GSN

ਸਭ ਕੁਝ ਭੁੱਲ, ਕਿਸਾਨਾਂ ਨਾਲ ਖੜ ਜਾਵੋ !

ਹੱਕ ਉਨ੍ਹਾਂ ਦੇ ਲਈ, ਅੱਜ ਸਾਰੇ ਅੜ ਜਾਵੋ !
ਭੰਵਰੇ ਬਣ, ਜੀਵਨ-ਖੁਸ਼ਬੂ ਲਈ ਸੜ ਜਾਵੋ ! G.S. Nakshdeep Panjkoha 

ਇਹ ਹਨੇਰੀ ਹੈ ਚਲੇਗੀ ਜਰੂਰ,

ਕੋਈ ਚਾਹੇ ਤਾਂ ਵੀ ਨਹੀਂ ਰੁਕਦੀ ਏ !
ਹੱਕ ਲੈਣ ਵਾਲਿਆਂ ਦੀ ਕਦੇ,

ਕਿਸੇ ਅੱਗੇ ਜ਼ਮੀਰ ਨਹੀਂ ਝੁਕਦੀ ਏ | G.S. Nakshdeep Panjkoha 

Read More »

ਜਦੋਂ ਵੀ ਕੋਈ ਲੇਖਕ ਲਿਖਦਾ ਹੈ, ਲੇਖ, ਕਹਾਣੀ, ਨਾਟਕ, ਨਾਵਲ ਤੇ ਕਵਿਤਾ, ਸਭ ਤੋਂ ਵੱਡੀ ਗਲਤੀ ਉਹ ਇਹ ਆਸ ਕਰਕੇ ਕਰਦਾ ਹੈ ਕਿ ਉਸ ਦੀ ਰਚਨਾ ਦੀ ਸ਼ਲਾਘਾ ਹੋਵੇ | ਦੂਸਰੀ ਗਲਤੀ ਉਹ ਉਦੋਂ ਕਰਦਾ ਹੈ ਜਦੋਂ ਉਹ ਫੋਕੀ ਬੱਲੇ ਬੱਲੇ ਨੂੰ ਸਵੀਕਾਰ ਕਰ ਲੈਂਦਾ ਹੈ ਤੇ ਇੱਕ ਵਾਜਬ ਦੱਸੀ ਗਈ ਊਂਣ ਉੱਤੇ ਕਿੰਤੂ ਕਰਦਾ ਹੈ | ਤੀਸਰੀ ਗਲਤੀ ਉਹ ਉਦੋਂ ਕਰਦਾ ਹੈ ਜਦੋਂ ਉਹ ਮਿਲ ਰਹੇ ਇਨਾਮਾਂ ਦੀ ਦੌੜ ਮਗਰ ਲੱਗਦਾ ਹੈ | ਉੱਪਰ ਦੱਸੀਆਂ ਗੱਲਾਂ ਵਿਚੋਂ ਇੱਕ ਵੀ ਉਸ ਦੀ ਲੇਖਣੀ ਤੇ ਰਚਨਾ ਵਿੱਚ ਕੋਈ ਕਿਸੇ ਕਿਸਮ ਦਾ ਵਾਧਾ ਨਹੀਂ ਕਰਦੀ, ਇਸ ਕਰਕੇ ਉਸ ਨੂੰ ਇਨ੍ਹਾਂ ਗੱਲਾਂ ਤੋਂ ਪਾਸੇ ਹੀ ਰਹਿਣਾ ਚਾਹੀਦਾ, ਕਿਉਂਕਿ ਸਾਹਿਤ ਲਿਖਣਾ ਕਲਾ ਹੈ ਤੇ ਕਲਾ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ ! ਇੱਕੋ ਗੱਲ ਜੋ ਉਸ ਲਈ ਲਾਹੇਵੰਦ ਹੋ ਸਕਦੀ ਹੈ ਉਹ ਹੈ ਦੁਨੀਆਂ ਦੇ ਮਹਾਨ ਸਾਹਿਤਕਾਰਾਂ ਤੇ ਕਲਾਕਾਰਾਂ ਦੀਆਂ ਕਿਰਤਾਂ ਨੂੰ ਪੜ੍ਹਨਾ, ਵੇਖਣਾ ਤੇ ਸਮਝਣਾ | G.S. Nakshdeep Panjkoha

Read More »

ਬੰਦਾ ਕਿ 9 ਤਰੀਕ

ਬੰਦਾ ਕਿ 9 ਤਰੀਕ

ਮੈਂ ਨਾਵਲ ਸਾਹਿਤ ਦੀ ਪਰਿਭਾਸ਼ਾ ਸੰਸਾਰ ਸਾਹਿਤ ਨੂੰ ਪੜ੍ਹਕੇ ਤੇ ਸਮਝਕੇ ਜੋ ਬਣਾਈ ਹੈ, ਉਹ ਹੈ ਕਿ ਸਾਹਿਤ ਤੇ ਦਰਪਣ ਵਿੱਚ ਐਨਾ ਕੁ ਹੀ ਫਰਕ ਹੁੰਦਾ ਹੈ ਕਿ ਦਰਪਣ ਉਹ ਕੁਝ ਹੀ ਵਿਖਾਉਂਦਾ ਹੈ ਜੋ ਸਾਹਮਣੇ ਹੈ, ਤੇ ਨਾਵਲ ‘ਜੋ ਸਾਹਮਣੇ ਹੈ’ ਦੇ ਯਥਾਰਥਕ ਤੱਥ ਵਿਖਾਉਣ ਤੋਂ ਬਿਨਾਂ, ਉਹ ਕੁਝ ਵੀ ਵਿਖਾਉਂਦਾ ਹੈ ਜੋ ਭਾਵੇਂ ਵਾਪਰਿਆ ਨਹੀਂ, ਪਰ ਵਾਪਰ ਸਕਣ ਦਾ ਤਕਾਜ਼ਾ ਰੱਖਦਾ ਹੈ| ਦਰਪਣ ਦੇ ਯਥਾਰਥਕ ਪੱਖ ਤੋਂ ਵੱਧ ਕੇ ਨਾਵਲ ਸਾਹਿਤ ਕਲਪਨਾ ਦੀ ਉਹ ਪਹੁੰਚ ਵੀ ਰੱਖਦਾ ਹੈ ਜਿਸ ਨੂੰ ਕਦੇ ਆਉਣ ਵਾਲੀਆਂ ਪੀੜੀਆਂ ਹੰਢਾ ਸਕਦੀਆਂ ਹਨ, ਅਜਿਹਾ ਸਾਹਿਤ ਸਾਇੰਸ ਸਾਹਿਤ ਜਾਂ ਨਿਰੋਲ ਕਾਲਪਨਿਕ ਸਾਹਿਤ ਵਿੱਚ ਗਿਣਿਆ ਜਾਂਦਾ ਹੈ|

