ਸ਼ਹੀਦ

ਗੁਰੂ ਨਾਨਕ ਜੀ ਨੇ ਹੀ ਪਹਿਲੀ ਵਾਰ ਭਾਰਤੀਆਂ ਨੂੰ ਕਿਹਾ ਸੀ ਕਿ ਔਰਤ ਹੀ ਤਾਂ ਰਾਜੇ ਜੰਮਦੀ ਹੈ ਜਿਨਾਂ ਨੂੰ ਤੁਸੀਂ ਐਨੀ ਵਡਤਣ ਦੇਂਦੇ ਹੋ; ਔਰਤ ਬਿਨਾਂ ਤਾਂ ਜ਼ਿੰਦਗੀ ਖਲੋ ਜਾਂਦੀ ਅਤੇ ਲੋਕਾਈ ਖਤਮ ਹੋ ਜਾਂਦੀ ਹੈ;ਫੇਰ ਉਸ ਨੂੰ ਹੀਨਤਾ ਨਾਲ ਨਿੰਦਣਾ ਛੱਡ ਦਿਓ | ਔਰਤ ਨੂੰ ਇੱਕ ਚੀਜ਼ ਸਮਝਣਾ ਅਤੇ ਉਸ ਦੇ ਜਿਸਮ ਤੋਂ ਅੱਗੇ ਨਾ ਜਾ ਸਕਣ ਵਲੀਂ ਮਾਨਸਿਕ ਬਿਮਾਰੀ ਮਰਦ ਨੂੰ ਹਟਾਉਣੀ ਬਹੁਤ ਜਰੂਰੀ ਹੈ , ਨਹੀਂ ਫੋਕੀ ਔਰਤ ਦੇ ਹੱਕ ਵਿੱਚ ਬੱਲੇ ਬੱਲੇ ਕਰਨ ਨਾਲ ਕੀ ਬਣੇਗਾ? ਔਰਤ ਨੂੰ ਚਾਹੀਦਾ ਹੈ ਕਿ ਆਪਣੇ ਬਾਰੇ ਉਹ ਸਾਰੇ ਸ਼ਬਦਾਂ ਉੱਤੇ ਰੋਸ ਕਰੇ ਜੋ ਉਸ ਨੂੰ ਨੀਵਾਂ ਵਿਖਾਉਂਦੇ ਹਨ | ਇਸੇ ਪਰਸੰਗ ਵਿੱਚ ਇੱਕ ਕਵਿਤਾ ਪੇਸ਼ ਕਰ ਰਿਹਾਂ :
ਪਾਰ ਦੀ ਖੁਸ਼ਬੂ
ਜਦੋਂ ਔਰਤ ਦੇ ਜਿਸਮ ਤੀਕ,
ਨਜਰ ਅਟਕ ਕੇ ਰਹਿ ਜਾਵੇ,
ਉਦੋਂ ਮਰਦ ਦੀ ਹਾਲਤ ਹੁੰਦੀ,z
ਇੱਕ ਭੁੱਖੇ ਜਾਨਵਰ ਵਰਗੀ
ਜੋ ਭੁੱਖ ਕਾਰਣ ਕੁਝ ਵੀ ਖਾ ਲੈਂਦਾ ਹੈ !
ਉਸ ਦੀ ਸੋਚ ਮਾਂ ਨੂੰ ਗਾਲੀ ਬਣ ਜਾਂਦੀ ਹੈ
ਉਹ ਸਮਾਜ ਦਾ ਦਿੱਤਾ ਸਰਾਪ ਹਢਾਉਂਦਾ ਹੈ !
ਔਰਤ ਨੂੰ ਇੱਕ ਚੀਜ਼ ਸਮਝ ਉਹ
ਖੂਬਸੂਰਤ ਸ਼ਖਸ਼ੀਅਤ ਦੇ ਅਭਾਵ ਵਿੱਚ ਗੁੰਮ ਜਾਂਦਾ !
