ਮੀ ਟੂ ਇੱਕ ਲਹਿਰ ਚੱਲੀ ਸੀ; ਔਰਤ ਨੇ ਲੋਕਚਾਰੀ ਦੀਆਂ ਧਜੀਆਂ ਉਡਾਕੇ ਵਕਤ ਤੇ ਹਾਲਤ ਦਾ ਫਾਇਦਾ ਉਠਾਉਂਦੇ ਮਰਦ ਦੇ ਅੰਦਰਲੇ ਗੰਦ ਨੂੰ ਨੰਗਾ ਕੀਤਾ ਸੀ ਪਹਿਲੀ ਵਾਰ ਇੱਕ ਮੁਹਿੰਮ ਰਾਹੀਂ ; ਅਮਰੀਕਾ ਵਿੱਚ ਵੱਡੇ ਡਰੈਕਟਰ, ਐਕਟਰ, ਅਫਸਰ ਤੇ ਰਾਜਨੀਤੀਵਾਨਾਂ ਦੇ ਪੋਤੜੇ ਔਰਤਾਂ ਦੇ ਇਸ ਸਾਹਸ ਨੇ ਨੰਗੇ ਕਰਕੇ ਲੋਕਾਂ ਦੀ ਕਚਹਰੀ ਵਿੱਚ ਰੱਖੇ !ਜਿਨਾਂ ਕਾਰਨ ਮਰਦ ਦੀਆਂ ਗੰਦ ਭਰੀਆਂ ਹਰਕਤਾਂ ਤੇ ਕਰਤੂਤਾਂ ਥਮ ਗਈਆਂ ਇੱਕ ਡਰ ਅਤੇ ਭੈ ਸਾਹਿਤ| ਭਾਰਤ ਵਿੱਚ ਕੀ ਹੋਇਆ ਇਸ ਪਰਸੰਗ ਵਿੱਚ ਮੈਨੂੰ ਬਹੁਤਾ ਗਿਆਨ ਨਹੀਂ, ਪਰ ਜੋ ਹਾਲਾਤ ਹਨ, ਉਨਾਂ ਨੂੰ ਵੇਖਕੇ ਅਜੇ ਵੀ ਸ਼ਰਮ ਆਉਂਦੀ ਹੈ | ਸ਼ਾਇਰ ਪਾਲ ਕੌਰ ਜੀ ਨੁੰ ਵੀ ਮਿਲਣ ਦਾ ਸੁਭਾਗ ਮੈਨੂੰ ਨਹੀਂ ਹੋਇਆ ਬਲਕੇ ਆਖਾਂਗਾ ਕਿ ਹਰਵਿੰਦਰ ਜੀ ਦੀ ਉਨਾਂ ਬਾਰੇ ਇੱਕ ਪੋਸਟ ਵਿੱਚ ਉਨਾਂ ਦੀ ਇੱਕ ਕਵਿਤਾ ਉੱਤੇ ਮੈਂ ਕਿੰਤੂ ਕੀਤਾ ਸੀ ਪਰ ਦਰਿਆਦਿਲ ਕਵਿਤਰੀ ਨੇ ਉਹ ਕਮੈਂਟ ਪਸੰਦ ਕੀਤਾ | ਮਨ ਵਿੱਚ ਆਇਆ ਕਿ ਸ਼ਾਇਰ ਪਾਲ ਕੌਰ ਜੀ ਦੇ ਦਰ ਜਾਕੇ ਉਨਾਂ ਦੀ ਕੋਈ ਕਵਿਤਾ ਵੇਖਾਂ ਜੇ ਮਨ ਨੂੰ ਪਸੰਦ ਆ ਜੇ ਤਾਂ ਲਿਖਾਂ ਤੇ ਹਾਜਰ ਹੈ ਉਨਾਂ ਦੀ ਕਵਿਤਾ “ ਮੀ ਟੂ” ਮਤਲਬ ਕਾਮਿਕ ਧੱਕਾ ਜਿਸ ਦੇ ਅਰਥ ਹਨ “ਸ਼ੋਸ਼ਨ ਮੇਰਾ ਵੀ ਹੋਇਆ ਸੀ” |ਕਵਿਤਾ ਵਿੱਚ ਔਰਤ ਨਾਲ ਹੁੰਦਾ ਆ ਰਿਹਾ ਕਮਿਕ ਧੱਕਾ ਤੇ ਸ਼ੋਸ਼ਨ ਦਾ ਇਤਿਹਾਸ ਕਲਮਬੰਦ ਹੈ ਇਸ ਕਵਿਤਾ ਵਿੱਚ | ਖੁਰਦਰੇ, ਲਿਜਲਿਜੇ ਅਹਿਸਾਸ ਦੇ ਬੋਲ ਤੇ ਫ਼ਰਾਕ ਦੀ ਉਮਰ ਦੇ ਬਿੰਬ ਹਰ ਜਮੀਰ ਵਾਲੇ ਮਰਦ ਅੰਦਰ ਛੁਰਾ ਚੋਭਦੇ ਹਨ ਤੇ ਯਾਦ ਕਰਵਾਉਂਦੇ ਹਨ ਕਿ ਅਜਿਹੇ ਮਰਦ ਬਿਮਾਰ ਹਨ ਮਨਸਿਕ ਤੌਰਤੇ| ਕੁਆਰਪਣੇ ਦੇ ਦਰਦ ਤੇ ਨਾ ਕੁਝ ਕਰ ਸਕਣ ਦੀ ਬੇਵਸੀ, ਸਭਿਅਕ ਮਰਦ ਦੀ ਜਮੀਰ ਝੰਜੋੜ ਦੇ ਹਨ | ਬਲਾਤਕਾਰ ਦੇ ਦਰਦ ਤੇ ਉਸ ਉੱਤੇ ਓਡੀ ਮਰਦ ਦੀ ਬੇਸ਼ਰਮੀ ਦੀ ਚਦਰ ਵਿੱਚੋਂ ਬੂ ਆਉਂਦੀ ਹੈ ! ਇੰਝ ਜਿਵੇਂ ਚੋਰ ਧੱਕੇ ਨਾਲ ਚੋਰੀ ਕਰਕੇ ਆਖੇ ‘ਮੇਰਾ ਦਿਲ ਕੀਤਾ ਤੇ ਚੋਰੀ ਕਰ ਲਈ , ਤਾਂ ਕੀ ?” ਅਜਿਹੀਆਂ ਢਾਲਾਂ ਲੈਕੇ ਬੇਗਰਤ ਮਰਦ ਮਨਪ੍ਰਚਾਵੇ ਦੇ ਗੰਦ ਨੂੰ ਹੋਰਾਂ ਤੇ ਥੋਪਦਾ ਹੈ ! ਹਾਜਰ ਹੈ ਸ਼ਾਇਰਾ ਪਾਲ ਕੌਰ ਦੇ ਸ਼ਬਦ ਇਸ ਤ੍ਰਾਸਦੀ ਦੇ ਪਰਸੰਗ :
ਮੀ ਟੂ
ਜਦੋਂ ਤੁਰ ਪਿਆ ਹੈ ਆਵਾਜ਼ਾਂ ਦਾ ਕਾਫ਼ਲਾ ,
ਤਾਂ ਸੁਣਦੀਆਂ ਨੇ ਕੁਝ,
ਪਰ ਖਾਮੋਸ਼ ਨੇ ਹਾਲੇ ਬਹੁਤ ਆਵਾਜ਼ਾਂ !
ਉਦੋਂ ਤਾਂ ਆਵਾਜ਼ ਵੀ ਨਹੀਂ ਸੀ
ਤੇ ਨਾ ਸਨ ਸ਼ਬਦ …….
ਜਦੋਂ ਕੁੱਖ ਅੰਦਰ ਹੀ ,
ਉਨ੍ਹਾਂ ਚੁੱਕ ਦਿੱਤਾ ਸੀ ਪਰਦਾ !
ਕਿੱਥੇ ਬੋਲੇ ਨੇ ਹਾਲੇ
ਉਨ੍ਹਾਂ ਛੋਹਾਂ, ਉਨ੍ਹਾਂ ਨਿਗਾਹਾਂ ,
ਉਸ ਖੁਰਦਰੇ, ਲਿਜਲਿਜੇ ਅਹਿਸਾਸ ਦੇ ਬੋਲ…..
ਫ਼ਰਾਕ ਦੀ ਉਮਰੇ
ਕਿੱਥੇ ਹੁੰਦੇ ਨੇ ਬੋਲ ?
ਖੂੰਜਿਆਂ, ਹਨੇਰਿਆਂ,
ਤਾਣਾਂ ਤੇ ਮਾਣਾਂ ਅੰਦਰ,
ਦੱਬ ਗਈ ਸੀ ਚੀਕ !
ਉਹ ਸਨ ਹਮਸਾਏ….
ਕੇਹੇ ਸਨ ਲਾਡ ਲਡਾਏ !
ਕਿੱਥੇ ਬੋਲੇਗਾ
ਕਰਜ਼ਾ ਉਤਾਰਦੀ ਮਾਂ ਦਾ ਖਾਮੋਸ਼ ਦਰਦ ?
ਘਾਹ ਖੋਤਰਦੀ ਬਾਲੜੀ ਨੂੰ ਪਿਆ ਅਚੇਤ ਘੇਰਾ ?
ਕਿੱਥੇ ਬੋਲੇਗਾ,
ਪਿੱਠ ਤੋਂ ਸਰਕਦੇ ……
ਕਿਸੇ ਵੱਡੇ ਦੇ ਸ਼ਨਾਖ਼ਤੀ ਹੱਥ
ਤੇ ਗ਼ੈਰ ਸ਼ਨਾਖਤੀ ਛੋਹ ਦਾ ਦਰਦ ?
ਕਿੰਨੇ ਕੁ ਬੋਲਣਗੇ
ਕਦਮ ਕਦਮ ‘ਤੇ, ਏਥੇ ਉੱਥੇ …
ਸ਼ਬਦਾਂ ਤੇ ਨਿਗਾਹਾਂ ਦੀ ਖੇਡ ਤੋਂ ਤੁਰਦੇ,
ਚਾਹ ਤੇ ਰਾਹ ‘ਤੇ ਉਲਝੇ ,
ਦੋ ਚਿੱਤੀਏ ਦਰਦ ?
ਕਦੇ ਇੱਕ ਤੇ ਕਦੇ ਦੂਜੇ ਡਰ ‘ਚ ਅਟਕੇ ,
ਲਿਫਦੀ ਜ਼ਮੀਨ ‘ਚ ਧਸਦੇ ਪੈਰ !
ਹਾਲੇ ਤਾਂ ਬੋਲੀਆਂ ਨੇ,
ਚਮਕਦੀਆਂ ਸ਼ਨਾਖ਼ਤਾਂ ਵਿਰੁੱਧ ,
ਚਮਕਦੀਆਂ ਸ਼ਨਾਖ਼ਤਾਂ !
ਤੇ ਐਨੇ ਵਿੱਚ ਹੀ ਲੂਸ ਉੱਠੇ ਨੇ,
ਵਿਰੋਧੀ ਬੋਲ,
ਢਾਲਾਂ ਲਾ ਲਾ ਕੇ ਕਰਦੇ ਵਾਰ !
ਹੱਸਦੇ ਕਦੀ ਖਚਰੇ ਹਾਸੇ !
ਉਨ੍ਹਾਂ ਲਈ ਅੱਖ ਤੇ ਹੱਥ ,
ਜੁਰਮ ਥੋੜ੍ਹਾ ਕਰਦੇ ਨੇ ….
ਉਹ ਤਾਂ ਹਾਸੇ ਖੇਡਾਂ ਕਰਦੇ ਨੇ !
ਇਹੀ ਤਾਂ ਹੈ ,
ਚਿੜੀਆਂ ਦੀ ਮੌਤ
ਤੇ ਗਵਾਰਾਂ ਦਾ ਹਾਸਾ !
ਜਿਵੇਂ ਜਾਣਦੇ ਨਾ ਹੋਣ,
ਖੂੰਜਿਆਂ, ਹਨੇਰਿਆਂ
ਤੇ ਗੈਰ ਸ਼ਨਾਖਤੀ ਨੀਯਤਾਂ ਦਾ ਸੱਚ !
ਜਿਵੇਂ ਜਾਣਦੇ ਨਾ ਹੋਣ ,
ਮਰਜ਼ੀ ਤੇ ਧੱਕੇ ‘ਚ ਫਰਕ !
ਜਿਵੇਂ ਜਾਣਦੇ ਨਾ ਹੋਣ ,
ਚਾਹਤ ਤੇ ਲਾਹਨਤ ਦਾ ਫਰਕ !
ਹਾਲੇ ਤਾਂ ਉੱਠਿਆ ਹੈ ਪਹਿਲਾ ਪੂਰ !
ਉੱਠ ਪਿਆ ਜੇ ਕਿਧਰੇ
ਹਰ ਖਾਮੋਸ਼ ਬੋਲ …
ਹਰ ਦੱਬੀ ਘੁੱਟੀ ਚੀਕ…
ਗ਼ੈਰ ਸ਼ਨਾਖਤੀ ਅਹਿਸਾਸ…..
ਤਾਂ ਦੁਨੀਆ ਵਿੱਚ ਇੱਕੋ ਹੀ ਰਹਿ ਜਾਵੇਗੀ ਆਵਾਜ਼ ,
ਮੈਂ ਵੀ
ਮੈਂ ਵੀ !
ਗੁਆਚ ਜਾਣਗੇ ਹਨੇਰੇ ‘ਚ ਸਭ ਸਾਏ ,
ਸਵਾਲੀਆ ਹੋ ਜਾਣਗੀਆਂ ਸਭ ਸ਼ਨਾਖ਼ਤਾਂ !
ਜੇ ਕਿਤੇ ਬੋਲ ਪਈਆਂ ,
ਖਾਮੋਸ਼, ਦੱਬੀਆਂ ਘੁੱਟੀਆਂ ਸਭ ਆਵਾਜ਼ਾਂ
ਮੀ ਟੂ !
ਮੀ ਟੂ !
ਪਾਲ ਕੌਰ

