ!
ਆਪ ਹੀ ਉਹ ਹੇਠਾਂ ਡਿਗਣਗੇ, ਇੱਕ ਦਿਨ ਵਕਤ ਦੀਆਂ ਕਚੀਚੀਆਂ ‘ਤੇ!
ਅਸੀਂ ਵੇਖਾਂਗੇ ਰੁਲਦੇ ਇੱਕ ਦਿਨ, ਉਨ੍ਹਾਂ ਨੂੰ ਵਕਤ ਦੀਆਂ ਤਹਿਹਾਂ ਵਿੱਚ!
ਨਕਸ਼ਦੀਪ ਆਖਰ ਚੁੱਪ ਹੋ ਜਾਂਦੇ, ਜੋ ਬੋਲਣ ਕਿਸੇ ਦੀਆਂ ਸ਼ਹਿਹਾਂ ਵਿੱਚ!
