ਸਾਥ ਸਾਥ
ਉਸਾਰੂ ਬਾਲ ਸਾਹਿਤ ਦੀ ਅਜੋਕੇ ਦੌਰ ਵਿੱਚ ਡਾਢੀ ਲੋੜ ਹੈ। ਆਉਣ ਵਾਲੀ ਪੀੜੵੀ ਸਮਾਜ ਦਾ ਭਵਿੱਖ ਹੁੰਦੀ ਹੈ। ਸਮੇਂ ਦੇ ਬਦਲਾਵ ਦੇ ਨਾਲ ਨਾਲ ਸਾਹਿਤ ਸਿਰਜਣਾ ਦੇ ਵਿਸ਼ਿਆਂ ਵਿੱਚ ਮੋੜ ਆਉਣੇ ਸੁਭਾਵਿਕ ਹਨ। ਅਜੋਕੇ ਸਮੇਂ ਜੋ ਸਮਸਿਆਵਾਂ ਦਰਪੇਸ਼ ਹਨ, ਉਨ੍ਹਾਂ ਵਿੱਚੋਂ ਮੁੱਖ ਜੀਵਨ ਦੀ ਹੋਂਦ ਹੈ। ਬਾਲ ਸਾਹਿਤ ਅਕਸਰ ਪਰਿਕਲਪਨਾ ਨੂੰ ਆਧਾਰ ਬਣਾ ਕੇ ਰਚਿਆ ਜਾਂਦਾ ਹੈ ਤਾਂ ਜੋ ਬਾਲ ਉਸ ਨਵੇਕਲੀ ਦੁਨੀਆਂ ਵਿੱਚ ਗੁੰਮ ਹੋ ਜਾਣ ਤੇ ਉਸ ਦੁਨੀਆ ਦੇ ਸੁਪਨਿਆਂ ਨੂੰ ਜੀਵਨ ਭਰ ਤੁਲਨਾਉਂਦੇ ਰਹਿਣ। ਧਰਾਤਲ ਨਾਲ ਵਾਹ ਪੈਣ ਤੇ ਉਨ੍ਹਾਂ ਦੀ ਪਰਿਕਲਪਨਾ ਦੀ ਦੁਨੀਆ ਢਹਿ ਢੇਰੀ ਹੋ ਜਾਂਦੀ ਹੈ। ਪਹਿਲੀਆਂ ਪੀੜੵੀਆਂ ਦੇ ਵਾਤਾਵਰਣ ਨੂੰ ਨਸ਼ਟ ਕਰਨ ਤੇ ਪ੍ਰਕਿਰਤੀ ਨਾਲ ਖਿਲਵਾੜ ਕਰਨ ਦੇ ਵਤੀਰੇ ਨੇ ਜੀਵਾਂ ਦੀ ਨਸਲਕੁਸ਼ੀ ਤੱਕ ਦੀ ਨੌਬਤ ਲੈ ਆਂਦੀ ਹੈ। ਤਰੱਕੀਆਂ ਦੇ ਸੋਹਲੇ ਰੱਜ ਰੱਜ ਕੇ ਗਾਏ ਜਾਂਦੇ ਹਨ ਪਰ ਇਹ ਕਿਸੇ ਕੰਮ ਨਹੀਂ ਜੇਕਰ ਜੀਵਨ ਦੀ ਹੋਂਦ ਹੀ ਨਾ ਰਹੀ।
ਇਸ ਸਮੇਂ ਲੋੜ ਹੈ ਹਰ ਤਰ੍ਹਾਂ ਨਾਲ ਵਾਤਾਵਰਣ ਬਚਾਉਣ ਲਈ ਆਪਣਾ ਯੋਗਦਾਨ ਪਾਉਣ ਦੀ। ਜਿਸ ਤਰ੍ਹਾਂ ਵੀ ਪਾਇਆ ਜਾਵੇ, ਜੋ ਵੀ ਮਾਧਿਅਮ ਅਸਰਦਾਰ ਹੋਵੇ, ਯੋਗਦਾਨ ਪਾਉਣਾ ਚਾਹੀਦਾ। ਆਉਣ ਵਾਲੀ ਪੀੜੵੀ ਤੋਂ ਆਸ ਲਾਉਣੀ ਬੇਸ਼ਕ ਬਹੁਤ ਵਾਜਿਬ ਗੱਲ ਨਹੀਂ ਕਿਉਂਕਿ ਜੇਕਰ ਅਸੀਂ ਸਭ ਖਰਾਬ ਕਰਾਂਗੇ ਤਾਂ ਸਾਨੂੰ ਦੂਜੇ ਤੋਂ ਆਸ ਲਗਾਉਣ ਦਾ ਅਧਿਕਾਰ ਵੀ ਨਹੀਂ ਹੋਣਾ ਚਾਹੀਦਾ, ਪਰ ਇਕ ਆਸ ਦੀ ਕਿਰਨ ਇਹ ਵੀ ਹੈ ਕਿ ਸਾਡੇ ਤੱਕ ਦੀਆਂ ਪੀੜੵੀਆਂ ਨੇ ਆਉਣ ਵਾਲੀ ਪੀੜੵੀ ਲਈ ਕੋਈ ਹੋਰ ਵਿਕਲਪ ਛੱਡਿਆ ਵੀ ਨਹੀਂ। ਜੀਊਣ ਲਈ ਉਹਨਾਂ ਕੋਲ ਇੱਕੋ ਇੱਕ ਵਿਕਲਪ ‘ਵਾਤਾਵਰਣ ਬਚਾਉਣਾ’ ਹੀ ਰਹਿ ਗਿਆ ਹੈ।
