ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ

ਮੇਰੇ ਪਿਆਰੇ ਮਿੱਤਰ ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ | ਮੈਂ ਕਵੀ ਜੀ ਦੇ ਖਿਆਲ ਨਾਲ ਸਹਿਮਤ ਨਾ ਹੋ ਸਕਿਆ | ਹਰਵਿੰਦਰ ਜੀ ਨਾਲ ਕੁਝ ਵਿਚਾਰ ਵਟਾਂਦਰਾ ਹੋਇਆ ਅਤੇ ਕਵੀ ਜੀ ਆਪਣੇ ਹੱਕ ਵਿੱਚ ਆਖੈ ਸ਼ਬਦਾਂ ਦੀ ਲੋਰੀ ਲੈਂਦੇ ਲੈਂਦੇ ਮੇਰੀ ਅਸਹਿਮਤੀ ਨੂੰ ਭਵਕਤਾ ਨਾਲ ਬੰਨ੍ਹ ਗਏ | ਮੈਂ ਸਵਾਲ ਕੀਤਾ ਤਦ ਉਹ ਗੁਮਾਨਨੁਮਾ ਅੰਦਾਜ ਨਾਲ ਬਹਿਸ ਤੋਂ ਕਤਰਾ ਗਏ ਕਿਉਂਕਿ ਸਿਰਫ਼ ਚੰਗੇ ਸ਼ਬਦ ਸੁਣਨਾ ਹੀ ਚੰਗਾ ਲੱਗਿਆ ਕਰਦਾ ਹੈ| ਮੈਂ ਇਸ ਤੱਥ ਨੂੰ ਕਿ ਮੁਹੱਬਤ ਜਿਸਮ ਤੀਕ ਸੀਮਤ ਨਹੀਂ ਇੱਕ ਕਵਿਤਾ ਰਾਹੀਂ ਪੇਸ਼ ਕੀਤਾ ਹੈ ਇਹ ਸੋਚ ਕਿ ਹਮ ਭੀ ਮੂੰਹ ਮੇ ਜੁਬਾਨ ਰੱਖਤੇ ਹਾਂ…….. ਕਿਸੇ ਨੂੰ ਇਹ ਅੱਖਰ ਜਾਵੇ ਪਹਿਲਾਂ ਹੀ ਮੁਆਫੀ ਦਾ ਜਾਚਿਕ ਹਾਂ !

ਮੁਹੱਬਤ ਤੇ ਜਿਸਮ

ਮੁਹੱਬਤ ਨੂੰ ਜੋ ਜਿਸਮ ਤੀਕ ਬੰਨ੍ਹਦਾ ਹੈ

ਤਰਕ ਦੀਆਂ ਦਲੀਲਾਂ ਦੇਕੇ,

ਉਹ ਉਹ ਹੈ ਜੋ ਉਤਲੀ ਤਹਿ ਤੇ ਤੈਰਕੇ

ਸਮੁੰਦਰ ਦੀ ਗਹਿਰਾਈ ਮਾਪਣ ਦਾ ਦਾਹਵਾ ਕਰਦਾ ਹੈ !

ਵਸਤੂ ਦੇ ਨਾਲ ਲਗਾਓ ਮੁਹੱਬਤ ਨਹੀ,

ਭੌਤਿਕ ਹੋਂਦ ਮੁਹੱਬਤ ਲਈ ਜਰੂਰੀ ਨਹੀਂ ਕਿਉਂਕਿ

ਕੰਨ ਵਿੱਚ ਛਣਕਦੇ ਬੋਲ ਹਉਂ ਦੀਆਂ ਦੀਵਾਰਾਂ ਭੰਨਕੇ

ਮੁਹੱਬਤ ਦਾ ਰਾਗ ਸਿਰਜਦੇ ਹਨ ਇੱਕ ਮੂਰਤੀਕਾਰ ਵਾਂਗ

ਜੋ ਮਿੱਟੀ ਦੇ ਗੋਲੇ ਵਿੱਚ ਕੁਝ ਘੜ ਕੇ ਮੁਸਕਰਾਉਂਦਾ ਹੈ !

