ਜਸਵੰਤ ਸਿੰਘ ਜਫਰ

ਹੱਥਲੀ ਕਵਿਤਾ ਜਸਵੰਤ ਸਿੰਘ ਜਫਰ ਹੋਰਾਂ ਦੀ ਹੈ ; ਮੈਨੂੰ ਮਿਲਣ ਦਾ ਸੁਭਾਗ ਕਦੇ ਉਨਾਂ ਨੁੰ ਵੀ ਨਹੀਂ ਹੋਇਆ ਜਿਵੇਂ ਮਨਜੀਤ ਇੰਦਰਾ, ਹਰਵਿੰਦਰ , ਜਗਦੀਪ ਸਿੱਧੂ, ਸਿਮਰਨ ਅਕਸ ਤੇ ਰਵਿੰਦਰ ਸੰਧੂ ਹੋਰਾਂ ਨੁੰ ; ਅਮਰੀਕਾ ਦੇ ਦੇਸ਼ ਵਿੱਚ ਰੁਝੇਵਿਆਂ ਦੇ ਜੰਗਲ ਨੇ ਆਪਣੇ ਪੰਜਾਬ ਵਿੱਚ ਲਿਖੀ ਜਾ ਰਹੀ ਖੂਬਸੂਰਤ ਕਵਿਤਾ ਨੁੰ ਪੜਨ ਤੋਂ ਰੋਕੀ ਰੱਖਿਆ ਮੈਨੂੰ; ਸੁਰਤ ਜਾਗੀ ਤੇ ਖੂਬਸੂਰਤ ਕਵਿਤਾਵਾਂ ਨਜਰੀ ਪਈਆਂ | ਖੂਬਸੂਰਤ ਖਿਆਲ ਸੋਨੇ ਵਾਂਗ ਹੁੰਦੇ ਹਨ ; ਜਿਵੇਂ ਜਿੰਨੀ ਸੋਨੇ ਵਿੱਚ ਮਿਲਾਵਟ ਓਨਾ ਸੋਨਾ ਸਸਤਾ ਪਰ ਜਿੰਨਾ ਸ਼ੁੱਧ ਓਨਾ ਕੀਮਤੀ; ਉਵੇਂ ਹੀ ਜਿੰਨਾ ਖਿਆਲ ਸ਼ੁੱਧ ਓਨਾ ਹੀ ਉਹ ਵਧੀਆ ਤੇ ਜਿੰਨਾ ਖਿਆਲ ਰਲਾਵਟ ਵਿੱਚ ਰੰਗਿਆ ਗਿਆ, ਓਨਾ ਹੀ ਉਹ ਅਸ਼ੁੱਧ ਯਾ ਆਖ ਲਵੋ ਆਮ ਜਿਹਾ ਹੁੰਦਾ ਹੈ | ਇਸ ਕਵਿਤਾ ਵਿਚਲਾ ਖਿਆਲ ਜੰਗਲ ਦੀ ਸਭਿਅਤਾ ਤੋ ਆਧੁਨਿਕ ਸਭਿਅਤਾ ਦੇ ਸਫ਼ਰ ਦੀ ਕਹਾਣੀ ਹੀ ਨਹੀਂ ਪਾਉਂਦਾ ਬਲਕਿ ਪਾਠਕ ਨੂੰ ਜਗਾਉਂਦਾ ਵੀ ਹੈ ਕਿ ਕਿਸ ਟਿਕਾਣੇ ਤੇ ਟਿਕਣਾ ਹੈ ! ਆਖਰੀ ਸਤਰ ਵਿੱਚ ਅਸਮਾਨ ਵਿਚਲੇ ਸਭ ਕੁਝ ਸਮੋ ਲੈਣ ਵਾਲੇ ਵਿਸ਼ਾਲ ਗੁਣ ਬਾਰੇ ਦੱਸਿਆ ਗਿਆ ਹੈ ਤੇ ਪਿੰਜਰ ਦੀ ਸੌੜੀ ਔਕਾਤ ਬਾਰੇ ਦੁਖ ਦੀ ਗੱਲ ਯਾਦ ਕਰਵਾਈ ਗਈ ਹੈ | ਕਵੀ ਬਿੰਬਾਂ ਨਾਲ ਖਿਆਲ ਨੂੰ ਸ਼ਿੰਗਾਰਦੇ ਹੁੰਦੇ ਹਨ; ਜੇ ਪਾਠਕ ਬਿੰਬਾਂ ਦੀ ਤਹਿ ਤੀਕ ਨਾ ਜਾਵੇ ਤਦ ਕਵਿਤਾ ਮੇਰੇ ਮੁਤਾਬਿਕ ਅਣਪੜੀ ਰਹਿ ਗਈ ਸਮਝੋ ! ਇਹ ਕਵਿਤਾ ਮੈਂ ਉਨਾਂ ਦੇ ਫੇਸਬੁੱਕ ਪੇਜ ਤੋਂ ਲਈ ਹੈ, ਕਿਉਂਕਿ ਕਵੀ ਮੇਰੇ ਕੋਲ ਨਹੀਂ ਆਉਂਦੇ ਮੈਂ ਉਨਾਂ ਕੋਲ ਜਾਣ ਵਿੱਚ ਆਪਣਾ ਮਾਣ ਸਮਝਦਾ ਹਾਂ | ਬਹੁਤ ਥੋੜੇ ਸ਼ਬਦ ਹਨ ਕਵਿਤਾ ਵਿੱਚ ਪਰ ਕਹਾਣੀ ਬਹੁਤ ਲੰਮੀ ਹੈ | ਇਸ ਕਵਿਤਾ ਦਾ ਟਿਕਾਣਾ ਸਰਬ ਵਿਆਪਕ ਖਿਆਲ ਨਾਲ ਬੰਨ੍ਹਿਆ ਹੋਇਆ ਹੈ | ਬਹੁਤੇ ਲੋਕ ਪਿੰਜਰ ਦੇ ਨਿਵਾਸੀ ਹੋ ਗੁਜਰਦੇ ਹਨ, ਪਰ ਟਾਵਾਂ ਟਾਵਾਂ ਅਸਮਾਨ ਦੇ ਬਿੰਬ ਵਿੱਚ ਰਲਗਡ ਹੁੰਦਾ ਹੈ | ਜਿੰਦਗੀ ਸਥਿਰ ਨਹੀਂ ਤੇ ਪਿੰਜਰੇ ਇਸ ਲਈ ਘਾਤਕ ਹਨ; ਹਾਜਰ ਹੈ ਇਹ ਖੂਬਸੂਰਤ ਕਵਿਤਾ !

