ਜੋ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਵਾਉਣ ਜਾ ਰਿਹਾ ਹਾਂ ਉਹ ਸਾਡੇ ਸਮਾਜ ਦੀ ਉਹ ਗੰਦੀ ਤਸਵੀਰ ਪੇਸ਼ ਕਰਦੀ ਹੈ ਜਿਸ ਨੂੰ ਵੇਖਕੇ ਮਨ ਵਿੱਚ ਇੱਕ ਛੋਟੇਪਣ ਦਾ ਅਹਸਾਸ ਹੁੰਦਾ ਹੈ ਕਿ ਜੰਗਲੋਂ ਨਿਕਲਕੇ ਸਭਿਅਕ ਸਮਾਜ ਸਿਰਜਕੇ ਵੀ ਅਸੀਂ ਆਪਣੀ ਜੰਗਲੀ ਸੋਚ ਨੂੰ ਬਹੁਤ ਸਜਾਕੇ ਆਪਣੇ ਜ਼ਿਹਨ ਵਿੱਚ ਰੱਖੀਂ ਬੈਠੇ ਹਾਂ | ਕਵਿਤਾ ਕਲਮਬੰਦ ਕੀਤੀ ਏ ਕੁਲਵਿੰਦਰ ਕੌਰ ਸੈਣੀ ਹੋਰਾਂ ਨੇ ਜਿਨਾਂ ਨੂੰ ਵੀ ਮੈਂ ਕਦੇ ਨਹੀਂ ਮਿਲਿਆ | ਕੁਲਵਿੰਦਰ ਜੀ ਦਿੱਲੀ ਅਕਾਦਮੀ ਵਿੱਚ ਨਾਟਕ ਰਚਕੇ, ਉਨਾਂ ਨੁੰ ਸਟੇਜ ਤੇ ਲਿਆਂਕੇ ਜਿਓਂਦਾ ਕਰਦੇ ਹਨ | ਨਾਟਕਾਂ ਵਿੱਚ ਭਰੇ ਜਾਂਦੇ ਗੀਤ ਜਾਂ ਕਵਿਤਾ ਦੇ ਸ਼ਬਦ ਲਿਖਦੇ ਲਿਖਦੇ ਉਹ ਕਵਿਤਰੀ ਬਣ ਗਏ | ਧੀ ਦੀ ਮਾਂ ਹੋਣ ਦੇ ਨਾਤੇ, ਉਹ ਇਸ ਗੰਦਲੇ ਸਮਾਜ ਵਿੱਚ ਧੀਆਂ ਦੇ ਫਿਕਰ ਨੂੰ ਸੰਪੂਰਨਤਾ ਵਿੱਚ ਸਮਝਦੇ ਹਨ |ਮੇਰੀ ਜਾਚੇ ਜੋ ਕੁਝ ਔਰਤ ਇੱਕ ਧੀ ਤੇ ਔਰਤ ਬਾਰੇ ਸੱਚ ਲਿਖ ਸਕਦੀ ਹੈ, ਉਹ ਮਰਦ ਸ਼ਾਇਦ ਕਦੇ ਵੀ ਨਾ ਲਿਖ ਸਕਣ | ਕਵਿਤਾ ਬਹੁਤ ਛੋਟੀ ਹੈ ਪਰ ਉਸ ਦੇ ਬਿੰਬ ਛੋਟੇ ਛੋਟੇ ਬੰਬਾਂ ਵਰਗੇ ਹਨ ਜੋ ਫਟਦੇ ਹਨ ਉਨਾਂ ਮਰਦਾਂ ਦੇ ਸਾਹਵੇਂ ਜਿਨਾਂ ਨੇ ਔਰਤ ਨੂੰ ਇੱਕ ਇਨਸਾਨ ਦੇ ਤੌਰਤੇ ਵੇਖਣਾ ਅਜੇ ਸਿੱਖਿਆ ਹੀ ਨਹੀਂ | ਇਹ ਭਾਰਤ ਬਲਾਤਕਾਰ ਬਾਰੇ ਐਨਾ ਪ੍ਰਸਿੱਧ ਹੋ ਗਿਆ ਏ ਕਿ ਕਈ ਵਾਰ ਮੈਂ ਅਮਰੀਕਨ ਇਹ ਕਹਿੰਦੇ ਸੁਣੇ ਹਨ, “ ਕੀ ਇਹ ਤੁਹਾਡੇ ਲੋਕ ਜਾਨਵਰ ਹਨ ?” ਦਿੱਲੀ ਵਿੱਚ ਬਲਾਤਕਾਰ ਕਰਕੇ ਮਾਰੀ ਗਈ ਬੱਚੀ ਦਾ ਕੇਸ ਮੇਰੇ ਕੋਲੋਂ ਉਨਾਂ ਦੇ ਜਵਾਬ ਦੇਣ ਲਈ ਸਾਰੇ ਸ਼ਬਦ ਖੋਹ ਲੈਂਦਾ ਹੈ | ਇਹ ਤਾਂ ਨਹੀਂ ਨਾ ਕਿ ਉੱਥੇ ਬਲਾਤਕਾਰ ਨਹੀਂ ਹੁੰਦੇ; ਪਰ ਨਕਸ਼ਾ ਕੁਝ ਹੋਰ ਹੈ ਉੱਥੇ; ਏਥੇ ਬਲਾਤਕਾਰਾਂ ਨੂੰ ਰਾਜਨੀਤਕ ਤਾਕਤ ਵਾਲੇ ਸ਼ਰੇਆਮ ਬਚਾਉਂਦੇ ਹਨ|ਸਕੂਲ ਬੱਚੀਆਂ ਦੇ ਬਲਾਤਕਾਰ ਦੇ ਪਰਸੰਗ ਵਿੱਚ ਧਰਮ ਦੀ ਚਾਦਰ/ਡੇਰੇ ਹੇਠ ਬਲਾਤਕਾਰੀਆਂ ਨਾਲ ਵੱਡੇ ਵੱਡੇ ਨੇਤਾ /ਹਸਤੀਆਂ ਆ ਖੜਦੀਆਂ ਹਨ ! ਇਸ ਪਰਸੰਗ ਵਿੱਚ ਉਧਰ ਸਿਫ਼ਰਸ਼ਾਂ ਵਰਤਣ ਦਾ ਵਿਰੋਧ ਬਹੁਤ ਸਖਤ ਹੈ, ਤਦੇ ਇੱਕ ਧੀ ਉੱਥੇ ਐਨੇ ਡਰ ਵਿੱਚ ਨਹੀਂ ਜੀਉਂਦੀ ਜਿੰਨੀ ਐਥੋਂ ਦੀ ਧੀ ਏਥੇ , ਕਿਉਂਕਿ ਜੁਰਮ ਦੀ ਭੇਟ ਚੜੀ ਔਰਤ ਦੇ ਸੰਗ ਸਾਰਾ ਸਮਾਜ ਆ ਖਲੋਂਦਾ ਹੈ ਅਤੇ ਉੱਥੋਂ ਦੇ ਨੇਤਾ ਜਾਂ ਤਾਕਤਵਰ ਏਥੇ ਵਾਂਗ ਸਭ ਸ਼ਰਮਾਂ ਕੀਲੇ ਟੰਗ ਕੇ ਜੁਲਮੀ ਨਾਲ ਨਹੀਂ ਖੜਦੇ | ਭਾਰਤ ਵਿੱਚ ਜਿੱਥੇ ਵੱਡੇ ਲੋਕ ਪੁਲਸ ਤੇ ਜੱਜ ਖਰੀਦਣ ਦੀ ਮੰਡੀ ਵਿੱਚ ਵਿਚਰਦੇ ਹਨ, ਗਰੀਬ ਦੀ ਧੀ ਕੀ ਬੁੱਕਤ ਰੱਖਦੀ ਹੈ |ਇਸੇ ਗੰਦਲੇ ਵਾਤਾਵਰਣ ਵਿੱਚੋਂ ਕਵਿਤਰੀ ਕਵਿਤਾ ਸਿਰਜਦੀ ਹੈ, ਉਹ ਦਰਦ ਤੇ ਫਿਕਰ ਭਰਕੇ ਜੋ ਸਾਨੂੰ ਇਸ ਗੱਲ ਦੀ ਅਹਸਾਸ ਕਰਵਾਉਂਦੀ ਹੈ ਕਿ ਸਾਡੀਆਂ ਧੀਆਂ ਭੈਣਾਂ ਸੱਚੀਂ ਸੁਰਖਸ਼ਿਆਤ ਨਹੀਂ ਹਨ ; ਬਲਾਤਕਾਰ ਦੇ ਛੱਡੇ ਔਰਤ ਦੇ ਜ਼ਿਹਨ ਵਿਚਲੇ ਜੱਖਮਾਂ ਦਾ ਅਹਿਸਾਸ ਕਰਕੇ ਉਸ ਨੂੰ ਖਾਮੋਸ਼ੀ ਦੀ ਭੇਟ ਚਾੜ ਦੇਣਾ ਸਾਡੇ ਸਮਾਜ ਦਾ ਵਤੀਰਾ ਬਣ ਗਿਆ; ਆਪਣਿਆਂ ਧੀਆਂ ਭੈਣਾਂ ਦਾ ਫਿਕਰ ਸਾਡੀ psyche ਵਿੱਚ ਇੱਕ ਭੁੱਖ ਵਾਂਗ ਗੱਡਿਆ ਗਿਆ ਹੈ; ਧੀਆਂ ਕਤਲ ਹੋ ਜਾਂਦੀਆਂ ਹਨ ਤੇ ਸਮਾਜ ਖਾਮੋਸ਼ੀ ਦਾ ਸਹਾਰਾ ਤਲਾਸ਼ਦਾ ਹੈ ਪਰ ਸਰਬ ਵਿਰੋਧ ਨੂੰ ਨਹੀਂ ਚੁਣ ਸਕਦਾ | ਇਸ ਕਵਿਤਾ ਵਿੱਚ ਧੀ ਹੌਸਲੇ ਨਾਲ ਬੋਲਦੀ ਹੈ ਇੱਕ ਅਣਜਾਣ ਦਲੇਰੀ ਦੀ ਤਹਿਤ, ਪਰ ਮਾਂ ਅਸਲੀਅਤ ਦੀ ਸਤਹ ਤੇ ਖੜੋਕੇ ਪ੍ਰਬਚਨ ਜਾਰੀ ਰੱਖਦੀ ਹੈ ਕਿਉਂਕਿ ਜਾਨਵਰਾਂ ਦੇ ਇਕੱਠ ਵਿੱਚ ਨਿੱਕੀਆਂ ਜਾਨਾਂ ਕੀ ਕਰਨਗੀਆਂ ? ਬਘਿਆੜਾਂ ਦੀ ਬੂ ਹਵਾ ਵਿੱਚ ਰਲੀ ਮਹੱਸੂਸੀ ਜਾ ਸਕਦੀ ਹੈ | ਇਹ ਕਵਿਤਾ ਸਮਾਜ ਦੀ ਚੇਤੰਨਤਾ ਹਲੂਣਦੀ ਹੈ; ਜਰਾ ਗੌਰ ਦੇਣਾ, ਹਾਜਰ ਹੈ ਕਵਿਤਾ “ ਧੀ ਰਾਣੀ “
ਮੈਂ ਆਪਣੀ ਧੀ
ਰਾਣੀ ਨੂੰ ਅਕਸਰ
ਆਖਦੀ ਹਾਂ,
ਤੂੰ ਟੈਮ ਸਿਰ ਘਰ
ਪਰਤ ਆਇਆ ਕਰ,
ਦੁਸ਼ਮਣ ਦੀ ਤੀਜੀ
ਅੱਖ ਦਾ ਕੋਈ ਭਰੋਸਾ ਨਹੀਂ।
ਹੁਣ ਧੀਆਂ ਸਾਂਝੀਆਂ ਨਹੀਂ
ਉਹਲੇ ਹੋ ਹੋ
ਵੇਖੀਆਂ ਜਾਂਦੀਆਂ ਨੇ
ਸ਼ਬਦਾ ਦੇ ਜਾਲ
ਵਿਛਾਉਣ ਲਈ।
ਸਪੇਰੇ ਜੋਗੀ ਬਣ
ਬੀਨ ਵਜਾਉਂਦੇ
ਮੋਹ ਪਟਾਰੀ ਪਾਉਂਦੇ
ਥਾਂ- ਥਾਂ ਨਚਾਉਣ ਲਈ।
ਮਿੱਠੜੇ ਬੋਲਾਂ ਦੇ
ਬਾਣ ਚਲਾਉਂਦੇ
ਧੁਰ ਤੱਕ ਜ਼ਖਮੀ ਕਰਦੇ
ਰੁਵਾਉਣ ਲਈ।
ਮੇਰੀ ਧੀ ਹੱਸ ਟਾਲ
ਦਿੰਦੀ ਤੇ ਕਹਿੰਦੀ ਮਾਂ
ਤੂੰ ਐਵੀ ਨਾ ਡਰਿਆ ਕਰ,
ਤੇਰੀ ਧੀ ਇਕੀਵੀਂ ਸਦੀ
ਦੀ ਨਿਡਰ ਤੇ ਬਹਾਦਰ ਕੁੜੀ ਏ,
ਦੁਸ਼ਮਣ ਨਾਲ ਲੜਨ ਦੀ
ਗੁੜ੍ਹਤੀ ਤੂੰ ਹੀ ਦਿੱਤੀ।
ਪਰ ਮੈਂ ਮਾਂ ਹਾਂ
ਮਾਂ ਹਰ ਜਨਮ ਆਪਣੀ
ਧੀ ਰਾਣੀ ਨੂੰ ਆਖਦੀ ਏ,
ਤੂੰ ਟੈਮ ਸਿਰ
ਘਰ ਪੱਰਤ ਆਇਆ ਕਰ।
ਕੁਲਵਿੰਦਰ ਕੌਰ ਸੈਣੀ

