ਆਹ ਜੋ ਹੱਥਾਂ ਵਿਚੋਂ,
ਹੌਲੀ ਕਿਰ ਰਿਹਾ ਏ ਵਕਤ
ਆ ਇਸ ਨੂੰ ਸੰਭਾਲ ਅਤੇ
ਤੂੰ ਰਹਿ ਮੇਰੇ ਸਾਹਮਣੇ|
ਮੈਨੂੰ ਲੱਗਿਆ ਜਨੂੰਨ
ਮੈਂ ਜ਼ਿੰਦਗੀ ਵਿਛਾ ਦਿੱਤੀ ਏ,
ਤੂੰ ਵੇਖ ਤੇਰੇ ਸਾਹਮਣੇ!
ਮੈਂ ਉਸ ਕੱਲ੍ਹ ਨੂੰ,
ਕੀ ਹੈ ਕਰਨਾ ਜੋ ਵੇਖੀ ਨਹੀਂ
ਮੈਂ ਤਾਂ ਇਹੋ ਆਖਾਂ ਕਿ ਮੈਨੂੰ,
ਹੁਣ ਵਿਚ ਸਜਾ ਕੇ ਰੱਖ!
ਤੇਰੇ ਸੰਗ ਮੈਨੂੰ ਨਹੀਂ ਏ,
ਕੋਈ ਡਰ ਤੂਫਾਨਾਂ ਦਾ ਜ਼ਰਾ
ਆਖਾਂ ਇਹੋ ਕਿ ਆਪਣੀ ਉਂਗਲੀ,
ਮੈਨੂੰ ਫੜਾ ਕੇ ਰੱਖ !
ਬੜੀ ਜਰਖੇਜ਼ ਇਹ ਧਰਤੀ,
ਜੋ ਸਾਨੂੰ ਰੱਖਦੀ ਏ ਉੱਪਰ
ਇਸ ਉੱਤੇ ਹੀ ਰਹਿ ਤੂੰ,
ਨਾ ਕਰ ਤਾਰਿਆਂ ਦੀਆਂ ਗੱਲਾਂ !
ਮੇਰੇ ਪਾਸ ਵਕਤ ਨਹੀਂ,
ਫੁੱਲਾਂ ’ਚ ਲਪੇਟੇ ਲੀਡਰਾਂ ਲਈ
ਸੁਣਾ ਪਤੰਗੇ ਦੀ ਕਥਾ,
ਨਾ ਕਰ ਡਰ ਦੇ ਮਾਰਿਆਂ ਦੀਆਂ ਗੱਲਾਂ !
ਦਿਨ ਰਾਤ ਉਮਰ ਦੇ,
ਮਨਫ਼ੀ ਹੁੰਦੇ ਰਹਿਣਗੇ ਇਸ ਤਰ੍ਹਾਂ|
ਚਾਦਰ ਨਾ ਪਾ ਦਿਨ ’ਤੇ ਤੂੰ,
ਐਵੇਂ ਹਨੇਰਿਆਂ ਦੀ ਵੇ ਸੱਜਣਾ
ਲਹੂ ਦੇ ਕੇ ਲਈ ਆਜ਼ਾਦੀ ਜਿਨ੍ਹਾਂ,
ਉਹ ਇਹ ਸਹਿਣਗੇ ਕਿਸ ਤਰ੍ਹਾਂ ?
ਅਣਸੱਦੀ ਬੇਕਿਰਕੀ ਜੰਗ ਹੈ,
ਇਹ ਤਾਂ ਮੌਤ ਅਤੇ ਜ਼ਿੰਦਗੀ ਦੀ
ਵਾਹਦਿਆਂ ਬਾਹਨਿਆਂ ਪਿੱਛੇ,
ਤੂੰ ਐਵੇਂ ਛੁਪ ਛੁਪ ਕੇ ਨਾ ਵੇਖ|
ਉੱਕਰਿਆ ਪਿਆ ਏ ਤਾਰੀਖ ਦੇ,
ਪੰਨੇ ਪੰਨੇ ਉੱਤੇ ਇਹ ਸੱਚ ਕਿ
ਹੱਕ ਲਿਆ ਗਿਆ ਸੀਸ ਤਲੀ ਧਰ,
ਨਾ ਤੂੰ ਇੰਜ ਝੁਕ ਝੁਕ ਕੇ ਵੇਖ!
ਯਾਦ ਵੀ ਨਹੀਂ ਰਹਿਣਾ ਕਿਸੇ,
ਜੋ ਇਹ ਟਿਮਕਣਿਆਂ ਦਾ ਵਿਖਾਵਾ,
ਹਨੇਰੇ ਨੇ ਕੀ ਰਹਿਣਾ ਉੱਥੇ,
ਜਿੱਥੇ ਸੂਰਜਾਂ ਦਾ ਪਹਿਰਾ ਹੋਵੇ !
ਧਾਰ ਲਿਆ ਮਨ ਜਿਨ੍ਹਾਂ ਨੇ,
ਆਪਣੀ ਮੰਜ਼ਿਲ ਨੂੰ ਪਾ ਲੈਣ ਲਈ,
ਪਾਰ ਕਰ ਜਾਂਦੇ ਨਕਸ਼ਦੀਪ ਉਹ,
ਪਾਣੀ ਕਿੰਨਾ ਵੀ ਗਹਿਰਾ ਹੋਵੇ !
