ਸ਼ਾਇਰਾ ਜਸਪ੍ਰੀਤ

ਅੱਜ ਜੋ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਹ ਸ਼ਾਇਰਾ ਜਸ ਪ੍ਰੀਤ ਦੀ ਹੈ ਤੇ ਇਨਾਂ ਨੂੰ ਵੀ ਮੈਂ ਨਹੀਂ ਜਾਣ ਦਾ; ਇਸ ਲਈ ਇਹ ਤਦੇ ਲਿਖ ਰਿਹਾ ਹਾਂ ਤਾਂਕੇ ਪਾਠਕ ਇਹ ਜਾਣ ਲੈਣ ਕਿ ਵਧੀਆ ਰਚਨਾ ਵਧੀਆ ਹੁੰਦੀ ਏ ਤੇ ਉਸ ਨੂੰ ਕਿਸੇ ਜਾਣਨ ਪਛਾਣਨ ਵਾਲੇ ਦੀ ਲੋੜ ਨਹੀਂ ਹੁੰਦੀ| ਉਨਾਂ ਬਾਰੇ ਫੇਸ ਬੁੱਕ ਤੋਂ ਪਤਾ ਚਲਿਆ ਕਿ ਉਹ ਬਿਜਨਸ ਕਰਦੇ ਹਨ, ਪਰ ਨਾਲ ਫੋਟੋਗ੍ਰਾਫਰ ਵੀ ਹਨ; ਉਨਾਂ ਦੀਆਂ ਬਹੁਤੀਆਂ ਕਵਿਤਾਵਾਂ ਮੈਂ ਨਹੀਂ ਪੜੀਆਂ ਪਰ ਜੋ ਪੜੀਆਂ ਉਨਾਂ ਸਭ ਵਿੱਚੋਂ ਇਸ ਨੇ ਮੇਰਾ ਧਿਆਨ ਖਿੱਚਿਆ ਹੈ; ਇਹ ਹੱਥਲੀ ਕਵਿਤਾ ਵਿਸ਼ਵਚੇਤਨਾ ਨਾਲ ਜੁੜੀ ਹੋਣ ਕਰਕੇ ਵੱਡਾ ਕੱਦ ਰੱਖਦੀ ਹੈ ਅਤੇ ਇਸ ਦਾ ਵਿਸ਼ਾ ਸਰਬ ਸਾਂਝਾ ਹੈ ; ਉਨਾਂ ਦੀ ਕਵਿਤਾ ਨੇ ਦਰਸਲ ਮੈਂਨੂੰ ਵਲਿਆਮ ਵਰਡਜ਼ ਵਰਥ ਦੀ ਕਵਿਤਾ “ The world is too much with us” ਯਾਦ ਕਰਵਾ ਦਿੱਤੀ ਜਿਸ ਵਿੱਚ ਉਹ ਲਿਖਦਾ ਹੈ , “ The world is too much with us; late and soon;

Getting and spending we lay waste our power; Little we see in nature that is ours;

