ਵਕਤ ਦੀ ਗੱਲ

ਸੁਣਿਆ ਹੈ ਕਿ ਅੰਬ ਨੂੰ ਵੇਖ ਅੰਬ ਪੱਕਦਾ ਹੈ ,

ਨਹੀਂ ਪੱਕਿਆ ਕਿਉਂਕਿ ਹਰ ਅੰਬ ਹਉਂ ਵਿੱਚ ਹੈ

ਹਉਂ ਟੁੱਟੇ ਤੇ ਅੰਬ ਪੱਕੇ !

ਚਿੱਤਰਕਾਰ ਨੇ ਤਸਵੀਰ ਵਾਹ ਦਿੱਤੀ

ਚੋਰਾਂ ਦੇ ਹੱਥਕੰਡਿਆਂ ਤੇ ਜੋਰਵਰਾਂ ਦੀਆਂ ਧਮਕੀਆਂ ਪਿੱਛੇ

ਛੁੱਪੀ ਲਾਹਪਰਵਾਹੀ ਦੇ ਸਰਾਪ ਦੀ !

ਅਜੇ ਵੀ ਉਹ ਹਨ ਜੋ ਸੂਰਜ ਵੱਲ ਪਿੱਠ ਕਰ ਆਖਦੇ ਹਨ

ਸੂਰਜ ਨਹੀਂ ਚੜ੍ਹਿਆ! ਤਦੇ ਸ਼ੋਸ਼ਣ ਜਾਰੀ ਰਹੇਗਾ !

ਉਬਾਲੀ ਕੇਂਦਰ ਬਿੰਦੂ ਤੋਂ ਸ਼ੁਰੂ ਕਰਕੇ

ਸਭ ਕੁਝ ਬਾਹਰ ਸੁੱਟਣ ਦਾ ਜੇਰਾ ਕਰਦੀ ਹੈ !

ਮੇਰੇ ਲੋਕ ਉਬਾਲੀ ਤੋਂ ਸਿੱਖਣ ਤੋਂ ਵੀ ਮੁਨਕਰ ਹਨ !

ਸੱਪ ਨੇ ਕਾਟੋ ਦੇ ਅੰਡੇ ਖਾ ਲਏ ਹਨ,

ਕਾਂ ਵੇਖਕੇ ਰੋਲਾ ਪਾ ਭੈਣ ਭਰਾਵਾਂ ਨੂੰ ਇਕੱਤਰ ਕਰਦਾ ਹੈ !

ਮੇਰੇ ਲੋਕਾਂ ਨੇ ਕਾਵਾਂ ਤੋਂ ਵੀ ਨਾ ਸਿੱਖਿਆ !

ਜਾਬਰ ਜਿੱਤਦਾ ਰਹੇ ਜੇ ਤਦ ਮਨੁੱਖਤਾ ਸੁੰਗੜ ਜਾਂਦੀ ਹੈ

ਵੈਣ ਪਾਉਂਦੀ ਹੋਈ ਕਿ ਕੀ ਹੋ ਗਿਆ ਜਮੀਰਾਂ ਨੂੰ !

ਸ਼ਰੇਆਮ ਕੋਈ ਲੋਕਾਂ ਨੂੰ ਖਰੀਦਣ ਦੇ ਕਰੇ ਦਾਹਵੇ,

ਤੇ ਲੋਕ ਚੁੱਪ ਧਾਰੀ ਬੈਠੇ ਹਨ !

ਕਦੇ ਐਨੀ ਦੁਰਗਤੀ ਵੇਖੀ ਏ ਮਨੁੱਖ ਦੀ ?

ਠੁਹਿਆਂ ਨੂੰ ਏਧਰ ਓਧਰ ਛੱਡਕੇ,

ਕੋਈ ਮੁਸਕਰਾ ਕੇ ਮਸ਼ਕਰੀਆਂ ਕਰਦਾ ਏ,

ਸ਼ਹੀਦਾਂ ਦੀ ਔਲਾਦ ਕਿੱਧਰ ਹੈ ?

ਛੋਟੇ ਛੋਟੇ ਡੱਬਿਆਂ ਦੇ ਸੁਆਦ ਵਿੱਚ ਰਹਿਕੇ

ਆਗੂ ਗਾਇਬ ਹਨ ਤੇ ਲੋਕਧਾਰਾ ਚੁੱਪ ਹੈ !

