ਅਹਿਸਾਸ

ਸਤੰਬਰ 25 ਕਿਸਾਨ ਦਾ ਸਭ ਨੂੰ,ਦਿੱਤਾ ਹੋਇਆ ਏ ਸੱਦਾ |
ਦਿੱਲੀ ਬਣਾ ਲਿਆ ਰਲਕੇ , ਆਪਹੁਦਰਿਆਂ ਨੇ ਹੁਣ ਏ ਅੱਡਾ|
ਸਭ ਰਲਕੇ ਉਨਾਂ ਦੱਸੀਏ, ਇਹ ਤਾਂ ਵਹਿਣ ਉਨਾਂ ਦਾ ਏ ਭੱਦਾ !
ਸਿਰਫ਼ ਦੁਹਾਈ ਪਾਉਂਦੇ, ਨਹੀਂ ਰੰਗ ਦੇਸ਼ਭਗਤੀ ਦਾ ਇਨਾਂ ਲੱਗਾ |
ਮਨ ਮਰਜੀ ਲਈ ਨਹੀਂ, ਸੀ ਅਸੀਂ ਕਿਸੇ ਨੂੰ ਵੀ ਚੁਣਿਆ |
ਪਰ ਦਿੱਲੀ ਜਾਕੇ ਉਨਾਂ, ਮਨਮੱਤ ਦਾ ਜਾਲ ਏ ਬੁਣਿਆ |
ਉਲਟ ਇਹ ਕਰਦੇ ਜੋ, ਇਨਾਂ ਕਿਹਾ ਤੇ ਅਸੀਂ ਸੁਣਿਆ |
ਆਖਰ ਦੇਸ਼ ਨੂੰ ਲਗਾ ਦੇਣਗੇ, ਹੋਲੀ ਹੋਲੀ ਇਹ ਘੁਣਿਆਂ |
ਜੋ ਵੀ ਹੋ ਤੁਸੀਂ ਸਭ ਰਲਕੇ, ਹੁਣ ਕਿਸਾਨ ਦਾ ਸੰਗ ਦਿਉ |
ਸਹਿ ਲੈਣ ਦੇ ਵਤੀਰਾ ਨੂੰ,ਦਿਨ ਆ ਗਿਆ ਏ ਛਿੱਕੇ ਟੰਗ ਦਿਉ |
ਜੋ ਵੀ ਤੁਸੀਂ ਦੇ ਸਕਦੇ ਹੋ, ਉਹ ਤੁਸੀਂ ਕਿਸਾਨ ਨੂੰ ਨਿਸ਼ੰਗ ਦਿਉ !
ਜੇ ਉਹ ਨਹੀਂ ਫਿਰ ਵੀ ਸੁਣਦੇ, ਉਨਾਂ ਨੂੰ ਖੁੱਲ੍ਹ ਕੇ ਜੰਗ ਦਿਉ |
ਜੇ ਚੁੱਪ ਰਹੇ ਤਦ ਇਹ ਦੋਖੀ, ਦੇਸ਼ ਅਮੀਰ ਨੂੰ ਵੇਚ ਦੇਣਗੇ |
ਫੋਕੇ ਨਾਹਰਿਆ ਦੇ ਨਾਲ, ਤੁਹਾਡੀਆਂ ਵੋਟਾਂ ਫਿਰ ਆ ਲੈਣਗੇ |
ਫੇਰ ਪਹਿਲਾਂ ਵੰਗਰ ਇਹ ਵਪਾਰੀ, ਤੁਹਾਡੇ ਹੱਕਾਂ ਨਾਲ ਖੇਹਣਗੇ |
ਨੀਤੀਵਾਨਾਂ ਵਿੱਚ ਅੰਧ ਵਿਸ਼ਵਾਸ਼ ਕਰ, ਫਿਰ ਸਭ ਦੁਖੜੇ ਸਹਿਣਗੇ |
ਅੰਨ ਦਾਤੇ ਦੇ ਨਾਲ ਜੁੱਟ ਜਾਓ, ਨਾ ਬਣਿਓ ਤੁਸੀਂ ਹੁਣ ਲੂਣ ਹਰਾਮੀ |
ਕਿਸਾਨ ਲੁੱਟਿਆ ਗਿਆ ਜੇ, ਪਲੇ ਰਹਿ ਜਾਣਗੇ ਇਹ ਅਖੌਤੀ ਸਵਾਮੀ |
ਤੁਸੀਂ ਲੱਭੋਗੇ ਨਹੀਂ ਲੱਭਣਾ ਫਿਰ, ਤੁਹਾਨੂੰ ਤੁਹਾਡਾ ਅੰਨ ਦਾ ਦਾਨੀ |
ਨਕਸ਼ਦੀਪ ਨੱਪ ਦਿਉ ਸਭ ਰਲਕੇ, ਜੂਠਿਆਂ ਦੀ ਇਹ ਝੂਠ ਕਹਾਣੀ |
ਇਹ ਨਵੇਂ ਕਾਨੂੰਨ ਤੋੜ, ਮਰੋੜ ਜੋ ਬਣ ਦੇ !
