Misc.

ਕੁਲਵਿੰਦਰ ਕੌਰ ਸੈਣੀ

ਜੋ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਵਾਉਣ ਜਾ ਰਿਹਾ ਹਾਂ ਉਹ ਸਾਡੇ ਸਮਾਜ ਦੀ ਉਹ ਗੰਦੀ ਤਸਵੀਰ ਪੇਸ਼ ਕਰਦੀ ਹੈ ਜਿਸ ਨੂੰ ਵੇਖਕੇ ਮਨ ਵਿੱਚ ਇੱਕ ਛੋਟੇਪਣ ਦਾ ਅਹਸਾਸ ਹੁੰਦਾ ਹੈ ਕਿ ਜੰਗਲੋਂ ਨਿਕਲਕੇ ਸਭਿਅਕ ਸਮਾਜ ਸਿਰਜਕੇ ਵੀ ਅਸੀਂ ਆਪਣੀ ਜੰਗਲੀ ਸੋਚ ਨੂੰ ਬਹੁਤ ਸਜਾਕੇ ਆਪਣੇ ਜ਼ਿਹਨ ਵਿੱਚ ਰੱਖੀਂ ਬੈਠੇ ਹਾਂ | ਕਵਿਤਾ ਕਲਮਬੰਦ ਕੀਤੀ ਏ ਕੁਲਵਿੰਦਰ ਕੌਰ ਸੈਣੀ ਹੋਰਾਂ ਨੇ ਜਿਨਾਂ ਨੂੰ ਵੀ ਮੈਂ ਕਦੇ ਨਹੀਂ ਮਿਲਿਆ | ਕੁਲਵਿੰਦਰ ਜੀ ਦਿੱਲੀ ਅਕਾਦਮੀ ਵਿੱਚ ਨਾਟਕ ਰਚਕੇ, ਉਨਾਂ ਨੁੰ ਸਟੇਜ ਤੇ ਲਿਆਂਕੇ ਜਿਓਂਦਾ ਕਰਦੇ ਹਨ | ਨਾਟਕਾਂ ਵਿੱਚ ਭਰੇ ਜਾਂਦੇ ਗੀਤ ਜਾਂ ਕਵਿਤਾ ਦੇ ਸ਼ਬਦ ਲਿਖਦੇ ਲਿਖਦੇ ਉਹ ਕਵਿਤਰੀ ਬਣ ਗਏ | ਧੀ ਦੀ ਮਾਂ ਹੋਣ ਦੇ ਨਾਤੇ, ਉਹ ਇਸ ਗੰਦਲੇ ਸਮਾਜ ਵਿੱਚ ਧੀਆਂ ਦੇ ਫਿਕਰ ਨੂੰ ਸੰਪੂਰਨਤਾ ਵਿੱਚ ਸਮਝਦੇ ਹਨ |ਮੇਰੀ ਜਾਚੇ ਜੋ ਕੁਝ ਔਰਤ ਇੱਕ ਧੀ ਤੇ ਔਰਤ ਬਾਰੇ ਸੱਚ ਲਿਖ ਸਕਦੀ ਹੈ, ਉਹ ਮਰਦ ਸ਼ਾਇਦ ਕਦੇ ਵੀ ਨਾ ਲਿਖ ਸਕਣ | ਕਵਿਤਾ ਬਹੁਤ ਛੋਟੀ ਹੈ ਪਰ ਉਸ ਦੇ ਬਿੰਬ ਛੋਟੇ ਛੋਟੇ ਬੰਬਾਂ ਵਰਗੇ ਹਨ ਜੋ ਫਟਦੇ ਹਨ ਉਨਾਂ ਮਰਦਾਂ ਦੇ ਸਾਹਵੇਂ ਜਿਨਾਂ ਨੇ ਔਰਤ ਨੂੰ ਇੱਕ ਇਨਸਾਨ ਦੇ ਤੌਰਤੇ ਵੇਖਣਾ ਅਜੇ ਸਿੱਖਿਆ ਹੀ ਨਹੀਂ | ਇਹ ਭਾਰਤ ਬਲਾਤਕਾਰ ਬਾਰੇ ਐਨਾ ਪ੍ਰਸਿੱਧ ਹੋ ਗਿਆ ਏ ਕਿ ਕਈ ਵਾਰ ਮੈਂ ਅਮਰੀਕਨ ਇਹ ਕਹਿੰਦੇ ਸੁਣੇ ਹਨ, “ ਕੀ ਇਹ ਤੁਹਾਡੇ ਲੋਕ ਜਾਨਵਰ ਹਨ ?” ਦਿੱਲੀ ਵਿੱਚ ਬਲਾਤਕਾਰ ਕਰਕੇ ਮਾਰੀ ਗਈ ਬੱਚੀ ਦਾ ਕੇਸ ਮੇਰੇ ਕੋਲੋਂ ਉਨਾਂ ਦੇ ਜਵਾਬ ਦੇਣ ਲਈ ਸਾਰੇ ਸ਼ਬਦ ਖੋਹ ਲੈਂਦਾ ਹੈ | ਇਹ ਤਾਂ ਨਹੀਂ ਨਾ ਕਿ ਉੱਥੇ ਬਲਾਤਕਾਰ ਨਹੀਂ ਹੁੰਦੇ; ਪਰ ਨਕਸ਼ਾ ਕੁਝ ਹੋਰ ਹੈ ਉੱਥੇ; ਏਥੇ ਬਲਾਤਕਾਰਾਂ ਨੂੰ ਰਾਜਨੀਤਕ ਤਾਕਤ ਵਾਲੇ ਸ਼ਰੇਆਮ ਬਚਾਉਂਦੇ ਹਨ|ਸਕੂਲ ਬੱਚੀਆਂ ਦੇ ਬਲਾਤਕਾਰ ਦੇ ਪਰਸੰਗ ਵਿੱਚ ਧਰਮ ਦੀ ਚਾਦਰ/ਡੇਰੇ ਹੇਠ ਬਲਾਤਕਾਰੀਆਂ ਨਾਲ ਵੱਡੇ ਵੱਡੇ ਨੇਤਾ /ਹਸਤੀਆਂ ਆ ਖੜਦੀਆਂ ਹਨ ! ਇਸ ਪਰਸੰਗ ਵਿੱਚ ਉਧਰ ਸਿਫ਼ਰਸ਼ਾਂ ਵਰਤਣ ਦਾ ਵਿਰੋਧ ਬਹੁਤ ਸਖਤ ਹੈ, ਤਦੇ ਇੱਕ ਧੀ ਉੱਥੇ ਐਨੇ ਡਰ ਵਿੱਚ ਨਹੀਂ ਜੀਉਂਦੀ ਜਿੰਨੀ ਐਥੋਂ ਦੀ ਧੀ ਏਥੇ , ਕਿਉਂਕਿ ਜੁਰਮ ਦੀ ਭੇਟ ਚੜੀ ਔਰਤ ਦੇ ਸੰਗ ਸਾਰਾ ਸਮਾਜ ਆ ਖਲੋਂਦਾ ਹੈ ਅਤੇ ਉੱਥੋਂ ਦੇ ਨੇਤਾ ਜਾਂ ਤਾਕਤਵਰ ਏਥੇ ਵਾਂਗ ਸਭ ਸ਼ਰਮਾਂ ਕੀਲੇ ਟੰਗ ਕੇ ਜੁਲਮੀ ਨਾਲ ਨਹੀਂ ਖੜਦੇ | ਭਾਰਤ ਵਿੱਚ ਜਿੱਥੇ ਵੱਡੇ ਲੋਕ ਪੁਲਸ ਤੇ ਜੱਜ ਖਰੀਦਣ ਦੀ ਮੰਡੀ ਵਿੱਚ ਵਿਚਰਦੇ ਹਨ, ਗਰੀਬ ਦੀ ਧੀ ਕੀ ਬੁੱਕਤ ਰੱਖਦੀ ਹੈ |ਇਸੇ ਗੰਦਲੇ ਵਾਤਾਵਰਣ ਵਿੱਚੋਂ ਕਵਿਤਰੀ ਕਵਿਤਾ ਸਿਰਜਦੀ ਹੈ, ਉਹ ਦਰਦ ਤੇ ਫਿਕਰ ਭਰਕੇ ਜੋ ਸਾਨੂੰ ਇਸ ਗੱਲ ਦੀ ਅਹਸਾਸ ਕਰਵਾਉਂਦੀ ਹੈ ਕਿ ਸਾਡੀਆਂ ਧੀਆਂ ਭੈਣਾਂ ਸੱਚੀਂ ਸੁਰਖਸ਼ਿਆਤ ਨਹੀਂ ਹਨ ; ਬਲਾਤਕਾਰ ਦੇ ਛੱਡੇ ਔਰਤ ਦੇ ਜ਼ਿਹਨ ਵਿਚਲੇ ਜੱਖਮਾਂ ਦਾ ਅਹਿਸਾਸ ਕਰਕੇ ਉਸ ਨੂੰ ਖਾਮੋਸ਼ੀ ਦੀ ਭੇਟ ਚਾੜ ਦੇਣਾ ਸਾਡੇ ਸਮਾਜ ਦਾ ਵਤੀਰਾ ਬਣ ਗਿਆ; ਆਪਣਿਆਂ ਧੀਆਂ ਭੈਣਾਂ ਦਾ ਫਿਕਰ ਸਾਡੀ psyche ਵਿੱਚ ਇੱਕ ਭੁੱਖ ਵਾਂਗ ਗੱਡਿਆ ਗਿਆ ਹੈ; ਧੀਆਂ ਕਤਲ ਹੋ ਜਾਂਦੀਆਂ ਹਨ ਤੇ ਸਮਾਜ ਖਾਮੋਸ਼ੀ ਦਾ ਸਹਾਰਾ ਤਲਾਸ਼ਦਾ ਹੈ ਪਰ ਸਰਬ ਵਿਰੋਧ ਨੂੰ ਨਹੀਂ ਚੁਣ ਸਕਦਾ | ਇਸ ਕਵਿਤਾ ਵਿੱਚ ਧੀ ਹੌਸਲੇ ਨਾਲ ਬੋਲਦੀ ਹੈ ਇੱਕ ਅਣਜਾਣ ਦਲੇਰੀ ਦੀ ਤਹਿਤ, ਪਰ ਮਾਂ ਅਸਲੀਅਤ ਦੀ ਸਤਹ ਤੇ ਖੜੋਕੇ ਪ੍ਰਬਚਨ ਜਾਰੀ ਰੱਖਦੀ ਹੈ ਕਿਉਂਕਿ ਜਾਨਵਰਾਂ ਦੇ ਇਕੱਠ ਵਿੱਚ ਨਿੱਕੀਆਂ ਜਾਨਾਂ ਕੀ ਕਰਨਗੀਆਂ ? ਬਘਿਆੜਾਂ ਦੀ ਬੂ ਹਵਾ ਵਿੱਚ ਰਲੀ ਮਹੱਸੂਸੀ ਜਾ ਸਕਦੀ ਹੈ | ਇਹ ਕਵਿਤਾ ਸਮਾਜ ਦੀ ਚੇਤੰਨਤਾ ਹਲੂਣਦੀ ਹੈ; ਜਰਾ ਗੌਰ ਦੇਣਾ, ਹਾਜਰ ਹੈ ਕਵਿਤਾ “ ਧੀ ਰਾਣੀ “