ਜੋ ਬੋਲਦੀ ਹੈ ਉਹ ਅਣਸੁਣੀ ਕਰਕੇ ਕੋਈ ਹੱਸਦਾ ਹੈ,

ਕਿਉਂਕਿ ਖੋਹੀ ਅਜ਼ਾਦੀ ਵਾਪਿਸ ਲਿਆਉਣ ਦਾ ਖਿਆਲ,

ਅਜੇ ਤੁਰਨਾ ਸਿੱਖ ਰਿਹਾ ਹੈ ਬੱਚੇ ਵਾਂਗ,

ਬਿਲਕੁਲ ਹੋਇਆ ਅਣਜਾਣ ਇਤਿਹਾਸ ਤੋਂ !

ਸਾਧੂਆਂ ਦੇ ਡੇਰੇ ਭਰੇ ਪਏ ਹਨ,

ਮਨ ਭਾਉਂਦੀਆਂ ਦਾਤਾਂ ਲਈ ਮੂਰਖਾਂ ਨਾਲ !

ਕਿਉਂਕਿ ਧਰਮ ਨਸ਼ਾ ਬਣ ਦਿੱਤਾ ਗਿਆ ਜਿਵੇਂ

ਦੀਵੇ ਨੂੰ ਢੱਕ ਕਿ ਹਨੇਰੇ ਨੂੰ ਪੂਜਿਆ ਜਾਵੇ!

ਜੋ ਲਹਰ ਉੱਠੀ ਹੈ ਉਸ ਨੇ ਨਫ਼ਰਤ ਦੇ ਗਾਇਣੇ ਪਹਿਨ ਲਏ !

ਜੇ ਹੋਰ ਨਹੀਂ ਵੰਡੀਆਂ ਦੀ ਅਫੀਮ ਛੱਡਕੇ,

ਚਿੱਕੜ ਵੱਲ ਕਿਸਤੀ ਹੀ ਸੁੱਟ ਦਿਓ

ਕੋਈ ਕਿਨਾਰੇ ਤਾਂ ਪੁੱਜੇ !

ਤੰਗਦਿਲੀ ਸੁਰੀਲੀ ਬਣ ਗਈ ਏ,

ਇਸੇ ਰਾਗ ਵਿੱਚ ਭੇਡ ਸੋਚ ਮਸਤ ਹੈ !

ਮਤਲਬਪ੍ਰਸ਼ਤੀ ਗਾਹੜੇ ਰੰਗ ਵਿੱਚ ਆਪਣੇ ਵੱਲ ਖਿੱਚੇ ਪਈ !

ਫਿਰ ਵੀ ਉਹ ਜੋ ਚੱਲ ਪਏ ਇਹ ਸਭ ਕੁਝ ਵੇਖਕੇ

ਕਾਫਲਾ ਵਧੇਗਾ ਉਨਾਂ ਦਾ ਹੌਲੀ ਹੌਲੀ,

ਤੇ ਪਹਾੜ ਤੋਂ ਪਾਰ ਦੀ ਵਾਦੀ ਜੀ ਆਇਆਂ ਆਖੇਗੀ,

ਸਿਰਫ਼ ਵਕਤ ਦੀ ਗੱਲ ਹੈ !

ਵਕਤ ਦੀ ਗੱਲ Read More »

ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ

ਮੇਰੇ ਪਿਆਰੇ ਮਿੱਤਰ ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ | ਮੈਂ ਕਵੀ ਜੀ ਦੇ ਖਿਆਲ ਨਾਲ ਸਹਿਮਤ ਨਾ ਹੋ ਸਕਿਆ | ਹਰਵਿੰਦਰ ਜੀ ਨਾਲ ਕੁਝ ਵਿਚਾਰ ਵਟਾਂਦਰਾ ਹੋਇਆ ਅਤੇ ਕਵੀ ਜੀ ਆਪਣੇ ਹੱਕ ਵਿੱਚ ਆਖੈ ਸ਼ਬਦਾਂ ਦੀ ਲੋਰੀ ਲੈਂਦੇ ਲੈਂਦੇ ਮੇਰੀ ਅਸਹਿਮਤੀ ਨੂੰ ਭਵਕਤਾ ਨਾਲ ਬੰਨ੍ਹ ਗਏ | ਮੈਂ ਸਵਾਲ ਕੀਤਾ ਤਦ ਉਹ ਗੁਮਾਨਨੁਮਾ ਅੰਦਾਜ ਨਾਲ ਬਹਿਸ ਤੋਂ ਕਤਰਾ ਗਏ ਕਿਉਂਕਿ ਸਿਰਫ਼ ਚੰਗੇ ਸ਼ਬਦ ਸੁਣਨਾ ਹੀ ਚੰਗਾ ਲੱਗਿਆ ਕਰਦਾ ਹੈ| ਮੈਂ ਇਸ ਤੱਥ ਨੂੰ ਕਿ ਮੁਹੱਬਤ ਜਿਸਮ ਤੀਕ ਸੀਮਤ ਨਹੀਂ ਇੱਕ ਕਵਿਤਾ ਰਾਹੀਂ ਪੇਸ਼ ਕੀਤਾ ਹੈ ਇਹ ਸੋਚ ਕਿ ਹਮ ਭੀ ਮੂੰਹ ਮੇ ਜੁਬਾਨ ਰੱਖਤੇ ਹਾਂ…….. ਕਿਸੇ ਨੂੰ ਇਹ ਅੱਖਰ ਜਾਵੇ ਪਹਿਲਾਂ ਹੀ ਮੁਆਫੀ ਦਾ ਜਾਚਿਕ ਹਾਂ !