ਤੱਥ ਇਹ ਵੀ ਹੈ ਕਿ ਉਸ ਦੀ ਨਜਰ
ਆਪਣੀ ਮਾਂ ਦੇ ਜਿਸਮ ਤੀਕ ਨਹੀਂ ਟਿਕਦੀ !
ਤਦੇ ਇਸ਼ਕ ਮਿਜਾਜੀ ਵਿੱਚ ਜਿਸਮ ਦਾ ਪਿਆਰ,
ਪਿਆਰ ਨਹੀਂ ਬਲਕਿ ਭਾਵਾਂ ਵਿੱਚ ਲਿੱਬੜੀ
ਹਵਸ ਅਕਸ ਬਣਿਆ ਰਹਿੰਦੈ !
ਜਿਸ ਦਿਨ ਇਹ ਸਰਾਪ ਮਰਦ ਨੇ
ਲਾਹਕੇ ਵਗਾਹ ਮਾਰਿਆ
ਉਹ ਔਰਤ ਦੇ ਕਰਾਮਾਤੀ ਦਿਮਾਗ ਦੇ ਫੁੱਲਾਂ ਦੀ
ਮਾਣੇਗਾ ਖੁਸ਼ਬੂ ਅਤੇ ਆਖ ਸਕੇਗਾ
“ਮਾਂ ਦੀ ਜਾਤ ਮੇਰੀ ਜਾਤ ਨਾਲੋਂ
ਕਦੇ ਵੀ ਘੱਟ ਨਹੀਂ ਸੀ !
ਮੈਂ ਐਵੇਂ ਮੂਰਖਾਂ ਦੀ ਭੇਡ ਬਣਿਆ ਰਿਹਾ |”
ਮੰਨੂੰ ਦੀ ਸੋਚ ਦਾ ਕਤਲ ਕਰਕੇ,
ਪੁਰਾਣਿਆਂ ਦੀ ਸੋਚ ਦੇ ਦਾਗ,
ਜੋ ਸਮਾਜ ਦੇ ਜਿਸਮ ‘ਤੇ ਉੱਕਰੇ ਪਏ ਹਨ,
ਨੂੰ ਧੋ ਕੇ ਫਿਰ ਉਹ ਧਰਤੀ ‘ਚ ਪੁੰਗਰਦੇ
ਪੌਦਿਆਂ ਦੀ ਤਰ੍ਹਾਂ
ਨਵੀਂ ਫ਼ਿਜ਼ਾ ਵਿੱਚ ਪੁੰਗਰੇਗਾ
ਔਰਤ ਦੇ ਬਰਾਬਰ ਦੀ ਖੁਸ਼ਬੂ ਬਣਨ ਲਈ !
ਗ ਸ ਨਕਸ਼ਦੀਪ ਪੰਜਕੋਹਾ
(ਭਾਰਤੀਆਂ ਦੇ ਨਾਂ )
ਨਾਲ ਲੱਗਦੇ ਦਰੱਖਤ ਦੀ ਟੀਸੀ ਤੇ,
ਮੇਰੀ ਨਜਰ ਪਈ ਅਟਕੇ ਫਲ ਤੇ!
ਉੱਥੇ ਦੁਹਰੀ ਹੋਏ ਟਾਹਣੀ ਵਿੱਚ
ਫਸ ਗਿਆ ਹੈ ਮੇਰਾ ਪੰਜਾ!
ਮੈਂ ਉਡ ਨਹੀਂ ਪਾ ਰਿਹਾ!
ਕੋਲ ਹੀ ਖੜ੍ਹੇ ਦਰੱਖਤ ‘ਤੇ
ਮੇਰੇ ਤੇ ਮੇਰੀ ਸਾਥਣ ਦਾ ਆਹਲਣਾ ਹੈ!
ਆਹਲਣੇ ਵਿੱਚ ਦੋ ਸਾਡੇ ਚੂਚੇ ਹਨ!
ਮੇਰੀ ਸਾਥਣ ਖੁਰਾਕ ਦੀ ਭਾਲ ਚ ਕਿਤੇ ਬਾਹਰ ਹੈ!
