ਸਿਮਰਨ ਅਕਸ
ਗਰੁੱਪਾਂ ਦੀ ਤੰਗਦਿੱਲੀ ਤੋਂ ਬਹਿਰ ਵਿਚਰ ਦਿਆਂ ਨਵੇਂ ਜਾਂ ਪੁਰਾਣੇ ਪੰਜਾਬੀ ਕਵੀਆਂ ਬਾਰੇ ਕਦੇ ਕਦੇ ਬਹੁਤ ਦਿਲ ਕਰਦਾ ਏ ਕਿ ਮੈਂ ਲਿਖਾਂ; ਪਿੱਛੇ ਜਿਹੇ ਮਨਜੀਤ ਇੰਦਰਾ ਅਤੇ ਹਰਵਿੰਦਰ ਹੋਰਾਂ ਦੀਆਂ ਕਵਿਤਾਵਾਂ ਜੋ ਮੇਰੇ ਮਨ ਨੂੰ ਬਹੁਤ ਚੰਗੀਆਂ ਲੱਗੀਆਂ ਬਾਰੇ ਮੈਂ ਲਿਖਿਆ ਸੀ; ਉਨਾਂ ਦੀਆਂ ਕਵਿਤਾਵਾਂ ਆਪ ਹੀ ਬੋਲਦੀਆਂ ਸਨ ਤੇ ਛਣਕਦੀਆਂ ਸਨ | ਅੱਜ ਸਿਮਰਨ ਅਕਸ ਜੋ ਨਵੀਂ ਕਵਿਤਰੀ ਅਤੇ ਥੀਏਟਰ ਆਰਟਿਸਟ ਹੈ ਦੀ ਇੱਕ ਕਵਿਤਾ ਬਾਰੇ ਲਿਖ ਰਿਹਾਂ ਜਿਸ ਨੂੰ ਮੈਂ ਦੱਸ ਕਉ ਵਾਰ ਪੜਕੇ ਅਤਿਅੰਤ ਖਲਾਵਾਂ ਵਿੱਚ ਗਵਾਚ ਗਿਆ ਪਰ ਉਨਾਂ ਖਲਾਵਾਂ ਵਿੱਚੋਂ ਹੂਕ ਆਈ ਤੇ ਡਾਕਟਰ ਇਕਬਾਲ ਦਾ ਸ਼ਿਆਰ ਯਾਦ ਆ ਗਿਆ | ਕਵਿਤਾ ਵਿੱਚ ਜੁਗਨੂ ਚਮਕਦੇ ਵੇਖਣਾ ਅਤੇ ਉਸ ਦੀ ਸਹਿਜਤਾ ਵਿੱਚ ਰਚੀ ਕਵਿਤਾ ਦੇ ਖਿਆਲ ਨੂੰ ਪਕੜਨ ਦੀ ਕੋਸ਼ਿਸ਼ ਕਰਨਾ ਜੀ! ਕਵਿਤਾ ਦੇ ਅੰਦਰ ਜਾਣ ਲੱਗਿਆਂ ਖਿਆਲ ਰੱਖਣਾ ਕਿ ਕਿਸ ਦਰ ਦੀ ਤਸਵੀਰ ਮਨ ਵਿੱਚ ਰੱਖ ਰਹੇ ਹੋ ; ਇਸ਼ਕ ਹਕੀਕੀ ਜਾਂ ਇਸ਼ਕ ਮਿਜਾਜੀ ਜਾਂ ਦੋਨੋਂ | ਜੇ ਇਸ਼ਕ ਮਿਜਾਜੀ ਤੀਕ ਰੁਕੇ ਗਏ , ਕਵਿਤਾ ਵਿਚਲੇ ਡੂੰਘੇ ਦਰਿਆਵਾਂ ਤੋਂ ਵਾਂਝੇ ਰਹਿ ਜਾਵੋਗੇ ਨਹੀਂ ਗੌਰ ਨਾਲ ਸੁਣਨਾ ਇਸ਼ਕ ਹਕੀਕੀ ਜਿਵੇਂ “ਕਭੀ ਐ ਹਕੀਕੇ ਮੁੰਤਜਰ ਨਜਰ ਆ ਲਿਬਾਸੇ ਮਿਜਾਜ ਮੇ “ ਦੀ ਹੂਕ ਕੰਨੀ ਸੁਣਾਈ ਦੇਵੇਗੀ ! ਇਸ ਕਵਿਤਾ ਨੂੰ ਪੜਦਿਆਂ ਕਿਉਂਕਿ ਚੇਤੇ ਰੱਖਣਾ ਕਵੀ ਦਾ ਖਿਆਲ ਬੰਦ ਡੱਬੀ ਵਾਂਗ ਨਹੀਂ ਹੁੰਦਾ ਬਲਕਿ ਇੱਕ ਵਹਿੰਦੀ ਨਦੀ ਵਰਗਾ ਹੁੰਦਾ ਏ ! ਹਾਜਰ ਹੈ
ਸਿਮਰਨ ਅਕਸ ਦੀ “ ਤੂੰ ਤੇ ਮੈਂ”
ਤੂੰ ਤੇ ਮੈਂ
ਜਦ ਤੂੰ ਤੇ ਮੈਂ ਮਿਲਦੇ ਹਾਂ ਤਾਂ ਮੈਂ ਪੂਰਨ-ਸੰਪੂਰਨ ਹੋ ਜਾਂਦੀ ਹਾਂ,
ਕਿਉਂਕਿ……..