ਮੁਹੱਬਤ ਤੇ ਜਿਸਮ

ਮੁਹੱਬਤ ਨੂੰ ਜੋ ਜਿਸਮ ਤੀਕ ਬੰਨ੍ਹਦਾ ਹੈ

ਤਰਕ ਦੀਆਂ ਦਲੀਲਾਂ ਦੇਕੇ,

ਉਹ ਉਹ ਹੈ ਜੋ ਉਤਲੀ ਤਹਿ ਤੇ ਤੈਰਕੇ

ਸਮੁੰਦਰ ਦੀ ਗਹਿਰਾਈ ਮਾਪਣ ਦਾ ਦਾਹਵਾ ਕਰਦਾ ਹੈ !

ਵਸਤੂ ਦੇ ਨਾਲ ਲਗਾਓ ਮੁਹੱਬਤ ਨਹੀ,

ਭੌਤਿਕ ਹੋਂਦ ਮੁਹੱਬਤ ਲਈ ਜਰੂਰੀ ਨਹੀਂ ਕਿਉਂਕਿ

ਕੰਨ ਵਿੱਚ ਛਣਕਦੇ ਬੋਲ ਹਉਂ ਦੀਆਂ ਦੀਵਾਰਾਂ ਭੰਨਕੇ

ਮੁਹੱਬਤ ਦਾ ਰਾਗ ਸਿਰਜਦੇ ਹਨ ਇੱਕ ਮੂਰਤੀਕਾਰ ਵਾਂਗ

ਜੋ ਮਿੱਟੀ ਦੇ ਗੋਲੇ ਵਿੱਚ ਕੁਝ ਘੜ ਕੇ ਮੁਸਕਰਾਉਂਦਾ ਹੈ !

ਜਿਸ ਨੇ ਜਿਸਮ ਤੀਕ ਹੀ ਮੁਹੱਬਤ ਦਾ ਅਹਿਸਾਸ ਕੀਤਾ ਏ

ਉਸ ਨੇ ਤਾਂ ਮੁਹੱਬਤ ਕੀਤੀ ਹੀ ਨਹੀਂ ਕਿਉਂਕਿ

ਉਹ ਤਾਂ ਲਗਾਓ ਦੀ ਭੁੱਖ ਨੂੰ ਮੁਹੱਬਤ ਸਮਝ ਬੈਠਿਆ !

ਮੁਹੱਬਤ ਦੇ ਇਤਿਹਾਸ ਵਿੱਚ ਜਿਸਮ ਦਾ ਬੰਧਨ

ਭੁੱਖ ਦੀ ਇੱਕ ਕਿਸਮ ਹੋ ਉਘੜਦਾ ਹੈ !

ਜਿਸਮ ਤੀਕ ਮੁਹੱਬਤ ਨੂੰ ਬੰਨਣਾ ਨਵਾਂ ਖਿਆਲ ਨਹੀਂ

ਤਰਕ ਦੇ ਫਰੇਬਾਂ ਦਾ ਉਬਾਲ ਹੈ,

ਸਰੀਰਕ ਭੁੱਖ ਦੀ ਝੂਠੀ ਗਵਾਹੀ ਹੈ !

ਨੇਤ੍ਰਹੀਣ ਦੀ ਮੁਹੱਬਤ ਦਾ ਮਜਾਕ ਹੈ !

ਜੇ ਬਹੁਮਤ ਸੁੰਗੜ ਕੇ ਜਿਸਮ ਤੀਕ

ਡੁੱਲ੍ਹ ਗਿਆ ਹੋਵੇ ਤਦ ਮੁਹੱਬਤ ਦੇ ਅਰਥ ਸੀਮਤ ਨਹੀਂ ਹੁੰਦੇ !

