ਤੇਰੇ ਬਿਨਾਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Tere Bina || G.S.Nakshdeep Panjkoha || Punjabi Poem

ਗ. ਸ. ਨਕਸ਼ਦੀਪ ਪੰਜਕੋਹਾ ਦੀ ਕਵਿਤਾ “ਤੇਰੇ ਬਿਨਾਂ” ਨਰਿੰਦਰਜੀਤ ਕੌਰ ਅਨੰਦਪੂਰੀ ਬੀਬਾ ਦੀ ਆਵਾਜ਼ ਵਿੱਚ। ਇਹ ਕਵਿਤਾ “ਰਾਤ ਦੀ ਕੁੱਖ” ਕਾਵਿ ਸੰਗ੍ਰਿਹ ਵਿੱਚੋਂ ਲਈ ਗਈ ਹੈ।

ਤੇਰੇ ਬਿਨਾਂ (ਗ. ਸ. ਨਕਸ਼ਦੀਪ ਪੰਜਕੋਹਾ)

ਤੇਰੇ ਬਿਨਾਂ ਮੇਰੇ ਮੀਤ ਸੱਚੀਂ ਮੁਚੀਂ ਤੇਰੇ ਬਿਨਾਂ
ਰੋਜ਼ ਵਾਂਗ ਸੂਰਜ ਚੜ੍ਹਦਾ ਤੇ ਛਿਪਦਾ ਰਿਹਾ |
ਕਰੋੜਾਂ ਸਿਤਾਰੇ ਚੜ੍ਹਦੇ ਰਹੇ ਸੂਰਜ ਦੀ ਲਪੇਟੇ,
ਅੰਬਰਾਂ ਚ ਮੈਨੂੰ ਸਿਰਫ ਤੂੰ ਹੀ ਵਿਖਦਾ ਰਿਹਾ |
ਜੰਗਲਾਂ ਚ ਲੱਗੀ ਅੱਗ ਭਲਾਂ ਕੀਹਨੇ ਸੀ ਬੁਝਾਉਣੀ,
ਜੋ ਵੀ ਆਇਆ ਬਸ ਭਾਹ ਕੌਡੀਆਂ ਦੇ ਵਿਕਦਾ ਰਿਹਾ |
ਤੇਰੇ ਨਾਮ ਤੇ ਬਾਜ਼ਾਰੀਆਂ ਨੇ ਬਾਜ਼ਾਰ ਖੋਹਲ ਰੱਖੇ,
ਲੱਭਿਆ ਨਾ ਸੱਚ ਝੂਠ ਧੜਾ ਧੜ ਵਿਕਦਾ ਰਿਹਾ |
ਤੇਰੇ ਚਾਨਣੇ ਨੂੰ ਅਸੀਂ ਰਹੇ ਮੁਠੀ ਚ ਸੰਭਾਲਦੇ,
ਹੌਕਿਆਂ ਦੇ ਭਾਰ ਉਹ ਵੀ ਹੱਥੋਂ ਖਿਸਦਾ ਰਿਹਾ |
ਮੱਲਾਂ ਮਾਰ ਮਾਰ ਬੈਠੇ ਇਹ ਸਭ ਸੰਸਾਰੀ,
ਉਮਰਾਂ ਦੀ ਡੋਰ ਚੂਹਾ ਰੋਜ਼ ਕੱਟਦਾ ਰਿਹਾ |
ਸੀ ਬੇਵੱਸ ਹੋਕੇ ਬੈਠੇ ਖੱਬੀਖਾਨ ਸ਼ਿਕਰੇ,
ਬੇਫਿਕਰੀ ਚ ਬਿੱਲਾ ਰਾਹ ਮਿਥਦਾ ਰਿਹਾ |
ਲਿਖ ਮਾਰੇ ਗ੍ਰੰਥੀਆਂ ਗ੍ਰੰਥ ਵੱਡੇ ਵੱਡੇ,
ਤੇਰਾ ਦਾਸ ਸਿਰਫ ਤੇਰਾ ਨਾਂ ਲਿਖਦਾ ਰਿਹਾ |
ਲੰਘ ਗਏ ਪਾਣੀਆਂ ਦੇ ਨਾ ਪਿਛੇ ਕੋਈ ਦੌੜਿਆ,
ਕੋਈ ਮਰਦਾ ਰਿਹਾ ਤੇ ਕੋਈ ਜਿੱਤ ਦਾ ਰਿਹਾ |
ਸੂਰਜੇ ਤੋਂ ਪਹਿਲਾਂ ਹੀ ਸੀ ਮਰ ਗਈ ਜ਼ਿੰਦਗੀ,
ਸਾਹ ਬੇਵੱਸ ਭੌਰਾ ਪਿਆ ਐਵੇਂ ਖਿੱਚਦਾ ਰਿਹਾ |
ਨਕਸ਼ਦੀਪ ਕਹੇ ਮੀਤ ਤੇਰੇ ਬਿਨਾਂ ਸੱਚੀਂ ਮੁਚੀਂ,
ਰੋਜ਼ ਵਾਂਗ ਸੂਰਜ ਚੜ੍ਹਦਾ ਤੇ ਛੁਪਦਾ ਰਿਹਾ |
ਰੋਜ਼ ਸਿਤਾਰੇ ਚੜ੍ਹਦੇ ਰਹੇ ਸੂਰਜ ਦੀ ਲਪੇਟੇ,
ਅੰਬਰਾਂ ਦੇ ਚ ਬਸ ਤੁਹੀਂ ਮੈਨੂੰ ਵਿਖਦਾ ਰਿਹਾ |
“ਰਾਤ ਦੀ ਕੁੱਖ” ਕਾਵਿ ਸੰਗ੍ਰਿਹ

Scroll to Top