ਤਿਰਲੋਕ ਬੀਰ

ਜਿਵੇਂ ਮੈਂ ਬਿਨਾਂ ਜਾਣੇ ਕਵੀਆਂ ਦੀਆਂ ਕਵਿਤਾਵਾਂ ਉਤੇ ਆਪਣੇ ਵਿਚਾਰ ਰੱਖਕੇ ਤੁਹਾਡੇ ਨਾਲ ਸਾਂਝੀਆਂ ਕਰਦਾ ਆ ਰਿਹਾ ਹਾਂ, ਇਸ ਵਾਰ ਚੰਗੀ ਕਵਿਤਾ ਦੀ ਤਲਾਸ਼ ਵਿੱਚ ਮੈਨੂੰ ਤਿਰਲੋਕ ਬੀਰ ਦੀ ਇੱਕ ਕਵਿਤਾ ਮਿਲੀ ਜੋ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ |ਤਿਰਲੋਕ ਬੀਰ ਹੋਰਾਂ ਨੂੰ ਵੀ ਮੈਂ ਬਿਲਕੁਲ ਨਹੀਂ ਜਾਣਦਾ; ਉਨਾਂ ਦੀ ਪ੍ਰੋਫ਼ਾਈਲ ਤੋਂ ਪਤਾ ਚੱਲਦਾ ਹੈ ਕਿ ਉਹ ਲਿਖਾਰੀ ਹਨ ਅਤੇ ਮੇਰੇ ਅਪਣਾਏ (adopted ) ਦੇਸ਼, ਯੂ ਐੱਸ ਏ ਦੇ ਪੂਰਬ ਵਿੱਚ ਸਥਿਤ ਰੰਗਾਂ ਨਾਲ ਭਰੇ ਸ਼ਹਿਰ ਨਈਊ ਯੋਰਕ ਵਿੱਚ ਰਹਿੰਦੇ ਹਨ, ਉਂਝ ਪਿੱਛੋਂ ਉਹ ਕਪੂਰਥਲੇ ਤੋਂ ਹਨ ! ਉਨਾਂ ਦੀ ਹੱਥਲੀ ਕਵਿਤਾ ਤੁਹਾਡਾ ਸਭ ਦਾ ਧਿਆਨ ਮੰਗਦੀ ਹੈ, ਕਿਉਂਕਿ ਕਵਿਤਾ ਵਿੱਚ ਜੋ ਹੂਕ ਹੈ, ਉਹ ਸਾਹਿਤ ਨਾਲ ਸੰਬੰਧਿਤ ਸਭਨਾ ਲਈ ਹੈ|

ਇਸ ਕਵਿਤਾ ਵਿੱਚ ਕਵੀ ਤਿਰਲੋਕ ਬੀਰ ਜੀ ਬਹੁਤ ਸਾਰੇ ਕਵੀਆਂ/ਲੇਖਕਾਂ ਦੀ ਇੱਕ ਅਣਜਾਣੀ ਕਥਾ ਸਾਡੇ ਨਾਲ ਸਾਂਝੀ ਕਰਦੇ ਹਨ ਅਤੇ ਇੰਝ ਉਹ ਵੱਡੇ ਕਵੀਆਂ ਜਾਂ ਲੇਖਿਕਾਂ ਦੀ ਚੇਤਨਤਾ ਤੇ ਕਿੰਤੂ ਕਰਦੇ ਹਨ ਜੋ ਦਰਬਾਰੀ ਕਵੀ/ਲੇਖਿਕ ਬਣ ਰਹਿ ਜਾਂਦੇ ਹਨ ਜਾਂ ਫਿਰ ਉਹ ਸਿਰਫ਼ ਨਿੱਜ ਤੇ ਕੇਂਦਰਤ ਹੋਏ ਰਹਿੰਦੇ ਹਨ | ਜਦੋਂ ਤੀਕ ਸਾਹਿਤਕਾਰ ਆਪਣੇ ਨਾਂ ਖਾਤਰ ਕਿਸੇ ਰਾਹੀਂ ਪੌੜੀਆਂ ਚੜਨ ਦੇ ਸਰਾਪ ਵਿੱਚ ਵਿਚਰਦਾ ਰਹਿੰਦਾ ਹੈ, ਉਹ ਅੱਧਾ ਅਧੂਰਾ ਹੀ ਰਹਿੰਦਾ ਹੈ ਭਾਂਵੇਂ ਆਪਣੇ ਵਕਤ ਵੇਲੇ ਉਹ ਆਪਣਾ ਨਾਂ ਜਿੰਨਾ ਮਰਜੀ ਖੱਟ ਲਵੇ | ਕਵਿਤਾ ਦਾ ਸ਼ੁਰੂ ਵੇਖੋ “ ਪੇਸ਼ ਹੈ ਇੱਕ ਨਜ਼ਮ, ਜਿਸ ਦਾ ਕੋਈ ਨਾਮ ਨਹੀਂ “; ਉਲਾਂਭਾ ਏਥੋਂ ਸ਼ੁਰੂ ਹੁੰਦਾ ਹੈ; ਭਲਾਂ ਬੇਅਰਥ ਗਾਏ ਗੀਤ ਤੇ ਲਿਖੇ ਸਾਹਿਤ ਨੂੰ ਇੱਕ ਚੇਤੰਨ ਕਲਾਕਾਰ ਕੀ ਨਾਮ ਦੇਵੇ ? ਜਰਾ ਸੋਚੋ ! ਅਨੁਵਾਨ ਤੋਂ ਰਹਿਤ ਸ਼ਬਦ ਓਪਰੇਪਣ ਦੇ ਲਿਖਾਇਕ ਹੁੰਦੇ ਹਨ ਜਿਵੇਂ “ ਕਿਵੇਂ ਹੋ ?” ਦੇ ਜਵਾਬ ਵਿੱਚ ਆਖਿਆ ਜਾਂਦਾ ਹੈ “ ਠੀਕ ਆਂ “| “ਹਾਦਸੇ ਦੁਆਲੇ ਜੁੜਿਆ ਝੁਰਮਟ “ ਸ਼ਬਦ ਖਿੜਦੇ ਹਨ ਤਮਾਸ਼ਬੀਨ ਲੋਕਾਂ ਨੂੰ ਨਵੇਂ ਤੱਖਲਸ ਦੇਣ ਲਈ ! ਫੇਰ ਕਿੰਤੂ ਸ਼ੁਰੂ ਹੁੰਦੇ ਹਨ ਸਮਾਜਿਕ ਮੁੱਦੇ/ਤਰਸਦੀਆਂ ਬਾਰੇ ਜੋ ਦਿਲ ਹਿਲਾਉਣ ਵਾਲੇ ਹਨ ਅਤੇ ਜਿਨਾਂ ਦਾ ਜਿਕਰ ਅਤਿਅੰਤ ਜਰੂਰੀ ਹੈ; ਇੰਝ ਉੱਨਾਂ ਦੇ ਅਭਾਵ ਹੋਣ ਉੱਤੇ ਗਿਲਾ ਦਰਜ ਹੈ ਇਸ ਕਵਿਤਾ ਵਿੱਚ ਹੈ; ਖੂਬਸੂਰਤੀ ਹੈ ਕਿ ਪਹਿਲਾਂ ਕਿੰਤੂ ਖੁਦ ਦੀ ਹਾਉਂ ਉੱਤੇ ਹੈ | ਖੁਸਰੇ ਸ਼ਬਦ ਪਰਾਈ ਖੁਸ਼ੀ ਦੇ ਇਜ਼ਹਾਰ ਦਾ ਧਿਆਨ ਦਵਾਉਂਦੇ ਹਨ | ਅਜਿਹੀ ਕਲਮ ਮੱਥੇ ਤੇ ਮਲੀ ਕਾਲਖ ਤੋਂ ਵੱਧ ਕੀ ਹੋਈ? ਮੈਨੂੰ ਇੰਝ ਲੱਗਦਾ ਏ ਜਿਵੇਂ ਤਿਰਲੋਕ ਬੀਰ ਜੀ ਫਲੈਸ਼ ਲਾਇਟ ਮਾਰ ਰਹੇ ਹੋਣ ਕਿਸੇ ਹੋਰੇ ਕਿਸਮ ਦੀ ਨੀਂਦ ਵਿੱਚ ਸੁੱਤੇ ਸਾਹਿਤਕਾਰਾਂ /ਕਵੀਆਂ ਉੱਤੇ | ਕਵਿਤਾ ਬਹੁਤ ਛੋਟੀ ਹੈ ਪਰ ਇਹ ਮੈਨੂੰ ਟੀ ਐਸ ਏਲੀਅਟ ਦੀ ਕਵਿਤਾ ਦੀ ਯਾਦ ਕਰਵਾਉਂਦੀ ਹੈ ਜਿਸ ਵਿੱਚ ਉਹ ਲਿਖਦੇ ਹਨ