ਨਾਲ ਦੇ ਦਰਖ਼ਤ ਤੇ ਇੱਕ ਸਪ ਚੜ੍ਹ ਰਿਹਾ ਹੈ!
ਸਾਡੇ ਚੁੱਚਿਆਂ ਦਾ ਮੁਸ਼ਕ ਆ ਗਿਆ ਉਸ ਨੂੰ
ਤੇ ਉਹ ਸਾਡੇ ਚੁੱਚਿਆਂ ਵੱਲ ਜਾਏਗਾ!
ਮੈਂ ਫੇਰ ਉੱਡਣਾ ਚਾਹਿਆ,
ਨਹੀਂ ਉਡ ਪਾਉਂਦਾ! ਮੈਂ ਕਾਫੀ ਬੋਲੀ ਜਾ ਰਿਹਾਂ!
ਨਾਲ ਦੇ ਦਰੱਖਤ ‘ਤੇ ਹੋਰ ਮੇਰੇ ਵਰਗੇ ਪਰਿੰਦੇ ਹਨ!
ਮੈਨੂੰ ਸੁਣਕੇ ਉਹ ਜਰਾ ਏਧਰ ਓਧਰ ਵੇਖਦੇ ਹਨ!
ਫੇਰ ਸੱਪ ਨੂੰ ਵੇਖਕੇ, ਬੋਲਦੇ ਹਨ ਪਰ ਹਿਲਦੇ ਨਹੀਂ!
ਸੱਪ ਨੂੰ ਚੁੰਜ ਮਾਰਨ ਖਾਤਰ ਉੱਡਦੇ ਹੀ ਨਹੀਂ!
ਸੋਚਦਾ ਹਾਂ ਕਿ ਉਹ ਬੇਹਰਕਤ ਕਿਉਂ ਹਨ?
ਖਤਰਾ ਵੱਧ ਰਿਹਾ ਹੈ! ਮੇਰੀ ਕੋਸ਼ਿਸ਼ ਜਾਰੀ ਹੈ,
ਪਰ ਉਹ ਅਜੇ ਵੀ ਕਿਉਂ ਹਨ ਬੇਹਰਕਤ!
ਡਰ ਅਤੇ ਮੌਤ ਵਿੱਚ,
ਲੱਗਦਾ ਹੈ ਕੋਈ ਫਰਕ ਨਹੀਂ !
ਗ ਸ ਨਕਸ਼ਦੀਪ ਪੰਜਕੋਹਾ
ਗਿਆਨ ਨੂੰ ਕੁੱਜੇ ਵਿੱਚ ਬੰਦ ਕਰਨਾ ਕੋਈ ਸਵਾਮੀ ਅੰਤਰ ਨੀਰਵ ਤੋਂ ਸਿੱਖੇ ! ਮੈਂ ਸਵਾਮੀ ਅੰਤਰ ਨੀਰਵ ਨੂੰ ਨਹੀਂ ਜਾਣਦਾ ਪਰ ਉਨਾਂ ਦੀਆਂ ਕਵਿਤਾਵਾਂ ਵਿੱਚ ਆਰਤਿੰਦਰ ਸੰਧੂ ਦੀਆਂ ਕਵਿਤਾਵਾਂ ਵਰਗੇ ਨਿਵੇਕਲੇ ਖਿਆਲ ਪਾਠਕਾਂ ਨੂੰ ਬੁਲਾਉਂਦੇ ਹਨ | ਨਿੱਕੀਆਂ ਜਿਹੀਆਂ ਗੱਲਾਂ ਜੋ ਆਲੇ ਦੁਆਲੇ ਵਾਪਰਦੀਆਂ ਹਨ, ਉਨਾਂ ਨੂੰ ਇੱਕ ਸੋਹਜ ਤੇ ਸਿਆਣਪ ਭਰਿਆ ਕਵੀ ਐਵੇਂ ਨਹੀਂ ਲੰਘਣ ਦੇੰਦਾ ਬਿਨ ਕੁਝ ਆਖਿਆਂ |ਕੁਝ ਇਸੇ ਤਰਾਂ ਦੇ ਜਾਪਦੇ ਹਨ ਸਵਾਮੀ ਅੰਤਰ ਨੀਰਵ, ਜਿਨਾਂ ਬਾਰੇ ਫੇਸ ਬੁੱਕ ਤੋਂ ਐਨਾ ਕੁ ਜਾਣ ਸਕਿਆ ਹਾਂ ਕਿ ਉਹ ਪੁੰਚ, ਜੰਮੂ ਰਹਿੰਦੇ ਹਨ, ਉਨਾਂ ਦਾ ਆਪਣਾ ਕਾਰੋਬਾਰ ਹੈ ਅਤੇ ਉਨਾਂ ਨੇ Annamalai University ਤੋਂ ਵਿਦਿਆ ਲਈ ਹੋਈ | ਡਿਗਰੀਆਂ ਮੇਰੇ ਕੋਲ ਵੀ ਹਨ ਪਰ ਇਨਾਂ ਨੂੰ ਮੈਂ ਆਰਟ ਦੇ ਪਰਸੰਗ ਵਿੱਚ ਬਹੁਤੀ ਅਹਮਿਆਤ ਨਹੀਂ ਦੇੰਦਾ, ਕਿਉਂਕਿ ਡਿਗਰੀਆਂ ਦਾ ਕਲਾ ਨਾਲ ਬਹੁਤਾ ਸੰਬੰਧ ਨਹੀਂ ! ਆਓ ਉਨਾਂ ਦੀ ਇੱਕ ਛੋਟੀ ਜਿਹੀ ਕਵਿਤਾ “ ਕਾਗਜ ਤੇ ਕਵਿਤਾ ” ਪੜੀਏ ਪਰ ਪਹਿਲਾਂ ਇੱਕ ਸੁਚੱਜੇ ਕਵੀ ਦੀ ਤੀਖਣ ਯਾਦ ਬਾਰੇ ਜਾਣੀਂਏ; ਕਵੀ ਬਹੁਤ ਵਾਰ ਕੈਮਰਾ ਬਣਕੇ ਤਸਵੀਰ ਖਿੱਚ ਦੇੰਦਾ ਹੈ | ਜੇ ਉਸ ਕੋਲ ਕੈਮਰਾ ਹੋਵੇ, ਤਦ ਉਹ ਦੋਨਾਂ ਨਾਲ ਅਜਬ ਦੇ ਦ੍ਰਿਸ਼ ਸ਼ਬਦਾਂ ਤੇ ਕਮਰੇ ਵਿੱਚ ਬੰਦ ਕਰਕੇ ਤੁਹਾਡੇ ਅੰਦਰਲੇ ਆਰਟਿਸਟ ਨੂੰ ਜਗਾਉਂਦਾ ਹੈ | ਪੰਜਾਬੀ ਕਵਿਤਰੀ ਜਸ ਪ੍ਰੀਤ ਕਈ ਵਾਰ ਕੈਮਰੇ ਅਤੇ ਸ਼ਬਦ ਦੋਨੋਂ ਵਰਤਕੇ ਹੈਰਾਨ ਕਰ ਜਾਂਦੇ ਹਨ | ਇਸੇ ਪਰਸੰਗ ਵਿੱਚ ਗੱਲ ਕਰੀਏ ਵਿਲਿਅਮ ਵਰਡਜ਼ਵਰਥ ਦੀ ਜੋ “ਬੋਥਵੈੱਲ ਕੈਸਲ” ਵਿੱਚ ਇੱਕ ਯਾਦ ਰਾਹੀਂ ਰੁੜ ਪੁੜ ਗਏ ਕੈਸਲ ਨੂੰ ਜਿੰਦਾ ਕਰਦਾ ਹੈ :
Once on those steeps I roamed at large; and have
In mind the landscape, as if still in sight;
The river glides, the woods before me wave
ਹੈ ਨਾ ਦ੍ਰਿਸ਼ ਜੋ ਜ਼ਿਹਨ ਵਿੱਚ ਫੋਟੋ ਵਾਂਗ ਲਹਿ ਗਿਆ ? ਕੁਝ ਇੰਝ ਹੀ ਕਈ ਕਵੀ ਅਤੀਤ, ਹੁਣ ਤੇ ਭਵਿੱਖ ਦੀ ਹਾਲਤ ਦੱਸਦੇ ਹਨ :
Broken bottles and charred pieces of glass,
Wadded up newspapers tossed on the grass,
Pouring of concrete and tearing out trees.
