ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਉਂਕਿ ਹਰ ਕਿਸਾਨ ਨੇ ਦੂਰ ਅੰਦੇਸ਼ੀ ਨਾਲ ਇਹ ਜਾਣ ਲਿਆ ਹੈ ਕਿ ਅਮੀਰ ਉਸ ਦਾ ਬਿਸਤਰਾ ਗੋਲ ਕਰਨ ਉੱਤੇ ਤੁਰ ਆਏ ਹਨ; ਨਵੇਂ ਬਿੱਲ ਇੰਝ ਹਨ ਜਿਵੇਂ ਮਿੱਠੀਆਂ ਗੋਲੀਆਂ ਵਿੱਚ ਲਪੇਟਕੇ ਕੋਈ ਜਹਿਰ ਧੱਕੇ ਨਾਲ ਦੇ ਰਿਹਾ ਹੋਵੇ | ਪੰਜਾਬ ਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਇਸ ਅੰਦੋਲਨ ਦੇ ਹੱਕ ਵਿੱਚ ਖੂਬ ਲਿਖਿਆ ਹੈ | ਕਿਸਾਨਾਂ ਦੇ ਏਕੇ ਦੇ ਜਸ ਗਾਏ ਹਨ ਅਤੇ ਕੇਂਦਰ ਸਰਕਾਰ ਨੂੰ ਇਹ ਜਾਣੂੰ ਕਰਵਾਇਆ ਹੈ ਕਿ ਬਹੁਸਮਤੀ ਲੈਕੇ ਸਰਕਾਰ ਨੂੰ ਅਜਿਹੇ ਕਾਨੂੰਨ ਨਹੀਂ ਬਣਾਉਣੇ ਚਾਹੀਦੇ ਜੋ ਸਿਰਫ਼ ਕੁੱਝ ਲੋਕਾਂ ਦੇ ਹੱਕ ਵਿੱਚ ਹੋਣ | ਪਰ ਇੱਕ ਕਵਿਤਰੀ ਜੀ ਉਹ ਹਨ ਜੋ ਸਰਕਾਰ ਅਤੇ ਲੋਕਾਂ ਨੂੰ ਆਪਣੀ ਕਵਿਤਾ ਵਿੱਚ ਵੱਖਰਾ ਜਿਹਾ ਸੁਨੇਹਾ ਦੇ ਰਹੇ ਹਨ | ਇਸ ਕਵਿਤਰੀ ਬਾਰੇ ਮੈਨੂੰ ਬਹੁਤ ਕੁਝ ਫੇਸਬੁੱਕ ਤੋਂ ਨਹੀਂ ਮਿਲਿਆ ਸਿਵਾਏ ਇਸ ਦੇ ਕਿ ਉਨ੍ਹਾਂ ਦਾ ਨਾਂ ਸ਼੍ਰੀਮਤੀ ਕੋਮਲਦੀਪ ਕੌਰ ਹੈ ਅਤੇ ਉਹ ਲੁਧਿਆਣੇ ਰਹਿੰਦੇ ਹਨ | ਕਵਿਤਾ ਵਿੱਚ ਇੱਕ ਨੁਕਤਾ ਹੈ ਜੋ ਉਸ ਸਾਰੇ ਦੇਸ਼ ਲਈ ਹੈ ਜਿੱਥੇ ਪੰਜਾਬ ਸੂਬੇ ਦੇ ਲੋਕਾਂ ਨੂੰ ਇੱਕ ਫਿਲਮ ਰਾਹੀਂ ਨਸ਼ੇ ਵਿੱਚ ਡੁੱਬੇ ਲੋਕਾਂ ਦਾ ਸੂਬਾ ਦਰਸਾਇਆ ਗਿਆ ਹੈ | ਬੰਬਈ ਦੀ ਫਿਲਮ ਇਂਡਸਟਰੀ ਨੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਫਿਲਮਾਂ ਰਾਹੀਂ ਮਜਾਕ ਦਾ ਨਿਸ਼ਾਨਾ ਬਣਾਈ ਰੱਖਿਆ ਹੈ | ਇੱਕ ਫਿਲਮ ਬਣਾਈ ਗਈ ਸੀ ਜਿਸ ਵਿੱਚ ਪੰਜਾਬੀਆਂ ਨੂੰ ਨਸ਼ੇਪੱਤੇ ਵਿੱਚ ਗਰਕੇ ਵਿਖਾਇਆ ਗਿਆ ਸੀ ਇਸੇ ਕਰਕੇ ਫਿਲਮ ਦਾ ਨਾਂ ਜਾਣ ਕੇ ਰੱਖਿਆ ਗਿਆ ਸੀ “ਉੱਡਦਾ ਪੰਜਾਬ” | ਛੋਟੀ ਸੋਚ ਵਾਲੇ ਲੋਕ ਕਈ ਵਾਰ ਇੱਕ ਕਮਿਉਟੀ ਨੂੰ ਮਜਾਕ ਦਾ ਨਿਸ਼ਾਨਾ ਬਣਾ ਲਿਆ ਕਰਦੇ ਹਨ | ਇੱਕ ਛੋਟੀ ਜਿਹੀ ਕਵਿਤਾ ਰਾਹੀਂ ਸ਼੍ਰੀਮਤੀ ਕੋਮਲਦੀਪ ਕੌਰ ਨੇ ਸਾਰੇ ਦੇਸ਼ ਨੂੰ ਦੱਸਿਆ ਹੈ ਕਿ ਕਿਵੇਂ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਇੱਕ ਹੋਕੇ ਇੱਕ ਅੰਦੋਲਨ ਚਲਾਇਆ ਜਿਸ ਵਿੱਚ ਸਾਰੇ ਦੇਸ਼ ਤੋਂ ਲੋਕ ਤੇ ਕਿਸਾਨ ਆ ਕੇ ਰੱਲ ਗਏ , ਪਰ ਸ਼ੁਰੂਆਤ ਪੰਜਾਬੀਆਂ ਨੇ ਕੀਤੀ ਜਿਨ੍ਹਾਂ ਨੂੰ ਛੋਟੀ ਸੋਚ ਵਾਲੇ ਲੋਕ ਨਸ਼ੇਪੱਤੇ ਵਾਲੇ ਲੋਕ ਦੱਸਦੇ ਸਨ | ਇਹ ਆਗੂਪਣਾ, ਉਹ ਵੀ ਐਡਾ ਵੱਡਾ, ਨਸ਼ੇਪੱਤੇ ਲੋਕ ਵਾਲੇ ਨਹੀਂ ਕਰ ਸਕਦੇ ਬਲਕਿ ਬਹੁਤ ਹੀ ਸਮਝ ਵਾਲੇ ਲੋਕ ਹੀ ਕਰ ਸਕਦੇ ਹਨ | ਕਿਸਾਨ ਅੰਦੋਲਨ ਹੁਣ ਸਾਰੇ ਭਾਰਤ ਦੇ ਕਿਸਾਨਾਂ ਦਾ ਬਣ ਚੁੱਕਿਆ ਹੈ ਅਤੇ ਇਹ ਉਨ੍ਹਾਂ ਲੋਕਾਂ ਦਾ ਵੀ ਬਣ ਗਿਆ ਹੈ ਜੋ ਇਸ ਅੰਦੋਲਣ ਨਾਲ ਜੁੜੇ ਹਨ; ਇਸੇ ਪਰਸੰਗ ਵਿੱਚ ਇਹ ਕਹਿਣਾ ਵੀ ਸੱਚ ਹੈ ਕਿ ਪੰਜਾਬੀਆਂ ਦੇ ਸ਼ਾਂਤ ਮਈ ਹੌਸਲੇ ਅਤੇ ਦ੍ਰਿੜਤਾ ਇਹ ਯਾਦ ਕਰਵਾਉਂਦੇ ਹਨ ਕਿ ਪੰਜਾਬੀ ਨਸ਼ੇ ਵਿੱਚ ਗੜੁਚ ਨਹੀਂ; ਸ਼੍ਰੀਮਤੀ ਕੋਮਲਦੀਪ ਕੌਰ ਜੀ ਸਭਨਾ ਨੂੰ ਇਸ ਸੱਚਾਈ ਦਾ ਸਾਹਮਣਾ ਕਰਨ ਨੂੰ ਆਖ ਰਹੇ ਹਨ | ਤੁਨੀਸ਼ਿਆ ਨਿਵਾਸੀ ਅਬੂ ਅਲ ਕਾਸਿਮ ਅਲ ਸ਼ਬੀ (Abu Al-Qasim Al-Shabi) ਨੇ ਇੱਕ ਕਵਿਤਾ ਲਿਖੀ ਸੀ “Will to Live/ਜੀਓਣ ਦੀ ਚਾਹਤ ” ਜਦੋਂ ਤੁਨੀਸ਼ਿਆ ਫਰਾਂਸ ਦੇ ਕਬਜੇ ਹੇਠ ਤੜਫ ਰਿਹਾ ਸੀ; ਉਹ ਕਵਿਤਾ ਤੁਨੀਸ਼ਿਆ ਹੀ ਨਹੀਂ ਬਲਕਿ ਮਿਸਰ ਵਿੱਚ ਵੀ ਇਨਕਲਾਬ ਦੇ ਢੋਲ ਵਜਾ ਗਈ |ਉਸ ਕਵਿਤਾ ਵਿੱਚੋਂ ਕੁੱਝ ਸਤਰਾਂ ਪੇਸ਼ ਹਨ
If one day, a people desire to live,
then fate will answer their call
And their night will then begin to fade,
and their chains break and fall.