ਜਸਵੰਤ ਸਿੰਘ ਜਫਰ Read More »

ਪ੍ਰੋਫੈਸਰ ਰਵਿੰਦਰ ਸੰਧੂ

ਪ੍ਰੋਫੈਸਰ ਰਵਿੰਦਰ ਸੰਧੂ ਹੋਰਾਂ ਦੀ ਹੇਠ ਦਿੱਤੀ ਕਵਿਤਾ ਜਰਾ ਧਿਆਨ ਨਾਲ ਪੜਨਾ; ਮੈਂ ਜਿਵੇਂ ਬਿਨ ਮਿਲਿਆਂ ਹਰਵਿੰਦਰ ਜੀ , ਮਨਜੀਤ ਇੰਦਰਾ ਜੀ , ਸਿਮਰਨ ਅਕਸ ਜੀ ਤੇ ਜਗਦੀਪ ਸਿੱਧੂ ਜੀ ਜਿਨਾਂ ਦੀਆਂ ਮਨ ਟੁੰਬਣੀਆਂ ਕਵਿਤਾਵਾਂ ਬਾਰੇ ਲਿਖਿਆ ਸੀ, ਪ੍ਰੋਫੈਸਰ ਰਵਿੰਦਰ ਸੰਧੂ ਜੀ ਨੂੰ ਵੀ ਨਹੀਂ ਮਿਲਿਆ | ਕਵਿਤਾ ਸੰਸਾਰ ਵਿੱਚ ਵੱਡੇ ਨਾਵਾਂ ਹੇਠ ਨਵੇਂ ਚਿਹਰਿਆਂ ਦੀਆਂ ਸ਼ਾਨਦਾਰ ਕਵਿਤਾਵਾਂ ਨਜਰ ਅੰਦਾਜ ਕਰਨ ਨੂੰ ਮੈਂ ਸਾਹਿਤਿਕ ਜੁਰਮ ਸਮਝਦਾ ਹਾਂ | ਡਾਕਟਰ ਹਰਭਜਨ ਦੇ ਗਰੁੱਪ ਨਾਲ ਮੇਰੀ ਕੋਈ ਸਾਂਝ ਨਹੀਂ ਸੀ ਤੇ ਨਾ ਉਨਾਂ ਦਾ ਕੋਈ ਚੰਗਾ ਪ੍ਰਭਾਵ ਮੇਰੇ ਉੱਤੇ ਸੀ, ਪਰ ਉਨਾਂ ਨੇ ਇੱਕ ਨਿਕਲੁਆਰ ਬੰਬ ਉੱਤੇ ਕਵਿਤਾ ਲਿਖੀ ਸੀ , “ ਕਿਤੇ ਜੇ ਇਹ ਤਿੜਕ ਗਿਆ , ਕਿਤੇ ਜੇ ਇਹ ਕਿਰਨ ਡੁੱਲ੍ਹ ਗਈ ,ਇਹ ਚੰਦ ਸੂਰਜ ਧਰਤੀਆਂ, ਸਿਤਾਰਿਆਂ ਦੇ ਟਿਮਕਣੇ , ਮਿਟਣਗੇ ਇੱਕ ਝਲਕ ਵਿੱਚ, ਜਿਓਂ ਸਰਕੜੇ ਦੀ ਨੋਕ ਤੇ ਤ੍ਰੇਲ ਤੁਪਕੜੇ ….(੨੮ ਸਾਲ ਪਹਲੇ ਪੜੀ ਸੀ)“ ਅੱਜ ਵੀ ਮੇਰੇ ਜ਼ਿਹਨ ਵਿੱਚ ਵਸਦੀ ਹੈ ਕਿਉਂਕਿ ਵਧੀਆ ਰਚਨਾ ਕੋਈ ਵੀ ਰਚੇ ਸਲਹਾਉਣੀ ਚਾਹੀਦੀ ਏ | ਜਿਆਦਾ ਮੈਂ ਨਾਵਲ ਹੀ ਲਿਖਣ ਵਿੱਚ ਰੁਝਿਆ ਰਿਹਾਂ, ਪਰ ਕਵਿਤਾ ਵੀ ਮੈਨੂੰ ਉਤਰਦੀ ਹੈ ਤੇ ਮੈਂ ਇੱਕ ਕਾਵਿ ਸੰਗ੍ਰਿਹ “ ਰਾਤ ਦੀ ਕੁੱਖ” ਵੀ ਛਪਵਾਇਆ ਸੀ ਪਿਛਲੇ ਸਾਲ; ਇਸ ਕਰਕੇ ਕਵਿਤਾ ਦੀ ਮੇਰੀ ਭੁੱਖ ਕਦੇ ਮਿਟਦੀ ਨਹੀਂ | ਮੈਂ ਅਕਾਦਮਿਕ ਰੋਹ੍ਬ ਪਾਉਣ ਲਈ ਖਾਸ ਸ਼ਬਦਾਵਲੀ ਤੋਂ ਕਤਰਾਉਂਦਾ ਹਾਂ; ਜਿਵੇਂ ਅਮਰੀਕਨ ਅੰਗਰੇਜੀ ਭਾਸ਼ਾ ਦਾ ਗਰਾਇਮੇਰੀਅਨ ਮਿਸਟਰ ਗਰਨਰ ਆਖਦਾ ਏ “ਸਿੱਧੀ ਗੱਲ ਸਿੱਧੀ ਭਾਸ਼ਾ”|ਅੱਜ ਕੱਲ੍ਹ ਮੈਂ ਨਵੇਂ ਕਵੀਆਂ ਨੂੰ ਜਿਆਦਾ ਪੜਦਾ ਹਾਂ ਕਿਉਂਕਿ ਉਹ ਨਵੇਂ ਵਾਤਾਵਰਣ ਦੀ ਉਪਜ ਹਨ; ਇੰਝ ਆਸ ਕਰਦਾ ਹਾਂ ਕਿ ਕੋਈ ਖੂਬਸੂਰਤ ਕਵਿਤਾ ਪੜਨ ਨੂੰ ਮਿਲ ਹੀ ਜਾਵੇ, ਤੇ ਮੈਂ ਉਸ ਬਾਰੇ ਕੁਝ ਲਿਖਾਂ | ਹੱਥਲੀ ਕਵਿਤਾ ਵਿੱਚ ਹੁਣ ਦਾ ਇਤਿਹਾਸ ਚਿਤਰਿਆ ਗਿਆ ਹੈ; ੧੯੪੭ ਤੋਂ ਬਾਅਦ ਇਸੇ ਕਿਸਮ ਦੇ ਇਤਿਹਾਸ ਦੀਆਂ ਪੈੜਾਂ ਅਸੀਂ ਵੇਖਦੇ ਆ ਰਹੇ ਹਾਂ | ਜਾਗ੍ਰਿਤੀ ਜੁਗਨੂਆਂ ਵਾਂਗ ਟਮਕਦੀ ਰਹੀ ਹੈ, ਪਰ ਸੇਧ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕੇ | ਬਿਗਾਨੀ ਸੋਚ ਦਾ ਸਹਾਰਾ ਵੀ ਮਹਿੰਗਾ ਪਿਆ| ਧਰਮ ਨੂੰ ਰਾਜਨੀਤੀਵਾਨ ਉਸੇ ਤਰ੍ਹਾਂ ਵਰਤਦੇ ਹਨ ਜਿਵੇਂ ਕੋਈ ਇੱਕ ਪਾਰਟੀ ਕਾਮਿਆਂ ਦੀ ਹਮਦਰਦੀ ਨੂੰ ਵਰਤਦੀ ਹੈ ! ਮਨੁੱਖੀ ਚੇਤਨਤਾ ਨੁੰ ਬੁੱਧੀਜੀਵੀਆਂ ਦੀਆਂ ਥ੍ਏਓਰੀਆਂ ਨਾਲ ਦਬਾਅ ਲਿਆ ਜਾਂਦਾ ਹੈ | ਇੱਕ ਹੋਕਾ ਹੈ ਇਸ ਕਵਿਤਾ ਵਿੱਚ “ਗ਼ੁਲਾਮੀ ਨੂੰ ਆਜ਼ਾਦੀ ਕਹਿ ਤੇ ਜਿੰਦਾ ਰਹਿ,ਜੋ ਵੀ ਸ਼ਖਸ ਹੈ ਸੁਤੰਤਰ ਖ਼ਤਰੇ ਵਿੱਚ ਹੈ”| ਇਸ ਹਨੇਰਗਰਦੀ ਵਿੱਚ ਜੇ ਕੋਈ ਜਗਾਵੇ ਵੀ, ਤਦ ਸੇਧ ਨੂੰ ਖੋਹ ਲਿਆ ਜਾਂਦਾ, ਰਵਿੰਦਰ ਸੰਧੂ ਜੀ ਲਿਖਦੇ ਹਨ “ਸੰਵਾਦ ਹੀ ਰਾਹ ਸੀ, ਜਦ ਗਿਆਨ ਸੀ ਮੰਜਿਲ, ਮੀਲ-ਪੱਥਰ ਹੋਏ ਕੋਰੇ, ਸਫ਼ਰ ਖ਼ਤਰੇ ਵਿੱਚ ਹੈ”|

