ਨਵੇਂ ਕਵੀ ਜਗਦੀਪ ਸਿੱਧੂ ਦੀ ਇੱਕ ਕਵਿਤਾ ਪੜੀ, ਬਹੁਤ ਚੰਗੀ ਲੱਗੀ; ਇਹ ਇੱਕ ਮਾਨਸਿਕ ਪਰਸਥਿਤੀ ਦੀ ਹੂਕ ਹੈ ਜੋ ਆਪਣੇ ਆਪ ਨਾਲੋਂ ਤੋੜਕੇ ਹੋਰਾਂ ਨਾਲ ਜੋੜ ਦੀ ਹੈ| ਵਿਖਾਵਾ ਨਾ ਸਮਝ ਲੈਣਾ ਬਲਕਿ ਉਸ ਖੁਸ਼ੀ ਦੇ ਰਾਗ ਨੂੰ ਜੋ ਆਪਣੇ ਨਾਲੋਂ ਟੁੱਟਣ ਤੋਂ ਬਾਅਦ ਉਪਜਦਾ ਹੈ ਸੁਣਨਾ ਤਦ ਅੰਦਰ ਕੋਈ ਕਣਸੋ ਵੀ ਸੁਣੋਗੇ !
ਅੰਗ ਦਾਨ ਦੀ ਵਸੀਅਤ
ਮੈਂ
ਹਸਪਤਾਲੋਂ
ਘਰ ਸੀ ਆਇਆ
ਘਰੋਂ
ਹਸਪਤਾਲ ਹੀ ਭੇਜ ਦੇਣਾ
ਭੀੜ
ਲੋਕਾਂ ਦੀ ਨਹੀਂ
ਕਾਫਲਾ
ਸੋਚਾਂ ਦਾ ਹੋਵੇਗਾ ਨਾਲ ਮੇਰੇ
ਮੇਰੀਆਂ
ਕਾਲੀਆਂ ਅੱਖਾਂ ਵੀ
ਦੇਣਗੀਆਂ ਚਾਨਣ ਕਿਸੇ ਨੂੰ
ਮੇਰੇ
ਗੁਰਦਿਆਂ ਨਾਲ
ਸ਼ਾਇਦ ਕੁਝ ਲੋਕਾਂ ਨੂੰ
ਸਾਫ ਹੋਵੇਗਾ
ਇਹ ਵੀ
ਕਿ ਜੀ ਸਕਦਾ
ਇਹਨਾਂ ਨਾਲ
ਮਰ ਰਿਹਾ ਕੋਈ
ਇਹ ਕੰਮ ‘ਦਿਲ ਜਿਗਰ’ ਨਾਲ ਹੀ
ਹੋਵੇਗਾ ਪੂਰਾ
ਲਾੲੀਟਾਂ ਜਗਣਗੀਆਂ
(ਓਪਰੇਸ਼ਨ)ਥਿਏਟਰ ਦੀਆਂ
ਮਰ ਕੇ ਵੀ ਨਿਭਾਵਾਂਗਾ
ਕਿਰਦਾਰ
ਨਵੀਂ ਰੌਸ਼ਣੀ ਮਿਲੇਗੀ
ਜਿਸਮ ਮੇਰੇ ‘ਚੋਂ
ਕੁਝ ਚਾਨਣ ਕਰ ਕੇ ਜਾਵਾਂ
ਧੂੰਆਂ ਨਹੀ
ਜਗਦੀਪ ਸਿੱਧੂ(ਇਉਂ ਵੀ ਦੇਖਣਾ ਹੈ)

