ਮਨਜੀਤ ਇੰਦਰਾ ਦੀ ਕਵਿਤਾ ” ਔਹ ਚੱਲੇ ਨੇ” ਇੱਕ ਫੁਕਰਗਰਦੀ ਵਿੱਚ ਗੜੁਚ ਦੇਸ਼ ਦੇ ਉਨਾਂ ਲੋਕਾਂ ਦੇ ਦਰਦ ਨੂੰ ਕਲਮਬੰਦ ਕਰਦੀ ਹੈ ਜੋ ਮਿਹਨਤ ਦੇ ਸਿਰ ਉਤੇ ਮਾਇਆਧਾਰੀ ਸੰਸਾਰ ਵਿੱਚ ਜਿਓਣ ਦੀ ਕੋਸ਼ਿਸ਼ ਵਿੱਚ ਸਨ | ਕਾਮਿਆਂ ਦੇ ਸ਼ੋਸ਼ਣ ਦੇ ਵਪਾਰੀਆਂ ਦੀ ਮਦਹੋਸ਼ੀ ਨੂੰ ਅਤੇ ਕਾਮਿਆਂ ਦੇ ਹੱਕ ਵਿੱਚ ਢੋਲ ਕੁੱਟਣ ਵਾਲੇ ਨਿਪੁਨਸਿਕ ਰਾਜਨੀਤੀਵਾਨਾਂ ਦੇ ਪ੍ਰਤੀਕਰਮ ਦੇ ਅਭਾਵ ਨੂੰ ਇਹ ਕਵਿਤਾ ਹਲੂਣਦੀ ਹੈ | ਕਵੀ ਇਨਕਲਾਬੀ ਨਹੀਂ ਹੁੰਦਾ ਪਰ ਉਸ ਦੇ ਵਿਚਾਰ ਖੜੋਤ ਵਿੱਚ ਫਸੇ ਲੋਕਾਂ ਨੂੰ ਜਗਾਉਂਦੇ ਹਨ | ਕਵਿਤਾ ਘੱਟੋਘੱਟ ਦੋ ਵਾਰ ਪੜਨਾ ਤੇ ਵਿਚਾਰਨਾ ਕਿ ਸਾਡਾ ਕੋਈ ਹਿੱਸਾ ਕਿੰਝ ਬੇਵਸੀ ਵਿੱਚ ਇੰਝ ਦੇ ਦਰਦ ਹੰਡਾਉਂਦਾ ਹੈ ਤੇ ਅਸੀਂ ਕਿਉਂ ਤਮਸ਼ਬੀਨ ਹੋ ਗਏ ਹਾਂ | ਕਵਿਤਾ ਹੈ :
ਟੁੱਟੇ ਛਿੱਤਰ
ਘਸੀਆਂ ਚੱਪਲਾਂ…
ਨੰਗੇ ਪੈਰੀਂ
ਵਰ੍ਹਦੀ ਅੱਗ ਵਿੱਚ
ਪੈਰਾਂ ਹੇਠਾਂ
ਕੰਡੇ ਕਿਰਚਾਂ
ਤਪਦੀਆਂ ਸੜਕਾਂ
ਭੁੱਖ-ਨ-ਭਾਣੇ
ਲਹੂ-ਲੁਹਾਣ
ਘਸੀਟ ਪੈਰਾਂ ਨੂੰ
ਗਠੜੀਆਂ ਚੁੱਕੀ
ਔਹ ਚੱਲੇ ਨੇ
ਹਰੀਆ, ਧਨੀਆਂ, ਕਾਲ਼ੂ, ਨੰਦੂ
ਰਾਮ ਤੇ ਸੀਤਾ
ਲਵ ਕੁਸ਼ ਕੁਛੜੀਂ
ਭਰਤ ਵੀ ਪਿੱਛੇ
ਝੋਲ਼ਾ ਚੁੱਕੀ
ਹਫ਼ਿਆ ਹੋਇਆ
ਭੱਜਿਆ ਜਾਵੇ…
ਨੱਢੀਆਂ, ਬੁੱਢੀਆਂ, ਬੱਚੀਆਂ
ਸੁੰਦਰ, ਸੱਜ ਵਿਆਹੀਆਂ
ਪੱਲਿਆਂ ਦੇ ਵਿੱਚ
ਬਾਲ਼ ਅੰਝਾਂਣੇ
ਲਕਾ-ਤੁਕਾ ਵੀ
ਔਹ ਚੱਲੇ ਨੇ…
ਸੜਕ ਕਿਨਾਰੇ
ਜੰਮਣ-ਪੀੜਾਂ
ਤੜਪ ਰਹੀਆਂ