ਚੰਗਾ ਸਾਹਿਤ ਤਿੰਨ ਨੁਕਤਿਆਂ ਉੱਤੇ ਉਚੇਚੇ ਤੌਰ ਤੇ ਟਿਕਦਾ| ਪਹਿਲਾ, ਰਚਨਾ ਦੀ ਸ਼ੈਲੀ ਕਿਹੋ ਜਿਹੀ ਹੈ| ਦੂਸਰਾ, ਲੇਖਕ ਪਾਤਰ ਚਿਤਰਨ ਕਿਵੇਂ ਕਰਦਾ ਹੈ, ਭਾਵ ਕੀ ਪਾਤਰ ਚਿਤਰਣ ਸਿੱਧਾ ਹੈ ਜਾਂ ਇਹ ਪੱਤਰਾਂ ਦੀ ਕ੍ਰਿਆ ਤੇ ਪ੍ਰਤੀ ਕ੍ਰਿਆ ਰਾਹੀਂ ਕੀਤਾ ਗਿਆ ਹੈ ਅਤੇ ਪਾਤਰ ਕਿਹੋ ਜਿਹੇ ਹਨ, ਦਮ ਰੱਖ ਕੇ ਖੜਨ ਵਾਲੇ ਜਾਂ ਦਿਲ ਸੁੱਟ ਕੇ ਜਿਉਂਣ ਵਾਲੇ| ਤੀਸਰਾ ਹੈ, ਵਿਸ਼ਾ, ਕੀ ਵਿਸ਼ਾ ਨਿਰੋਲ ਸਥਾਨਕ ਤੇ ਸੌੜਾ ਹੈ ਜਾਂ ਸਰਵਵਿਆਪਕ ਖਿਆਲ ਦੇ ਮੇਚ ਦਾ ਹੈ| ਇਸ ਤੋਂ ਬਿਨਾਂ ਹੋਰ ਵੀ ਕਈ ਨੁਕਤੇ ਹਨ ਜੋ ਸਾਹਿਤ ਨੂੰ ਇੱਕ ਮਿਆਰ ਉੱਤੇ ਲੈ ਕੇ ਜਾਂਦੇ ਹਨ| ਹੁਣੇ ਹੁਣੇ ਨੌਜਵਾਨ ਪੰਜਾਬੀ ਨਾਵਲਕਾਰ ਗੁਰਪ੍ਰੀਤ ਸਹਿਜੀ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਮਿਲਿਆ, ਦਾ ਨਵਾਂ ਨਾਵਲ “ਬੰਦਾ ਕਿ 9 ਤਰੀਕ “ਪੜ੍ਹਨ ਦਾ ਮੈਨੂੰ ਮੌਕਾ ਮਿਲਿਆ|

ਗੁਰਪ੍ਰੀਤ ਸਹਿਜੀ ਹੋਰਾਂ ਦਾ ਹੱਥਲਾ ਨਾਵਲ ‘ਬੰਦਾ ਕਿ 9 ਤਰੀਕ’ ਉਸ ਵਕਤ ਦੀ ਦੁਖਦਾਈ ਦਾਸਤਾਨ ਪੇਸ਼ ਕਰਦਾ ਹੈ ਜਦੋਂ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਮੁਕੱਦਮ ਆਪਣੀ ਸਰਕਾਰੀ ਸ਼ਕਤੀ ਰਾਹੀਂ ਉਸ ਵੇਲੇ ਵਿਚਰ ਰਹੇ ਆਮ ਲੋਕਾਂ ਲਈ ਤਰਾਸਦੀਆਂ ਲਿਆਉਂਦੇ ਹਨ ਤੇ ਕਿਸੇ ਹੱਦ ਤੀਕ ਆਮ ਲੋਕਾਂ ਨੂੰ ਬੇਵਸੀ ਵਿੱਚ ਲਪੇਟ ਦੇਂਦੇ ਹਨ, ਪਰ ਨਾਲ ਹੀ ਆਪਣੇ ਵਿਰੋਧੀ ਖੜੇ ਕਰਦੇ ਹਨ| ਇਸ ਵਾਤਾਵਰਣ ਵਾਲੀ ਲੈਂਡ ਸਕੇਪ ਵਿੱਚ ਲੇਖਕ ਇੱਕ ਹੋਰ ਖੂਬਸੂਰਤ ਮੋਹ ਭਰੀ ਕਥਾ ਬੁਣਦਾ ਹੈ; ਉਹ ਹੈ ਰੌਣਕ ਅਤੇ ਰੱਬੀ ਦੇ ਦੁੱਖਾਂ ਭਰੀ ਕਥਾ| ਜਿੱਥੇ ਇਹ ਨਾਵਲ ਸ਼ਰੇਆਮ ਧੱਕੇ ਵਿੱਚ ਫਸੇ ਹੋਏ ਇੱਕ ਬਿਲਕੁਲ ਸਿੱਧਰੇ ਭਰਾ ਦੀ ਕਥਾ ਪਾਉਂਦਾ ਹੈ, ਉਥੇ ਨਿਡਰ ਤੇ ਆਪਣੇ ਭਰਾ ਦੇ ਮੋਹ ਵਿੱਚ ਡੁਬੀ ਨੌਜਵਾਨ ਰੌਣਕ ਨੂੰ ਆਪਣੇ ਭਰਾ ਦੇ ਫਿਕਰ ਵਿੱਚ ਭੋਰਾ ਭੋਰਾ ਟੁੱਟਦੀ ਵਿਖਾਉਂਦਾ ਹੈ| ਦਿਲਚਸਪ ਗੱਲ ਇਹ ਹੈ ਕਿ ਲੇਖਕ ਭਰਾ ਭੈਣ ਦੀ ਤ੍ਰਾਸਦੀ ਵਿੱਚ ਘੁਲੀਆਂ ਮਿਲੀਆਂ ਥੁੜ ਚਿਰੀਆਂ ਖੁਸ਼ੀਆਂ ਤੇ ਲੰਮੇ ਦੁੱਖਾਂ ਨੂੰ ਪਾਠਕ ਅੱਗੇ ਪੇਸ਼ ਕਰਦਾ ਹੋਇਆ ਇੱਕ ਸਿੱਧਰੇ ਬੰਦੇ ਰੱਬੀ ਦੇ ਭੋਲੇਪਣ ਤੇ ਉਸ ਦੇ ਮੋਹ ਵਿੱਚ ਜਿਉਂਦੀ ਉਸ ਦੀ ਭੈਣ ਰੌਣਕ ਨੂੰ ਗੁਣਕਾਰੀ ਇਨਸਾਨਾਂ ਦੀ ਸਤਹਿ ਤੇ ਲਿਆ ਖੜੇ ਕਰਦਾ ਹੈ| ਕਹਾਣੀ ਵਿੱਚ ਨਾਵਲਕਾਰ ਨੇ ਉਨ੍ਹਾਂ ਘਟਨਾਵਾਂ ਨੂੰ ਬੁਣਿਆਂ ਹੈ ਜੋ ਅੱਜ ਦੇ ਯੁਗ ਵਿੱਚ ਮਨੁੱਖਤਾ ਦੇ ਮੂੰਹ ਉੱਤੇ ਚੁਪੇੜਾਂ ਮਾਰਦੀਆਂ ਹਨ, ਪਰ ਨਾਲ ਦੀ ਨਾਲ ਭਰਾ ਤੇ ਭੈਣ ਦੇ ਅਟੁੱਟ ਰਿਸ਼ਤੇ ਨੂੰ ਭਾਵਾਂ ਅਤੇ ਸਚਿਆਈ ਵਿੱਚ ਰੰਗਿਆ ਹੈ ਜੋ ਇੱਕ ਮਿਸਾਲ ਬਣਦੀ ਹੈ|