ਤੂੰ ਤਾਲ ਮੈਂ ਨਾਚ ਹਾਂ..
ਤੂੰ ਸਾਗਰ ਮੈਂ ਤਿਸ਼ਨਾਗ ਹਾਂ
ਤੂੰ ਸੁਰ ਮੈਂ ਆਵਾਜ਼ ਹਾਂ
ਤੇ ਕਿਉਂਕਿ
ਤੂੰ ਮੈਂ ਤੇ ਮੈਂ ਤੂੰ ਹਾਂ……
ਪਰ ਨਹੀਂ ਸ਼ਾਇਦ ਇਹ ਮੇਰਾ ਭਰਮ ਹੈ
ਤੂੰ ਬ੍ਰਹਿਮੰਡ ਤੇ ਮੈਂ ਤਿਣਕਾ ਹਾਂ
ਤੂੰ ਸਾਗਰ ਮੈਂ ਤੁਪਕਾ ਹਾਂ
ਮੈਂ ਤੇਰੀ ਰੇਜ਼ ਹਾਂ…
ਅਧੂਰੀ ਹਾਂ ਤੇਰੀ ਅਣਹੋਂਦ ਵਿੱਚ
ਤੇ ਤੇਰੀ ਹੋਂਦ ਵਿੱਚ???????
ਹਾਂ ਤੇਰੀ ਹੋਂਦ ਵਿੱਚ ਵੀ…….
ਮੈਂ ਕੁਚੱਜੀ ਤਾਂ ਤੇਰੀ ਹੋਂਦ ਵੀ ਨਹੀ ਮਾਣ ਪਾਉਂਦੀ,
ਡਰਦੀ ਹਾਂ ਕਿ
ਤੋਹਮਤ ਵਰਦੀਆਂ ਰਾਹਾਂ ‘ਤੇ ਮੈਂ ਠਿੱਲ ਪਵਾਂ
ਢਾਕ ‘ਤੇ ਰੱਖ ਕੱਚਾ ਘੜਾ ਤੇਰੀ ਮੁਹੱਬਤ ਦਾ
ਮਤੇ ਘੜਾ ਛਿੱਟੇ ਪੈਣ ‘ਤੇ ਖੁਰ ਜਾਵੇ,
ਤੇ ਮੇਰੇ ਬੇਦਾਗ ਪੱਲੇ ‘ਤੇ ਕੋਈ ਛਿੰਬ ਪੈ ਜਾਵੇ!!!!
ਮੈਂ ਆਪਣੇ ਅੰਦਰ ਦੀ ਔਰਤ ਤੋਂ ਸੁਣਿਐ
ਕਿ ਮਰਦ ਕੱਚ ਤੇ ਕੱਚੇ ਘੜੇ ਵਾਂਗ ਹੁੰਦੇ ਨੇ……
ਬੱਸ ਇਹੋ ਡਰ ਹੈ
ਬੱਸ ਇਹੋ ਡਰ ਹੈ ਕਿ ਮੈੰ ਤੇਰੇ ਸਾਹਵੇਂ ਖੜੀ
ਤੈਨੂੰ ਤੱਕਦੀ ਤੇ ਤੱਕਦੀ ਰਹਿਨੀ ਆਂ..
ਓੁਡੀਕਦੀ ਰਹਿਨੀ ਆਂ
ਕਿ ਕਦ ਕੋਈ ਝੋਂਕਾ ਤੇਰੇ ਤੋਂ ਹੋਕੇ ਮੇਰੇ ਵੱਲ ਆਵੇਗਾ
ਤੇ ਫਿਰ ਮੇਰਾ ਰੋਮ ਰੋਮ ਰਸ ਲਬਰੇਜ਼ ਹੋ ਜਾਵੇਗਾ
ਐਸਾ ਰਸ, ਐਸਾ ਸਵਾਦ
ਕਿ ਮੈੰ ਅਸ਼ ਅਸ਼ ਹੋ ਜਾਵਾਂਗੀ…..
ਪਰ ਇੰਜ ਤਦ ਹੀ ਹੋ ਸਕਦੈ ਜਦ ਤੂੰ ਤੇ ਮੈਂ ਇਕੱਠੇ ਹੋਵਾਂਗੇ
ਕਿਉਂਕਿ ……
ਜਦ ਤੂੰ ਤੇ ਮੈਂ ਮਿਲਦੇ ਹਾਂ ਤਾਂ
ਮੈਂ ਪੂਰਨ-ਸੰਪੂਰਨ ਹੋ ਜਾਂਦੀ ਹਾਂ
….ਤੂੰ ਤੇ ਮੈਂ….


