ਪ੍ਰੋਫੈਸਰ ਰਵਿੰਦਰ ਸੰਧੂ ਹੋਰਾਂ ਦੀ ਹੇਠ ਦਿੱਤੀ ਕਵਿਤਾ ਜਰਾ ਧਿਆਨ ਨਾਲ ਪੜਨਾ; ਮੈਂ ਜਿਵੇਂ ਬਿਨ ਮਿਲਿਆਂ ਹਰਵਿੰਦਰ ਜੀ , ਮਨਜੀਤ ਇੰਦਰਾ ਜੀ , ਸਿਮਰਨ ਅਕਸ ਜੀ ਤੇ ਜਗਦੀਪ ਸਿੱਧੂ ਜੀ ਜਿਨਾਂ ਦੀਆਂ ਮਨ ਟੁੰਬਣੀਆਂ ਕਵਿਤਾਵਾਂ ਬਾਰੇ ਲਿਖਿਆ ਸੀ, ਪ੍ਰੋਫੈਸਰ ਰਵਿੰਦਰ ਸੰਧੂ ਜੀ ਨੂੰ ਵੀ ਨਹੀਂ ਮਿਲਿਆ | ਕਵਿਤਾ ਸੰਸਾਰ ਵਿੱਚ ਵੱਡੇ ਨਾਵਾਂ ਹੇਠ ਨਵੇਂ ਚਿਹਰਿਆਂ ਦੀਆਂ ਸ਼ਾਨਦਾਰ ਕਵਿਤਾਵਾਂ ਨਜਰ ਅੰਦਾਜ ਕਰਨ ਨੂੰ ਮੈਂ ਸਾਹਿਤਿਕ ਜੁਰਮ ਸਮਝਦਾ ਹਾਂ | ਡਾਕਟਰ ਹਰਭਜਨ ਦੇ ਗਰੁੱਪ ਨਾਲ ਮੇਰੀ ਕੋਈ ਸਾਂਝ ਨਹੀਂ ਸੀ ਤੇ ਨਾ ਉਨਾਂ ਦਾ ਕੋਈ ਚੰਗਾ ਪ੍ਰਭਾਵ ਮੇਰੇ ਉੱਤੇ ਸੀ, ਪਰ ਉਨਾਂ ਨੇ ਇੱਕ ਨਿਕਲੁਆਰ ਬੰਬ ਉੱਤੇ ਕਵਿਤਾ ਲਿਖੀ ਸੀ , “ ਕਿਤੇ ਜੇ ਇਹ ਤਿੜਕ ਗਿਆ , ਕਿਤੇ ਜੇ ਇਹ ਕਿਰਨ ਡੁੱਲ੍ਹ ਗਈ ,ਇਹ ਚੰਦ ਸੂਰਜ ਧਰਤੀਆਂ, ਸਿਤਾਰਿਆਂ ਦੇ ਟਿਮਕਣੇ , ਮਿਟਣਗੇ ਇੱਕ ਝਲਕ ਵਿੱਚ, ਜਿਓਂ ਸਰਕੜੇ ਦੀ ਨੋਕ ਤੇ ਤ੍ਰੇਲ ਤੁਪਕੜੇ ….(੨੮ ਸਾਲ ਪਹਲੇ ਪੜੀ ਸੀ)“ ਅੱਜ ਵੀ ਮੇਰੇ ਜ਼ਿਹਨ ਵਿੱਚ ਵਸਦੀ ਹੈ ਕਿਉਂਕਿ ਵਧੀਆ ਰਚਨਾ ਕੋਈ ਵੀ ਰਚੇ ਸਲਹਾਉਣੀ ਚਾਹੀਦੀ ਏ | ਜਿਆਦਾ ਮੈਂ ਨਾਵਲ ਹੀ ਲਿਖਣ ਵਿੱਚ ਰੁਝਿਆ ਰਿਹਾਂ, ਪਰ ਕਵਿਤਾ ਵੀ ਮੈਨੂੰ ਉਤਰਦੀ ਹੈ ਤੇ ਮੈਂ ਇੱਕ ਕਾਵਿ ਸੰਗ੍ਰਿਹ “ ਰਾਤ ਦੀ ਕੁੱਖ” ਵੀ ਛਪਵਾਇਆ ਸੀ ਪਿਛਲੇ ਸਾਲ; ਇਸ ਕਰਕੇ ਕਵਿਤਾ ਦੀ ਮੇਰੀ ਭੁੱਖ ਕਦੇ ਮਿਟਦੀ ਨਹੀਂ | ਮੈਂ ਅਕਾਦਮਿਕ ਰੋਹ੍ਬ ਪਾਉਣ ਲਈ ਖਾਸ ਸ਼ਬਦਾਵਲੀ ਤੋਂ ਕਤਰਾਉਂਦਾ ਹਾਂ; ਜਿਵੇਂ ਅਮਰੀਕਨ ਅੰਗਰੇਜੀ ਭਾਸ਼ਾ ਦਾ ਗਰਾਇਮੇਰੀਅਨ ਮਿਸਟਰ ਗਰਨਰ ਆਖਦਾ ਏ “ਸਿੱਧੀ ਗੱਲ ਸਿੱਧੀ ਭਾਸ਼ਾ”|ਅੱਜ ਕੱਲ੍ਹ ਮੈਂ ਨਵੇਂ ਕਵੀਆਂ ਨੂੰ ਜਿਆਦਾ ਪੜਦਾ ਹਾਂ ਕਿਉਂਕਿ ਉਹ ਨਵੇਂ ਵਾਤਾਵਰਣ ਦੀ ਉਪਜ ਹਨ; ਇੰਝ ਆਸ ਕਰਦਾ ਹਾਂ ਕਿ ਕੋਈ ਖੂਬਸੂਰਤ ਕਵਿਤਾ ਪੜਨ ਨੂੰ ਮਿਲ ਹੀ ਜਾਵੇ, ਤੇ ਮੈਂ ਉਸ ਬਾਰੇ ਕੁਝ ਲਿਖਾਂ | ਹੱਥਲੀ ਕਵਿਤਾ ਵਿੱਚ ਹੁਣ ਦਾ ਇਤਿਹਾਸ ਚਿਤਰਿਆ ਗਿਆ ਹੈ; ੧੯੪੭ ਤੋਂ ਬਾਅਦ ਇਸੇ ਕਿਸਮ ਦੇ ਇਤਿਹਾਸ ਦੀਆਂ ਪੈੜਾਂ ਅਸੀਂ ਵੇਖਦੇ ਆ ਰਹੇ ਹਾਂ | ਜਾਗ੍ਰਿਤੀ ਜੁਗਨੂਆਂ ਵਾਂਗ ਟਮਕਦੀ ਰਹੀ ਹੈ, ਪਰ ਸੇਧ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕੇ | ਬਿਗਾਨੀ ਸੋਚ ਦਾ ਸਹਾਰਾ ਵੀ ਮਹਿੰਗਾ ਪਿਆ| ਧਰਮ ਨੂੰ ਰਾਜਨੀਤੀਵਾਨ ਉਸੇ ਤਰ੍ਹਾਂ ਵਰਤਦੇ ਹਨ ਜਿਵੇਂ ਕੋਈ ਇੱਕ ਪਾਰਟੀ ਕਾਮਿਆਂ ਦੀ ਹਮਦਰਦੀ ਨੂੰ ਵਰਤਦੀ ਹੈ ! ਮਨੁੱਖੀ ਚੇਤਨਤਾ ਨੁੰ ਬੁੱਧੀਜੀਵੀਆਂ ਦੀਆਂ ਥ੍ਏਓਰੀਆਂ ਨਾਲ ਦਬਾਅ ਲਿਆ ਜਾਂਦਾ ਹੈ | ਇੱਕ ਹੋਕਾ ਹੈ ਇਸ ਕਵਿਤਾ ਵਿੱਚ “ਗ਼ੁਲਾਮੀ ਨੂੰ ਆਜ਼ਾਦੀ ਕਹਿ ਤੇ ਜਿੰਦਾ ਰਹਿ,ਜੋ ਵੀ ਸ਼ਖਸ ਹੈ ਸੁਤੰਤਰ ਖ਼ਤਰੇ ਵਿੱਚ ਹੈ”| ਇਸ ਹਨੇਰਗਰਦੀ ਵਿੱਚ ਜੇ ਕੋਈ ਜਗਾਵੇ ਵੀ, ਤਦ ਸੇਧ ਨੂੰ ਖੋਹ ਲਿਆ ਜਾਂਦਾ, ਰਵਿੰਦਰ ਸੰਧੂ ਜੀ ਲਿਖਦੇ ਹਨ “ਸੰਵਾਦ ਹੀ ਰਾਹ ਸੀ, ਜਦ ਗਿਆਨ ਸੀ ਮੰਜਿਲ, ਮੀਲ-ਪੱਥਰ ਹੋਏ ਕੋਰੇ, ਸਫ਼ਰ ਖ਼ਤਰੇ ਵਿੱਚ ਹੈ”|
ਇਹ ਗਲਤ ਦਾਹਵਾ ਹੈ ਕਿ ਧਰਮ ਅਫੀਮ ਹੈ, ਕਿਉਂਕਿ ਕੋਈ ਵੀ ਨਾਹਰਾ/ਰਾਜਨੀਤਕ ਸੰਗਠਨ ਜਿਸ ਦੇ ਪਿੱਛੇ ਚਲਾਕੀਆਂ ਦਾ ਜਾਲ ਹੁੰਦਾ ਹੈ, ਉਹ ਅਫੀਮ ਹੋ ਨਿਬੜਦਾ ਹੈ | ਮੈਂ ਪੱਕਾ ਆਸਤਕ ਹਾਂ ਤੇ ਮੈਨੂੰ ਧਰਮ ਨੇ ਕਦੇ ਕੁਰਾਹੇ ਨਹੀਂ ਪਾਇਆ ਤੇ ਨਾ ਇਸ ਨੇ ਮੈਨੂੰ ਕਟੜ ਬਣਨ ਦਿੱਤਾ ਏ | ਧਰਮ ਤੋਂ ਬਾਹਰੇ ਵਾਤਾਵਰਣ ਵਿੱਚ ਵੀ ਕਾਮਿਆਂ ਦੀ ਢੋਲਕੀ ਪੁੱਟਣ ਵਾਲੇ ਦੇਸ਼ਾਂ ਵਿੱਚ ਵੀ ਕਾਮਾ ਹੀ ਗੁਲਾਮ ਬਣਕੇ ਬਸਰ ਕਰਦਾ ਹੈ; ਚੀਨ, ਉਤਰੀ ਕੋਰੀਆ, ਵੇਨਜੁਲਿਜਾ ਤੇ ਕਿਊਬਾ ਆਦਿ ਮਿਸਾਲਾਂ ਹਨ ਇਸ ਪਰਸੰਗ ਵਿੱਚ | ਵਾਪਿਸ ਕਵਿਤਾ ਵੱਲ ਆਈਏ; ਇਹ ਕਵਿਤਾ ਚਾਰ ਚੁਫੇਰੇ ਨਜਰ ਮਰਾਉਂਦੀ ਹੈ ; ਇਸ ਵਿੱਚ ਕੋਈ ਨਾਹਰਾ ਨਹੀਂ ਤੇ ਦਾਹਵਾ ਨਹੀਂ, ਬਸ ਇੱਕ ਦ੍ਰਿਸ਼ ਹੈ ਅਤੇ ਦ੍ਰਿਸ਼ਾਂ ਵਿੱਚ ਬਿੰਬ ਜੋ ਆਪ ਬੋਲਦੇ ਹਨ | ਅਰਜ ਹੈ ਕਿ ਧਿਆਨ ਨਾਲ ਪੜਨਾ ਤਾਂ ਕਿ ਇਹ ਅਹਸਾਸ ਕਰ ਸਕੀਏ ਕਿ ਅਸੀਂ ਇਸ ਘੁਟਨਭਰੇ ਜੰਜਾਲ ਵਿੱਚ ਕਿੰਝ ਫਸਾ ਲਏ ਗਏ ਹਾਂ ! ਪ੍ਰੋਫੈਸਰ ਰਵਿਂਦਰ ਸੰਧੂ ਹੋਰਾਂ ਨੇ ਕਵਿਤਾ ਦਾ ਨਾਮਕਰਨ ਨਹੀਂ ਕੀਤਾ ਲੱਗਦਾ !