ਇਹ ਗਲਤ ਦਾਹਵਾ ਹੈ ਕਿ ਧਰਮ ਅਫੀਮ ਹੈ, ਕਿਉਂਕਿ ਕੋਈ ਵੀ ਨਾਹਰਾ/ਰਾਜਨੀਤਕ ਸੰਗਠਨ ਜਿਸ ਦੇ ਪਿੱਛੇ ਚਲਾਕੀਆਂ ਦਾ ਜਾਲ ਹੁੰਦਾ ਹੈ, ਉਹ ਅਫੀਮ ਹੋ ਨਿਬੜਦਾ ਹੈ | ਮੈਂ ਪੱਕਾ ਆਸਤਕ ਹਾਂ ਤੇ ਮੈਨੂੰ ਧਰਮ ਨੇ ਕਦੇ ਕੁਰਾਹੇ ਨਹੀਂ ਪਾਇਆ ਤੇ ਨਾ ਇਸ ਨੇ ਮੈਨੂੰ ਕਟੜ ਬਣਨ ਦਿੱਤਾ ਏ | ਧਰਮ ਤੋਂ ਬਾਹਰੇ ਵਾਤਾਵਰਣ ਵਿੱਚ ਵੀ ਕਾਮਿਆਂ ਦੀ ਢੋਲਕੀ ਪੁੱਟਣ ਵਾਲੇ ਦੇਸ਼ਾਂ ਵਿੱਚ ਵੀ ਕਾਮਾ ਹੀ ਗੁਲਾਮ ਬਣਕੇ ਬਸਰ ਕਰਦਾ ਹੈ; ਚੀਨ, ਉਤਰੀ ਕੋਰੀਆ, ਵੇਨਜੁਲਿਜਾ ਤੇ ਕਿਊਬਾ ਆਦਿ ਮਿਸਾਲਾਂ ਹਨ ਇਸ ਪਰਸੰਗ ਵਿੱਚ | ਵਾਪਿਸ ਕਵਿਤਾ ਵੱਲ ਆਈਏ; ਇਹ ਕਵਿਤਾ ਚਾਰ ਚੁਫੇਰੇ ਨਜਰ ਮਰਾਉਂਦੀ ਹੈ ; ਇਸ ਵਿੱਚ ਕੋਈ ਨਾਹਰਾ ਨਹੀਂ ਤੇ ਦਾਹਵਾ ਨਹੀਂ, ਬਸ ਇੱਕ ਦ੍ਰਿਸ਼ ਹੈ ਅਤੇ ਦ੍ਰਿਸ਼ਾਂ ਵਿੱਚ ਬਿੰਬ ਜੋ ਆਪ ਬੋਲਦੇ ਹਨ | ਅਰਜ ਹੈ ਕਿ ਧਿਆਨ ਨਾਲ ਪੜਨਾ ਤਾਂ ਕਿ ਇਹ ਅਹਸਾਸ ਕਰ ਸਕੀਏ ਕਿ ਅਸੀਂ ਇਸ ਘੁਟਨਭਰੇ ਜੰਜਾਲ ਵਿੱਚ ਕਿੰਝ ਫਸਾ ਲਏ ਗਏ ਹਾਂ ! ਪ੍ਰੋਫੈਸਰ ਰਵਿਂਦਰ ਸੰਧੂ ਹੋਰਾਂ ਨੇ ਕਵਿਤਾ ਦਾ ਨਾਮਕਰਨ ਨਹੀਂ ਕੀਤਾ ਲੱਗਦਾ !

