ਮੈਂ ਆਪਣੇ ਨਾਵਲ ‘ਗਿਰਵੀ ਹੋਏ ਮਨ’ ਵਿੱਚ ਇੱਕ ਖਿਆਲ ਨੂੰ ਉਸ ਦੇ ਸ਼ੁਰੂ ਵਿੱਚ ਆਪਣੀ ਇੱਕ ਛੋਟੀ ਜਿਹੀ ਕਵਿਤਾ ਦੀਆਂ ਚਾਰ ਸਤਰਾਂ ਵਿੱਚ ਬੰਦ ਕੀਤਾ ਸੀ, ਭਾਵੇਂ ਨਾਵਲ ਦਾ ਵਿਸ਼ਾ ਉਸ ਦਾ ਨਿੱਕੇ ਨਿੱਕੇ ਦਾਇਰਿਆਂ (ਨਸਲ, ਜਾਤ ਪਾਤ ਅਤੇ ਕਲਾਸ ) ਵਿੱਚ ਵਿਕੇ ਮਨਾਂ ਦੇ ਪਰਸਪਰ ਵਿਰੋਧ ਦਾ ਵਿਸ਼ਲੇਸ਼ਣ ਹੈ (ਕਵਿਤਾ ਸੀ :‘ਤੁਸੀਂ ਜੋ ਵੀ ਹੋ ,ਉਹ ਤੁਸੀਂ ਨਹੀਂ, ਕਿਸੇ ਬੁੱਤ ਵਾਂਗ ਘੜੇ ਗਏ ਹੋ !ਕਿਸੇ ਤਸਵੀਰ ਵਾਂਗ ਫ੍ਰੇਮ ਵਿੱਚ ਜੜੇ ਗਏ ਹੋ !ਤੂਸੀਂ ਮੰਨੋ , ਨਾ ਮੰਨੋ , ਤੁਸੀਂ ਓਪਰੀ ਸੋਚ ਹੇਠ ,ਗਿਰਵੀ ਧਰੇ ਹੋਏ ਹੋ |”) ਮੈਂਨੂੰ ਲੱਗਦਾ ਹੈ ਕਿ ਉਸੇ ਖਿਆਲ ਜੋ 22 ਸਾਲ ਪਹਿਲਾਂ ਮੈਂ ਲਿਖਿਆ ਸੀ ਦਾ ਜਵਾਬ ਦੇ ਦਿੱਤਾ ਹੋਵੇ ਇਸ ਕਵਿਤਾ ਨੇ ਜੋ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾਂ ਰਿਹਾ ਹਾਂ,| ਇਸ ਕਵਿਤਾ ਦੇ ਕਰਤੇ ਨੂੰ ਵੀ ਮੈਂ ਨਹੀਂ ਜਾਣਦਾ ਨਿੱਝੀ ਤੌਰਤੇ | ਜਿਵੇਂ ਹੋਰਾਂ ਕਵੀਆਂ ਦੀਆਂ ਖੂਬਸੂਰਤ ਕਵਿਤਾਵਾਂ, ਜੋ ਮੇਰੇ ਲਈ ਅਣਜਾਣੇ ਸਨ, ਬਾਰੇ ਮੈਂ ਲਿਖਿਆ ਏ; ਇੰਝ ਹੀ ਇਸ ਕਵਿਤਾ ਬਾਰੇ ਲਿਖ ਰਿਹਾ ਹਾਂ | ਇਸ ਦੇ ਕਰਤਾ ਹਨ ਰਾਣਾ ਰਣਬੀਰ; ਉਨਾਂ ਦੇ ਫੇਸ ਬੁੱਕ ਦੇ ਸਫ਼ੇ ਤੋਂ ਜਾਣਿਆ ਹੈ ਕਿ ਪੰਜਾਬੀ ਫਿਲਮਾਂ ਵਿੱਚ ਬਹੁਤ ਹੀ ਮਸ਼ਹੂਰ ਜਾਪਦੇ ਹਨ ਇੱਕ ਅਕਟਰ ਅਤੇ ਡਿਰੈਕਟਰ ਤੌਰਤੇ ਮਤਲਬ ਇੱਕ ਸੈਲੱਬਰਟੀ ਹਨ ਅਤੇ ਸਾਹਿਤਕ ਦਾਇਰਿਆਂ ਵਿੱਚ ਸਤਕਾਰੇ ਜਾਣ ਵਾਲੇ ਹਨ, ਪਰ ਮੇਰੇ ਲਈ ਉਹ ਨਵੇਂ ਸ਼ਖਸ਼ੀਅਤ ਹਨ ਕਿਉਂਕਿ ਪਿਛਲੇ 30 ਸਾਲ ਤੋਂ ਅਮਰੀਕਾ ਨਿਵਾਸੀ ਹੋਣ ਦੇ ਨਾਤੇ, ਮੈਂ ਹਿੰਦੀ ਯਾ ਪੰਜਾਬੀ ਫਿਲਮਾਂ ਨਾ ਮਾਤਰ ਹੀ ਵੇਖੀਆਂ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਿਛਲੇ 16 ਸਾਲ ਤੋਂ ਸਾਹਿਤ ਨਾਲੋਂ ਵੀ ਮੈਂ ਤਕਰੀਬਨ ਟੁੱਟਿਆ ਰਿਹਾ ਹਾਂ ਭਾਵੇਂ ਮੈਂ ਪੰਜਾਬੀ ਤੇ ਅੰਗਰੇਜੀ ਵਿੱਚ ਲਿਖਣਾ ਜਾਰੀ ਰੱਖਿਆ ਹੈ ਹਮੇਸ਼ਾਂ | ਉਨਾਂ ਦੀ ਇਸ ਕਵਿਤਾ ਵਿੱਚ ਦਮ ਹੈ, ਮੌਲਕਤਾ ਦੀ ਹੋਂਦ ਦਾ/; ਭੇਡ ਚਾਲ ਅਤੇ ਪ੍ਰਭਾਵ ਪਾਉਣ ਵਾਲਿਆਂ ਤੋਂ ਉਤਾਂਹ ਉੱਠੇ ਮਨ ਦੀ ਕਥਾ ਹੈ ਇਹ ਕਵਿਤਾ | ਇਸ ਵਿੱਚ ਨਿਰਾਲੇਪਨ ਦੀ ਹੂਕ ਹੈ; ਜੋ ਲੋਕ ਜਲਦੀ ਪ੍ਰਭਾਵਿਤ ਹੁੰਦੇ ਹਨ, ਉਹ ਆਪਣੇ ‘ਤੇ ਪਏ ਜਾਂ ਆਪ ਲਏ ਪ੍ਰਭਾਵ ਦੇ ਕਾਰਣ ਇੱਕ ਤਰਫ ਵੱਲ ਤੱਕਣ ਯੋਗੇ ਹੀ ਰਹਿ ਜਾਂਦੇ ਹਨ, ਪਰ ਜੋ ਨਿੱਝ ਦੀ ਹੋਂਦ ਦੇ ਪਹਿਰੇਦਾਰ ਹੁੰਦੇ ਹਨ, ਉਨਾਂ ਦੀ ਮਨ ਦੀ ਐਨਕ ਬਹੁਤ ਵੱਡੀ ਹੋਈ ਰਹਿੰਦੀ ਹੈ | ਅਮਰੀਕੀ ਕਵਿਤਰੀ ਐਲਾ ਵੀਲਰ ਵਿਲਕੋਕਸ (Ella Wheeler Wilcox) ਦਾ ਕਥਨ ਹੈ “A poor original is better than a good imitation ( ਇੱਕ ਆਮ ਜਿਹਾ ਮੌਲਕ ਵਿਚਾਰ ਇੱਕ ਵਧੀਆ ਨਕਲ ਨਾਲੋਂ ਵਧੀਆ ਹੁੰਦਾ ਏ )” | ਇਸੇ ਤਰ੍ਹਾਂ ਕਲਪਨਾ ਕੇਂਦਰਤ ਲਿਖਤਾਂ ਦੀ ਲੇਖਿਕਾ ਨੈਂਸੀ ਸਪ੍ਰਿੰਗਰ (Nancy Springer ) ਦਾ ਕਹਿਣਾ ਹੈ “Conform, go crazy, or become an artist. ( ਜਾਂ ਤਾਂ ਮਗਰਲੱਗੂ ਹੋ ਜਾਵੋ ਜਾਂ ਪਾਗਲ ਹੋ ਜਾਵੋ (unfit ) ਜਾਂ ਫੇਰ ਇੱਕ ਕਲਾਕਾਰ ਬਣ ਜਾਵੋ ” ). ਕਲਾਕਾਰ ਦੀ ਤਬੀਅਤ ਵਿੱਚ ਮੌਲਤਾ ਦਾ ਪਹਿਰਾ ਜਰੂਰੀ ਹੈ, ਨਹੀਂ ਤਾਂ “ਨਕਲੀ ਕਲਾਕਾਰੀ” ਦਾ ਧੱਬਾ ਦਾਮਨ ‘ਤੇ ਚਿਪਕਾ ਦਿਆ ਕਰਦੇ ਹਨ ਦਨਸ਼ਵੰਦ, ਮਤਲਬ ਇਹੋ ਹੈ ਕਿ ਮੌਲਕਤਾ ਬਹੁਤ ਅਹਿਮੀਅਤ ਰੱਖਦੀ ਹੈ ; ਮੌਲਕਤਾ ਹੀ ਇਨਸਾਨ ਨੂੰ ਇੱਕ ਭੀੜ ਵਿੱਚੋਂ ਬਾਹਰ ਲੈ ਆਉਂਦੀ ਹੈ ਨਹੀਂ ਤਾਂ ਇੱਕ ਭੀੜ ਵਿੱਚ ਇੱਕ ਦੀ ਕੀ ਬੁੱਕਤ ? ਮੈਂ ਆਖਿਆ ਸੀ ਆਪਣੀ ਕਵਿਤਾ ਵਿੱਚ ਕਿ ਤੁਸੀਂ ਕਿਸੇ ਨਾ ਕਿਸੇ ਸੋਚ ਅਧੀਨ ਗਿਰਵੀ ਧਰੇ ਹੋਏ ਹੋ, ਪਰ ਰਾਣਾ ਰਣਬੀਰ ਉਸ ਕਥਨ ਤੋਂ ਵਿਧਰੋਹ ਕਰਦੇ ਹਨ ਅਤੇ ਇਹੋ ਉਨਾਂ ਦਾ ਪੈਗਾਮ ਹੈ ਅਤੇ ਇਹੋ ਵਡਤਣ ਹੈ ਇਸ ਕਵਿਤਾ ਦੀ | ਲਾਜਵਾਬ ਸਹਸ ਹੈ ਕਵਿਤਾ ਵਿੱਚ ਅਤੇ ਮਗਰਲੱਗੂ ਸੁਭਾਹ ਤੋਂ ਕੋਰਾ ਇਨਕਾਰ | ਧਿਆਨ ਦੇਣਾ ਕਵਿਤਾ ਦੇ ਇਨਾਂ ਬੰਦਾਂ ਬਾਰੇ “ ਮੈਂ ਨਾ ਤਾਂ ਬਿਰਖ
ਨਾ ਸੱਤਵਾਂ ਸੁਰ
ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ
ਨਾ ਵਰਖਾ ਹਾਂ ਨਾ ਸੋਕਾ ਹਾਂ
ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ
ਮੈਂ ਤਾਂ ਆਪੇ ਨਾਲ ਰਲਿਆ
ਬੰਦੇ ਦਾ ਅਸਲ ਹਾਂ |” ਵੇਖੋ ਇਨਾਂ ਸ਼ਬਦਾਂ ਨੂੰ, ‘ਬਿਰਖ, ਸੁਰ, ਹਵਾ ਦਾ ਝੌਂਕਾ, ਵਰਖਾ, ਸੋਕਾ ਅਤੇ ਬਿੰਬ ਜਾਂ ਪ੍ਰਤੀਕ’, ਇਹ ਸਾਰੇ ਕਿਸੇ ਨਾ ਕਿਸੇ ਪ੍ਰਭਾਵ ਅਧੀਨ ਹਨ, ਪਰ ਸੋਚ ਦੀ ਮੌਲਕਤਾ ਪ੍ਰਭਾਵ ਅਧੀਨ ਨਹੀਂ ਹੁੰਦੀ ਜੇ ਉਹ ਇੱਕ ਵਲਖਣ ਖਿਆਲ ਵਾਂਗ ਅਟੁੱਟ ਰਹੇ | ਬੰਦੇ ਦਾ ਅਸਲ ਹੀ ਖੋਜੀ ਹੋ ਨਿਬੜਦਾ ਹੈ; ਜਿੱਥੇ ਅੱਜ ਸਭਿਆਤਾ ਸਾਨੂੰ ਲੈ ਆਈ ਹੈ, ਇਹ ਬੰਦੇ ਦੇ ਅਸਲ ਕਾਰਣ ਹੀ ਤਾਂ ਹੈ; ਬਾਕੀ ਸਭ ਕੁਝ ਤਾਂ ਮਗਰ ਲੱਗਣ ਦੀ ਰੁਚੀ ਵਿੱਚ ਹੀ ਜਬਤ ਹੋ ਜਾਂਦਾ ਹੈ |
