
ਅੱਜ 15.02.2023 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ ਦੇਸ ਪਰਦੇਸ਼ ਵਸਦਾ ਪੰਜਾਬ “ਪੰਜਾਬੀ ਪੈੜਾਂ” ਦੇ ਪਰਵਾਸੀ ਕਾਵਿ ਤੇ ਛਪੀਆਂ ਮੇਰੀਆਂ ਕੁਝ ਕਵਿਤਾਵਾਂ ਵੇਖੋ ਲਿੰਕ :
https://epaper.punjabitribuneonline.com/…/PT-15…
ਕੱਲ੍ਹ ਤੇ ਹੁਣ
ਪੁੱਤਰ ਦੇ ਰੁਝੇਵਿਆਂ ਦੀ ਕਨਵੈਸ ‘ਤੇ
ਮੇਰੀ ਹੋਂਦ ਮੱਧਮ ਹੋ ਗਈ ਹੈ,
ਜਿਵੇਂ ਢਲਦੀ ਸ਼ਾਮ ਰਾਤ ਵਿੱਚ ਘੁਲਦੀ ਹੋਵੇ !
ਯਾਦਾਂ ਹਨ ਜਿਨ੍ਹਾਂ ਦੀ ਹੋਂਦ ਅਪਾਹਜਾਂ ਵਰਗੀ ਲੱਗੇ !
ਮਨ ਜੋਰ ਪਾਕੇ ਅਤੀਤ ਵਿੱਚ ਬਸ ਡੁੱਬ ਜਾਵੇ,
ਕਿਸੇ ਚੰਗੇ ਪਲ ਦੀ ਭਾਲ ਵਿੱਚ ਪਰ
ਸੁੱਕੇ ਤਿਣਕੇ ਵਾਂਗ ਉਹ ਉਸੇ ਵਿੱਚ ਜਲ ਜਾਵੇ |
ਬੜੀ ਭੀੜ ਹੈ ਆਲੇ ਦੁਆਲੇ ਪਰ ਉਹ ਨਹੀਂ !
ਹਾਂ ਉਹ ਜੋ ਬੱਤੀ ਬਣ ਜਗਦੀ ਸੀ ਮੇਰੇ ਕੋਲੇ !
ਤਨਹਾਈ ਦੇ ਹਨੇਰੇ ਨੂੰ ਭਾਫ਼ ਵਾਂਗ ਉਡਾਉਣ ਵਾਲੀ !
ਹੁਣ ਕਨਵੈਸ ‘ਤੇ ਰਹੇ ਇੱਕ ਬਿੰਦੂ ਤੱਕਕੇ ,
ਕਦੇ ਫੋਨ ਆਉਂਦਾ ਹੈ “ ਕਿੰਝ ਹੋ “?
ਤਕੀਆ ਕਲਾਮ ਦਾ ਲੈ ਸਹਾਰਾ ਆਖ ਛੱਡੀਦਾ,
“ ਠੀਕ ਠਾਕ “ ਭਲਾ ਕੀ ਠੀਕ ਤੇ ਕੀ ਠਾਕ ?
ਅਜਬ ਹਨ ਵਕਤ ਦੇ ਪਲਾਂ ਦੇ ਬਦਲੇ ਹੋਏ ਰੰਗ,
ਜੋ ਇੱਕੋ ਕਾਲੇ ਰੰਗ ਵਿੱਚ ਸਿਮਟ ਹਨ ਜਾਂਦੇ !
‘ਜਮਾਨੇ ਬਦਲ ਗਏ’ ਵਰਗੇ ਫ਼ਿਕਰੇ ਪਤੰਗਾਂ ਵਾਂਗ
ਏਧਰ ਓਧਰ ਉੱਡਦੇ ਫਿਰਦੇ !
ਪਤਾ ਨਹੀਂ ਕਿਉਂ ਕੋਈ ਆਸ ਜੁਗਨੂੰ ਬਣ
ਫਿਰ ਮੇਰੇ ਵਿਹੜੇ ਵਿੱਚ ਚਮਕੀ ਜਾਵੇ !