ਮੁਹੱਬਤ ਵਹਾ ਹੈ ਅਣਮਿਣੇ ਭਾਵਾਂ ਦਾ

ਜੋ ਜਿਸਮ ਦੇ ਦਾਇਰਿਆਂ ਨਾਲ ਕਦੇ ਰੁਕਦਾ ਨਹੀਂ !

ਇਹ ਮਨ ਦੀ ਤਹਿ ਵਿੱਚ ਉਤਰਿਆ ਉਹ ਸੱਚ ਹੈ

ਜੋ ਬਿਨ ਵਸਲ ਪਲਦਾ ਹੈ !

ਜੇ ਤੁਹਾਡੀ ਤਰਕ ਇਸ ਮੁਹੱਬਤ ਦੇ ਮੇਚਦੀ ਨਹੀਂ

ਤਦ ਬਿਨ ਜਿਸਮ ਦੀ ਖਿੱਚ ਤੋਂ ਮੁਹੱਬਤ ਕਰਕੇ ਵੇਖਣਾ

ਮਹਿਸੂਸਣਾ ਕਿ ਅਣਦਿੱਖ ਨਾਲ ਜੁੜੀ ਸਮਾਧੀ

ਰੁੱਖੇ ਤਰਕ ਦੇ ਖਿਆਲ ਨਾਲ ਟੁੱਟਦੀ ਨਹੀਂ !

ਸਭ ਭਾਵ ਤਰਕ ਦੇ ਗੁਲਾਮ ਨਹੀਂ ਹੁੰਦੇ

ਤੇ ਬਨੇਰੇ ਤੇ ਬੋਲਿਆ ਕਾਂ ਸੁਨੇਹਾ ਦੇਣ ਹੀ ਨਹੀਂ ਬੋਲਦਾ !

ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ Read More »

ਨੋਦੀਪ ਨੂੰ

ਤੇਰੇ ਵਿੱਚ ਕੁੜੇ ਦਰਦ ਸੀ ਦਇਆ ਸੀ, ਤੇ ਦੁਖ ਦਾ ਅਹਿਸਾਸ ਸੀ !

ਤੇਰੇ ਪਾਸ ਬੜਾ ਸਾਹਸ ਸੀ ਤੇ ਦਿਲ ਜੋਰਾਵਰ ਦੇ ਧੱਕੇ ਤੋਂ ਨਿਰਾਸ਼ ਸੀ!

ਮਨੁੱਖਤਾ ਦੇ ਹਾਰ ਪਾਕੇ ਮੁਟਿਆਰੇ ਤੂੰ, ਨਿਧਿੱੜਕ ਪਹੁੰਚੀ ਅੱਗ ਪਾਸ ਸੀ

ਦਰਿੰਦੇ ਰਖਵਾਲੇ ਅਖਵਾਉਣ ਵਾਲੇ, ਫਿਰ ਲੋਚਨ ਲੱਗੇ ਤੇਰਾ ਮਾਸ ਸੀ

ਤੂੰ ਅਭੈ ਬਣ ਪਰ ਅੱਗ ਵੱਲ ਤੁਰੀ ਗਈ, ਤੈਨੂੰ ਤਾਂ ਜਿੱਤ ਦੀ ਤਲਾਸ਼ ਸੀ

ਕਿੱਥੇ ਸੀ ਕਾਨੂੰਨ ਵਾਲੇ ਜਾਂ ਯੋਧੇ ਸੂਰਮੇ?ਕਿਉਂ ਇਹ ਮਨੁੱਖਤਾ ਖਲਾਸ ਸੀ ?

ਬੇਪੱਤੀ ਹੋਈ ਪਰ ਕੁਝ ਵੀ ਨਾ ਹੋਇਆ, ਇਹ ਕਿਹਾ ਜਿਹਾ ਇਨਸਾਫ ਸੀ ?

ਬਹੁਤ ਤਾਕਤ ਸੀ ਲੋਕਾਂ ਦੀ, ਪਰ ਤਾਂ ਵੀ ਇੱਕ ਉਦਾਸ ਧੀ ਬੇਆਸ ਸੀ !

ਉੱਠੇਗਾ ਸੂਰਮਾ ਨਕਸ਼ਦੀਪ ਫੇਰ, ਇਹੋ ਤਾਂ ਦੱਸਦਾ ਰਿਹਾ ਇਤਿਹਾਸ ਸੀ !

ਗ ਸ ਨਕਸ਼ਦੀਪ ਪੰਜਕੋਹਾ

ਨੋਦੀਪ ਨੂੰ Read More »

Scroll to Top