( ਕਵਿਤਾ )

ਹਰ ਰੂਪ ਹਰ ਰੰਗ ਦਾ ਬਸ਼ਰ ਖ਼ਤਰੇ ਵਿੱਚ ਹੈ।

ਕਿ ਮੇਰਾ ਦੇਸ਼ ਮੇਰਾ ਘਰ ਖ਼ਤਰੇ ਵਿੱਚ ਹੈ।

ਗ਼ੁਲਾਮੀ ਨੂੰ ਆਜ਼ਾਦੀ ਕਹਿ ਤੇ ਜਿੰਦਾ ਰਹਿ,

ਜੋ ਵੀ ਸ਼ਖਸ ਹੈ ਸੁਤੰਤਰ ਖ਼ਤਰੇ ਵਿੱਚ ਹੈ।

ਰੰਗਰੇਜ਼ ਨੇ ਬਿਖੇਰੇ, ਹਨ ਰੰਗ ਇਹ ਚੁਫੇਰੇ,

ਵੱਖ ਰੰਗਾਂ ਨੂੰ ਪਛਾਣੇ, ਨਜ਼ਰ ਖ਼ਤਰੇ ਵਿੱਚ ਹੈ।

ਸ਼ਬਦਾਂ ਨੂੰ ਜ਼ੰਗ ਲੱਗੀ, ਹਥਿਆਰ ਲਿਸ਼ਕਦੇ ਨੇ,

ਹੁਣ ਚੁੱਪ ਬੋਲਦੀ ਹੈ, ਸਤਰ ਖ਼ਤਰੇ ਵਿੱਚ ਹੈ।

ਸ਼ੋਰ ਜਦ ਡਰਾਵੇ, ਤਾਂ ਬੋਲ ਸਹਿਮ ਜਾਂਦੇ,

ਸ਼ੋਰ ਬੇਖੌਫ਼ ਹੈ ਦੇਖੋ, ਨਗਰ ਖ਼ਤਰੇ ਵਿੱਚ ਹੈ।

ਸੰਵਾਦ ਹੀ ਰਾਹ ਸੀ, ਜਦ ਗਿਆਨ ਸੀ ਮੰਜਿਲ,

ਮੀਲ-ਪੱਥਰ ਹੋਏ ਕੋਰੇ, ਸਫ਼ਰ ਖ਼ਤਰੇ ਵਿੱਚ ਹੈ।

ਗੋਲ ਦਾਇਰੇ ਵਿੱਚ ਗੁੰਮੀ, ਤਹਿਜ਼ੀਬ ਇਸ ਸਮੇਂ ਦੀ,

ਕੁਰਸੀ ਅਤੇ ਟੋਪੀ ਸੰਭਾਲੋ, ਰਾਸ਼ਟਰ ਖ਼ਤਰੇ ਵਿੱਚ ਹੈ।

ਦੇਸ਼ ਨਾਲ ਪ੍ਰੇਮ ਕਰ ਰਿਹਾ ਹੈ, ਯਕਦਮ ਠੀਕ ਹੈ,

ਜੋ ਮੁਹੀਬ-ਏ-ਵਤਨ ਹੈ, ਨਿਰੰਤਰ ਖ਼ਤਰੇ ਵਿੱਚ ਹੈ।

ਹਰ ਰੂਪ ਹਰ ਰੰਗ ਦਾ ਬਸ਼ਰ ਖ਼ਤਰੇ ਵਿੱਚ ਹੈ।

ਕਿ ਮੇਰਾ ਦੇਸ਼ ਮੇਰਾ ਘਰ ਖ਼ਤਰੇ ਵਿੱਚ ਹੈ। ( ਰਵਿੰਦਰ ਸੰਧੂ )