This is the environment that surrounds me?
(Sylvia stults)
ਹੈ ਨਾ ਵਾਤਾਵਰਣ ਨੂੰ ਗੰਧਲਾਉਣ ਵਾਲਿਆਂ ਦੇ ਮੂੰਹ ‘ਤੇ ਮਾਰੀ ਚੁਪੇੜ; ਵਿਖਦਾ ਤਾਂ ਹੋਰਾਂ ਨੂੰ ਵੀ ਹੈ ਪਰ ਵਿਚਾਰੇ ਚੁੱਪ ਹਨ ਕਿਉਂਕਿ ਉਨਾਂ ਪੱਲੇ ਕਵੀਆਂ ਵਰਗਾ ਹੁਨਰ ਨਹੀਂ !
ਸਵਾਮੀ ਅੰਤਰੀਵ ਨੀਰਵ ਆਲੇ ਦੁਆਲੇ ਨੂੰ ਬਿੰਬਾਂ ਨਾਲ ਸਜਾਕੇ ਸਵਾਲ ਕਰਦੇ ਹਨ ਕਿ ਇੱਕ ਤਰ੍ਹਾਂ ਦੇ ਗਿਆਨ ਨੂੰ ਲੈਂਦੇ ਤਾਂ ਸਭ ਲੋਕ ਹਨ ਪਰ ਫਿਰ ਵੀ ਲੋਕ ਵੱਖਰੇ ਰਸਤਿਆਂ ਦੇ ਰਾਹੀ ਕਿਉਂ ਬਣ ਜਾਂਦੇ ਹਨ? ਇਹ ਨਹੀਂ ਕਿ ਉਨਾਂ ਕੋਲ ਕੋਈ ਜਵਾਬ ਨਹੀਂ ਬਲਕਿ ਉਨਾਂ ਦੇ ਇਹ ਸਵਾਲ ਪਾਠਕ ਲਈ ਹਨ ਜਿਨਾਂ ਨੇ ਕਦੇ ਇਨਾਂ ਬਾਰੇ ਸੋਚਿਆ ਵੀ ਹੋਵੇ ਪਰ ਚੁੱਪ ਦੀ ਚਾਦਰ ਲੈਕੇ ਅੱਗੇ ਤੁਰ ਗਏ ਹੋਣਗੇ; ਅੰਦਰ ਪਲਦੇ ਕਵੀ ਇੰਝ ਚਾਦਰਾਂ ਲੈਕੇ ਕਿਸੇ ਕਿੰਤੂ ਵਾਲੇ ਜਾਂ ਆਕਰਸ਼ਕ ਜਾਂ ਇਤਿਹਾਸਿਕ ਦ੍ਰਿਸ਼ ਨੂੰ ਮਨ ਵਿੱਚ ਵਸਾਏ ਬਿਨਾਂ ਨਿਕਲ ਹੀ ਨਹੀਂ ਸਕਦੇ | ਸੰਗਮਰਮਰ ਲਾਉਣ ਵਾਲੇ ਪਾਗਲਾਂ ਤੋਂ ਪਹਿਲਾਂ ਕਾਸ਼ ਕਿਸੇ ਨੇ ਕੱਚੀ ਚਮਕੌਰ ਦੀ ਗੜ੍ਹੀ ਵੇਖਕੇ ਕਵਿਤਾ ਲਿਖੀ ਹੁੰਦੀ ਜਾਂ ਆਨੰਦਪੁਰ ਸਾਹਿਬ ਕਿਲੇ ਵਿਚਲੇ ਖੂਹ ਦੀਆਂ ਪਾਉੜੀਆਂ ਉੱਤੇ ਚੜ੍ਹਦੀਆਂ ਅਤੇ ਉਤਰਦੀਆਂ ਤ੍ਰੀਮਤਾਂ ਦੀ ਤਾਕਤ ਬਾਰੇ ਲਿਖਿਆ ਹੁੰਦਾ ! ਇੰਝ ਅਸੀਂ ਉਨਾਂ ਕਵਿਤਾਵਾਂ ਸਦਕਾ ਉਹ ਇਤਿਹਾਸਕ ਨਿਸ਼ਾਨੀਆਂ ਨੂੰ ਮੁੜ ਮੁੜ ਵੇਖਦੇ | ਕਵੀ ਸ਼ਬਦ ਲਿਫਾਫਿਆਂ ਵਾਂਗ ਕੱਢਦੇ ਹਨ ਤੇ ਸਾਹਮਣੇ ਵਾਪਰਦੀਆਂ ਘਟਨਾਵਾਂ ਜਾਂ ਵਾਪਰਨ ਵਾਲਿਆਂ ਘਟਨਾਵਾਂ ਉਨਾਂ ਵਿੱਚ ਬੰਦ ਕਰਕੇ ਪਾਠਕਾਂ ਅੱਗੇ ਰੱਖ ਦੇਂਦੇ ਹਨ | ਸੇਧ ਸਾਹਮਣੇ ਹੁੰਦੀ ਹੈ, ਕਿਸੇ ਨੇ ਲੈ ਲਈ ਤੇ ਕਿਸੇ ਨੇ ਨਹੀਂ | ਇਸੇ ਸਿਲਸਲੇ ਵਿੱਚੋਂ ਨਿਕਲਦੀ ਹੈ ਸਵਾਮੀ ਅੰਤਰ ਨੀਰਵ ਦੀ ਇਹ ਕਵਿਤਾ “ ਕਵਿਤਾ ਤੇ ਕਾਗਜ” | ਇਸ ਕਵਿਤਾ ਵਿੱਚ “ਬੱਚਾ” ਇੱਕ ਬਿੰਬ ਹੈ ਜੋ ਗਿਆਨ ਲੈਣ ਵਾਲੇ ਜੀਵ ਲਈ ਵਰਤਿਆ ਗਿਆ ਹੈ! ਯਾਦ ਰੱਖਣ ਵਾਲੀ ਗੱਲ ਹੈ ਕਿ ਗਿਆਨ ਤਾਂ ਸਭਨਾ ਲਿਆ ਪਰ ਸਭ ਵੱਖਰੇ ਵੱਖਰੇ ਕਿਉਂ ਬਣ ਗਏ? ਜਾਂ ਗਿਆਨ ਲਿਆ ਪਰ ਗਿਆਨ ਲੈਣ ਵਾਲੇ ਵੱਖਰੇ ਰਸਤੇ, ਚੰਗੇ ਤੇ ਮੰਦੇ, ਵੱਲ ਕਿਸ ਕਾਰਨ ਖਿੱਚੇ ਗਏ? ਇਸ ਸਵਾਲ ਦੇ ਜਵਾਬ ਪਿੱਛੇ ਛੁਪੇ ਕਾਰਨਾ ਬਾਰੇ ਕਵੀ ਸਾਨੂੰ ਸਭ ਨੂੰ ਸੁਚੇਤ ਕਰਦਾ ਹੈ ! ਕਿਤੇ ਗਿਆਨ ਹੀ ਗਲਤ ਤਰੀਕੇ ਨਾਲ ਤਾਂ ਨਹੀਂ ਦਿੱਤਾ ਗਿਆ ਕਿ ਗਿਆਨ ਲੈਕੇ ਵੀ ਕੋਈ ਸਭ ਕੁਝ ਸਾੜਨ ਦਾ ਸਭਾਹ ਬਣਾਕੇ ਬੈਠ ਜਾਂਦੇ ਏ? ਇਸ ਪਰਸੰਗ ਵਿੱਚ ਜੇ ਵੇਖੀਏ, ਅੱਗਾਂ ਲਾਉਣ ਵਾਲੇ ਜਾਂ ਬੰਬ ਸੁੱਟਣ ਵਾਲਿਆਂ ਦਾ ਗਿਆਨ ਕਿਸੇ ਗਰਜ ਅਧੀਨ ਉੱਡ ਜਾਂਦਾ ਹੈ ! | ਗਿਆਨ ਲੈਕੇ ਕੋਈ ਅੰਬਰ ‘ਚ, ਕੋਈ ਸਮੁੰਦਰ ‘ਚ ਤੇ ਕੋਈ ਕੁਝ ਵਿੱਚ ਤੇ ਕੋਈ ਕੁਝ ਵਿੱਚ ਰੁੱਝ ਜਾਂਦਾ ਹੈ | ਕੀ ਹੈ ਇਸ ਸਭ ਦੇ ਪਿੱਛੇ ? ਲੋੜਾਂ ਜਾਂ ਮਜਬੂਰੀਆਂ ਜਾਂ ਵਾਤਾਵਰਣ | ਵਾਤਾਵਰਣ ਖਿੱਲਰ ਗਿਆ, ਇਨਸਾਨ ਖਿੱਲਰ ਗਿਆ, ਇਸੇ ਪਰਸੰਗ ਵਿੱਚ ਸਿਲਵਿਆ ਸਟਲਟਸ ਸਵਾਲ ਕਰਦੀ ਹੈ ਕਿ ਲੋਕ ਗੰਦ ਪਾਉਂਦੇ ਹਨ ਤੇ ਵਾਤਾਵਰਣ ਨੂੰ ਵਿਗਾੜਦੇ ਹਨ, ਕੀ ਉਨਾਂ ਦੀ ਸੋਝੀ ਮਰ ਗਈ ਜਾਂ ਉਨਾਂ ਨੂੰ ਹੋਰਾਂ ਦੀ ਯਾਦ ਹੀ ਨਹੀਂ ਆਉਂਦੀ ?ਕੀ ਆਹ ਕੁਝ ਸਾਡੇ ਪੱਲੇ ਪਵੇਗਾ? ਸਵਾਮੀ ਅੰਤਰ ਨੀਰਵ ਜੀ ਆਖਦੇ ਹਨ ਕਿ ਕੀ ਇਹ ਵੱਖਰੇ ਰਾਹ ਕਿਸੇ ਗਿਆਨ ਦੀ ਦੇਣ ਹਨ ?ਇਤਿਹਾਸ ਸੀ ਤੇ ਜੋ “ਹੁਣ” ਹੈ ਬਣੇਗਾ, ਪਰ ਰੁਚੀ ਤਾਂ ਓਹੋ ਹੈ; ਗਿਆਨ ਲੈਕੇ ਵੀ, ਇਨਸਾਨ ਆਪਣੀ ਬੇਅੰਤ ਭੁੱਖ ਖਾਤਰ ਗਿਆਨ ਨੂੰ ਖਿੜਕੀ ਤੋਂ ਬਾਹਰ ਕਿਉਂ ਸੁੱਟ ਦੇੰਦਾ ਹੈ? ਜੀਣ ਖਾਤਰ ਮਨੁੱਖ ਕੀ ਨਹੀਂ ਕਰਦਾ; ਲਾਲਚ ਵਿੱਚ ਡਾਕਟਰ ਜਾਨਵਰ ਬਣ ਜਾਂਦੇ ਹਨ; ਏਥੇ ਭਾਰਤ ਵਿੱਚ ਆਪਣੇ ਮੁੱਢਲੇ ਫਰਜ ਨੂੰ ਭੁਲਾਕੇ, ਲਾਲਚ ਵਿੱਚ ਅਧਿਆਪਕ ਟਿਊਸ਼ਨ ਜਰੂਰੀ ਬਣਾ ਦੇਂਦੇ ਹਨ (ਭਾਵੇਂ ਇਹ ਰੁਚੀ ਬਾਹਰ ਪੱਛਮ ਵਿੱਚ ਘੱਟ ਹੈ ) ਪਰ ਕਿਉਂ ?