ਇਹ ਤੁਹਾਡੇ ਆਲੇ ਦੁਆਲੇ,
ਜਾਲ ਨੇ ਤਣ ਦੇ !
ਮਿਤਰੋ ਇੰਝ ਹੀ ਜਣ ਦੇ !
ਸੰਨ 2050 ਵਿੱਚ ਤੁਸੀਂ ਜਿਓਗੇ,
ਲਹਿਜੇ ਜੋ ਹੁੰਦੇ ਬਣ ਦੇ !
ਚੁੱਕੀ ਫਿਰੋਗੇ ਆਪਣੇ ਸਿਰ ‘ਤੇ ,
ਤੁਸੀਂ ਪੱਥਰ ਮਣ ਮਣ ਦੇ !
ਬੇੜੀਆਂ ਦੇ ਰੱਸੇ ਪੈਣਗੇ,
ਵੱਟੇ ਹੋਏ ਸਣ ਦੇ !
ਕੀ ਕਰੋਗੇ ਫਿਰ ਦੇਸ਼ ਵਾਸੀਓ,
ਗਊ ਮੱਝ ਬਿਨਾਂ ਥਣ ਦੇ ?
ਜਿਬਾਹ ਕੀਤਾ ਜਾਏ ਕੱਲੇ ਕੱਲੇ ਨੂੰ ,
ਅਮੀਰਾਂ ਦੀ ਟਣ ਟਣ ‘ਤੇ !
ਅਮੀਰ ਫਨੀਅਰ ਦਰ ‘ਤੇ ਆਇਆ,
ਕਿਸਾਨਾ ਮਰ ਜਾ ਜਾਂ ਭੰਨ ਦੇ !
ਬੁੱਝੋ ਜਾਣੋ ਮੇਰੇ ਸਾਥੀਓ,
ਇਰਾਦੇ ਇਨ੍ਹਾਂ ਦੇ ਮਨ ਦੇ !
ਨਾ ਇਨ੍ਹਾਂ ਦਾ ਰੱਬ ਕੋਈ ਨਾ ਲੋਕੀ,
ਇਹ ਆਸ਼ਿਕ ਹਨ ਸਿਰਫ ਧੰਨ ਦੇ !
ਕੀ ਅਜੇ ਸਮਝੇ ਨਹੀਂ ਤੁਸੀਂ,
ਆਸਾਰ ਗਿਰਾਵਟਪਣ ਦੇ !
ਤੁਸੀਂ ਲੋਕ ਤਮਾਸ਼ਾ ਬਣਕੇ ਰਹਿ ਗਏ ,
ਉਹ ਰੋਜ ਦੇਸ਼ ਨੂੰ ਭੰਨ ਦੇ !
ਧਰਤੀ ਤੇ ਹਨੇਰ ਹੈ ਉਤਾਰਿਆ ,
ਤੁਸੀਂ ਸੁਪਨੇ ਵੇਖੋਂ ਚੰਨ ਦੇ !
ਘਰ ਫੂਕ ਤਮਾਸ਼ਾ ਹੋਇਆ,
ਨਕਸ਼ਦੀਪ ਅਜੇ ਵੀ ਨਹੀਂ ਤੁਸੀਂ ਮੰਨ ਦੇ !
ਹੈ ਸਾਡੀ ਸਰਕਾਰ,
ਜਿਸ ਨੂੰ ਚਾਹੀਏ ਦੇਸ਼ ਭਗਤ,
ਜਿਸ ਨੂੰ ਚਾਹੀਏ ਦੇਸ਼ ਧ੍ਰੋਹੀ
ਸਾਡੇ ਭਗਤ ਹਨ ਨਾਲ ਅਸਾਡੇ ,
ਕਰੀਏ ਜੋ ਕੁੱਝ ਚਾਹੀਏ ਅਸੀਂ !
ਮਨ ਕਰੇ ਕਾਨੂੰਨ ਬਦਲਾਂਗੇ
ਮਨ ਕਰੇ ਕਾਨੂੰਨ ਨੂੰ ਤੋੜਾਂਗੇ
ਜੁਅਰੱਤ ਹੈ ਰੋਕ ਕੇ ਵੇਖੋ !
ਮਨਮਰਜੀ ਸਾਡੀ ਨੂੰ ਟੋਕ ਕੇ ਵੇਖੋ !
