(ਭਾਰਤੀਆਂ ਦੇ ਨਾਂ )
ਨਾਲ ਲੱਗਦੇ ਦਰੱਖਤ ਦੀ ਟੀਸੀ ਤੇ,
ਮੇਰੀ ਨਜਰ ਪਈ ਅਟਕੇ ਫਲ ਤੇ!
ਉੱਥੇ ਦੁਹਰੀ ਹੋਏ ਟਾਹਣੀ ਵਿੱਚ
ਫਸ ਗਿਆ ਹੈ ਮੇਰਾ ਪੰਜਾ!
ਮੈਂ ਉਡ ਨਹੀਂ ਪਾ ਰਿਹਾ!
ਕੋਲ ਹੀ ਖੜ੍ਹੇ ਦਰੱਖਤ ‘ਤੇ
ਮੇਰੇ ਤੇ ਮੇਰੀ ਸਾਥਣ ਦਾ ਆਹਲਣਾ ਹੈ!
ਆਹਲਣੇ ਵਿੱਚ ਦੋ ਸਾਡੇ ਚੂਚੇ ਹਨ!
ਮੇਰੀ ਸਾਥਣ ਖੁਰਾਕ ਦੀ ਭਾਲ ਚ ਕਿਤੇ ਬਾਹਰ ਹੈ!
ਨਾਲ ਦੇ ਦਰਖ਼ਤ ਤੇ ਇੱਕ ਸਪ ਚੜ੍ਹ ਰਿਹਾ ਹੈ!
ਸਾਡੇ ਚੁੱਚਿਆਂ ਦਾ ਮੁਸ਼ਕ ਆ ਗਿਆ ਉਸ ਨੂੰ
ਤੇ ਉਹ ਸਾਡੇ ਚੁੱਚਿਆਂ ਵੱਲ ਜਾਏਗਾ!
ਮੈਂ ਫੇਰ ਉੱਡਣਾ ਚਾਹਿਆ,
ਨਹੀਂ ਉਡ ਪਾਉਂਦਾ! ਮੈਂ ਕਾਫੀ ਬੋਲੀ ਜਾ ਰਿਹਾਂ!
ਨਾਲ ਦੇ ਦਰੱਖਤ ‘ਤੇ ਹੋਰ ਮੇਰੇ ਵਰਗੇ ਪਰਿੰਦੇ ਹਨ!
ਮੈਨੂੰ ਸੁਣਕੇ ਉਹ ਜਰਾ ਏਧਰ ਓਧਰ ਵੇਖਦੇ ਹਨ!
ਫੇਰ ਸੱਪ ਨੂੰ ਵੇਖਕੇ, ਬੋਲਦੇ ਹਨ ਪਰ ਹਿਲਦੇ ਨਹੀਂ!
ਸੱਪ ਨੂੰ ਚੁੰਜ ਮਾਰਨ ਖਾਤਰ ਉੱਡਦੇ ਹੀ ਨਹੀਂ!
ਸੋਚਦਾ ਹਾਂ ਕਿ ਉਹ ਬੇਹਰਕਤ ਕਿਉਂ ਹਨ?
ਖਤਰਾ ਵੱਧ ਰਿਹਾ ਹੈ! ਮੇਰੀ ਕੋਸ਼ਿਸ਼ ਜਾਰੀ ਹੈ,
ਪਰ ਉਹ ਅਜੇ ਵੀ ਕਿਉਂ ਹਨ ਬੇਹਰਕਤ!
ਡਰ ਅਤੇ ਮੌਤ ਵਿੱਚ,
ਲੱਗਦਾ ਹੈ ਕੋਈ ਫਰਕ ਨਹੀਂ !
ਗ ਸ ਨਕਸ਼ਦੀਪ ਪੰਜਕੋਹਾ