ਪ੍ਰੋਫੈਸਰ ਰਵਿੰਦਰ ਸੰਧੂ Read More »

ਜਗਦੀਪ ਸਿੱਧੂ

ਨਵੇਂ ਕਵੀ ਜਗਦੀਪ ਸਿੱਧੂ ਦੀ ਇੱਕ ਕਵਿਤਾ ਪੜੀ, ਬਹੁਤ ਚੰਗੀ ਲੱਗੀ; ਇਹ ਇੱਕ ਮਾਨਸਿਕ ਪਰਸਥਿਤੀ ਦੀ ਹੂਕ ਹੈ ਜੋ ਆਪਣੇ ਆਪ ਨਾਲੋਂ ਤੋੜਕੇ ਹੋਰਾਂ ਨਾਲ ਜੋੜ ਦੀ ਹੈ| ਵਿਖਾਵਾ ਨਾ ਸਮਝ ਲੈਣਾ ਬਲਕਿ ਉਸ ਖੁਸ਼ੀ ਦੇ ਰਾਗ ਨੂੰ ਜੋ ਆਪਣੇ ਨਾਲੋਂ ਟੁੱਟਣ ਤੋਂ ਬਾਅਦ ਉਪਜਦਾ ਹੈ ਸੁਣਨਾ ਤਦ ਅੰਦਰ ਕੋਈ ਕਣਸੋ ਵੀ ਸੁਣੋਗੇ !

ਅੰਗ ਦਾਨ ਦੀ ਵਸੀਅਤ

ਮੈਂ

ਹਸਪਤਾਲੋਂ

ਘਰ ਸੀ ਆਇਆ

ਮੈਨੂੰ

ਘਰੋਂ

ਹਸਪਤਾਲ ਹੀ ਭੇਜ ਦੇਣਾ

ਭੀੜ

ਲੋਕਾਂ ਦੀ ਨਹੀਂ

ਕਾਫਲਾ

ਸੋਚਾਂ ਦਾ ਹੋਵੇਗਾ ਨਾਲ ਮੇਰੇ

ਮੇਰੀਆਂ

ਕਾਲੀਆਂ ਅੱਖਾਂ ਵੀ

ਦੇਣਗੀਆਂ ਚਾਨਣ ਕਿਸੇ ਨੂੰ

ਮੇਰੇ

ਗੁਰਦਿਆਂ ਨਾਲ

ਸ਼ਾਇਦ ਕੁਝ ਲੋਕਾਂ ਨੂੰ

ਸਾਫ ਹੋਵੇਗਾ

ਇਹ ਵੀ

ਕਿ ਜੀ ਸਕਦਾ

ਇਹਨਾਂ ਨਾਲ

ਮਰ ਰਿਹਾ ਕੋਈ

ਇਹ ਕੰਮ ‘ਦਿਲ ਜਿਗਰ’ ਨਾਲ ਹੀ

ਹੋਵੇਗਾ ਪੂਰਾ

ਲਾੲੀਟਾਂ ਜਗਣਗੀਆਂ

(ਓਪਰੇਸ਼ਨ)ਥਿਏਟਰ ਦੀਆਂ

ਮਰ ਕੇ ਵੀ ਨਿਭਾਵਾਂਗਾ

ਕਿਰਦਾਰ

ਨਵੀਂ ਰੌਸ਼ਣੀ ਮਿਲੇਗੀ

ਜਿਸਮ ਮੇਰੇ ‘ਚੋਂ

ਕੁਝ ਚਾਨਣ ਕਰ ਕੇ ਜਾਵਾਂ

ਧੂੰਆਂ ਨਹੀ

ਜਗਦੀਪ ਸਿੱਧੂ(ਇਉਂ ਵੀ ਦੇਖਣਾ ਹੈ)

ਜਗਦੀਪ ਸਿੱਧੂ Read More »

