ਜਗਤ ਤਮਾਸ਼ਾ

ਉਹ ਇੱਕ ਦੇਸ ਉੱਤਰ ਵੱਲ

ਜਿੱਥੇ ਬੇਵਸ ਕੁੜੀਆਂ ਨੂੰ ਛੱਡ ਗਏ

ਵੱਡੇ ਦਮਗਜੇ ਮਾਰਨ ਵਾਲੇ

ਕਿ ਉਹ ਅੰਦਰ ਬੰਦ ਰਹਿਣ

ਚਾਨਣ ਤੋਂ ਮਹਰੂਮ !

ਤਾਂ ਕਿ ਝੂਠ ਨਾਲ

ਉਨ੍ਹਾਂ ਦੇ ਜ਼ਿਹਨ ਗੰਧਲਾਏ ਜਾ ਸਕਣ !

ਨਿੱਕੇ ਨਿੱਕੇ ਚਾਅ ਦਫ਼ਨ ਕਰਨ ਲਈ

ਹੋਈਆਂ ਉਹ ਮਜਬੂਰ

ਬਣਕੇ ਰਹਿ ਗਈਆਂ ਜਗਤ ਤਮਾਸ਼ਾ !

ਪਰ ਸਭਿਅਤ ਸੰਸਾਰ ਚੁੱਪ ਹੋਕੇ

ਹਲਕੀਆਂ ਰੂੰ ਵਰਗੀਆਂ ਆਸਾਂ

ਦੇ ਪਤੰਗ ਉੜਾ ਰਿਹੈ !

ਕਿੱਥੇ ਹੈ ਇਹ ਸੰਸਾਰ ਲੋਕਤੰਤਰ ਦੇ ਢੋਲ ਵਜਾਵਣ ਵਾਲਾ ?

ਸੜਕਾਂ ਤੇ ਗਿਰਗਟ ਵਰਗੇ ਜਵਾਨ

ਕਰਦੇ ਮਖੌਲਾਂ ਕੁੜੀਆਂ ਨੂੰ

“ਬੁਰਕੇ ਪਾਓ

ਇੱਕ ਦਿਨ ਵਿੱਚ ਵਿਆਹ ਕਰਾਂਗੇ ਅਸੀਂ ਚਾਰ ਚਾਰ |”

ਮਰਦ ਨੂੰ ਬਹੁਤ ਛੋਟਾ ਹੁੰਦਾ ਵੇਖੋ !

ਸਾਡੀਆਂ ਚਿੜੀਆਂ ਨੂੰ ਕੌਣ ਉਡਾਵੇ

ਖੁੱਲੀ ਫ਼ਿਜ਼ਾ ਵਿੱਚ ਕਿਉਂਕਿ

ਹਵਾ ਵਿੱਚ ਫੈਲ ਗਈ

ਟੋਭੇ ਦੇ ਡੱਡੂਆਂ ਦੀ ਸੋਚ !

ਕਿੱਥੇ ਹੈ ਸੰਸਾਰ

ਜੋ ਸੰਸਾਰ ਦੇ ਸਟੇਜ ‘ਤੇ

ਲੋਕਤੰਤਰ ਦੀ ਦੁਹਾਈ ਪਾਉਂਦਾ ਨਹੀਂ ਸੀ ਥੱਕਦਾ

ਪਰ ਹੁਣ ਤਮਾਸ਼ਬੀਨ ਬਣਿਆ !

ਬੇਵਸ ਬੇਸਹਾਰਾ ਨੂੰ ਗਿਰਵੀ ਧਰ ਗਏ

ਵਪਾਰਾਂ ਵਿੱਚ ਲਿੱਬੜੇ ਵੱਡੇ ਦੇਸ਼ !

ਕਲਾਸਲੈਸ ਸਮਾਜ ਦੇ ਉਸਾਰੂ ਅਖਵਾਉਣ ਵਾਲੇ

ਵਪਾਰ ਦੀ ਖਾਤਰ ਜੰਗਲ ਦੇ ਰਾਜ ਦੀ ਢੋਲਕੀ

ਵਜਾਉਣ ਲਈ ਤਿਆਰ ਬਰ ਤਿਆਰ |

ਉਹ ਇੱਕ ਦੇਸ ਉੱਤਰ ਵੱਲ

ਜਿੱਥੇ ਬੇਵਸ ਕੁੜੀਆਂ ਨੂੰ ਛੱਡ ਗਏ

ਵੱਡੇ ਦਮਗਜੇ ਮਾਰਨ ਵਾਲੇ

ਕਿ ਉਹ ਅੰਦਰ ਬੰਦ ਰਹਿਣ

ਚਾਨਣ ਤੋਂ ਮਹਰੂਮ !

ਗ ਸ ਨਕਸ਼ਦੀਪ ਪੰਜਕੋਹਾ

Scroll to Top