ਉਹ ਤਾਂ ਹੈ ਬਸ ਉੱਡਦੀ ਹੀ ਚੰਗੀ ਲੱਗਦੀ!
ਉਸ ਨੂੰ ਮੈਂ ਬੜਾ ਫੜਨੋਂ ਤ੍ਰਭਕਾਂ
ਕਿਉਂਕਿ ਆਖਰ ਉਹ ਕਲਪਨਾ ਹੀ ਤਾਂ ਹੈ !!!!!!
ਸਿੱਖ ਲੈ
ਜੇ ਸੱਜਣਾ ਸੱਚ ਦੇ ਨਾਲ ਤੂੰ ਖੜਨਾ, ਫਿਰ ਤੂੰ ਇਕੱਲੇ ਰਹਿਣਾ ਸਿੱਖ ਲੈ |
ਦਿਲ ਖੋਹਲਕੇ ਸੱਚ ਦੀਆਂ ਗੱਲਾਂ, ਫਿਰ ਸਭ ਲੋਕਾਂ ਨੂੰ ਕਹਿਣਾ ਸਿੱਖ ਲੈ 1
ਜੰਗਲ ਵਰਗੀ ਫ਼ਿਜ਼ਾ ਹੋ ਗਈ ਹੈ , ਆਪੋ ਧਾਪੀ ਵਿੱਚ ਨੇ ਲੋਕ ਵਿਚਰਦੇ,
ਬਰਫ਼ ਦੀ ਸਿਲ੍ਹ ‘ਤੇ ਹੈ ਆਸਣ ਤੇਰਾ, ਇਸ ਉੱਤੇ ਤੂੰ ਬਹਿਣਾ ਸਿੱਖ ਲੈ |
ਰਸਤੇ ਚੁਣਕੇ ਮਾਰੂਥਲ ਦੇ ਤੂੰ, ਕਿਉਂ ਕਰੇਂ ਸ਼ਿਕਾਇਤਾਂ ਗਰਮੀ ਦੀਆਂ,
ਜੇ ਮੰਜਿਲ ਤੈਨੂੰ ਹੈ ਪਿਆਰੀ, ਸੂਰਜ ਦੀ ਤਪਸ਼ ਵੀ ਸਹਿਣਾ ਸਿੱਖ ਲੈ |
ਸਭ ਕੁਝ ਖੋਹ ਲੈਣ ਜੇ ਦੁਸ਼ਮਣ, ਦਿਲ ਫਿਰ ਵੀ ਕਦੇ ਨਹੀਂ ਹਾਰੀਦਾ,
ਆਪਣੀ ਮੰਜਿਲ ‘ਤੇ ਅੱਖਾਂ ਰੱਖ ਤੂੰ, ਗੈਰਾਂ ਦੇ ਵਿੱਚ ਰਹਿਣਾ ਸਿੱਖ ਲੈ |
ਫੂਕ ਦੇਂਦੀ ਇੱਕ ਚਿਣਗ ਜੰਗਲ ਨੂੰ, ਅੱਗ ਦੇ ਰਾਓਂ ਨੂੰ ਤੂੰ ਸਮਝ ਜਰਾ,
ਮੂਰਖਾਂ ਸੰਗ ਛੱਡ ਝਗੜੇ ਕਰਨੇ, ਬਣਾਉਣਾ ਧੀਰਜ ਨੂੰ ਗਹਿਣਾ ਸਿੱਖ ਲੈ|
ਖਿੜੇ ਫੁੱਲਾਂ ਨੂੰ ਹਰ ਵੇਲੇ ਤੱਕ ਤੂੰ, ਉੱਡਦੇ ਪਰਿੰਦਿਆਂ ਨੂੰ ਵੇਖਦਾ ਰਹਿ ਤੂੰ,
ਧਰਤੀ ਆਪੇ ਨਕਸ਼ਦੀਪ ਝੁਕ ਜਾਂਦੀ, ਤੂੰ ਦਰਿਆਵਾਂ ਵਾਂਗਰ ਵਹਿਣਾ ਸਿੱਖ ਲੈ|
https://epaper.punjabitribuneonline.com/…/PT-15…