( ਕਵਿਤਾ )
ਹਰ ਰੂਪ ਹਰ ਰੰਗ ਦਾ ਬਸ਼ਰ ਖ਼ਤਰੇ ਵਿੱਚ ਹੈ।
ਕਿ ਮੇਰਾ ਦੇਸ਼ ਮੇਰਾ ਘਰ ਖ਼ਤਰੇ ਵਿੱਚ ਹੈ।
ਗ਼ੁਲਾਮੀ ਨੂੰ ਆਜ਼ਾਦੀ ਕਹਿ ਤੇ ਜਿੰਦਾ ਰਹਿ,
ਜੋ ਵੀ ਸ਼ਖਸ ਹੈ ਸੁਤੰਤਰ ਖ਼ਤਰੇ ਵਿੱਚ ਹੈ।
ਰੰਗਰੇਜ਼ ਨੇ ਬਿਖੇਰੇ, ਹਨ ਰੰਗ ਇਹ ਚੁਫੇਰੇ,
ਵੱਖ ਰੰਗਾਂ ਨੂੰ ਪਛਾਣੇ, ਨਜ਼ਰ ਖ਼ਤਰੇ ਵਿੱਚ ਹੈ।
ਸ਼ਬਦਾਂ ਨੂੰ ਜ਼ੰਗ ਲੱਗੀ, ਹਥਿਆਰ ਲਿਸ਼ਕਦੇ ਨੇ,
ਹੁਣ ਚੁੱਪ ਬੋਲਦੀ ਹੈ, ਸਤਰ ਖ਼ਤਰੇ ਵਿੱਚ ਹੈ।
ਸ਼ੋਰ ਜਦ ਡਰਾਵੇ, ਤਾਂ ਬੋਲ ਸਹਿਮ ਜਾਂਦੇ,
ਸ਼ੋਰ ਬੇਖੌਫ਼ ਹੈ ਦੇਖੋ, ਨਗਰ ਖ਼ਤਰੇ ਵਿੱਚ ਹੈ।
ਸੰਵਾਦ ਹੀ ਰਾਹ ਸੀ, ਜਦ ਗਿਆਨ ਸੀ ਮੰਜਿਲ,
ਮੀਲ-ਪੱਥਰ ਹੋਏ ਕੋਰੇ, ਸਫ਼ਰ ਖ਼ਤਰੇ ਵਿੱਚ ਹੈ।
ਗੋਲ ਦਾਇਰੇ ਵਿੱਚ ਗੁੰਮੀ, ਤਹਿਜ਼ੀਬ ਇਸ ਸਮੇਂ ਦੀ,
ਕੁਰਸੀ ਅਤੇ ਟੋਪੀ ਸੰਭਾਲੋ, ਰਾਸ਼ਟਰ ਖ਼ਤਰੇ ਵਿੱਚ ਹੈ।
ਦੇਸ਼ ਨਾਲ ਪ੍ਰੇਮ ਕਰ ਰਿਹਾ ਹੈ, ਯਕਦਮ ਠੀਕ ਹੈ,
ਜੋ ਮੁਹੀਬ-ਏ-ਵਤਨ ਹੈ, ਨਿਰੰਤਰ ਖ਼ਤਰੇ ਵਿੱਚ ਹੈ।
ਹਰ ਰੂਪ ਹਰ ਰੰਗ ਦਾ ਬਸ਼ਰ ਖ਼ਤਰੇ ਵਿੱਚ ਹੈ।
ਕਿ ਮੇਰਾ ਦੇਸ਼ ਮੇਰਾ ਘਰ ਖ਼ਤਰੇ ਵਿੱਚ ਹੈ। ( ਰਵਿੰਦਰ ਸੰਧੂ )
