ਮੈਂ ਦੀਵਾਲੀ ਨਹੀਂ ਮਨਾਉਣੀ
ਧੁੱਪਾਂ ਦੀ ਤਪਸ਼
ਬਰਸਾਤਾਂ ਦੇ ਰੋਣੇ
ਝੁੱਗੀਆਂ ਦੀ ਬੇਵਸੀ
ਹੁਕਮਰਾਨ ਦੀ ਬੇਰੁਖੀ
ਵਿੱਚ ਲਿਪਟਕੇ ਰਹਿ ਗਈ
ਦੀਪਾਂ ਵਾਲੀ ਦੀਵਾਲੀ !
ਮੈਂ ਦੀਵਾਲੀ ਨਹੀਂ ਮਨਾਉਣੀ !
ਦੀਵੇ ਬਾਲਾਂ ਕਿਸ ਲਈ ?
ਭੁੱਖ ਦੀਆਂ ਤਲਵਾਰਾਂ
ਭੁੱਖ ਦੇ ਜਖਮ ਕਿੰਝ ਪਾਉਂਦੇ
ਅਰਾਮ ਦੀ ਨੀਂਦ ਸੌਂਣ ਵਾਲੇ ਕੀ ਜਾਣਨ?
ਵਿਖਾਵਿਆਂ ਦੇ ਸਰਾਪ
ਨਸੂਰ ਬਣਕੇ ਰਹਿ ਜਾਂਦੇ
ਚਾਨਣ ਨੂੰ ਹਨੇਰੇ ਦੀ ਚਾਦਰ
ਰੋਜ ਢੱਕਦੀ ਰਹਿੰਦੀ
ਇਹ ਦੀਵੇ ਕੀ ਕਰਨਗੇ ?
ਬੇਸ਼ਰਮੀ ਸਿਰ ਚੜ੍ਹ ਨੱਚਦੀ
ਘਰ ਘਰ ਵਿੱਚ ਮੰਡੀ ਲਾ
ਖਰੀਦਣ ਖਰੀਦਦਾਰ
ਰਾਜਨੀਤੀ ਤੇ ਧਰਮ ਦੇ ਨੇਤਾ !
ਰੋਹ ਸਿਸਕ ਰਿਹਾ
ਬੇਵਸੀ ਦੇ ਵਿਹੜੇ ਵਿੱਚ !
ਕੰਨ ਬੰਦ ਕਰਕੇ
ਦੀਵਾਲੀ ਦੀਆਂ ਵਧਾਈਆਂ
ਦੇਵਣ ਵਾਲੇ ਇਹ ਹਨ ਕੌਣ?
ਯਾਦ ਰੱਖਣਾ ਜਿਉਂਦੀ ਜਿੰਦ
ਡੁੱਬ ਜਾਂਦੀ ਪਰ ਮਰਕੇ
ਤਰਦੀ ਹੈ ਤਾਰੂਆਂ ਵਾਂਗਰ !
ਇਹ ਸਭ ਵਿਕਾਊਆਂ ਦੇ ਜਸ਼ਨ
ਪਰ ਜੋ ਅਮੁੱਲ ਉਹ ਤਾਂ ਰਹਿ ਗਏ
ਮਿੱਟੀ ਵਿੱਚ ਰੁਲਕੇ!
ਕਿਵੇਂ ਮਨਾਵਾਂ ਕਿਸ ਲਈ ਮਨਾਵਾਂ ?
ਮੈਂ ਨਹੀਂ ਮਨਾਉਣੀ ਇਹ ਦੀਵਾਲੀ !
(ਗ ਸ ਨਕਸ਼ਦੀਪ ਪੰਜਕੋਹਾ )