|ਮੈਨੂੰ ਲੱਗਦਾ ਏ ਕਿ ਕਵੀ ਸਾਰੇ ਵਿਦਿਅਕ ਢਾਂਚੇ ਦੇ ਖਲਾਵਾਂ ਵੱਲ ਸੰਕੇਤ ਕਰਕੇ ਇੱਕ ਪਾਸੇ ਹਟ ਜਾਂਦਾ ਹੈ ! ਉਸ ਨੂੰ ਆਸ ਹੈ ਕਿ ਪਾਠਕ ਜਰੂਰ ਸੋਚਣਗੇ; ਇਸ ਦਾ ਮਤਲਬ ਇਹ ਵੀ ਨਹੀਂ ਕੱਢਣਾ ਕਿ ਗਿਆਨ ਜੋ ਦਿੱਤਾ ਗਿਆ ਉਹ ਖੂਬਸੂਰਤ ਰਾਹ ਨਹੀਂ ਸਿਰਜਦਾ, ਕਿਉਂਕਿ ਇਸ ਬਾਰੇ ਵੀ ਕਵੀ ਨੇ ਆਪਣੀ ਕਵਿਤਾ ਵਿੱਚ ਜਿਕਰ ਕੀਤਾ ਹੈ | ਅਜਿਹੀਆਂ ਖੂਬਸੂਰਤ ਕਵਿਤਾਵਾਂ ਘੱਟ ਵੱਧ ਹੀ ਪੜਨ ਨੂੰ ਮਿਲਦੀਆਂ ਹਨ| ਗੌਰ ਨਾਲ ਪੜਨਾ ਇਸ ਕਵਿਤਾ ਨੂੰ :
ਕਾਗਜ਼ ਅਤੇ ਕਵਿਤਾ
ਇਕ ਬੱਚਾ
ਕਾਗਜ਼ ਦਾ ਹਵਾਈ ਜਹਾਜ਼ ਬਣਾ
ਉਡ ਰਿਹਾ
ਇਕ ਕਾਗਜ਼ ਦੀ ਕਿਸ਼ਤੀ ਬਣਾ
ਪਾਣੀ ਵਿਚ ਤੈਰਾਂਦਾ
ਮੱਛੀਆਂ ਫੜਨ ਦੀ ਸੋਚਦਾ
ਇਕ ਨੇ ਗੇਂਦ ਬਣਾ ਲਈ ਹੈ
ਖਲਾ ਵਿਚ ਉਛਾਲਦਾ
ਉਛਲ ਰਿਹਾ ਹੈ
ਇਕ ਚਿਠੀਆਂ ਬਣਾ
ਡਾਕੀਆ ਡਾਕੀਆ ਖੇਡ ਰਿਹਾ
ਇਕ ਨੇ
ਫੁੱਲ ਅਤੇ ਪੱਤੀਆਂ ਬਣਾ ਕੇ
ਕਨੇਰ ਦੇ ਸੁੱਕੇ ਜੰਡ ਉੱਤੇ
ਟੰਗ ਦਿੱਤੇ ਹਨ
ਇਕ ਨੇ
ਕਾਗਜ਼ਾਂ ਨੂੰ ਅੱਗ ਲਾ ਦਿੱਤੀ ਹੈ
ਸਭਨਾਂ ਤੇ
ਲਿਖੀਆਂ ਸਨ, ਮੈਂ
ਕਵਿਤਾਵਾਂ ।
(ਸਵਾਮੀ ਅੰਤਰ ਨੀਰਵ)
