ਕਾਵਿਲੋਕ (07.05.2023) ਵਿਚ ਛਪੀਆਂ ਮੇਰੀਆਂ ਕਵਿਤਾਵਾਂ :
ਬੂਟ (ਗ.ਸ. ਨਕਸ਼ਦੀਪ ਪੰਜਕੋਹਾ)
ਬੂਟ ਸਮਝ
ਪਾ ਲਿਆ ਮੈਨੂੰ,
ਮੈਂ ਖੁਸ਼ ਸੀ ਕਿ
ਉੱਤੇ ਨਹੀਂ, ਬਰਾਬਰ ਨਹੀਂ , ਤਾਂ ਕੀ,
ਹੇਠਾਂ ਹੀ ਸਹੀ !
ਕੋਈ ਸਾਥ ਸੀ!
ਕੋਈ ਨਾਲ ਸੀ !
ਨਾ ਕਰਿਆ ਮੈਂ ਕੋਈ ਮਲਾਲ ਸੀ !
ਫੇਰ ਰਾਹੇ-ਗੁਜਰ ‘ਤੇ
ਤਸਮੇ ਖੋਹਲ ਦਿੱਤੇ ਗਏ !
ਜਰਾ ਮਲਾਲ ਹੋਇਆ ਪਰ
ਸੋਚਿਆ ਤੰਗ ਕਰਦਾ ਹੋਵਾਂਗਾ !
ਕਿਤੇ ਲੱਗਦਾ ਹੋਵਾਂਗਾ !
ਵਕਤ ਕਿਰਦਾ ਗਿਆ
ਇੰਝ ਢਿਲਮ ਢਿੱਲਾ ਤੇ ਮੈਂ,
ਘਸਦਾ ਗਿਆ, ਟੁੱਟਦਾ ਗਿਆ !
ਤੇ ਇੱਕ ਦਿਨ
ਪੈਰ ਬਾਹਰ ਕਰ ਲਏ ਗਏ
ਪਤਾ ਵੀ ਨਾ ਲੱਗਿਆ |
ਬੂਟ ਇੰਝ ਉਤਾਰ ਦਿੱਤੇ ਗਏ
ਆਖਰ ਬੂਟ ਹੀ ਤਾਂ ਸੀ !
ਰੁੱਖ ਤੇ ਘਰ (ਗ. ਸ. ਨਕਸ਼ਦੀਪ ਪੰਜਕੋਹਾ)
ਘਰ ਜਦੋਂ ਪਰਤੇ
ਘਰ ਓਪਰਾ ਜਿਹਾ ਲੱਗਿਆ?
ਸਾਹਮਣੇ ਖੜੇ ਰੁੱਖ ਨੂੰ ਪੁੱਛਿਆ
“ਇਹ ਕੀ ਹੋ ਗਿਆ?”
ਰੁੱਖ ਬੋਲਿਆ ਗੰਭੀਰਤਾ ਨਾਲ
“ਇਹ ਥਾਂ ਰੋਲ ਦਿੱਤੀ
ਅਨੰਤ ਚੱਲਦੇ ਵਾਵਰੋਲਿਆਂ ਨੇ |”
ਫੇਰ ਪੁੱਛਿਆ ਅਸੀਂ ਉਹਨੂੰ
“ਤੂੰ ਕਿਵੇਂ ਬਚਿਆ ?”
ਉਹ ਮਲਕੜੇ ਬੋਲਿਆ
“ਮੇਰੀਆਂ ਜੜਾਂ ਡੂੰਘੀਆਂ ਸੀ |”