ਮਸ਼ੀਨਗੰਨਾਂ ਚੁੱਕ ਕੇ,
ਬੰਬਾਂ ਨਾਲ ਲੈਸ,
ਪੁੱਤਰ ਤੁਹਾਡੇ ਪਿਆਰੇ
ਰਾਖੀ ਕਰਦੇ ਅਸਾਡੀ !
ਸਭ ਚੁਲੀ ਭਰਦੇ ਅਸਾਡੀ !
ਜਦੋਂ ਵੀ ਸਾਡੀ ਬਹੁਮਤ ਹੋਵੇ,
ਅਸੀਂ ਤੁਹਾਡੇ ਹੀ ਲਈ,
ਚਾਚੇ ਬਾਪੂ ਸਿਰਜਦੇ !
ਥਾਂ ਥਾਂ ਤੇ ਡਾਕੂ ਸਿਰਜਦੇ !
ਫੋਕੇ ਨਾਹਰਿਆਂ ਨਾਲ ਹੀ,
ਦੇਸ਼ ਭਗਤੀ ਦਾ ਜਾਦੂ ਸਿਰਜਦੇ !
ਲੋਕਤੰਤਰ ਦਾ ਘਾਣ ਕਰਨ ਵਾਲੀ,
ਇੱਕ ਨਵੀਂ ਦੁਰਗਾ, ਮਾਂ ਨਹੀਂ ਬਹੂ, ਸਿਰਜਦੇ !
ਕੀ ਅਹਿਮੀਅਤ ਰੱਖਦਾ ਏ
ਫੈਸਲਾ ਇਸ ਦੇਸ਼ ਦੀ ਕਚਹਿਰੀ ਦਾ ?
ਵੋਟਾਂ ਹੱਥ ਕੀ ਪਰਵਾਹ ਜਨਤਾ ਬਹਿਰੀ ਦਾ !
ਹਾਂਜੀ ਸਾਡਾ ਬਹੁਮਤ ਹੈ,
ਸਾਨੂੰ ਭਗਤ ਸਿੰਘ, ਆਜ਼ਾਦ ਤੇ ਸਰਾਭੇ ਦੇ ਵਾਰਿਸ
ਕਰ ਸਕਦੇ ਹਨ ਕੀ ?
ਕਰ ਗੁਜਰ ਹੁਣ ਇੰਝ ਤੂੰ ਜੀ !
ਨਸ਼ਾ ਪਿਲਾਕੇ ਲੋਕਾਂ ਨੂੰ,
ਕੌਣ ਨਹੀਂ ਲੁਟਦਾ ਆਇਆ ?
ਲੁਟਾਂਗੇ ਕਦੇ ਬੋਲੀ, ਕਦੇ ਕਾਮੇ !
ਕਦੇ ਕਿਸਾਨ ਫਸਾਇਆ !
ਤੁਸੀਂ ਕੀ ਕਰ ਲਵੋਗੇ
ਬਹੁਮਤ ਹੈ ਸਾਡਾ, ਹਾਂ ਸਾਡਾ ਬਹੁਮਤ !
ਕੀ ਕਰ ਲਏਗੀ ਖਾਲੀ ਸ਼ਬਦਾਂ ਦੀ ਤੋਹਮਤ ?
ਕਾਮਰੇਡ , ਕਾਂਗਰਸੀ , ਪੰਥ ਦੇ ਵਾਲੀ ਹੋਰ
ਤੇ ਅਜਿਹੇ ਹੋਰ ਜੋ ਮਚਾਵਣ ਥੋਥਾ ਸ਼ੋਰ !
ਸਭ, ਹਾਂ ਸਾਰੇ ਸਾਡੇ ਹਨ ਨਾਲ !
ਸਭ, ਹਾਂ ਸਾਰੇ ਸਮਝਣ ਸਾਡੀ ਚਾਲ !
ਜੇ ਨਾਲ ਨਾ ਹੁੰਦੇ, ਆ ਜਾਂਦੇ ਸਭ ਸੜਕਾਂ ਤੇ !
ਘੇਰ ਲੈਂਦੇ ਸਾਨੂੰ ਆਪਣੀਆਂ ਤਰਕਾਂ ਤੇ !
ਕਵੀ, ਲੇਖਕ , ਗਾਇਕ ਤੇ ਹੋਰ ਬੁਧੀਵਾਨ
ਜੋ ਹੋ ਰਹੇ ਹਨ ਬਹੁਤ ਹੈਰਾਨ !
ਜਾਣ ਲੈਣ ਸਾਡਾ ਐਲਾਨ !
ਅਸੀਂ ਸਭ ਨੂੰ ਸਿੱਧੇ ਕਰਨਾ,
ਸਭ ਨੂੰ ਵਿੱਚੇ ਕਾਮੇ, ਕੀ ਕਿਸਾਨ !
(ਨਕਸ਼ਦੀਪ ਪੰਜਕੋਹਾ )