We have given our hearts away, a sordid boon…… William Wordsworth.ਉਹਦਾ ਕਹਿਣਾ ਹੈ ਕਿ ਕੁਦਰਤ ਵੱਲੋਂ ਅਸੀਂ ਅਵੇਸਲੇ ਹੋ ਗਏ ਆਪਣੇ ਰੁਝੇਵਿਆਂ ਵਿੱਚ ਰੁੱਝ ਕੇ ਕਿਉਂਕਿ ਸਾਡਾ ਚਿਤ ਕਿਤੇ ਹੋਰ ਹੈ ਮਤਲਬ ਦੁਨੀਆਂ ਵਿੱਚ ਜਿਆਦਾ ਹੀ ਰੁਲ ਗਏ| ਜਸਪ੍ਰੀਤ ਵਰਡਜ਼ ਵਰਥ ਤੋਂ ਅੱਗੇ ਤੁਰਦੀ ਹੈ, ਕਿਉਂਕਿ ਉਹ ਆਖਦਾ ਏ ਕਿ ਅਸੀਂ ਕੁਦਰਤ ਨਾਲ ਨਹੀਂ ਜੁੜੇ ਪਰ ਜਸ ਪ੍ਰੀਤ ਸਾਨੂੰ ਸਭ ਨੂੰ ਆਵਾਜਾਂ ਮਾਰਦੀ ਹੈ ਕਿ ਕੁਦਰਤ ਨਾਲ ਜੁੜਨਾ ਤਾਂ ਇੱਕ ਪਾਸੇ ਰਿਹਾ ਅਸੀਂ ਕੁਦਰਤ ਨੂੰ ਗੰਧਲਾਉਣ ਵਿੱਚ ਰੁੱਝ ਗਏ ਹਾਂ; ਕੁਦਰਤ ਦੀ ਖੂਬਸੂਰਤੀ ਵਿੱਚ ਪ੍ਰਦੂਸ਼ਣ ਘੋਲਿਆ ਜਾ ਰਿਹਾ ਜੋ ਬਹੁਤ ਹੀ ਹਾਨੀਕਾਰਕ ਅਤੇ ਬਦਬੂ ਭਰਿਆ ਹੈ | ਅਸੀਂ ਕੁਦਰਤ ਨੂੰ ਵਿਗਾੜ ਰਹੇ ਹਾਂ ਅਤੇ ਸਮਾਜ ਵਿੱਚ ਕੁਰੀਤੀਆਂ ਵਿੱਚ ਖੰਡ ਪਾਕੇ ਖਿਲਾਰ ਰਹੇ ਹਾਂ | ਜਰਾ ਧਿਆਨ ਦੇਣਾ , “ ਮੌਸਮ ਦਾ ਕਹਿਰ ਹੈ ਜਾਂ ਧੂਏਂ ਦਾ ਜ਼ਹਿਰ ਹੈ?” ਕੀ ਜਵਾਬ ਏ ਜੀ ਆਪਣੇ ਕੋਲੇ ਜਸ ਪ੍ਰੀਤ ਹੋਰਾਂ ਦੇ ਸਵਾਲ ਦਾ ? ਕੁਦਰਤ ਨੂੰ ਐਵੇਂ ਬਦਨਾਮ ਕਰੀ ਜਾ ਰਹੇ ਹਾਂ | ਸੜਕ ਉਤੇ ਵੱਡੀਆਂ ਕਾਰਾਂ ਦਾ ਪਰਦਰਸ਼ਨ ਕਰ ਰਹੇ ਹਾਂ ਸਿਰਫ਼ ਇਹ ਦੱਸਣ ਲਈ ਕਿ ਅਸੀਂ ਵੱਡੇ ਹਾਂ, ਸਾਡੇ ਕੋਲ ਆਹ ਹੈ ਤੇ ਔਹ; ਭਲਾਂ ਫੇਰ ਕੀ ਗੱਲ? | ਮੰਨ ਲਿਆ ਤੁਸੀਂ ਵੱਡੇ ਹੋ, ਪਰ ਐਨੇ ਛੋਟੇ ਵੀ ਨਾ ਬਣੋ; ਸ਼ਰਮ ਨਹੀਂ ਆ ਰਹੀ ਕਿ ਕੁਦਰਤ ਨੂੰ ਕਿਉਂ ਗੰਧਲਾ ਰਹੇ ਹੋ ? ਸ਼ਾਇਰਾ ਜਸ ਪ੍ਰੀਤ ਕੁਦਰਤ ਦੀ ਗੋਦ ਵਿੱਚ ਖੜੋਕੇ ਆਵਾਜਾਂ ਮਾਰ ਰਹੀ ਏ ਸਾਨੂੰ ਸਭ ਨੂੰ ਕਿ ਧਰਤੀ ਦੇ ਬਣਕੇ ਰਹੋ | ਅਸੀਂ ਆਪਣੇ ਦਿਲ ਵਰਡਜ਼ ਵਰਥ ਦੇ ਕਹਿਣ ਮੁਤਾਬਿਕ ਹੋਰ ਪਾਸੇ ਹੀ ਲਾਈਂ ਹੀ ਨਹੀਂ ਬੈਠੇ ਬਲਕਿ ਉਸ ਦੀ ਹੋਂਦ ਤੇ ਖੂਬਸੂਰਤੀ ਬਾਰੇ ਸੋਚਣ ਤੋਂ ਹਟ ਗਏ ਲੱਗਦੇ; ਤਦੇ ਇੱਕ ਐਨੀ ਵਧੀਆ ਕੁਦਰਤ ਦੀ ਬਖਸ਼ੀਸ਼ ਵੱਲ ਪਿੱਠ ਕਰਕੇ ਆਪਣੇ ਆਪ ਤੋਂ ਬਿਨਾਂ, ਇਸ ਬਾਰੇ ਅਸੀਂ ਸੋਚਦੇ ਹੀ ਨਹੀਂ | ਇੰਝ ਜਸ ਪ੍ਰੀਤ ਦਾ ਵਿਸ਼ਾ ਲੋਕਲ ਨਹੀਂ ਬਲਕੇ ਵਿਸ਼ਵ ਕੇਂਦਰਿਤ ਹੈ ਤੇ ਸਵਾਲਾਂ ਰਾਹੀਂ ਸੇਧ ਦਾ ਦੀਵਾ ਬਲਦੀ ਹੈ ਉਨਾਂ ਦੀ ਇਹ ਕਵਿਤਾ; ਇਸ ਨੁਕਤੇ ਤੋਂ ਵੇਖਣਾ ਹੈ ਇਸ ਕਵਿਤਾ ਨੂੰ, ਤੇ ਸੋਚਣਾ ਹੈ ਕਿ ਅਸੀਂ ਕਿੱਧਰ ਖੋ ਗਏ ? ਜਸ ਪ੍ਰੀਤ ਦੀ ਵਡਿਆਈ ਇਸ ਵਿੱਚ ਹੈ ਕਿ ਉਸ ਨੇ ਛੋਟੇ ਛੋਟੇ ਸਵਾਲ ਕੀਤੇ ਹਨ ਤੇ ਜਵਾਬ ਸਾਹਮਣੇ ਆਪ ਹੀ ਆ ਜਾਂਦੇ ਹਨ; ਦਿਲਚਸਪ ਗੱਲ ਇਹ ਹੈ ਕਿ ਉਨਾਂ ਦੀ ਇਸ ਕਵਿਤਾ ਵਿੱਚ ਰੁੱਖੀਆਂ ਸਲਾਹਾਂ ਨਹੀਂ ; ਬਸ ਇੰਝ ਹੀ ਮਲਕੜੇ ਆਖ ਦਿੱਤਾ ਕਿ ਤਿਲਕਣ ਹੈ, ਸਿਰ ਉਤੇ ਚੁੱਕ ਕੇ ਦਮਾਦਮ ਤੋਰ ਟੁਰਨੋਂ ਹਟ ਜਾਓ ਬਈ| ਕੁਦਰਤ ਦੀ ਅਵਾਜ ਸੁਣੋ “ ਅਸੀਂ ਤਾਂ ਵਿਛੇ ਸੀ ਅਦਬ ਵਿੱਚ, ਤੁਸੀਂ ਮਧ ਕੇ ਚੱਲਦੇ ਬਣੇ’ ਪੇਸ਼ ਹੈ ਜਸ ਪ੍ਰੀਤ ਦੀ ਕਵਿਤਾ “ਮੌਸਮ ਦਾ ਕਹਿਰ ਹੈ”:

“:

ਮੌਸਮ ਦਾ ਕਹਿਰ ਹੈ

ਜਾਂ ਧੂਏਂ ਦਾ ਜ਼ਹਿਰ ਹੈ

ਦਿਨ ਹੈ ਜਾਂ ਰਾਤ

ਘੜੀ ਕਿਹੜਾ ਪਹਿਰ ਹੈ

ਕੋਣ ਏਥੋਂ ਲੰਘਿਆ

ਉਦਾਸੀ ਦੀ ਲਹਿਰ ਹੈ

ਕੋਣ ਸਿਸਕੀਆਂ ਭਰ ਰਿਹਾ

ਧੁਆਂਖੀ ਹਰ ਬਹਿਰ ਹੈ

ਕੋਣ ਇਸ ਲਈ ਜਿੱਮੇਵਾਰ

ਅਗਿਆਨਤਾ ਦੀ ਲਹਿਰ ਹੈ

ਸਾਹ ਲੈਣਾ ਵੀ ਹੈ ਮੁਸ਼ਕਿਲ

ਧੁਆਂਖਿਆਂ ਹਰ ਸ਼ਹਿਰ ਹੈ

ਪ੍ਰਦੂਸ਼ਣ ਦਾ ਸਿਖਰ ਦੇਖੋ

ਆਕਸੀਜਨ ਵਿੱਚ ਜ਼ਹਿਰ ਹੈ |

Scroll to Top