ਪੇਸ਼ ਏ ਤੁਹਾਡੇ ਸਾਹਮਣੇ ਰਾਣਾ ਰਣਬੀਰ ਹੋਰਾਂ ਦੀ ਕਵਿਤਾ “ਮੈਂ ਕੋਰਾ ਵਰਕਾ ਨਹੀਂ “ ਜਿਸ ਵਿੱਚ ਕੀਤੇ ਗਏ ਬੰਦ ਖਿਆਲ ਨੂੰ ਹਰੇਕ ਕਵੀ ਕਵਿਤਰੀ ਨੂੰ ਗਲ ਲਾਉਣਾ ਚਾਹੀਦਾ ਹੈ !
ਹਲਫ਼ੀਆ ਬਿਆਨ – ਰਾਣਾ ਰਣਬੀਰ
ਮੈਂ ਕੋਰਾ ਵਰਕਾ ਨਹੀਂ
ਕਿ ਮੇਰੇ ’ਤੇ ਜੋ ਚਾਹੋ ਲਿਖ ਦੇਵੋ
ਮੈਨੂੰ ਤੁਸੀਂ ਸੁਣਾ ਸਕਦੇ ਹੋ
ਪੜ੍ਹਾ ਸਕਦੇ ਹੋ
ਮੇਰੇ ’ਤੇ ਆਪਣੀ ਛਾਪ ਨਹੀਂ ਲਗਾ ਸਕਦੇ
ਕਰਾਂਗਾ ਤਾਂ ਮੈਂ ਉਹੀ
ਜੋ ਮੈਂ ਕਰਨਾ ਚਾਹੁੰਦਾ ਹਾਂ
ਸ਼ੁਗਲ ਦੇ ਤੌਰ ਤੇ ਮੈਂ ਤੁਹਾਡੀ ਨਕਲ ਕਰ ਸਕਦਾਂ
ਰਵਾਇਤ ਦੇ ਤੌਰ ਤੇ ਹੁੰਗਾਰਾ ਭਰ ਸਕਦਾਂ
ਪਰ ਚੱਲਾਂਗਾ ਆਪਣੀ ਹੀ ਚਾਲ
ਰਹਿੰਦਾ ਮੈਂ ਵੀ ਤੁਹਾਡੇ ਵਾਂਗ ਧਰਤੀ ’ਤੇ ਹੀ ਹਾਂ
ਪਰ ਮੇਰੇ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਨੇ
ਮੈਂ ਨਾ ਤਾਂ ਬਿਰਖ
ਨਾ ਸੱਤਵਾਂ ਸੁਰ
ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ
ਨਾ ਵਰਖਾ ਹਾਂ ਨਾ ਸੋਕਾ ਹਾਂ
ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ
ਮੈਂ ਤਾਂ ਆਪੇ ਨਾਲ ਰਲਿਆ
ਬੰਦੇ ਦਾ ਅਸਲ ਹਾਂ
ਮੇਰੀ ਕਵਿਤਾ ਅੰਬਰਾਂ ਦਾ ਬੱਦਲ ਨਹੀਂ
ਸਗੋਂ ਧਰਤੀ ਦੀ ਹੀ ਕੋਈ ਚੀਜ਼ ਹੋਵੇਗੀ
ਬੱਦਲ ਮੈਂ ਛੋਹ ਕੇ ਨਹੀਂ ਵੇਖੇ
ਧਰਤੀ ਨੂੰ ਮੈਂ ਹੰਢਾ ਰਿਹਾਂ!

