ਦੇਸ਼ – ਪਰਵਾਸ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Desh Parvaas – Punjabi Poem ||G.S.Nakshdeep Panjkoha

ਦੇਸ਼ – ਪਰਵਾਸ – ( ਗ.ਸ.ਨਕਸ਼ਦੀਪ ਪੰਜਕੋਹਾ)
ਦੇਸ਼ ਤਾਂ ਇਹ ਸਾਡਾ ਏ ਪਰ ਫਿਰ ਵੀ, ਸਾਨੂੰ ਬੇਗ਼ਾਨਗੀ ਦਾ ਅਹਿਸਾਸ ਕਿਉਂ!
ਕਿਥੇ ਜਾਈਏ ਦੱਸੋ ਲਗਣ ਲਗ ਪਿਆ ਹੈ, ਆਪਣਾ ਹੀ ਦੇਸ਼ ਪਰਵਾਸ ਕਿਉਂ?
ਜੋ ਅੱਗੇ ਕੀਤੇ ਸੀ ਭਰੋਸੇ ਨਾਲ, ਰਿਹਾ ਉਨ੍ਹਾਂ ਵਿੱਚ ਹੀ ਨਹੀਂ ਵਿਸ਼ਵਾਸ਼ ਕਿਉਂ?
ਫੁੱਲ ਤਾਂ ਖਿੜਦੇ ਨੇ ਸਭ ਨੂੰ ਖਿੜ੍ਹਾਉਣ ਲਈ, ਪਰ ਫੁੱਲ ਹੀ ਅੱਜ ਉਦਾਸ ਕਿਉਂ?
ਪਤਝੜ ਤੋਂ ਬਾਅਦ ਆਉਂਦੀ ਬਹਾਰ ਹਮੇਸ਼ਾ, ਕੋਈ ਕਰੇ ਇਹਨੂੰ ਬੇਆਸ ਕਿਉਂ?
ਜਿਸ ਨੂੰ ਵੀ ਭੇਜੀਏ ਸੰਭਾਲਣ ਦੇਸ਼ ਨੂੰ, ਓਹੋ ਲਗ ਜਾਂਦਾ ਨੋਚਣ ਸਾਡਾ ਮਾਸ ਕਿਉਂ?
ਦੰਭੀ ਬੈਠੇ ਕੁਰਸੀਆਂ ਤੇ, ਕੰਮ ਹੈ ਦੰਗੇ ਤੇ ਲੁੱਟਣਾ ਪਰ ਧਾਰਮਿਕ ਲਿਬਾਸ ਕਿਉਂ?
ਖੁਲੇ ਮੈਦਾਨ ਤੇ ਸੁੰਦਰ ਵੈਲੀਆਂ ਹਨ, ਖੁਲ੍ਹੀ ਹਵਾ ਵਿੱਚ ਘੁੱਟ ਰਿਹਾ ਸੁਆਸ ਕਿਉਂ?
ਸੂਰਜ ਨਿਕਲੇ ਹਨ ਕੱਢੋ ਹਨੇਰਾ ਦਿਲਾਂ ਚੋਂ, ਕਰਦੇ ਹੁਣ ਦੀਵਾਰਾਂ ਤੁਸੀਂ ਆਸ ਪਾਸ ਕਿਉਂ ?
ਨਕਸ਼ਦੀਪ ਇਨਸਾਨ ਦੇਵੇ ਧੱਕੇ ਇਨਸਾਨੀਅਤ ਨੂੰ, ਕਰੇ ਪਿਆਰਾ ਕਿਸੇ ਦਾ ਬਕਵਾਸ ਕਿਉਂ?
ਨਕਸ਼ਦੀਪ ਪੰਜਕੋਹਾ

Leave a Comment

Your email address will not be published. Required fields are marked *

Scroll to Top