ਸਿਮਰਨ ਅਕਸ

ਗਰੁੱਪਾਂ ਦੀ ਤੰਗਦਿੱਲੀ ਤੋਂ ਬਹਿਰ ਵਿਚਰ ਦਿਆਂ ਨਵੇਂ ਜਾਂ ਪੁਰਾਣੇ ਪੰਜਾਬੀ ਕਵੀਆਂ ਬਾਰੇ ਕਦੇ ਕਦੇ ਬਹੁਤ ਦਿਲ ਕਰਦਾ ਏ ਕਿ ਮੈਂ ਲਿਖਾਂ; ਪਿੱਛੇ ਜਿਹੇ ਮਨਜੀਤ ਇੰਦਰਾ ਅਤੇ ਹਰਵਿੰਦਰ ਹੋਰਾਂ ਦੀਆਂ ਕਵਿਤਾਵਾਂ ਜੋ ਮੇਰੇ ਮਨ ਨੂੰ ਬਹੁਤ ਚੰਗੀਆਂ ਲੱਗੀਆਂ ਬਾਰੇ ਮੈਂ ਲਿਖਿਆ ਸੀ; ਉਨਾਂ ਦੀਆਂ ਕਵਿਤਾਵਾਂ ਆਪ ਹੀ ਬੋਲਦੀਆਂ ਸਨ ਤੇ ਛਣਕਦੀਆਂ ਸਨ | ਅੱਜ ਸਿਮਰਨ ਅਕਸ ਜੋ ਨਵੀਂ ਕਵਿਤਰੀ ਅਤੇ ਥੀਏਟਰ ਆਰਟਿਸਟ ਹੈ ਦੀ ਇੱਕ ਕਵਿਤਾ ਬਾਰੇ ਲਿਖ ਰਿਹਾਂ ਜਿਸ ਨੂੰ ਮੈਂ ਦੱਸ ਕਉ ਵਾਰ ਪੜਕੇ ਅਤਿਅੰਤ ਖਲਾਵਾਂ ਵਿੱਚ ਗਵਾਚ ਗਿਆ ਪਰ ਉਨਾਂ ਖਲਾਵਾਂ ਵਿੱਚੋਂ ਹੂਕ ਆਈ ਤੇ ਡਾਕਟਰ ਇਕਬਾਲ ਦਾ ਸ਼ਿਆਰ ਯਾਦ ਆ ਗਿਆ | ਕਵਿਤਾ ਵਿੱਚ ਜੁਗਨੂ ਚਮਕਦੇ ਵੇਖਣਾ ਅਤੇ ਉਸ ਦੀ ਸਹਿਜਤਾ ਵਿੱਚ ਰਚੀ ਕਵਿਤਾ ਦੇ ਖਿਆਲ ਨੂੰ ਪਕੜਨ ਦੀ ਕੋਸ਼ਿਸ਼ ਕਰਨਾ ਜੀ! ਕਵਿਤਾ ਦੇ ਅੰਦਰ ਜਾਣ ਲੱਗਿਆਂ ਖਿਆਲ ਰੱਖਣਾ ਕਿ ਕਿਸ ਦਰ ਦੀ ਤਸਵੀਰ ਮਨ ਵਿੱਚ ਰੱਖ ਰਹੇ ਹੋ ; ਇਸ਼ਕ ਹਕੀਕੀ ਜਾਂ ਇਸ਼ਕ ਮਿਜਾਜੀ ਜਾਂ ਦੋਨੋਂ | ਜੇ ਇਸ਼ਕ ਮਿਜਾਜੀ ਤੀਕ ਰੁਕੇ ਗਏ , ਕਵਿਤਾ ਵਿਚਲੇ ਡੂੰਘੇ ਦਰਿਆਵਾਂ ਤੋਂ ਵਾਂਝੇ ਰਹਿ ਜਾਵੋਗੇ ਨਹੀਂ ਗੌਰ ਨਾਲ ਸੁਣਨਾ ਇਸ਼ਕ ਹਕੀਕੀ ਜਿਵੇਂ “ਕਭੀ ਐ ਹਕੀਕੇ ਮੁੰਤਜਰ ਨਜਰ ਆ ਲਿਬਾਸੇ ਮਿਜਾਜ ਮੇ “ ਦੀ ਹੂਕ ਕੰਨੀ ਸੁਣਾਈ ਦੇਵੇਗੀ ! ਇਸ ਕਵਿਤਾ ਨੂੰ ਪੜਦਿਆਂ ਕਿਉਂਕਿ ਚੇਤੇ ਰੱਖਣਾ ਕਵੀ ਦਾ ਖਿਆਲ ਬੰਦ ਡੱਬੀ ਵਾਂਗ ਨਹੀਂ ਹੁੰਦਾ ਬਲਕਿ ਇੱਕ ਵਹਿੰਦੀ ਨਦੀ ਵਰਗਾ ਹੁੰਦਾ ਏ ! ਹਾਜਰ ਹੈ

ਸਿਮਰਨ ਅਕਸ ਦੀ “ ਤੂੰ ਤੇ ਮੈਂ”

ਤੂੰ ਤੇ ਮੈਂ

ਜਦ ਤੂੰ ਤੇ ਮੈਂ ਮਿਲਦੇ ਹਾਂ ਤਾਂ ਮੈਂ ਪੂਰਨ-ਸੰਪੂਰਨ ਹੋ ਜਾਂਦੀ ਹਾਂ,

ਕਿਉਂਕਿ……..