ਮਨੁੱਖ ਦੀ ਹੋਰ ਪਾਉਣ ਦੀ ਇੱਛਾ ਨੇ ਉਸ ਅੰਦਰ ਕਬਜ਼ੇ ਦੀ ਭਾਵਨਾ ਪੈਦਾ ਕਰ ਦਿੱਤੀ। ਇਸ ਕਾਰਨ ਉਸ ਨੇ ਸਾਰੀ ਧਰਤੀ ਨੂੰ ਆਪਣੀ ਮਲਕੀਅਤ ਸਮਝਣਾ ਸ਼ੁਰੂ ਕਰ ਦਿੱਤਾ। ਜੰਗਲੀ ਜੀਵ, ਕੀੜੇ ਮਕੌੜੇ, ਪਸ਼ੂ, ਪੰਛੀ ਸਭ ਆਪਣੀ ਜਰੂਰਤ ਮੁਤਾਬਿਕ ਰਹਿਣ ਦਿੰਦਾ ਹੈ ਅਤੇ ਜੋ ਨਾ ਪੱਖੀ ਵਤੀਰੇ ਵਾਲੇ ਜਾਪਦੇ ਹਨ ਉਨ੍ਹਾਂ ਦੀ ਜਾਨ ਲੈਣਾ ਜਾਂ ਉਨ੍ਹਾਂ ਦਾ ਨੁਕਸਾਨ ਕਰਨਾ ਉਸ ਲਈ ਕੋਈ ਮਾਅਨੇ ਨਹੀਂ ਰੱਖਦਾ।
ਨਕਸ਼ਦੀਪ ਪੰਜਕੋਹਾ ਹੁਰਾਂ ਦਾ ਨਵਾਂ ਨਾਵਲ “ਸਾਥ ਸਾਥ” ਇਸੇ ਵਿਸ਼ੇ ਤੇ ਆਧਾਰਿਤ ਹੈ। ਬਾਲ ਸਾਹਿਤ ਵਿੱਚ ਇਹ ਇੱਕ ਮਹੱਤਵਪੂਰਣ ਉਪਰਾਲਾ ਹੈ। ਬਾਲ ਮਨ ਨੂੰ ਜਿੱਥੇ ਸਾਹਿਤ ਪੜੵਨ ਦੀ ਚੇਟਕ ਲੱਗਦੀ ਹੈ ਉੱਥੇ ਆਲੇ ਦੁਆਲੇ ਵਾਪਰਦੇ ਵਰਤਾਰਿਆਂ ਤੋਂ ਆਗਾਹ ਕਰਦਾ ਇਹ ਨਾਵਲ ਆਪਣੇ ਮਕਸਦ ਵਿੱਚ ਸਫਲ ਹੁੰਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਬੱਚੇ ਆਪ ਮੁਹਤਬਰ ਹਨ। ਉਹ ਆਪਣੀ ਸੋਚ ਵੀ ਆਪ ਵਿਕਸਿਤ ਕਰਦੇ ਹਨ ਤੇ ਆਪਣੇ ਤੋਂ ਪਹਿਲੀਆਂ ਪੀੜੵੀਆਂ ਨੂੰ ਜਾਗਰੂਕ ਕਰਦੇ ਹਨ। ਜੰਗਲ ਤੇ ਜੰਗਲ ਵਾਸੀਆਂ ਨਾ ਉਨ੍ਹਾਂ ਦਾ ਮੋਹ, ਜਾਨਵਰਾਂ ਨਾਲ ਵਾਰਤਾਲਾਪ, ਜੰਗਲੀ ਜੀਵਾਂ ਨੂੰ ਦਰਸਾਉਣ ਲਈ ਵਰਤੇ ਦਿ੍ਸ਼ ਚਿੱਤਰਣ, ਪੁਸਤਕ ਵਿੱਚ ਤਸਵੀਰਾਂ ਦੀ ਵਰਤੋਂ ਵਰਗੀਆਂ ਜੁਗਤਾਂ ਬਾਲ ਮਨ ਅੰਦਰ ਰੌਚਕਤਾ ਬਣਾਈ ਰੱਖਦੇ ਹਨ। ਇਸ ਦਾ ਨਾਮਕਰਨ ‘ਸਾਥ ਸਾਥ ‘ ਪ੍ਕਿਰਤੀ ਨਾਲੋਂ ਟੁੱਟ ਚੁੱਕੇ ਮਨੁੱਖ ਨੂੰ ਕੁਦਰਤ ਦੇ ਬਣਾਏ ਹਰ ਵਰਤਾਰੇ ਨਾਲ ਕਦਮ ਦਰ ਕਦਮ ਚੱਲਣ ਦੀ ਤਾਕੀਦ ਹੈ।
ਇਹ ਪੁਸਤਕ ਪੜੋ ਤੇ ਹੋਰਾਂ ਨੂੰ ਪੜਾਓ। ਨਕਸ਼ਦੀਪ ਪੰਜਕੋਹਾ ਦੇ ਇਸ ਉਪਰਾਲੇ ਨੂੰ ਸਿਜਦਾ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਦੇ ਰਹੀਏ ਤਾਂ ਜੋ ਜੀਵਨ ਦੀ ਹੋਂਦ ਆਪਣੀ ਮੂਰਖਤਾ ਕਰਕੇ ਖਤਰੇ ਵਿੱਚ ਨਾ ਪਵੇ।
ਹਰਮੀਤ ਕੌਰ