ਮੈਂ ਆਪਣੀ ਧੀ

ਰਾਣੀ ਨੂੰ ਅਕਸਰ

ਆਖਦੀ ਹਾਂ,

ਤੂੰ ਟੈਮ ਸਿਰ ਘਰ

ਪਰਤ ਆਇਆ ਕਰ,

ਦੁਸ਼ਮਣ ਦੀ ਤੀਜੀ

ਅੱਖ ਦਾ ਕੋਈ ਭਰੋਸਾ ਨਹੀਂ।

ਹੁਣ ਧੀਆਂ ਸਾਂਝੀਆਂ ਨਹੀਂ

ਉਹਲੇ ਹੋ ਹੋ

ਵੇਖੀਆਂ ਜਾਂਦੀਆਂ ਨੇ

ਸ਼ਬਦਾ ਦੇ ਜਾਲ

ਵਿਛਾਉਣ ਲਈ।

ਸਪੇਰੇ ਜੋਗੀ ਬਣ

ਬੀਨ ਵਜਾਉਂਦੇ

ਮੋਹ ਪਟਾਰੀ ਪਾਉਂਦੇ

ਥਾਂ- ਥਾਂ ਨਚਾਉਣ ਲਈ।

ਮਿੱਠੜੇ ਬੋਲਾਂ ਦੇ

ਬਾਣ ਚਲਾਉਂਦੇ

ਧੁਰ ਤੱਕ ਜ਼ਖਮੀ ਕਰਦੇ

ਰੁਵਾਉਣ ਲਈ।

ਮੇਰੀ ਧੀ ਹੱਸ ਟਾਲ

ਦਿੰਦੀ ਤੇ ਕਹਿੰਦੀ ਮਾਂ

ਤੂੰ ਐਵੀ ਨਾ ਡਰਿਆ ਕਰ,

ਤੇਰੀ ਧੀ ਇਕੀਵੀਂ ਸਦੀ

ਦੀ ਨਿਡਰ ਤੇ ਬਹਾਦਰ ਕੁੜੀ ਏ,

ਦੁਸ਼ਮਣ ਨਾਲ ਲੜਨ ਦੀ

ਗੁੜ੍ਹਤੀ ਤੂੰ ਹੀ ਦਿੱਤੀ।

ਪਰ ਮੈਂ ਮਾਂ ਹਾਂ

ਮਾਂ ਹਰ ਜਨਮ ਆਪਣੀ

ਧੀ ਰਾਣੀ ਨੂੰ ਆਖਦੀ ਏ,

ਤੂੰ ਟੈਮ ਸਿਰ

ਘਰ ਪੱਰਤ ਆਇਆ ਕਰ।

ਕੁਲਵਿੰਦਰ ਕੌਰ ਸੈਣੀ

ਕੁਲਵਿੰਦਰ ਕੌਰ ਸੈਣੀ Read More »