ਉਪਰੋਕਤ ਦੱਸੇ ਤਿੰਨ ਨੁਕਤਿਆਂ ਦੇ ਆਧਾਰ ‘ਤੇ ਅਸੀਂ ਇਸ ਹੱਥਲੇ ਨਾਵਲ ਨੂੰ ਵੇਖਦੇ ਹਾਂ :

ਪਹਿਲਾ ਸ਼ੈਲੀ: ਗੁਰਪ੍ਰੀਤ ਸਹਿਜੀ ਦੀ ਸ਼ੈਲੀ ਜਰਾ ਵੱਖਰੀ ਹੈ ਤੇ ਦਿਲਚਸਪ ਵੀ ਪਰ ਕਈ ਥਾਵਾਂ ‘ਤੇ ਕਾਹਲ ਵੇਖੀ ਜਾ ਸਕਦੀ ਹੈ|

ਜਿਵੇਂ ਪੰਨਾ 111 ਉੱਤੇ ਇਹ ਅਨੁਮਾਨ ਲਾਉਣਾ ਪੈਂਦਾ ਹੈ ਜਿਵੇਂ “ਆਪਣੀ ਜੇਬ ਵਿਚੋਂ ਵੀਹਾਂ ਦਾ ਨੋਟ ਕਢਕੇ ਰੱਬੀ ਦਾ ਸਿਰ ਪਲੋਸ ਕੇ ਫੜਾ ਦਿੱਤਾ?” ਕਿਹਨੇ? ਅਨੁਮਾਨ ਲਾਉਣਾ ਪੈਂਦਾ ਹੈ ਕਿ ਇਹ ਵੀਹਾਂ ਦਾ ਨੋਟ ਕਿਹਨੇ ਦਿੱਤਾ| ਜਦੋਂ ਰੱਬੀ ਰੌਣਕ ਦੀ ਸੱਸ ਵੱਲ ਤੁਰਦਾ ਹੈ, ਉਦੋਂ ਅਨੁਮਾਨ ਠੀਕ ਲੱਗਦਾ ਹੈ ਕਿ ਇਹ ਨੋਟ ਰੌਣਕ ਨੇ ਦਿੱਤਾ| ਇਹ ਕਾਹਲ ਕਰਕੇ ਹੋਇਆ ਹੈ| ਖੁਸ਼ੀ ਵਾਲੀ ਗੱਲ ਇਹ ਹੈ ਕਿ ਅਜਿਹੀ ਊਂਣ ਨਾ ਮਾਤਰ ਹੀ ਹੈ|

ਚੰਗੀ ਸ਼ੈਲੀ ਬਿਰਤਾਂਤ ਨੂੰ ਸਜਾ ਦਿਆ ਕਰਦੀ ਹੈ ਭਾਵੇਂ ਗਲਪ ਵਿੱਚ ਇਸ ਦਾ ਸਪਸ਼ਟ ਹੋਣਾ ਬਹੁਤ ਹੀ ਜਰੂਰੀ ਹੈ, ਕਿਉਂਕਿ ਸਪਸ਼ਟ ਗਲਪ ਸਿੱਧੀ ਦਿਮਾਗ ਤੇ ਦਿਲ ਨੂੰ ਇੱਕੋ ਵਕਤ ਟੁੰਬਦੀ ਹੈ | ਲੇਖਕ ਵੱਲੋਂ ਲਿਖੇ ਕਈ ਫ਼ਿਕਰੇ ਨਿਰੋਲ ਕਵਿਤਾ ਹੋ ਨਿਬੜੇ ਹਨ, ਕਿਉਂਕਿ ਉਹ ਬਿੰਬਾਂ ਨਾਲ ਭਰੇ ਪਏ ਹਨ ਜਿਵੇਂ ਵੇਖੋ :

“ਮਾਵਾਂ ਦੀਆਂ ਅੱਖਾਂ ਦੇ ਤਾਰੇ ਤੋੜ ਕੇ ਮੋਢਿਆਂ ‘ਤੇ ਜੜੀਂ ਫਿਰਦੇ ਐ “(27)

ਉੱਤਲੇ ਫ਼ਿਕਰੇ ਵਿੱਚ ਵੇਖੋ ਕਿਵੇਂ ਪੁਲਸ ਵਾਲਿਆਂ ਦੀ ਮੋਢਿਆਂ ਉੱਤੇ ਸਟਾਰ ਲਗਵਾਉਣ ਦੀ ਅਣਮਨੁੱਖੀ ਅਤੇ ਅਤਿ ਹੀਣੀ ਸੋਚ ਨੂੰ ਇੱਕੋ ਫ਼ਿਕਰੇ ਵਿੱਚ ਗੁੰਦ ਦਿੱਤਾ ਗਿਆ ਹੈ| ਬਿੰਬ ਹਨ ਪਰ ਸਪਸ਼ਟ; ਫੇਰ ਵੇਖੋ ਵਕਤ ਗੁਜਰਨ ਨੂੰ ਕਿਵੇਂ ਲਿਖਿਆ ਹੈ :

“ਸਮੇ ਨੇ ਆਪਣੇ ਜਰਦ ਪਿੰਡੇ ਤੋਂ ਕੰਡ ਵਾਂਗ ਤਿੰਨ ਰੁੱਤਾਂ ਝਾੜ ਦਿੱਤੀਆਂ ਸਨ (151 )

ਠਾਣੇਦਾਰ ਦੀ ਉਹ ਜੀਪ ਜਿਸ ਵਿੱਚ ਲੱਦ ਕੇ ਲਿਜਾਏ ਗਏ ਨੌਜਵਾਨਾਂ ਦੇ ਝੂਠੇ ਇਨਕੌਂਟਰ ਕਰਵਾਏ ਗਏ, ਉਹ ਗਾਥਾ ਇੱਕੋ ਸਤਰ ਵਿੱਚ ਬੰਦ ਕਰ ਦਿੱਤੀ ਗਈ ਹੈ :

………ਉਹਦੀ ਉੱਡ ਦੀ ਧੂੜ ਵਿੱਚ ਪਤਾ ਨਹੀਂ ਕੀ ਕੀ ਡੱਬਿਆ ਪਿਆ ਸੀ| 238

ਇਹ ਤਾਂ ਹੋਇਆ ਸ਼ੈਲੀ ਦਾ ਸੱਹਪਣ ਤੇ ਦੂਜਾ ਇਸ ਦਾ ਪੱਖ ਹੁੰਦਾ ਹੈ ਕਿ ਕੀ ਇਸ ਨਾਲ ਨਾਵਲ ਵਿਚਲੇ ਰਹੱਸ ਉੱਤੇ ਲੇਖਕ ਦੀ ਪਕੜ ਹੈ? ਕੀ ਕਹਾਣੀ ਰਵਾਂ ਚਲਦੀ ਹੈ? ਕਿਤੇ ਲੇਖਕ ਰਚਨਾ ਵਿੱਚ ਕਹਾਣੀ ਨੂੰ ਰੋਕ ਕੇ ਜਿਆਦਾ ਆਪ ਤਾਂ ਨਹੀਂ ਆ ਵੜਿਆ ? ਕੀ ਪਾਠਕ ਵਿੱਚ ਉਤਸੁਕਤਾ ਰੱਖਣ ਲਈ ਲੇਖਕ ਵੱਲੋਂ ਦਿੱਤੇ ਵਿਚਾਰ ਘਟਨਾ ਦੇ ਦਰਪੇਸ਼ ਵਿੱਚ ਪਾਠਕ ਦੀ ਰਹਿਬਰੀ ਕਰਦੇ ਹਨ ?ਕੀ ਰਚਨਾ ਵਿੱਚ ਡੂੰਘਾਈਆਂ ਦੀਆਂ ਤੈਂਹਾਂ ਵੀ ਹਨ ?