ਉਸ ਕਵਿਤਾ ਵਾਂਗ ਹੀ ਪੰਜਾਬੀ ਕਿਸਾਨਾਂ ਨੇ ਸਾਰੇ ਭਾਰਤ ਦੇ ਕਿਸਾਨ ਹੀ ਨਹੀਂ ਹੋਰ ਦੂਸਰੇ ਲੋਕਾਂ ਨੂੰ ਵੀ ਆਪਣੇ ਨਾਲ ਲਾਇਆ ਹੈ ਜਿਨ੍ਹਾਂ ਦਾ ਖੇਤੀ ਨਾਲ ਸੰਬੰਧ ਨਹੀਂ ਹੈ ਅਤੇ ਜੋ ਸੱਚ ਦਾ ਪੱਲਾ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਕਿਸਾਨ ਦੀ ਤਕਦੀਰ ਨਾਲ ਉਨ੍ਹਾਂ ਦਾ ਵੀ ਸੰਬੰਧ ਹੈ | ਕਿਸਾਨ ਧੱਕੇਸ਼ਾਹੀ ਤੋਂ ਮੁਨਕਰ ਹੋਕੇ ਅਤੇ ਇਕਮਿਕ ਹੋਕੇ ਆਪਣੇ ਹੱਕ ਲਈ ਡਟ ਚੁੱਕੇ ਹਨ ; ਉਨ੍ਹਾਂ ਨੇ ਆਪਣੇ ਉਤੇ ਧੱਕੇ ਨਾਲ ਠੋਸੇ ਜਾ ਰਹੇ ਅਮੀਰ ਹਮਾਇਤੀ ਕਾਨੂੰਨਾ ਦੇ ਵਿਰੋਧ ਵਿੱਚ ਸ਼ਾਂਤੀ ਨਾਲ ਯੁੱਧ ਆਰੰਭਿਆ ਹੈ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਸ਼੍ਰੀਮਤੀ ਕੋਮਲਦੀਪ ਕੌਰ ਵੱਲੋਂ ਲਿਖੀ ਗਈ ਇਹ ਛੋਟੀ ਕਵਿਤਾ ਬਹੁਤ ਸ਼ਿਲਾਘਾ ਯੋਗ ਹੈ ਅਤੇ ਇਹ ਕਿਸਾਨ ਅੰਦੋਲਨ ਦੇ ਪਰਸੰਗ ਵਿੱਚ ਇੱਕ ਵਿਲੱਖਣ ਸੰਦੇਸ਼ ਵੀ ਦੇਂਦੀ ਹੈ | ਇਸ ਕਵਿਤਾ ਵਿੱਚ ਇੱਕ ਲਗਾਤਾਰ ਕੋਹਝੀ ਚਾਲ ਨਾਲ ਇੱਕ ਕਮਿਊਨਟੀ ਨੂੰ ਬਦਨਾਮ ਕਰਨ ਉੱਤੇ ਕਵਿਤਰੀ ਨੇ ਬਹੁਤ ਵੱਡਾ ਕਿੰਤੂ ਕਰਕੇ ਇਹ ਸਿੱਧ ਕੀਤਾ ਹੈ ਕਿ ਪੰਜਾਬੀ ਜੀਂਦੇ ਹਨ ਅਤੇ ਅਣਖ, ਧੀਰਜ ਅਤੇ ਇਖਲਾਕ ਉਨ੍ਹਾਂ ਦਾ ਹੁਣ ਵੀ ਧਨ ਹੈ; ਉਹ ਨਿਡਰ ਹਨ ਅਤੇ ਕਿਸੇ ਵੀ ਮੁਹਿੰਮ ਵਿੱਚ ਹੋਰਾਂ ਦੀ ਅਗਵਾਈ ਕਰ ਸਕਦੇ ਹਨ | ਜਰਾ ਇਨ੍ਹਾਂ ਸਤਰਾਂ ਨੂੰ ਪੜ੍ਹਨਾ ਕਿ ਪੰਜਾਬੀਆਂ ਦੇ ਇਤਿਹਾਸ ਦੇ ਸੁਭਾਅ ਨੂੰ ਛੇਵਾਂ ਦਰਿਆ ਆਖਕੇ ਪੰਜਾਬੀਆਂ ਨੂੰ ਗਲਤ ਸਮਝਣ ਵਾਲਿਆਂ ਨੂੰ ਸ਼ਾਇਰਾ ਨੇ ਕਿਵੇਂ ਵੰਗਾਰਿਆ ਹੈ :
