ਪਾਰ ਦੀ ਖੁਸ਼ਬੂ

ਗੁਰੂ ਨਾਨਕ ਜੀ ਨੇ ਹੀ ਪਹਿਲੀ ਵਾਰ ਭਾਰਤੀਆਂ ਨੂੰ ਕਿਹਾ ਸੀ ਕਿ ਔਰਤ ਹੀ ਤਾਂ ਰਾਜੇ ਜੰਮਦੀ ਹੈ ਜਿਨਾਂ ਨੂੰ ਤੁਸੀਂ ਐਨੀ ਵਡਤਣ ਦੇਂਦੇ ਹੋ; ਔਰਤ ਬਿਨਾਂ ਤਾਂ ਜ਼ਿੰਦਗੀ ਖਲੋ ਜਾਂਦੀ ਅਤੇ ਲੋਕਾਈ ਖਤਮ ਹੋ ਜਾਂਦੀ ਹੈ;ਫੇਰ ਉਸ ਨੂੰ ਹੀਨਤਾ ਨਾਲ ਨਿੰਦਣਾ ਛੱਡ ਦਿਓ | ਔਰਤ ਨੂੰ ਇੱਕ ਚੀਜ਼ ਸਮਝਣਾ ਅਤੇ ਉਸ ਦੇ ਜਿਸਮ ਤੋਂ ਅੱਗੇ ਨਾ ਜਾ ਸਕਣ ਵਲੀਂ ਮਾਨਸਿਕ ਬਿਮਾਰੀ ਮਰਦ ਨੂੰ ਹਟਾਉਣੀ ਬਹੁਤ ਜਰੂਰੀ ਹੈ , ਨਹੀਂ ਫੋਕੀ ਔਰਤ ਦੇ ਹੱਕ ਵਿੱਚ ਬੱਲੇ ਬੱਲੇ ਕਰਨ ਨਾਲ ਕੀ ਬਣੇਗਾ? ਔਰਤ ਨੂੰ ਚਾਹੀਦਾ ਹੈ ਕਿ ਆਪਣੇ ਬਾਰੇ ਉਹ ਸਾਰੇ ਸ਼ਬਦਾਂ ਉੱਤੇ ਰੋਸ ਕਰੇ ਜੋ ਉਸ ਨੂੰ ਨੀਵਾਂ ਵਿਖਾਉਂਦੇ ਹਨ | ਇਸੇ ਪਰਸੰਗ ਵਿੱਚ ਇੱਕ ਕਵਿਤਾ ਪੇਸ਼ ਕਰ ਰਿਹਾਂ :

ਪਾਰ ਦੀ ਖੁਸ਼ਬੂ

ਜਦੋਂ ਔਰਤ ਦੇ ਜਿਸਮ ਤੀਕ,

ਨਜਰ ਅਟਕ ਕੇ ਰਹਿ ਜਾਵੇ,

ਉਦੋਂ ਮਰਦ ਦੀ ਹਾਲਤ ਹੁੰਦੀ,z

ਇੱਕ ਭੁੱਖੇ ਜਾਨਵਰ ਵਰਗੀ

ਜੋ ਭੁੱਖ ਕਾਰਣ ਕੁਝ ਵੀ ਖਾ ਲੈਂਦਾ ਹੈ !

ਉਸ ਦੀ ਸੋਚ ਮਾਂ ਨੂੰ ਗਾਲੀ ਬਣ ਜਾਂਦੀ ਹੈ

ਉਹ ਸਮਾਜ ਦਾ ਦਿੱਤਾ ਸਰਾਪ ਹਢਾਉਂਦਾ ਹੈ !

ਔਰਤ ਨੂੰ ਇੱਕ ਚੀਜ਼ ਸਮਝ ਉਹ

ਖੂਬਸੂਰਤ ਸ਼ਖਸ਼ੀਅਤ ਦੇ ਅਭਾਵ ਵਿੱਚ ਗੁੰਮ ਜਾਂਦਾ !

ਤੱਥ ਇਹ ਵੀ ਹੈ ਕਿ ਉਸ ਦੀ ਨਜਰ

ਆਪਣੀ ਮਾਂ ਦੇ ਜਿਸਮ ਤੀਕ ਨਹੀਂ ਟਿਕਦੀ !

ਤਦੇ ਇਸ਼ਕ ਮਿਜਾਜੀ ਵਿੱਚ ਜਿਸਮ ਦਾ ਪਿਆਰ,

ਪਿਆਰ ਨਹੀਂ ਬਲਕਿ ਭਾਵਾਂ ਵਿੱਚ ਲਿੱਬੜੀ

ਹਵਸ ਅਕਸ ਬਣਿਆ ਰਹਿੰਦੈ !

ਜਿਸ ਦਿਨ ਇਹ ਸਰਾਪ ਮਰਦ ਨੇ

ਲਾਹਕੇ ਵਗਾਹ ਮਾਰਿਆ

ਉਹ ਔਰਤ ਦੇ ਕਰਾਮਾਤੀ ਦਿਮਾਗ ਦੇ ਫੁੱਲਾਂ ਦੀ

ਮਾਣੇਗਾ ਖੁਸ਼ਬੂ ਅਤੇ ਆਖ ਸਕੇਗਾ

“ਮਾਂ ਦੀ ਜਾਤ ਮੇਰੀ ਜਾਤ ਨਾਲੋਂ

ਕਦੇ ਵੀ ਘੱਟ ਨਹੀਂ ਸੀ !

ਮੈਂ ਐਵੇਂ ਮੂਰਖਾਂ ਦੀ ਭੇਡ ਬਣਿਆ ਰਿਹਾ |”

ਮੰਨੂੰ ਦੀ ਸੋਚ ਦਾ ਕਤਲ ਕਰਕੇ,

ਪੁਰਾਣਿਆਂ ਦੀ ਸੋਚ ਦੇ ਦਾਗ,

ਜੋ ਸਮਾਜ ਦੇ ਜਿਸਮ ‘ਤੇ ਉੱਕਰੇ ਪਏ ਹਨ,

ਨੂੰ ਧੋ ਕੇ ਫਿਰ ਉਹ ਧਰਤੀ ‘ਚ ਪੁੰਗਰਦੇ

ਪੌਦਿਆਂ ਦੀ ਤਰ੍ਹਾਂ

ਨਵੀਂ ਫ਼ਿਜ਼ਾ ਵਿੱਚ ਪੁੰਗਰੇਗਾ

ਔਰਤ ਦੇ ਬਰਾਬਰ ਦੀ ਖੁਸ਼ਬੂ ਬਣਨ ਲਈ !

ਗ ਸ ਨਕਸ਼ਦੀਪ ਪੰਜਕੋਹਾ

Scroll to Top