ਪਾਤਰਾਂ ਮੁੱਖੋਂ ਉਚਰੇ ਬੋਲ ਕਈ ਕੰਮ ਕਰਦੇ ਹਨ, ਜਿਵੇਂ ਕਹਾਣੀ ਨੂੰ ਤੋਰਨਾ, ਖਾਸ ਘਟਨਾ ਬਾਰੇ ਪਾਠਕ ਨੂੰ ਦੱਸਣਾ ਤੇ ਜਾਂ ਕਿਸੇ ਹੋਰ ਪਾਤਰ ਨੂੰ ਚਿੱਤਰਨਾ | ਇਸ ਨਾਵਲ ਦੇ ਸਾਰੇ ਪਾਤਰ ਆਪਣੀ ਸਥਾਨਕ ਉਪਭਾਖਾ ਵਿੱਚ ਗੱਲਾਂ ਕਰਦੇ ਹਨ, ਜੋ ਕਿਤੇ ਕਿਤੇ ਮੈਨੂੰ ਅਖਰਦੇ ਹਨ, ਜਿਵੇਂ…..

“ਸ਼ਾਵੀਂ ਆਕੇ ਇਹ ਦੀਆਂ ਚਮਕਾਂ ਫਲੂਜ਼ ਹੋ ਜਾਂਦੀਆਂ, ਧੁੱਪੇ ਬਾਲ੍ਹੇ ਚਮਕਾਰੇ ਦੇਂਦੀਆਂ “

ਕੂੜੇ ਤੁ ਤਾਂ ਜਮਾਕ ਈ ਡਰਾ ਕੇ ਧਰਤਾ , ਵਚਾਰਾ ਕੁਸਕ ਦਾ ਈ ਨਹੀਂ| ”

ਵਾਖਰੋ ਸੋਨੂੰ ਸੁਨੇਹਾ ਘੱਲਿਆ ਸੀ| ”

“….ਇਹਦੀ ਖੱਬੀ ਬਾਂਹ ਤੇ ਓਟ ਵਾਹਦੇ| ”

“ਭੈਣੇ ਤੂੰ ਮੇਰਾ ਸਿਣਿਆ ਲਾ ਤਾ ?”

ਬਿਰਤਾਂਤ ਬੁਰਾ ਨਹੀਂ ਪਰ ਸਪਸ਼ਟ ਵੀ ਨਹੀਂ| ਇਹ ਰਿਵਾਜ ਪੰਜਾਬੀ ਵਿੱਚ ਬਹੁਤ ਪ੍ਰਚਲਤ ਹੈ ਤੇ ਹਿੰਦੀ ਵਿੱਚ ਵੀ ਜਿਵੇਂ ਹਾਸਰਸ ਭਰਪੂਰ ਨਾਵਲ ‘ਰਾਗਦਰਬਾਰੀ’ ਵਿੱਚ | ਅੰਗਰੇਜੀ ਦੇ ਕਾਫੀ ਸਾਹਿਤ ਵਿੱਚ ਵੀ ਕਦੇ ਇੰਝ ਦੀ ਵਿਧੀ ਹੀ ਸੀ, ਪਰ ਹੁਣ ਤਕਰੀਬਨ ਇਹ ਅਲੋਪ ਹੋ ਚੁੱਕੀ ਹੈ; ਮਕਸਦ ਇਸ ਦਾ ਹੁੰਦਾ ਹੈ ਹੂਬਹੂ ਪਾਤਰ ਵੱਲੋਂ ਉਪ ਭਾਖਾ ਬੁਲਵਾਕੇ ਯਥਾਰਥਕਤਾ ਚਿਤਰਨਾ| ਉਂਝ ਇੰਝ ਦੀ ਗੱਲਬਾਤ ਸੁਹਣੀ ਵੀ ਲੱਗਦੀ ਹੈ, ਪਰ ਇਸ ਦੇ ਨੁਕਸ ਵੀ ਹਨ, ਕਿਉਂਕਿ ਬਾਹਰਲੇ ਇਲਾਕਿਆਂ ਵਾਲੇ ਪੜ੍ਹਨ ਵਾਲਿਆਂ ਲਈ ਇਹ ਵਿਧੀ ਕਈ ਵਾਰ ਦਿੱਕਤ ਪੈਦਾ ਕਰ ਦੇਂਦੀ ਹੈ ਤੇ ਅਖਰਦੀ ਵੀ ਹੈ, ਜਿਵੇਂ ਕੁਝ ਸ਼ਬਦ ਮੈਨੂੰ ਸਮਝ ਨਹੀਂ ਪਏ| ਮੁਕਦੀ ਗੱਲ ਤਾਂ ਇਹ ਹੈ ਕਿ ਅਸੀਂ ਲਿਖਦੇ ਤਾਂ ਦੂਸਰੇ ਲਈ ਹੀ ਹਾਂ, ਤੇ ਜੋ ਕੋਈ ਉਸ ਪਾਠਕ ਭਾਖਾ ਨੂੰ ਅਸਾਨੀ ਨਾਲ ਨਹੀਂ ਸਮਝ ਸਕਦਾ, ਤਦ ਸਮੱਸਿਆ ਹੋ ਜਾਂਦੀ ਹੈ| ਇਹ ਸੋਚਦਿਆਂ ਹੀ ਮੈਂ ਸਭ ਪਾਤਰਾਂ ਤੋਂ ਇੱਕੋ ਜਿਹੀ ਪੰਜਾਬੀ ਬੁਲਾਉਂਦਾ ਹਾਂ| ਇਹ ਮੇਰੇ ਆਪਣੇ ਵਿਚਾਰ ਹਨ ਅਤੇ ਇਹ ਵੀ ਏਥੇ ਅੱਖ ਦਿਆਂ ਕਿ ਇਸ ਵਿਧੀ ਨਾਲ ਰਚਨਾ ਦੇ ਮਿਆਰ ਨੂੰ ਕੋਈ ਫਰਕ ਨਹੀਂ ਪੈਂਦਾ| ਇਸ ਪ੍ਰਸੰਗ ਵਿੱਚ ਲੇਖਕ ਦੀ ਸ਼ੈਲੀ ਕਹਾਣੀ ਨੂੰ ਵੀ ਤੋਰਦੀ ਹੈ ਤੇ ਨਾਲ ਦੀ ਨਾਲ ਇਸ਼ਾਰੇ ਵੀ ਕਰਦੀ ਹੈ ਜੋ ਖਿਆਲ ਦੀ ਡੂੰਘਾਈ ਸਮਝਣ ਲਈ ਸਹਾਈ ਹੁੰਦੇ ਹਨ|