ਤੂੰ ਤਾਲ ਮੈਂ ਨਾਚ ਹਾਂ..

ਤੂੰ ਸਾਗਰ ਮੈਂ ਤਿਸ਼ਨਾਗ ਹਾਂ

ਤੂੰ ਸੁਰ ਮੈਂ ਆਵਾਜ਼ ਹਾਂ

ਤੇ ਕਿਉਂਕਿ

ਤੂੰ ਮੈਂ ਤੇ ਮੈਂ ਤੂੰ ਹਾਂ……

ਪਰ ਨਹੀਂ ਸ਼ਾਇਦ ਇਹ ਮੇਰਾ ਭਰਮ ਹੈ

ਤੂੰ ਬ੍ਰਹਿਮੰਡ ਤੇ ਮੈਂ ਤਿਣਕਾ ਹਾਂ

ਤੂੰ ਸਾਗਰ ਮੈਂ ਤੁਪਕਾ ਹਾਂ

ਮੈਂ ਤੇਰੀ ਰੇਜ਼ ਹਾਂ…

ਅਧੂਰੀ ਹਾਂ ਤੇਰੀ ਅਣਹੋਂਦ ਵਿੱਚ

ਤੇ ਤੇਰੀ ਹੋਂਦ ਵਿੱਚ???????

ਹਾਂ ਤੇਰੀ ਹੋਂਦ ਵਿੱਚ ਵੀ…….

ਮੈਂ ਕੁਚੱਜੀ ਤਾਂ ਤੇਰੀ ਹੋਂਦ ਵੀ ਨਹੀ ਮਾਣ ਪਾਉਂਦੀ,

ਡਰਦੀ ਹਾਂ ਕਿ

ਤੋਹਮਤ ਵਰਦੀਆਂ ਰਾਹਾਂ ‘ਤੇ ਮੈਂ ਠਿੱਲ ਪਵਾਂ

ਢਾਕ ‘ਤੇ ਰੱਖ ਕੱਚਾ ਘੜਾ ਤੇਰੀ ਮੁਹੱਬਤ ਦਾ

ਮਤੇ ਘੜਾ ਛਿੱਟੇ ਪੈਣ ‘ਤੇ ਖੁਰ ਜਾਵੇ,

ਤੇ ਮੇਰੇ ਬੇਦਾਗ ਪੱਲੇ ‘ਤੇ ਕੋਈ ਛਿੰਬ ਪੈ ਜਾਵੇ!!!!

ਮੈਂ ਆਪਣੇ ਅੰਦਰ ਦੀ ਔਰਤ ਤੋਂ ਸੁਣਿਐ

ਕਿ ਮਰਦ ਕੱਚ ਤੇ ਕੱਚੇ ਘੜੇ ਵਾਂਗ ਹੁੰਦੇ ਨੇ……

ਬੱਸ ਇਹੋ ਡਰ ਹੈ

ਬੱਸ ਇਹੋ ਡਰ ਹੈ ਕਿ ਮੈੰ ਤੇਰੇ ਸਾਹਵੇਂ ਖੜੀ

ਤੈਨੂੰ ਤੱਕਦੀ ਤੇ ਤੱਕਦੀ ਰਹਿਨੀ ਆਂ..

ਓੁਡੀਕਦੀ ਰਹਿਨੀ ਆਂ

ਕਿ ਕਦ ਕੋਈ ਝੋਂਕਾ ਤੇਰੇ ਤੋਂ ਹੋਕੇ ਮੇਰੇ ਵੱਲ ਆਵੇਗਾ

ਤੇ ਫਿਰ ਮੇਰਾ ਰੋਮ ਰੋਮ ਰਸ ਲਬਰੇਜ਼ ਹੋ ਜਾਵੇਗਾ

ਐਸਾ ਰਸ, ਐਸਾ ਸਵਾਦ

ਕਿ ਮੈੰ ਅਸ਼ ਅਸ਼ ਹੋ ਜਾਵਾਂਗੀ…..

ਪਰ ਇੰਜ ਤਦ ਹੀ ਹੋ ਸਕਦੈ ਜਦ ਤੂੰ ਤੇ ਮੈਂ ਇਕੱਠੇ ਹੋਵਾਂਗੇ

ਕਿਉਂਕਿ ……

ਜਦ ਤੂੰ ਤੇ ਮੈਂ ਮਿਲਦੇ ਹਾਂ ਤਾਂ

ਮੈਂ ਪੂਰਨ-ਸੰਪੂਰਨ ਹੋ ਜਾਂਦੀ ਹਾਂ

….ਤੂੰ ਤੇ ਮੈਂ….

ਸਿਮਰਨ ਅਕਸ Read More »

Scroll to Top