ਸ਼ਾਇਰ ਪਾਲ ਕੌਰ

ਮੀ ਟੂ ਇੱਕ ਲਹਿਰ ਚੱਲੀ ਸੀ; ਔਰਤ ਨੇ ਲੋਕਚਾਰੀ ਦੀਆਂ ਧਜੀਆਂ ਉਡਾਕੇ ਵਕਤ ਤੇ ਹਾਲਤ ਦਾ ਫਾਇਦਾ ਉਠਾਉਂਦੇ ਮਰਦ ਦੇ ਅੰਦਰਲੇ ਗੰਦ ਨੂੰ ਨੰਗਾ ਕੀਤਾ ਸੀ ਪਹਿਲੀ ਵਾਰ ਇੱਕ ਮੁਹਿੰਮ ਰਾਹੀਂ ; ਅਮਰੀਕਾ ਵਿੱਚ ਵੱਡੇ ਡਰੈਕਟਰ, ਐਕਟਰ, ਅਫਸਰ ਤੇ ਰਾਜਨੀਤੀਵਾਨਾਂ ਦੇ ਪੋਤੜੇ ਔਰਤਾਂ ਦੇ ਇਸ ਸਾਹਸ ਨੇ ਨੰਗੇ ਕਰਕੇ ਲੋਕਾਂ ਦੀ ਕਚਹਰੀ ਵਿੱਚ ਰੱਖੇ !ਜਿਨਾਂ ਕਾਰਨ ਮਰਦ ਦੀਆਂ ਗੰਦ ਭਰੀਆਂ ਹਰਕਤਾਂ ਤੇ ਕਰਤੂਤਾਂ ਥਮ ਗਈਆਂ ਇੱਕ ਡਰ ਅਤੇ ਭੈ ਸਾਹਿਤ| ਭਾਰਤ ਵਿੱਚ ਕੀ ਹੋਇਆ ਇਸ ਪਰਸੰਗ ਵਿੱਚ ਮੈਨੂੰ ਬਹੁਤਾ ਗਿਆਨ ਨਹੀਂ, ਪਰ ਜੋ ਹਾਲਾਤ ਹਨ, ਉਨਾਂ ਨੂੰ ਵੇਖਕੇ ਅਜੇ ਵੀ ਸ਼ਰਮ ਆਉਂਦੀ ਹੈ | ਸ਼ਾਇਰ ਪਾਲ ਕੌਰ ਜੀ ਨੁੰ ਵੀ ਮਿਲਣ ਦਾ ਸੁਭਾਗ ਮੈਨੂੰ ਨਹੀਂ ਹੋਇਆ ਬਲਕੇ ਆਖਾਂਗਾ ਕਿ ਹਰਵਿੰਦਰ ਜੀ ਦੀ ਉਨਾਂ ਬਾਰੇ ਇੱਕ ਪੋਸਟ ਵਿੱਚ ਉਨਾਂ ਦੀ ਇੱਕ ਕਵਿਤਾ ਉੱਤੇ ਮੈਂ ਕਿੰਤੂ ਕੀਤਾ ਸੀ ਪਰ ਦਰਿਆਦਿਲ ਕਵਿਤਰੀ ਨੇ ਉਹ ਕਮੈਂਟ ਪਸੰਦ ਕੀਤਾ | ਮਨ ਵਿੱਚ ਆਇਆ ਕਿ ਸ਼ਾਇਰ ਪਾਲ ਕੌਰ ਜੀ ਦੇ ਦਰ ਜਾਕੇ ਉਨਾਂ ਦੀ ਕੋਈ ਕਵਿਤਾ ਵੇਖਾਂ ਜੇ ਮਨ ਨੂੰ ਪਸੰਦ ਆ ਜੇ ਤਾਂ ਲਿਖਾਂ ਤੇ ਹਾਜਰ ਹੈ ਉਨਾਂ ਦੀ ਕਵਿਤਾ “ ਮੀ ਟੂ” ਮਤਲਬ ਕਾਮਿਕ ਧੱਕਾ ਜਿਸ ਦੇ ਅਰਥ ਹਨ “ਸ਼ੋਸ਼ਨ ਮੇਰਾ ਵੀ ਹੋਇਆ ਸੀ” |ਕਵਿਤਾ ਵਿੱਚ ਔਰਤ ਨਾਲ ਹੁੰਦਾ ਆ ਰਿਹਾ ਕਮਿਕ ਧੱਕਾ ਤੇ ਸ਼ੋਸ਼ਨ ਦਾ ਇਤਿਹਾਸ ਕਲਮਬੰਦ ਹੈ ਇਸ ਕਵਿਤਾ ਵਿੱਚ | ਖੁਰਦਰੇ, ਲਿਜਲਿਜੇ ਅਹਿਸਾਸ ਦੇ ਬੋਲ ਤੇ ਫ਼ਰਾਕ ਦੀ ਉਮਰ ਦੇ ਬਿੰਬ ਹਰ ਜਮੀਰ ਵਾਲੇ ਮਰਦ ਅੰਦਰ ਛੁਰਾ ਚੋਭਦੇ ਹਨ ਤੇ ਯਾਦ ਕਰਵਾਉਂਦੇ ਹਨ ਕਿ ਅਜਿਹੇ ਮਰਦ ਬਿਮਾਰ ਹਨ ਮਨਸਿਕ ਤੌਰਤੇ| ਕੁਆਰਪਣੇ ਦੇ ਦਰਦ ਤੇ ਨਾ ਕੁਝ ਕਰ ਸਕਣ ਦੀ ਬੇਵਸੀ, ਸਭਿਅਕ ਮਰਦ ਦੀ ਜਮੀਰ ਝੰਜੋੜ ਦੇ ਹਨ | ਬਲਾਤਕਾਰ ਦੇ ਦਰਦ ਤੇ ਉਸ ਉੱਤੇ ਓਡੀ ਮਰਦ ਦੀ ਬੇਸ਼ਰਮੀ ਦੀ ਚਦਰ ਵਿੱਚੋਂ ਬੂ ਆਉਂਦੀ ਹੈ ! ਇੰਝ ਜਿਵੇਂ ਚੋਰ ਧੱਕੇ ਨਾਲ ਚੋਰੀ ਕਰਕੇ ਆਖੇ ‘ਮੇਰਾ ਦਿਲ ਕੀਤਾ ਤੇ ਚੋਰੀ ਕਰ ਲਈ , ਤਾਂ ਕੀ ?” ਅਜਿਹੀਆਂ ਢਾਲਾਂ ਲੈਕੇ ਬੇਗਰਤ ਮਰਦ ਮਨਪ੍ਰਚਾਵੇ ਦੇ ਗੰਦ ਨੂੰ ਹੋਰਾਂ ਤੇ ਥੋਪਦਾ ਹੈ ! ਹਾਜਰ ਹੈ ਸ਼ਾਇਰਾ ਪਾਲ ਕੌਰ ਦੇ ਸ਼ਬਦ ਇਸ ਤ੍ਰਾਸਦੀ ਦੇ ਪਰਸੰਗ :