ਅਗਲਾ ਨੁਕਤਾ ਹੈ ਪਾਤਰ ਚਿਤਰਣ ਵਿਧੀ| ਗੁਰਪ੍ਰੀਤ ਸਹਿਜੀ ਦੀ ਪਾਤਰ ਚਿਤਰਣ ਦੀ ਵਿਧੀ ਅਸਲ ਵਿੱਚ ਬਹੁਤ ਮਿਆਰ ਵਾਲੀ ਤੇ ਦਿਲਕਸ਼ ਹੈ| ਮੁੱਖ ਤੌਰ ਤੇ ਦੋ ਤਰੀਕਿਆਂ ਨਾਲ ਪਾਤਰ ਚਿਤਰਣ ਕੀਤਾ ਜਾਂਦਾ ਹੈ। 1 ਕਈ ਵਾਰ ਲੇਖਕ ਸਿੱਧੇ ਤੌਰਤੇ ਆਪ ਪਾਤਰਾਂ ਦੇ ਸੁਭਾਅ, ਰਹਿਣ ਸਹਿਣ ਤੇ ਉਨ੍ਹਾਂ ਦੀ ਸੋਚ ਨੂੰ ਦੱਸਦਾ ਹੋਇਆ ਪਾਤਰਾਂ ਦਾ ਚਿਤਰਨ ਕਰਦਾ ਹੈ | ਇਹ ਇੱਕ ਆਮ ਜਿਹੀ ਵਿਧੀ ਹੈ| ਦੂਸਰੀ ਵਿਧੀ ਹੈ ਪਾਤਰਾਂ ਨੂੰ ਜਦੋਂ ਲੇਖਕ ਘਟਨਾਵਾਂ ਰਾਹੀਂ ਉਨ੍ਹਾਂ ਦੀ ਕ੍ਰਿਆ ਤੇ ਪ੍ਰਤੀ ਕ੍ਰਿਆ ਰਾਹੀਂ ਚਿੱਤਰਦਾ ਹੈ ਅਤੇ ਹੋਰਨਾਂ ਪਾਤਰਾਂ ਦੀ ਬਾਤਚੀਤ ਰਾਹੀਂ ਪਾਤਰਾਂ ਬਾਰੇ ਅਖਵਾਕੇ ਉਨ੍ਹਾਂ ਦੀ ਸ਼ਖਸ਼ਿਅਤਾਂ ਘੜਦਾ ਹੈ| ਲੇਖਕ ਨੇ ਪਾਤਰ ਚਿਤਰਣ ਦੂਸਰੀ ਕਿਸਮ ਦੀ ਵਿਧੀ ਰਾਹੀਂ ਜਿਆਦਾ ਕੀਤਾ ਹੈ; ਉਸ ਦੀ ਇਹ ਵਿਧੀ ਉਸ ਦੀ ਰਚਨਾ ਨੂੰ ਮਿਆਰੀ ਬਣਾਉਂਦੀ ਹੈ| ਰੌਣਕ ਦਾ ਸੁਹੱਪਣ ਉਸ ਬਾਰੇ ਬੋਲੇ ਗਏ ਹੋਰਨਾਂ ਪਾਤਰਾਂ ਦੇ ਬੋਲ ਹੀ ਦੱਸਦੇ ਹਨ ਕਿ ਰੌਣਕ ਕਿੰਨੀ ਸੁਹਣੀ, ਦਿਲਕਸ਼ ਤੇ ਇੱਖਲਾਕੀ ਮੁਟਿਆਰ ਹੈ| ਇਸ ਤੋਂ ਬਿਨਾਂ ਰੌਣਕ ਦੇ ਆਪਣੇ ਬੋਲ ਤੇ ਕ੍ਰਿਆ ਪ੍ਰਤੀਕ੍ਰਿਆ ਵੀ ਉਸ ਦੇ ਪਾਤਰ ਨੂੰ ਉਭਾਰਦੇ ਹਨ| ਸਿੱਧਾ ਚਿਤਰਣ ਨਾ ਮਾਤਰ ਹੀ ਹੈ| ਉਹ ਆਪਣੇ ਭਰਾ ਲਈ ਨਵੇਂ ਘਰ ਨੂੰ ਇੱਕ ਵਾਰ ਤਾਂ ਠੁਕਰਾ ਦੇਂਦੀ ਹੈ ਤੇ ਜੇ ਉਸ ਘਰ ਨੂੰ ਉਹ ਫੇਰ ਮੁੜ ਦੀ ਹੈ, ਤਦ ਉਹ ਦੇ ਮਨ ਨੂੰ ਮੋੜਨ ਵਾਲੀਆਂ ਦਿੱਤੀਆਂ ਗਈਆਂ ਸਿਆਣਪਾਂ ਕਾਰਣ| ਉਹ ਬੜੀ ਨਿਡਰ ਹੈ ਤੇ ਕੁਰਬਾਨੀ ਦੀ ਮੂਰਤ ਹੈ| ਰੌਣਕ ਜਵਾਨੀ ਵੇਲੇ ਦੇ ਦਿਲ ਦੇ ਝੁਕਾਅ ਤੇ ਲਗਾਓ ਨੂੰ ਬਹੁਤੀ ਅਹਿਮੀਅਤ ਦੇਣ ਵਾਲੀ ਨਹੀਂ ਜਿਵੇਂ ਅਕਸਰ ਬਹੁਤੀਆਂ ਔਰਤਾਂ ਨਹੀਂ ਹੁੰਦੀਆਂ ਤੇ ਉਹ ਆਪਣੇ ਪਿਆਰ ਦੇ ਇਸ ਖਲਾ ਨੂੰ ਆਪਣੇ ਨਿੱਕੇ ਸਿੱਧਰੇ ਭਰਾ ਦੇ ਮੋਹ ਵਿੱਚ ਰਲਗਡ ਕਰ ਲੈਂਦੀ ਹੈ, ਜਿਵੇਂ ਚੁੱਲ੍ਹੇ ਅੱਗੇ ਦੀ ਸਵਾਹ ‘ਤੇ ਆਪਣੇ ਕੁਝ ਦੇਰ ਰਹੇ ਆਸ਼ਕ ਦੇ ਨਾਂ ਲਿਖਣ ਦੀ ਥਾਂ ‘ਤੇ ਉਹ ਆਪਣੇ ਭਰਾ ਰੱਬੀ ਦਾ ਹੀ ਨਾਂ ਲਿਖਦੀ ਹੈ| ਇੰਝ ਇੱਕ ਵਫ਼ਾਈ ਵਿਚੋਂ ਨਿਕਲ ਕੇ ਉਹ ਦੂਸਰੀ ਵਫ਼ਾਈ ਵਿੱਚ ਡੁੱਬੀ ਰਹਿੰਦੀ ਹੈ, ਇਹ ਉਹਦੇ ਮਨ ਦੀ ਸਥਿਤੀ ਦਾ ਫੈਸਲਾ ਹੈ|

