ਜਮੀਰ ਦਾ ਮੁੱਲ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jmeer Da Mul – Punjabi Poem || G.S.Nakshdeep Panjkoha

ਜਮੀਰ ਦਾ ਮੁੱਲ – ਲੇਖਕ : ਗ ਸ ਨਕਸ਼ਦੀਪ ਪੰਜਕੋਹਾ
ਇਹ ਮੰਡੀ ਹੈ, ਖੁੱਲ੍ਹੀ ਮੰਡੀ,
ਆਪਣਾ ਮੁੱਲ ਕਰ ਸਕਦੇ ਹੋ ਤੁਸੀਂ!
ਜਾਂ ਜੋ ਕਿਸੇ ਨੇ ਧਰਿਆ,
ਉਹ ਮੁੱਲ ਫੜ੍ਹ ਸਕਦੇ ਹੋ ਤੁਸੀਂ!
ਉਂਝ ਜਰੂਰੀ ਨਹੀਂ ਜਿਉਣ ਖਾਤਰ
ਬਸ ਵਿਕਿਆ ਹੀ ਜਾਏ !
ਬੁਲੰਦੀ ਛੱਡਕੇ ਹੋਰਾਂ ਹੇਠ,
ਐਵੇਂ ਹੀ ਵਿਛਿਆ ਜਾਏ!
ਯਾਦ ਕਰੋ ਜਦੋਂ ਤੁਸੀਂ,
ਆਪੇ ਵਿਕੇ ਸੀ ਪਹਿਲੀ ਵਾਰ !
ਨੌਕਰੀ ਤੇ ਰੱਖਿਆ ਤੁਹਾਨੂੰ ਕਿਸੇ ਨੇ
ਮੋੜਕੇ ਬੇਸਿਫ਼ਾਰਸ਼ੀ ਕਈ ਹਜ਼ਾਰ !
ਜਾਂ ਜਦੋਂ ਗਰੀਬ ਦੀ ਧੀ ਦੀ ਬਾਂਹ ਫੜ੍ਹ
ਤੁਸੀਂ ਸੀ ਕੁਕਰਮ ਛੁਪਾਇਆ !
ਫੇਰ ਆਪਣਾ ਜ਼ੋਰ ਜਮਾਕੇ ,
ਗਰੀਬ ਨੂੰ ਸੀ ਚੁੱਪ ਕਰਾਇਆ !
ਗਰੀਬੀ ਬਣ ਗਈ ਸੀ
ਉਦੋਂ ਗਰੀਬ ਦਾ ਹੀ ਜਾਲ!
ਉੱਚੇ ਸਾਹਿਬ ਦੀ ਖਾਤਰ ਭਰੇ ਦਰਾਜ,
ਤੁਸੀਂ ਰੋਜ ਪੈਸਿਆਂ ਦੇ ਨਾਲ !
ਇੰਝ ਵਿਕਦੇ ਹੀ ਤਾਂ ਰਹੇ,
ਅਸੀਂ ਮਿਤਰਾ ਵਾਰੋ ਵਾਰ!
ਵਿਕਣਾ ਹੀ ਤਾਂ ਬਣ ਗਿਆ
ਅੰਤ ਨੂੰ ਆਪਣਾ ਵਪਾਰ !
ਕੋਈ ਕੋਈ ਜੇ ਨਾ ਵਿਕਿਆ,
ਉਹ ਲੰਬੀ ਕਤਾਰ ਵਿੱਚ ਜਾ ਖਲੋਤਾ !
ਬੜਾ ਸਤਾਉਂਦੇ ਤੁਹਾਡੇ ਯਾਰ,
ਆਖ ਆਖਕੇ ਉਹਨੂੰ ਦੁੱਧ ਧੋਤਾ !
ਇਹ ਮੰਡੀ ਹੈ ਖੁੱਲ੍ਹੀ ਮੰਡੀ,
ਆਪਣਾ ਮੁੱਲ ਕਰ ਸਕਦੇ ਹੋ ਤੁਸੀਂ!
ਜਾਂ ਜੋ ਕਿਸੇ ਨੇ ਧਰਿਆ,
ਉਹ ਮੁੱਲ ਫੜ੍ਹ ਸਕਦੇ ਹੋ ਤੁਸੀਂ!

Scroll to Top