ਮੀ ਟੂ

ਜਦੋਂ ਤੁਰ ਪਿਆ ਹੈ ਆਵਾਜ਼ਾਂ ਦਾ ਕਾਫ਼ਲਾ ,

ਤਾਂ ਸੁਣਦੀਆਂ ਨੇ ਕੁਝ,

ਪਰ ਖਾਮੋਸ਼ ਨੇ ਹਾਲੇ ਬਹੁਤ ਆਵਾਜ਼ਾਂ !

ਉਦੋਂ ਤਾਂ ਆਵਾਜ਼ ਵੀ ਨਹੀਂ ਸੀ

ਤੇ ਨਾ ਸਨ ਸ਼ਬਦ …….

ਜਦੋਂ ਕੁੱਖ ਅੰਦਰ ਹੀ ,

ਉਨ੍ਹਾਂ ਚੁੱਕ ਦਿੱਤਾ ਸੀ ਪਰਦਾ !

ਕਿੱਥੇ ਬੋਲੇ ਨੇ ਹਾਲੇ

ਉਨ੍ਹਾਂ ਛੋਹਾਂ, ਉਨ੍ਹਾਂ ਨਿਗਾਹਾਂ ,

ਉਸ ਖੁਰਦਰੇ, ਲਿਜਲਿਜੇ ਅਹਿਸਾਸ ਦੇ ਬੋਲ…..

ਫ਼ਰਾਕ ਦੀ ਉਮਰੇ

ਕਿੱਥੇ ਹੁੰਦੇ ਨੇ ਬੋਲ ?

ਖੂੰਜਿਆਂ, ਹਨੇਰਿਆਂ,

ਤਾਣਾਂ ਤੇ ਮਾਣਾਂ ਅੰਦਰ,

ਦੱਬ ਗਈ ਸੀ ਚੀਕ !

ਉਹ ਸਨ ਹਮਸਾਏ….

ਕੇਹੇ ਸਨ ਲਾਡ ਲਡਾਏ !

ਕਿੱਥੇ ਬੋਲੇਗਾ

ਕਰਜ਼ਾ ਉਤਾਰਦੀ ਮਾਂ ਦਾ ਖਾਮੋਸ਼ ਦਰਦ ?

ਘਾਹ ਖੋਤਰਦੀ ਬਾਲੜੀ ਨੂੰ ਪਿਆ ਅਚੇਤ ਘੇਰਾ ?

ਕਿੱਥੇ ਬੋਲੇਗਾ,

ਪਿੱਠ ਤੋਂ ਸਰਕਦੇ ……

ਕਿਸੇ ਵੱਡੇ ਦੇ ਸ਼ਨਾਖ਼ਤੀ ਹੱਥ

ਤੇ ਗ਼ੈਰ ਸ਼ਨਾਖਤੀ ਛੋਹ ਦਾ ਦਰਦ ?

ਕਿੰਨੇ ਕੁ ਬੋਲਣਗੇ

ਕਦਮ ਕਦਮ ‘ਤੇ, ਏਥੇ ਉੱਥੇ …

ਸ਼ਬਦਾਂ ਤੇ ਨਿਗਾਹਾਂ ਦੀ ਖੇਡ ਤੋਂ ਤੁਰਦੇ,

ਚਾਹ ਤੇ ਰਾਹ ‘ਤੇ ਉਲਝੇ ,

ਦੋ ਚਿੱਤੀਏ ਦਰਦ ?

ਕਦੇ ਇੱਕ ਤੇ ਕਦੇ ਦੂਜੇ ਡਰ ‘ਚ ਅਟਕੇ ,

ਲਿਫਦੀ ਜ਼ਮੀਨ ‘ਚ ਧਸਦੇ ਪੈਰ !

ਹਾਲੇ ਤਾਂ ਬੋਲੀਆਂ ਨੇ,

ਚਮਕਦੀਆਂ ਸ਼ਨਾਖ਼ਤਾਂ ਵਿਰੁੱਧ ,

ਚਮਕਦੀਆਂ ਸ਼ਨਾਖ਼ਤਾਂ !

ਤੇ ਐਨੇ ਵਿੱਚ ਹੀ ਲੂਸ ਉੱਠੇ ਨੇ,

ਵਿਰੋਧੀ ਬੋਲ,

ਢਾਲਾਂ ਲਾ ਲਾ ਕੇ ਕਰਦੇ ਵਾਰ !

ਹੱਸਦੇ ਕਦੀ ਖਚਰੇ ਹਾਸੇ !

ਉਨ੍ਹਾਂ ਲਈ ਅੱਖ ਤੇ ਹੱਥ ,

ਜੁਰਮ ਥੋੜ੍ਹਾ ਕਰਦੇ ਨੇ ….

ਉਹ ਤਾਂ ਹਾਸੇ ਖੇਡਾਂ ਕਰਦੇ ਨੇ !

ਇਹੀ ਤਾਂ ਹੈ ,

ਚਿੜੀਆਂ ਦੀ ਮੌਤ

ਤੇ ਗਵਾਰਾਂ ਦਾ ਹਾਸਾ !

ਜਿਵੇਂ ਜਾਣਦੇ ਨਾ ਹੋਣ,

ਖੂੰਜਿਆਂ, ਹਨੇਰਿਆਂ

ਤੇ ਗੈਰ ਸ਼ਨਾਖਤੀ ਨੀਯਤਾਂ ਦਾ ਸੱਚ !

ਜਿਵੇਂ ਜਾਣਦੇ ਨਾ ਹੋਣ ,

ਮਰਜ਼ੀ ਤੇ ਧੱਕੇ ‘ਚ ਫਰਕ !

ਜਿਵੇਂ ਜਾਣਦੇ ਨਾ ਹੋਣ ,

ਚਾਹਤ ਤੇ ਲਾਹਨਤ ਦਾ ਫਰਕ !

ਹਾਲੇ ਤਾਂ ਉੱਠਿਆ ਹੈ ਪਹਿਲਾ ਪੂਰ !

ਉੱਠ ਪਿਆ ਜੇ ਕਿਧਰੇ

ਹਰ ਖਾਮੋਸ਼ ਬੋਲ …

ਹਰ ਦੱਬੀ ਘੁੱਟੀ ਚੀਕ…

ਗ਼ੈਰ ਸ਼ਨਾਖਤੀ ਅਹਿਸਾਸ…..