ਰੱਬੀ ਨੂੰ ਚਿਤਰਨ ਵਾਸਤੇ ਵੀ ਗੁਰਪ੍ਰੀਤ ਸਹਿਜੀ ਇਸੇ ਵਿਧੀ ਨੂੰ ਮੁੱਖ ਰੱਖਦਾ ਹੈ, ਅਤੇ ਇਸੇ ਸਹਾਰੇ ਉਹ ਰੱਬੀ ਵਰਗਾ ਪਾਤਰ ਚਿੱਤਰਦਾ ਹੈ ਜੋ ਯਥਾਰਥਕ ਪਹਿਲੂ ਤੋਂ ਪਾਠਕਾਂ ਦੇ ਜ਼ਿਹਨ ਵਿੱਚ ਉੱਤਰਨ ਦਾ ਦਮ ਰੱਖਦਾ ਹੈ| ਰੱਬੀ ਇੱਕ ਸੰਪੂਰਨ ਚਿਤਰਣ ਹੈ ਇੱਕ ਸਿੱਧੇ ਸਿੱਧਰੇ ਨੌਜਵਾਨ ਦਾ, ਜਿਸ ਦਾ ਦਿਮਾਗ ਦਸ ਕੁ ਸਾਲ ਦੇ ਬੱਚੇ ਦੇ ਦਿਮਾਗ ਜਿੰਨਾਂ ਹੀ ਹੈ ; ਅਜਿਹੇ ਲੋਕਾਂ ਨੂੰ ਬਹੁਤੇ ਲੋਕ ਇੱਕ ਮਖੌਲ ਦੇ ਜਰੀਏ ਤੋਂ ਬਿਨਾਂ ਕੁਝ ਨਹੀਂ ਸਮਝਦੇ, ਪਰ ਨਾਵਲਕਾਰ ਉਸ ਨੂੰ ਸਭ ਨਾਲੋਂ ਧੜੱਲੇਦਾਰ ਬਣਾ ਦੇਂਦਾ ਹੈ, ਕਿਉਂਕਿ ਉਸ ਉੱਤੇ ਉਹ ਐਨਾ ਕੇਂਦਰਤ ਹੈ ਕਿ ਉਸ ਦੀ ਕ੍ਰਿਆ ਤੇ ਪ੍ਰਤੀਕ੍ਰਿਆ ਨੂੰ ਵਰਤਣ ਬਾਰੇ ਉਹ ਕਿਤੇ ਵੀ ਨਹੀਂ ਖੁੰਝਦਾ| ਮੇਰੀ ਜਾਚੇ ਰੱਬੀ ਪੰਜਾਬੀ ਸਾਹਿਤ ਵਿੱਚ ਚਿਤਰੇ ਗਏ ਗਿਣਵੇਂ ਪਾਤਰਾਂ ਵਿੱਚ ਆ ਖਲੋਂਦਾ ਹੈ|

ਤੀਸਰਾ ਮੁੱਖ ਪਾਤਰ ਚਿਤਰਣ ਗੁਰਦਵਾਰੇ ਦਾ ਗ੍ਰੰਥੀ ਜਲੋਰਾ ਸਿੰਘ ਦਾ, ਜੋ ਬਹੁਤ ਹੀ ਛੋਟੇ ਦਾਇਰਿਆਂ ਵਿੱਚ ਪਲਿਆ ਤੇ ਗੁਰੂ ਘਰ ਦਾ ਸੇਵਕ ਬਣ ਗਿਆ| ਉਸ ਕੋਲੋਂ ਕੁੱਤੇ ਮਰਵਾਏ ਜਾਂਦੇ ਹਨ, ਇਸ ਲਈ ਕਿ ਉਹ ਲਾਸ਼ਾਂ, ਜੋ ਹਰ ਰੋਜ ਕਿਧਰੇ ਪਈਆਂ ਮਿਲਦੀਆਂ ਰਹਿੰਦੀਆਂ ਸਨ, ਨੂੰ ਖਾਣ ਨਾ ਲੱਗ ਜਾਣ| ਉਹ ਕੁੱਤਿਆਂ ਨੂੰ ਮਾਰਦਾ ਮਾਰਦਾ ਗੁਨਾਹ ਦੇ ਅਹਿਸਾਸ ਵਿੱਚ ਬਿਲਕੁਲ ਹੀ ਡੁੱਬ ਜਾਂਦਾ ਹੈ| ਜਿੱਥੇ ਵੀ ਉਹ ਕੋਈ ਕੁੱਤਾ ਵੇਖਦਾ ਹੈ ਜਾਂ ਕੁੱਤੇ ਨੂੰ ਭੌਂਕਦੇ ਸੁਣਦਾ ਹੈ, ਉਹਦੇ ਗੁਨਾਹ ਦੇ ਅਹਿਸਾਸ ਦਾ ਜਖਮ ਹਰਾ ਹੋ ਜਾਂਦਾ ਹੈ| ਇਸ ਬਿਰਤੀ ਵਿੱਚ ਲਿਪਟਿਆ ਹੋਇਆ ਅਖੀਰ ਵਿੱਚ ਉਹ ਮਰਨ ਨੂੰ ਹੀ ਮੁਕਤੀ ਸਮਝਣ ਲੱਗ ਪੈਂਦਾ ਹੈ| ਇਸੇ ਭਾਲ ਵਿੱਚ ਉਹ ਰੱਬੀ ਨੂੰ ਜਾਨਵਰ ਨੁਮਾ ਬਿਰਤੀ ਵਾਲੇ ਥਾਣੇਦਾਰ ਹੱਥੋਂ ਕਤਲ ਹੋਂਣ ਤੋਂ ਬਚਾ ਲੈਂਦਾ ਹੈ, ਜਿਸ ਕਰਕੇ ਪਛਤਾਵੇ ਵਿੱਚ ਲਿਪਟਿਆ ਹਵਾਲਦਾਰ ਉਸ ਵੱਲੋਂ ਠਾਣੇਦਾਰ ਦੇ ਮਾਰੇ ਜਾਣ ਉੱਤੇ ਉਸ ਨੂੰ ਇਹੋ ਆਖਦਾ ਹੈ “ਬਸ ਸਮਝ ਤੂੰ ਇੱਕ ਕੁੱਤਾ ਹੋਰ ਮਾਰ ਦਿੱਤਾ| ” ਫੇਰ ਉਹ ਮਰੇ ਹੋਏ ਠਾਣੇਦਾਰ ਦੀ ਰੂਹ ਲਈ ਅਰਦਾਸ ਕਰਦਾ ਹੈ, ਕਿਉਂਕਿ ਉਹ ਖੁਦ ਸਰਬੱਤ ਦੇ ਭਲੇ ਦੀ ਹੋਕ ਵਿੱਚ ਪਿਗਲਿਆ ਹੋਇਆ ਬੰਦਾ ਹੈ | ਨਿੱਕਾ ਜਿਹਾ ਤੇ ਅੱਧਾ ਪੌਣ ਜਿਹਾ ਇਹ ਪਾਤਰ, ਇੱਕ ਮਿਆਰੀ ਚਿਤਰਣ ਕਰਕੇ ਬੜਾ ਵੱਡਾ ਹੋ ਜਾਂਦਾ ਹੈ| ਇੰਝ ਉਹ ਦਾ ਪਾਤਰ ਉਭਰ ਕੇ ਸਾਡੇ ਅੱਗੇ ਖੜਾ ਰਹਿੰਦਾ ਹੈ| ਪਰ ਨਿਰੋਲ ਅਜਿਹੇ ਡਰਾਕਲ ਜਿਹੇ ਪਾਤਰਾਂ ਦੇ ਨਾਲ ਨਾਲ ਸੁਬੇਗ ਸਿੰਘ ਵਰਗੇ ਤੇ ਰੌਣਕ ਵਰਗੇ ਪਾਤਰ ਚਿਤਰਕੇ, ਲੇਖਕ ਇਸ ਊਣ ਨੂੰ ਭਰ ਦੇਂਦਾ ਹੈ|