“ਛੇਵਾਂ ਦਰਿਆ
ਨਸ਼ੇ ਦਾ ਨਹੀਂ
ਹੋਸ਼ ਭਰੇ ਜੋਸ਼ ਦਾ ਹੈ”
ਇਹ ਕਵਿਤਾ ਨੂੰ ਵਾਰ ਵਾਰ ਪੜ੍ਹਨ ਤੋਂ ਪਤਾ ਚੱਲਦਾ ਹੈ ਕਿ ਇਹ ਕੋਈ ਨਾਹਰੇਬਾਜ਼ੀ ਵਾਲੀ ਕਵਿਤਾ ਨਹੀਂ ਬਲਕਿ ਇਹ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਆਏ ਉਸ ਸੱਚ ਨੂੰ ਪੇਸ਼ ਕਰਦੀ ਹੈ ਜਿਸ ਨੂੰ ਕੇਂਦਰ ਪਿਛਲੇ 70 ਸਾਲਾਂ ਤੋਂ ਅਣਡਿੱਠ ਹੀ ਨਹੀਂ ਕਰ ਰਿਹਾ ਬਲਕਿ ਇੱਕ ਝੂਠ ਦੀ ਧੁੰਦ ਨਾਲ ਢੱਕਣ ਵਿੱਚ ਲੱਗਿਆ ਰਿਹਾ ਹੈ ! ਇਸ ਕਵਿਤਾ ਵਿੱਚ ਇੱਕ ਸੁਝਾਅ ਹੋਰ ਵੀ ਹੈ ਕਿ ਵੰਡਕੇ ਲੋਕਾਂ ਦੀ ਤਾਕਤ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦੀ ਏਕਤਾ ਉਨ੍ਹਾਂ ਦੀ ਅਟੁੱਟ ਤਾਕਤ ਹੈ ! ਬਹੁਤ ਹੌਲੀ ਤੇ ਧਿਆਨ ਨਾਲ ਪੜ੍ਹਨਾ; ਕਵਿਤਾ ਦਾ ਅੰਤ ਕਲਪਿਤ ਝੂਠ ਅਤੇ ਹਾਜਰ ਨਾਜਰ ਸੱਚ ਨੂੰ ਉਘਾੜਦਾ ਹੈ | ਹਾਜਰ ਹੈ ਤੁਹਾਡੇ ਅੱਗੇ ਉਹ ਕਵਿਤਾ ਜਿਸ ਨੂੰ ਕੋਈ ਨਾਮ ਨਹੀਂ ਦਿੱਤਾ ਗਿਆ :
“ਵਿਖਾ ਦਿੱਤਾ
ਉੱਡਦਾ ਪੰਜਾਬ
ਕਿਵੇਂ
ਉਡਾਰੀ ਮਾਰ
ਜਾ ਬੈਠਿਆ
ਦਿੱਲੀ ਦੀ ਹਿੱਕ ਤੇ
ਦੁਨੀਆ
ਵੇਖ ਰਹੀ
ਏ
ਛੇਵਾਂ ਦਰਿਆ
ਨਸ਼ੇ ਦਾ ਨਹੀਂ
ਹੋਸ਼ ਭਰੇ ਜੋਸ਼ ਦਾ ਹੈ
ਸੇਵਾ ਦਾ ਹੈ
ਤੁਸੀਂ ਜਿਨ੍ਹਾਂ ਨੂੰ
ਸਮਝਿਆ
ਚੁਟਕਲਿਆਂ ਲਈ
ਮਾਕੂਲ
ਕਿਰਦਾਰ
ਓਹ੍ਹ
ਆ ਖੜੇ
ਤੇਰੇ ਬੂਹੇ
ਕੀ ਗੱਲ ?
ਹੁਣ
ਤਾੜੀ ਮਾਰ
ਹੱਸਦਾ
ਕਿਉਂ
ਨਹੀਂ !
………………………ਕੋਮਲਦੀਪ