ਤਾਂ ਦੁਨੀਆ ਵਿੱਚ ਇੱਕੋ ਹੀ ਰਹਿ ਜਾਵੇਗੀ ਆਵਾਜ਼ ,

ਮੈਂ ਵੀ

ਮੈਂ ਵੀ !

ਗੁਆਚ ਜਾਣਗੇ ਹਨੇਰੇ ‘ਚ ਸਭ ਸਾਏ ,

ਸਵਾਲੀਆ ਹੋ ਜਾਣਗੀਆਂ ਸਭ ਸ਼ਨਾਖ਼ਤਾਂ !

ਜੇ ਕਿਤੇ ਬੋਲ ਪਈਆਂ ,

ਖਾਮੋਸ਼, ਦੱਬੀਆਂ ਘੁੱਟੀਆਂ ਸਭ ਆਵਾਜ਼ਾਂ

ਮੀ ਟੂ !

ਮੀ ਟੂ !

ਪਾਲ ਕੌਰ

ਸ਼ਾਇਰ ਪਾਲ ਕੌਰ Read More »

ਜਸਵੰਤ ਸਿੰਘ ਜਫਰ

ਹੱਥਲੀ ਕਵਿਤਾ ਜਸਵੰਤ ਸਿੰਘ ਜਫਰ ਹੋਰਾਂ ਦੀ ਹੈ ; ਮੈਨੂੰ ਮਿਲਣ ਦਾ ਸੁਭਾਗ ਕਦੇ ਉਨਾਂ ਨੁੰ ਵੀ ਨਹੀਂ ਹੋਇਆ ਜਿਵੇਂ ਮਨਜੀਤ ਇੰਦਰਾ, ਹਰਵਿੰਦਰ , ਜਗਦੀਪ ਸਿੱਧੂ, ਸਿਮਰਨ ਅਕਸ ਤੇ ਰਵਿੰਦਰ ਸੰਧੂ ਹੋਰਾਂ ਨੁੰ ; ਅਮਰੀਕਾ ਦੇ ਦੇਸ਼ ਵਿੱਚ ਰੁਝੇਵਿਆਂ ਦੇ ਜੰਗਲ ਨੇ ਆਪਣੇ ਪੰਜਾਬ ਵਿੱਚ ਲਿਖੀ ਜਾ ਰਹੀ ਖੂਬਸੂਰਤ ਕਵਿਤਾ ਨੁੰ ਪੜਨ ਤੋਂ ਰੋਕੀ ਰੱਖਿਆ ਮੈਨੂੰ; ਸੁਰਤ ਜਾਗੀ ਤੇ ਖੂਬਸੂਰਤ ਕਵਿਤਾਵਾਂ ਨਜਰੀ ਪਈਆਂ | ਖੂਬਸੂਰਤ ਖਿਆਲ ਸੋਨੇ ਵਾਂਗ ਹੁੰਦੇ ਹਨ ; ਜਿਵੇਂ ਜਿੰਨੀ ਸੋਨੇ ਵਿੱਚ ਮਿਲਾਵਟ ਓਨਾ ਸੋਨਾ ਸਸਤਾ ਪਰ ਜਿੰਨਾ ਸ਼ੁੱਧ ਓਨਾ ਕੀਮਤੀ; ਉਵੇਂ ਹੀ ਜਿੰਨਾ ਖਿਆਲ ਸ਼ੁੱਧ ਓਨਾ ਹੀ ਉਹ ਵਧੀਆ ਤੇ ਜਿੰਨਾ ਖਿਆਲ ਰਲਾਵਟ ਵਿੱਚ ਰੰਗਿਆ ਗਿਆ, ਓਨਾ ਹੀ ਉਹ ਅਸ਼ੁੱਧ ਯਾ ਆਖ ਲਵੋ ਆਮ ਜਿਹਾ ਹੁੰਦਾ ਹੈ | ਇਸ ਕਵਿਤਾ ਵਿਚਲਾ ਖਿਆਲ ਜੰਗਲ ਦੀ ਸਭਿਅਤਾ ਤੋ ਆਧੁਨਿਕ ਸਭਿਅਤਾ ਦੇ ਸਫ਼ਰ ਦੀ ਕਹਾਣੀ ਹੀ ਨਹੀਂ ਪਾਉਂਦਾ ਬਲਕਿ ਪਾਠਕ ਨੂੰ ਜਗਾਉਂਦਾ ਵੀ ਹੈ ਕਿ ਕਿਸ ਟਿਕਾਣੇ ਤੇ ਟਿਕਣਾ ਹੈ ! ਆਖਰੀ ਸਤਰ ਵਿੱਚ ਅਸਮਾਨ ਵਿਚਲੇ ਸਭ ਕੁਝ ਸਮੋ ਲੈਣ ਵਾਲੇ ਵਿਸ਼ਾਲ ਗੁਣ ਬਾਰੇ ਦੱਸਿਆ ਗਿਆ ਹੈ ਤੇ ਪਿੰਜਰ ਦੀ ਸੌੜੀ ਔਕਾਤ ਬਾਰੇ ਦੁਖ ਦੀ ਗੱਲ ਯਾਦ ਕਰਵਾਈ ਗਈ ਹੈ | ਕਵੀ ਬਿੰਬਾਂ ਨਾਲ ਖਿਆਲ ਨੂੰ ਸ਼ਿੰਗਾਰਦੇ ਹੁੰਦੇ ਹਨ; ਜੇ ਪਾਠਕ ਬਿੰਬਾਂ ਦੀ ਤਹਿ ਤੀਕ ਨਾ ਜਾਵੇ ਤਦ ਕਵਿਤਾ ਮੇਰੇ ਮੁਤਾਬਿਕ ਅਣਪੜੀ ਰਹਿ ਗਈ ਸਮਝੋ ! ਇਹ ਕਵਿਤਾ ਮੈਂ ਉਨਾਂ ਦੇ ਫੇਸਬੁੱਕ ਪੇਜ ਤੋਂ ਲਈ ਹੈ, ਕਿਉਂਕਿ ਕਵੀ ਮੇਰੇ ਕੋਲ ਨਹੀਂ ਆਉਂਦੇ ਮੈਂ ਉਨਾਂ ਕੋਲ ਜਾਣ ਵਿੱਚ ਆਪਣਾ ਮਾਣ ਸਮਝਦਾ ਹਾਂ | ਬਹੁਤ ਥੋੜੇ ਸ਼ਬਦ ਹਨ ਕਵਿਤਾ ਵਿੱਚ ਪਰ ਕਹਾਣੀ ਬਹੁਤ ਲੰਮੀ ਹੈ | ਇਸ ਕਵਿਤਾ ਦਾ ਟਿਕਾਣਾ ਸਰਬ ਵਿਆਪਕ ਖਿਆਲ ਨਾਲ ਬੰਨ੍ਹਿਆ ਹੋਇਆ ਹੈ | ਬਹੁਤੇ ਲੋਕ ਪਿੰਜਰ ਦੇ ਨਿਵਾਸੀ ਹੋ ਗੁਜਰਦੇ ਹਨ, ਪਰ ਟਾਵਾਂ ਟਾਵਾਂ ਅਸਮਾਨ ਦੇ ਬਿੰਬ ਵਿੱਚ ਰਲਗਡ ਹੁੰਦਾ ਹੈ | ਜਿੰਦਗੀ ਸਥਿਰ ਨਹੀਂ ਤੇ ਪਿੰਜਰੇ ਇਸ ਲਈ ਘਾਤਕ ਹਨ; ਹਾਜਰ ਹੈ ਇਹ ਖੂਬਸੂਰਤ ਕਵਿਤਾ !

