ਬੀਬੀ ਸੁਰਜੀਤ ਕੌਰ ਸੈਕਰਾਮੈੰਟੋ

ਸੂਫੀ ਕਵੀ ਆਪਣੇ ਆਲੇ ਦੁਆਲੇ ਵਿੱਚ ਪ੍ਰਚਲਤ ਸ਼ਬਦਾਂ ਰਾਹੀਂ ਆਪਣੇ ਅੰਦਰਲੀ ਗਲ ਜਾਂ ਆਪਣੇ ਇਸ਼ਕ ਹਕੀਕੀ ਪਿਆਰ ਨੂੰ ਦਰਸਾਉਂਦੇ ਹਨ ਅਤੇ ਉਨਾਂ ਦੀਆਂ ਰਚਨਾਵਾਂ ਦਿਲਕਸ਼ ਬਣ ਜਾਂਦੀਆਂ ਹਨ |ਇਸ ਦੁਨੀਆਂ ਵਿੱਚ ਇਸ਼ਕ ਮਿਜਾਜੀਆਂ ਦੀ ਭੀੜ ਹੈ ਅਤੇ ਇਸ਼ਕ ਹਕੀਕੀ ਵਾਲੇ ਬਹੁਤ ਘੱਟ ਹਨ ਤੇ ਇਸੇ ਪਰਸੰਗ ਵਿੱਚ ਸੁਪ੍ਰਸਿੱਧ ਸੂਫੀ ਕਵੀ ਰੂਮੀ ਆਖਦਾ ਏ ਕਿ ਜੇ ਤੂੰ ਅਲੱਗ ਦਿਸਣਾ ਚਾਉਂਦਾ ਏਂ ਤਦ ਭੀੜ ਵਿੱਚੋਂ ਬਾਹਰ ਨਿਕਲ, ਨਹੀਂ ਭੀੜ ਵਿੱਚ ਤੇਰੀ ਕੋਈ ਹਸਤੀ ਨਹੀਂ; ਇੰਝ ਹੀ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਰੱਬ ਦੇ ਪਿਆਰ ਵਿੱਚ ਰੰਗੀਆਂ ਹੋਈਆਂ ਹਨ | ਉਨਾਂ ਦੀਆਂ ਕਵਿਤਾਵਾਂ ਵਿੱਚ ਦਰਸਾਏ ਰੱਬ ਦੇ ਪਿਆਰ ਵਿੱਚੋਂ ਇਸ਼ਕ ਮਿਜਾਜੀ ਦੀ ਖੁਸ਼ਬੂ ਲੱਭਣ ਵਾਲੇ ਪੰਜਾਬੀ ਪਾਠਕ ਉਹ ਖੁਸ਼ਬੂ ਲੱਭਦੇ ਰਹਿੰਦੇ ਹਨ, ਪਰ ਕਿਸੇ ਟਾਵੇਂ ਨੇ ਉਨਾਂ ਦੇ ਦਿਲ ਦੀ ਹਾਲਤ ਜਾਣੀ ਹੋਏਗੀ, ਕਿਉਂਕਿ ਉਨਾਂ ਦਾ ਦਿਲ ਅਲੱਖ ਵਿੱਚ ਮਸਤ ਹੁੰਦਾ ਹੈ ਪਰ ਬਾਕੀ ਸਭ ਲੋਕਾਂ ਦਾ ਸੰਸਾਰ ਵਿੱਚ ਹੈ | ਸੂਫੀ ਕਵਿਤਾ ਪਾਕ ਦਾਮਨ ਨਾਲ ਬੰਨ੍ਹੀ ਗਈ ਹੁੰਦੀ ਹੈ ਤੇ ਉਸ ਨੁੰ ਸਮਝਣ ਲਈ ਜੇ ਕੋਈ ਇਨਸਾਨ ਸੂਫੀ ਨਾ ਵੀ ਬਣੇ, ਤਦ ਵੀ ਉਸ ਦੀ ਖੂਬਸੂਰਤੀ ਤੋ ਵਾਂਝਾ ਨਹੀਂ ਰਹਿ ਸਕਦਾ/ਸਕਦੀ | ਡਾਕਟਰ ਐਸ ਪੀ ਸਿੰਘ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਬੀਬੀ ਸੁਰਜੀਤ ਕੌਰ ਸਕ੍ਰਾਮੇਂਟੋ ਦੀ ਕਵਿਤਾ ਸੂਫੀਵਾਦ ਵਿੱਚ ਰੰਗੀ ਹੋਈ ਪੜਨ ਨੁੰ ਮਿਲੀ | ਬੀਬੀ ਸੁਰਜੀਤ ਕੌਰ ਜੀ ਹੋਰਾਂ ਨੁੰ ਮੈਂ ਕਦੇ ਨਹੀਂ ਮਿਲਿਆ, ਸਿਰਫ਼ ਇੱਕ ਵਾਰ ਇੱਕ ਸਾਂਝੇ ਕਵੀ ਦਰਬਾਰ ਵਿੱਚ ਹਿੱਸਾ ਲੈਂਦਿਆਂ ਮੈਂ ਉਨਾਂ ਨੁੰ ਕਵਿਤਾ ਪ੍ੜਦਿਆਂ ਸੁਣਿਆ ਜਰੂਰ ਸੀ | ਉਨਾਂ ਦੀ ਇਸ ਕਵਿਤਾ ਦੀ ਖਾਸੀਅਤ ਇਹ ਹੈ ਕਿ ਜੀਵ , ਉਸ ਦੇ ਜਨਮ ਅਤੇ ਉਸ ਦੀ ਆਪਣੇ ਕਰਤੇ ਨੂੰ ਮਿਲਣ ਦੀ ਵਾਰੀ ਅਤੇ ਤਾਂਘ ਬਾਰੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕੀਤਾ ਗਿਆ ਹੈ, ਉਸੇ ਖਿਆਲ ਨੂੰ ਨਵੇਂ ਬਿੰਬ ਨਾਲ ਸ਼ਾਇਰਾ ਨੇ ਇਸ ਵਿੱਚ ਕਲਮਬੰਦ ਕੀਤਾ ਹੈ : ਕਵਿਤਾ ਦਾ ਰੂਪ ਗਜ਼ਲ ਹੈ ਪਰ ਮੇਰੀ ਖਿੱਚ ਕਵਿਤਾ ਦਾ ਰੂਪ ਨਹੀਂ ਹੈ ਬਲਕਿ ਉਹ ਖਿਆਲ ਹੈ ਜਿਸ ਰਾਹੀਂ ਕਰਤੇ ਨਾਲ ਇਕਮਿਕ ਹੋਣ ਦੀ ਤਾਂਘ ਦੀ ਬੁਲੰਦੀ ਦਰਜ ਹੈ |ਬੂੰਦਾਂ ਜੀਵ ਬਿੰਬ ਹਨ ਅਤੇ ਸਮੁੰਦਰ ਕਰਤੇ ਦਾ ਬਿੰਬ ਹੈ, ਪਰ ਕਰਤੇ ਨਾਲ ਇਕਮਿਕ ਹੋਣ ਦੇ ਸਫ਼ਰ ਦਾ ਇੱਕ ਦ੍ਰਿਸ਼ ਚਿਤਰਿਆ ਗਿਆ ਹੈ ਇਸ ਕਵਿਤਾ ਵਿੱਚ ਜੋ ਸਿਰਫ਼ ਵੇਖਣ ਵਾਲਾ ਹੀ ਨਹੀਂ ਬਲਕਿ ਮਹਿਸੂਸ ਕਰਨੇ ਵਾਲਾ ਹੈ ; ਕੁਝ ਬੂੰਦਾਂ ਵਾਪਿਸ ਸਮੁੰਦਰ ਵਿੱਚ ਜਾ ਡਿੱਗੀਆਂ ਤੇ ਉਸ ਨਾਲ ਇਕਮਿਕ ਹੋ ਗਈਆਂ , ਕੁਝ ਨਦੀ ਵਿੱਚ ਜੋ ਆਖਰ ਨੁੰ ਸਮੁੰਦਰ ਵਿੱਚ ਮਿਲ ਜਾਣ ਦੀ ਤਾਂਘ ਵਿੱਚ ਹਨ ਪਰ ਕੁਝ ਮਿਟੀ ਦੇ ਮੋਹ ਵਿੱਚ ਰੱਲ ਮਿਲ ਜਾਂਦੀਆਂ ਹਨ ਤੇ ਉਹ ਫੇਰ ਕਿਤੇ ਮਿਲੀ ਵਾਰੀ ਮੁਤਾਬਿਕ ਕਰਤੇ ਦੀ ਤਾਂਘ ਕਰਨ ਗੀਆਂ |ਇਹੋ ਇੱਕ ਸਿੱਖ ਦਾ ਉਦੇਸ਼ ਹੈ ਤੇ ਸਫ਼ਰ ਹੈ, ਭਾਂਵੇਂ ਉਸ ਦੀ ਸੀਮਾਂ ਵੀ ਬਹੁਤ ਵਾਰੀ ਮਿਟੀ ਦੇ ਮੋਹ ਤੀਕ ਰਹਿ ਜਾਂਦੀ ਹੈ ਜੇ ਉਹ ਕੰਵਲ ਵਾਂਗ ਚਿੱਕੜ ਵਿੱਚ ਉੱਗਕੇ ਉਤਾਂਹ ਨਾ ਖਿੜੇ | ਇਸ ਕਵਿਤਾ /ਗਜ਼ਲ ਨੂੰ ਮੇਰੇ ਦੱਸੇ ਪਰਸੰਗ ਵਿੱਚ ਪੜਕੇ ਵੇਖਣਾ ਤੇ ਮਹਿਸੂਸ ਕਰਨਾ ਕਿ ਅਸੀਂ ਕਿਹੜੀਆਂ ਬੂੰਦਾਂ ਹੋ ਨਿਬੜੇ ਹਾਂ ! ਹਾਜਰ ਹੈ ਬੀਬੀ ਸੁਰਜੀਤ ਕੌਰ ਜੀ ਦੀ ਇਹ ਖੂਬਸੂਰਤ ਰਚਨਾ :

ਗ਼ਜ਼ਲ

ਨਿਕੀਆੰ ਨਿਕੀਆੰ ਬੂਦਾਂ ਬਰਸਨ ।

ਸਾਗਰ ਨੂੰ ਮਿਲਣੇ ਲਈ ਤਰਸਨ ।

ਨੀਲ ਗਗਨ ਤੋੰ ਤੁਰਕੇ ਆਈਆੰ।

ਸਾਗਰ ਦੇ ਪੈਰਾਂ ਨੂੰ ਪਰਸਨ ।

ਕਿੰਝ ਨਦੀ ਵਿਚ ਵੜੀਏ ਜਾ ਕੇ ।

ਕਿੰਝ ਸਾਗਰ ਦੇ ਕਰੀਏ ਦਰਸਨ ।

ਦਿਲ ਵਿਚ ਚਾਉ ਘਨੇਰਾ ਲੈ ਕੇ ।

ਮਨ ਹੀ ਮਨ ਵਿਚ ਪਈਆੰ ਸਰਸਨ ।

ਪੀਅਾ ਮਿਲਣ ਦੀ ਤਾਂਘ ਹੈ ਤੀਬਰ ।

ਅਾਪੇ ਸੋਚਣ ਅਾਪੇ ਹਰਸਨ ।

ਕਈ ਜਨਮਾਂ ਤੋੰ ਪਏ ਵਿਛੋੜੇ ।

ਹੋਰ ਵਿਛੋੜਾ ਕਿਦਾਂ ਜਰਸਨ ।

ਜੋ ਸਾਗਰ ਵਿਚ ਜਾ ਕੇ ਵੜੀਆੰ ।

ਸੀਸ ਉਸਦੇ ਪੈਰੀੰ ਧਰਸਨ ।

ਜੋ ‘ਸੁਰਜੀਤ’ ਕਿਨਾਰੇ ਖੜੀਆੰ ।

ਤੜਪ ਤੜਪ ਕੇ ਪਈਆੰ ਮਰਸਨ । ਬੀਬੀ ਸੁਰਜੀਤ ਕੌਰ ਸੈਕਰਾਮੈੰਟੋ ।

Scroll to Top