ਤੀਸਰਾ ਨੁਕਤਾ ਹੈ ਵਿਸ਼ੇ ਦਾ ਹੈ| ਆਮ ਤੌਰ ਤੇ ਦੋ ਤਰ੍ਹਾਂ ਦੇ ਵਿਸ਼ੇ ਹੁੰਦੇ ਹਨ, ਸਥਾਨਿਕ ਤੇ ਸਰਵ ਵਿਆਪਕ; ਸਥਾਨਿਕ ਵਿਸ਼ੇ ਵੀ ਬਹੁਤ ਵਾਰ ਸਮਾਜ ਦੇ ਜਾਂ ਕਿਸੇ ਦੇਸ਼ ਜਾਂ ਇਲਾਕੇ ਦੇ ਉਨ੍ਹਾਂ ਪੱਖਾਂ ਬਾਰੇ ਹੁੰਦੇ ਹਨ ਜਿਨ੍ਹਾਂ ਵਿੱਚ ਉੱਥੋਂ ਦੀਆਂ ਗੁੰਝਲਾਂ ਨੂੰ ਲਿਆ ਜਾਂਦਾ ਹੈ ਜੋ ਮਨੁੱਖੀ ਮਨਾ ਉੱਤੇ ਅਸਰ ਛੱਡ ਦੀਆਂ ਹਨ| ਸਰਵਵਿਆਪਕ ਉਹ ਵਿਸ਼ੇ ਹੁੰਦੇ ਹਨ ਜੋ ਹੱਦਾਂ ਬੰਨਿਆਂ ਤੋਂ ਮੁਕਤ ਹੋਕੇ ਸਮੁੱਚੀ ਮਨੁੱਖਤਾ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ|

ਉਂਝ ਇਸ ਨਾਵਲ ਦਾ ਵਿਸ਼ਾ ਸਥਾਨਿਕ ਹੈ, ਸਪਸ਼ਟ ਹੈ ਭਾਵੇਂ ਬਹੁਤੀ ਗਹਿਰਾਈਆਂ ਵਾਲਾ ਨਹੀਂ ਹੈ, ਪਰ ਇਸ ਵਿਚਲੇ ਚਿਤਰੇ ਲੈਂਡਸਕੇਪ ਵਿੱਚ ਵਾਪਰੀਆਂ ਤ੍ਰਾਸਦੀ ਭਰੀਆਂ ਘਟਨਾਵਾਂ ਲੋਕਾਂ ਉੱਤੇ ਦੋ ਤਰ੍ਹਾਂ ਦੇ ਅਸਰ ਛੱਡ ਦੀਆਂ ਹਨ| ਉਹ ਇਹ ਕਿ ਜਦੋਂ ਸਰਕਾਰ ਦੇ ਮੁਕੱਦਮ ਕਾਨੂੰਨ ਆਪਣੇ ਹੱਥਾਂ ਵਿੱਚ ਲੈਕੇ ਲੋਕਾਂ ਉੱਤੇ ਜ਼ੁਲਮ ਢਾਉਂਦੇ ਹਨ ਤੇ ਆਪਣੇ ਨਿੱਜੀ ਲਾਹੇ ਕਰਕੇ ਕਤਲ ਵਰਗੇ ਜੁਰਮ ਨੂੰ ਆਮ ਜਹੀ ਗੱਲ ਬਣਾ ਦਿਆਂ ਕਰਦੇ ਹਨ, ਤਦ ਜਾਂ ਤਾਂ ਲੋਕ ਡਰਾਕਲ ਬਣ ਕੇ ਜਿਉਂਣ ਲੱਗਦੇ ਹਨ ਤੇ ਜਾਂ ਫੇਰ ਕ੍ਰਾਂਤੀਕਾਰੀ ਬਣ ਜਾਂਦੇ ਹਨ| ਇਸ ਨਾਵਲ ਵਿੱਚ ਵੀ 1984 ਵੇਲੇ ਦੀਆਂ ਤਰਸਦੀਆਂ ਕਾਰਣ ਬਹੁਤੇ ਲੋਕ ਡਰਾਕਲ ਬਣ ਕੇ ਜਿਉਂਦੇ ਵਿਖਾਏ ਗਏ ਹਨ ਜਿਵੇਂ ਪਿੰਡਾਂ ਦੇ ਖਾਸ ਤੌਰਤੇ ਰੱਬੀ ਦੇ ਪਿੰਡ ਦੇ ਲੋਕ ਜੋ ਡਰ ਕੇ ਖਾਲੀ ਕਾਗਜ ਉੱਤੇ ਦਸਖਤ ਕਰ ਦੇਂਦੇ ਹਨ, ਛੋਟੀਆਂ ਨੌਕਰੀਆਂ ਕਰਨ ਵਾਲੇ ਜਿਵੇਂ ਸਿਪਾਹੀ ਜਾਂ ਹੌਲਦਾਰ ਜੋ ਗਲਤ ਵਾਪਰਦਾ ਵੇਖ ਕੇ ਚੁੱਪ ਧਾਰ ਲੈਂਦੇ ਹਨ, ਪਰ ਉਨ੍ਹਾਂ ਵਿੱਚ ਉਹ ਵੀ ਹਨ ਜੋ ਅਜਿਹੇ ਜੁਰਮ ਕਰਨ ਵਾਲਿਆਂ ਦੇ ਵਿਰੁੱਧ ਖੜ ਵੀ ਜਾਂਦੇ ਹਨ ਜਿਵੇਂ ਸੁਬੇਗ ਸਿੰਘ ਵਰਗੇ ਨੌਜਵਾਨ | ਇੰਝ ਇਹ ਵਿਸ਼ਾ ਸਥਾਨਕ ਹੱਦ ਟਪਣ ਦੇ ਗੁਣ ਰੱਖਦਾ ਹੈ ਕਿ ਜ਼ੁਲਮ ਦੀ ਅੰਤਹਾਂ ਲੋਕਾਂ ਉੱਤੇ ਕਿਹੋ ਜਿਹੇ ਅਸਰ ਛੱਡ ਦੀ ਹੈ ਭਾਵੇਂ ਇਹ ਵਿਸ਼ਾ ਲਘੂ ਹੀ ਹੋਵੇ| ਇਸ ਵਿਚਲਾ ਇੱਕ ਪਾਤਰ ਸੂਰਜਾ ਕੈਦੀ ਦੁਨੀਆ ਦੇ ਇੱਕ ਉਸ ਵਰਗ ਦੀ ਪ੍ਰਤੀਨਿੱਧਤਾ ਕਰਦਾ ਵਿਖਾਇਆ ਗਿਆ ਹੈ ਜੋ ਬਸ ਪੜ੍ਹ ਕੇ ਤੇ ਸੁਣ ਕੇ ਆਪਣੀ ਰਾਏ ਬੜੀ ਜਲਦੀ ਬਣਾ ਲੈਂਦਾ ਹੈ ਤੇ ਅਜਿਹੇ ਲੋਕ ਹਰ ਥਾਂ ਰਾਜ ਕਰਨ ਵਾਲੀ ਜਮਾਤ ਦੇ ਕਾਰਤੂਸ ਬਣ ਕੇ ਰਹਿ ਜਾਂਦੇ ਹਨ|