ਜਿਸ ਨੇ ਜਿਸਮ ਤੀਕ ਹੀ ਮੁਹੱਬਤ ਦਾ ਅਹਿਸਾਸ ਕੀਤਾ ਏ

ਉਸ ਨੇ ਤਾਂ ਮੁਹੱਬਤ ਕੀਤੀ ਹੀ ਨਹੀਂ ਕਿਉਂਕਿ

ਉਹ ਤਾਂ ਲਗਾਓ ਦੀ ਭੁੱਖ ਨੂੰ ਮੁਹੱਬਤ ਸਮਝ ਬੈਠਿਆ !

ਮੁਹੱਬਤ ਦੇ ਇਤਿਹਾਸ ਵਿੱਚ ਜਿਸਮ ਦਾ ਬੰਧਨ

ਭੁੱਖ ਦੀ ਇੱਕ ਕਿਸਮ ਹੋ ਉਘੜਦਾ ਹੈ !

ਜਿਸਮ ਤੀਕ ਮੁਹੱਬਤ ਨੂੰ ਬੰਨਣਾ ਨਵਾਂ ਖਿਆਲ ਨਹੀਂ

ਤਰਕ ਦੇ ਫਰੇਬਾਂ ਦਾ ਉਬਾਲ ਹੈ,

ਸਰੀਰਕ ਭੁੱਖ ਦੀ ਝੂਠੀ ਗਵਾਹੀ ਹੈ !

ਨੇਤ੍ਰਹੀਣ ਦੀ ਮੁਹੱਬਤ ਦਾ ਮਜਾਕ ਹੈ !

ਜੇ ਬਹੁਮਤ ਸੁੰਗੜ ਕੇ ਜਿਸਮ ਤੀਕ

ਡੁੱਲ੍ਹ ਗਿਆ ਹੋਵੇ ਤਦ ਮੁਹੱਬਤ ਦੇ ਅਰਥ ਸੀਮਤ ਨਹੀਂ ਹੁੰਦੇ !

ਮੁਹੱਬਤ ਵਹਾ ਹੈ ਅਣਮਿਣੇ ਭਾਵਾਂ ਦਾ

ਜੋ ਜਿਸਮ ਦੇ ਦਾਇਰਿਆਂ ਨਾਲ ਕਦੇ ਰੁਕਦਾ ਨਹੀਂ !

ਇਹ ਮਨ ਦੀ ਤਹਿ ਵਿੱਚ ਉਤਰਿਆ ਉਹ ਸੱਚ ਹੈ

ਜੋ ਬਿਨ ਵਸਲ ਪਲਦਾ ਹੈ !

ਜੇ ਤੁਹਾਡੀ ਤਰਕ ਇਸ ਮੁਹੱਬਤ ਦੇ ਮੇਚਦੀ ਨਹੀਂ

ਤਦ ਬਿਨ ਜਿਸਮ ਦੀ ਖਿੱਚ ਤੋਂ ਮੁਹੱਬਤ ਕਰਕੇ ਵੇਖਣਾ

ਮਹਿਸੂਸਣਾ ਕਿ ਅਣਦਿੱਖ ਨਾਲ ਜੁੜੀ ਸਮਾਧੀ

ਰੁੱਖੇ ਤਰਕ ਦੇ ਖਿਆਲ ਨਾਲ ਟੁੱਟਦੀ ਨਹੀਂ !

ਸਭ ਭਾਵ ਤਰਕ ਦੇ ਗੁਲਾਮ ਨਹੀਂ ਹੁੰਦੇ

ਤੇ ਬਨੇਰੇ ਤੇ ਬੋਲਿਆ ਕਾਂ ਸੁਨੇਹਾ ਦੇਣ ਹੀ ਨਹੀਂ ਬੋਲਦਾ !

Scroll to Top