ਰੁਕਮਣੀ ਤੇ ਰਾਧਾ
ਵਿਲਕਦਾ ਲਾਲ
ਛਾਤੀ ਨਾਲ਼ ਲਾਈ
ਸੁੱਕੇ ਥਣੀਂ
ਸੁਭੱਦਰਾ ਪਿਟਦੀ
ਕ੍ਰਿਸ਼ਨਾ ਕ੍ਰਿਸ਼ਨਾ
ਕੂਕ ਰਹੀ ਹੈ…
ਕੋਈ ਕ੍ਰਿਸ਼ਨ ਨਾ
ਕੋਈ ਰਾਮ ਨਾ
ਅੱਲਾ-ਮੀਆਂ
ਕੋਈ ਨਾ ਦਿਸਦਾ…
ਬਹੁੜੀਂ ਬਹੁੜੀਂ ਵੇ ਤਬੀਬਾ
ਨਹੀਂ ਤਾਂ ਮੈਂ ਮਰ ਗਈਆਂ…
ਭੁਖਾਂ ਮਾਰੇ
ਇਹ ਵਿਚਾਰੇ
ਸੜਕਾਂ ਉਪੱਰ
ਵੱਢੇ-ਟੁੱਕੇ
ਮੁਰਦਾਰਾਂ ਨੂੰ
ਖਾਣ ਲਈ
ਮਜਬੂਰ ਹੋਏ ਨੇ…
ਇਹ ਵੀ ਇਸੇ ਦੇਸ਼ ਦੇ ਵਾਸੀ…
ਕੋਰੀਆਂ ਵੋਟਾਂ
ਇੱਕ ਨੋਟ ਦਾਰੂ ਦੀ ਬੋਤਲ
ਮੁੱਲ ਇਨ੍ਹਾਂ ਦਾ…
ਲੱਲ੍ਹਾ ਮਰ ਗਿਆ
ਲੱਲ੍ਹੀ ਮੋਈ
ਸੜਕ ਕਿਨਾਰੇ
ਦੱਬ ਦਬਾ ਕੇ
ਉੱਠ ਖੜ੍ਹੇ ਨੇ
ਅਗਲਾ ਪੈਂਡਾ ਤੈਅ ਕਰਨ ਲਈ…
ਕੋਹਾਂ ਕੋਹ ਤੁਰ
ਦੇਸ ਨੂੰ ਚੱਲੇ
ਜੀਅ ਭਿਆਣੇ…
ਦੁਪਹਿਏ ਚੁਪਹੀਏ
ਕੁਝ ਚਿਰ ਰੁਕ ਕੇ
ਮੋਬਾਈਲ ਫ਼ੋਨਾਂ ਤੇ
ਵੀਡੀਓ ਲੈਕੇ
ਆਪਣੇ ਰਾਹੀਂ
ਲੰਘੀ ਜਾਵਣ…
ਕੋਈ ਨਾ ਦੇਵੇ
ਟੁੱਕ ਖਾਣ ਨੂੰ
ਪੀਣ ਨੂੰ ਪਾਣੀ…
ਇਸ ਸਭ ਤੋਂ
ਬੇਖ਼ਬਰ ਇਹ ਸਾਰੇ
ਹੰਭੇ ਹਾਰੇ
ਤੁਰਦੇ ਜਾਂਦੇ…
ਮੁੜ੍ਹਕਾ ਪੂੰਝਣ
ਰਾਮ ਰਹੀਮ ਨੂੰ
ਤਾਹਨੇ ਦੇਂਦੇ…
ਚੀਖ਼ਾਂ ਲੇਰਾਂ
ਕੋਈ ਨਾ ਸੁਣਦਾ
ਨਿੱਜ-ਜਣਿਆਂ ਨੂੰ
ਕੋਈ ਨਾ ਪੁਛਦਾ…
ਹੇ ਰੱਬਾ ਕੀ ਕਹਿਰ ਕਮਾਇਆ
ਸਿਰ ਤੋਂ ਛੱਤ ਤੇ ਪੈਰਾਂ ਹੇਠੋਂ
ਧਰਤੀ ਖਿਸਕੀ…
ਡਾਢਾ ਹਾਕਮ
ਠੰਢੇ ਕਮਰੇ ਵਿੱਚ
ਸੁੱਤਾ ਹੈ…
ਤਾੜੀਆਂ ਮਾਰੋ
ਦੀਵੇ ਬਾਲ਼ੋ
ਫਿਰ ਕੋਈ ਫ਼ਰਮਾਨ ਕਰੇਗਾ…
ਮੇਰਾ ਦੇਸ਼ ਮਹਾਨ
ਇਹੋ ਹੈ ਮੇਰਾ ਦੇਸ਼ ਮਹਾਨ !!
— ਮਨਜੀਤ ਇੰਦਰਾ