ਨਾਵਲਕਾਰ ਦੀ ਕਲਾਕਾਰੀ ਨਾਵਲ ਦੇ ਅੰਤ ਤੀਕ ਨਿਭਦੀ ਨਜ਼ਰ ਆ ਰਹੀ ਹੈ; ਨਾਵਲ ਦੇ ਅੰਤ ਵਿੱਚ ਚੱਲਦੀ ਗੱਡੀ ਵਿੱਚ ਦੋਨੋ ਮੁੱਖ ਪਾਤਰ ਵਗ ਰਹੀ ਜ਼ਿੰਦਗੀ ਨਾਲ ਜੋੜ ਦਿੱਤੇ ਗਏ ਹਨ; ਇਸ ਦਾ ਭਾਵ ਇਹੋ ਹੈ ਕਿ ਜ਼ਿੰਦਗੀ ਵਿੱਚ ਹੋਂਣ ਵਾਲੇ ਝਮੇਲਿਆਂ ਦੀ ਖੜੋਤ ਵਿੱਚੋਂ ਨਿਕਲ ਕੇ, ਉਹ ਦੋਨੋਂ ਆਰਾਮ ਨਾਲ ਦੌੜ ਰਹੀ ਗੱਡੀ ਦਾ ਹਿੱਸਾ ਬਣੇ ਲੱਗਦੇ ਹਨ :

“…….ਭੱਜ ਕੇ ਖਿੜਕੀ ਕੋਲ ਮੂੰਹ ਖੋਹਲ ਕੇ ਖੜ ਗਿਆ| ਮੂੰਹ ਵਿੱਚ ਵਜਦੀ ਕਵੱਲੀ ਆਵਾਜ਼ ਨਾਲ ਰੱਬੀ ਨੂੰ ਆਨੰਦ ਆਉਂਦਾ ਪਿਆ ਸੀ| …… ਰੌਣਕ ਦੇ ਅਥੱਰੂ ਜੰਮ ਚੁੱਕੇ ਸੀ| ਸੁੱਕ ਚੁੱਕੇ ਸੀ| ਉਹ ਨੇ ਵੀ ਰੱਬੀ ਵਾਂਗ ਆਪਣਾ ਮੂੰਹ ਅੱਡ ਲਿਆ ਤੇ ਹਵਾ ਵਜਣ ਕਰਕੇ ਹੁੰਦੀ “ਕੂੰ ਕੂੰ “ਆਵਾਜ਼ ਸੁਣਨ ਲੱਗ ਪਈ| ”

ਮੈਂ ਓਹੋ ਸੱਚ ਲਿਖਿਆ ਹੈ ਜਿਸ ਦਾ ਮੈਂ ਇਸ ਨਾਵਲ ਨੂੰ ਪੜ੍ਹਦਿਆਂ ਅਹਿਸਾਸ ਕੀਤਾ ਹੈ| ਇੰਝ ਸਮੁੱਚੇ ਤੌਰਤੇ ਗੁਰਪ੍ਰੀਤ ਸਹਿਜੀ ਤਿੰਨੇ ਨੁਕਤਿਆਂ ਉੱਤੇ ਦਸਾਂ ਵਿਚੋਂ ਨੌਂ ਦੇ ਕਰੀਬ ਨੰਬਰ ਲੈ ਲੈਂਦਾ ਹੈ, ਪਰ ਮੈਂ ਇਹ ਆਖਾਂਗਾ ਕਿ ਉਹ ਕਾਹਲ ਤੋਂ ਬਚੇ ਤੇ ਜਦੋਂ ਆਪਣੀ ਕਿਸੇ ਰਚਨਾ ਨੂੰ ਸਵਾਰੇ, ਉਸ ਉੱਤੇ ਹੋਰ ਜਿਆਦਾ ਮਿਹਨਤ ਕਰੇ, ਕਿਉਂਕਿ ਇੰਝ ਕਰਨ ਨਾਲ ਉਹ ਜਿੰਨੀ ਮਿਹਨਤ ਕਰੇਗਾ, ਓਨਾ ਹੀ ਉਹ ਹੋਰ ਚਮਕੇਗਾ| ਉਸ ਕੋਲ ਕੁਝ ਨਵਾਂ ਕਹਿਣ ਨੂੰ ਹੈ ਤੇ ਉਸ ਨੂੰ ਪੇਸ਼ ਕਰਨ ਦੀ ਕਲਾ ਉਸ ਕੋਲ ਹੈ, ਜੋ ਉਸ ਨੂੰ ਬੜਾ ਹੋਣਹਾਰ ਨਾਵਲਕਾਰ ਬਣਾਉਂਦੀ ਹੈ| ਮਿਆਰ ਨੂੰ ਉੱਚਾ ਰੱਖਣ ਵਾਲੇ ਉਪਰੋਕਤ ਦੱਸੇ ਨੁਕਤੇ ਹੀ ਹਨ ਜਿਨ੍ਹਾਂ ਉੱਤੇ ਸੰਸਾਰ ਭਰ ਦੀਆਂ ਗੁਣਵੱਤਾ ਰਚਨਾਵਾਂ ਅਧਾਰਤ ਹਨ| ਮਰਕਿਟਿੰਗ ਦੇ ਆਧਾਰ ਉੱਤੇ ਚਰਚਤ ਰਚਨਾਵਾਂ ਇਨ੍ਹਾਂ ਨੁਕਤਿਆਂ ਉੱਤੇ ਪਰਖੀਆਂ ਜਾ ਸਕਦੀਆਂ ਹਨ ਕਿ ਅਸਲ ਵਿੱਚ ਉਹ ਕਿੰਨੀਆਂ ਕੁ ਮਿਆਰੀ ਹਨ !ਇਸ ਪਰਸੰਗ ਵਿੱਚ ਗੁਰਪ੍ਰੀਤ ਸਹਿਜੀ ਵਧਾਈ ਦਾ ਪਾਤਰ ਹੈ| ਸ਼ੁਭ ਇੱਛਾਵਾਂ!

ਗ. ਸ. ਨਕਸ਼ਦੀਪ ਪੰਜਕੋਹਾ

ਬੰਦਾ ਕਿ 9 ਤਰੀਕ Read More »

Scroll to Top