“ The hollow men “

We are the hollow men

We are the stuffed men

Leaning together

Headpiece filled with straw. Alas!

Our dried voices, when

We whisper together

Are quiet and meaningless” (T.S Eliot); ਇੰਝ ਇਹ ਕਵਿਤਾ ਇੱਕ ਉੱਚੀ ਬਾਂਗ ਹੋ ਨਿਬੜਦੀ ਹੈ, “ ਜਾਗੋ ਬਈ ਜਾਗੋ ਆਈ ਆ”| ਜਾਗਣਾ ਜਾਂ ਨਾ ਜਾਗਣਾ ਕਵੀ ਜੀ ਸੰਬੰਧਿਤ ਕਲਾਕਾਰਾਂ ਉਤੇ ਛੱਡ ਦੇਂਦੇ ਹਨ !

ਇੱਕ ਨਜ਼ਮ

————————-

ਪੇਸ਼ ਹੈ ਇਕ ਨਜ਼ਮ

ਜਿਸ ਦਾ ਕੋਈ ਨਾਮ ਨਹੀਂ ਹੈ

ਜਿਸ ਦਾ ਕੋਈ ਅਨੁਵਾਨ ਨਹੀਂ ਹੈ

ਬੱਸ, ਇਕ ਹਾਦਸੇ ਦੁਆਲੇ

ਜੁੜਿਆ ਝੁਰਮਟ ਹੈ

ਐਵੇਂ ਉਲਟਾ ਸਿੱਧਾ ਖੌਰੂ ਪਾਉਂਦੇ

ਪਰਾਈ ਖ਼ੁਸ਼ੀ ਦਾ ਮੂੰਹ ਚੁੰਮਣ ਆਏ

ਸਤਰਾਂ ‘ਚ ਖੜੇ , ਕੁਝ

ਖੁਸਰਿਆਂ ਵਰਗੇ ਲਫ਼ਜ਼ ਹਨ

ਨਜ਼ਮ ‘ਚ, ਕਾਮ ਤੇ ਆਈ

ਫੰਨ ਚੁੱਕੀ ਨਾਗਣ ਦਾ ਕੋਈ ਜ਼ਿਕਰ ਨਹੀਂ ਹੈ

ਸਮਾਜ ‘ਚ ਜੀਣ ਲਈ ਹੱਕ ਮੰਗਦੇ

ਕਤਾਰਾਂ ‘ਚ ਰੁਲ਼ਦੇ ਲੋਕਾਂ ਦਾ ਫ਼ਿਕਰ ਨਹੀਂ ਹੈ

ਨਜ਼ਮ, ਐਵੇਂ ਬਦਜ਼ਾਤ ਜਹੀ

ਕਲਮ ਦੇ ਮੂੰਹੋਂ ਉੱਤਰੀ ਕਾਲਖ਼ ਹੈ

ਮਨ ਦਾ ਉਧੜਾਅ ਹੈ

ਜ਼ਿਹਨੀ ਹੱਥਰਸੀ ਹੈ

ਕੁਝ ਕਹਿਣ ਦੀ ਹਸਰਤ ਹੈ

ਪੇਸ਼ ਹੈ ਇੱਕ ਨਜ਼ਮ ।

(ਤਿਰਲੋਕ ਬੀਰ )

Scroll to Top