ਜਸਵੰਤ ਸਿੰਘ ਜਫਰ Read More »

ਪ੍ਰੋਫੈਸਰ ਰਵਿੰਦਰ ਸੰਧੂ

ਪ੍ਰੋਫੈਸਰ ਰਵਿੰਦਰ ਸੰਧੂ ਹੋਰਾਂ ਦੀ ਹੇਠ ਦਿੱਤੀ ਕਵਿਤਾ ਜਰਾ ਧਿਆਨ ਨਾਲ ਪੜਨਾ; ਮੈਂ ਜਿਵੇਂ ਬਿਨ ਮਿਲਿਆਂ ਹਰਵਿੰਦਰ ਜੀ , ਮਨਜੀਤ ਇੰਦਰਾ ਜੀ , ਸਿਮਰਨ ਅਕਸ ਜੀ ਤੇ ਜਗਦੀਪ ਸਿੱਧੂ ਜੀ ਜਿਨਾਂ ਦੀਆਂ ਮਨ ਟੁੰਬਣੀਆਂ ਕਵਿਤਾਵਾਂ ਬਾਰੇ ਲਿਖਿਆ ਸੀ, ਪ੍ਰੋਫੈਸਰ ਰਵਿੰਦਰ ਸੰਧੂ ਜੀ ਨੂੰ ਵੀ ਨਹੀਂ ਮਿਲਿਆ | ਕਵਿਤਾ ਸੰਸਾਰ ਵਿੱਚ ਵੱਡੇ ਨਾਵਾਂ ਹੇਠ ਨਵੇਂ ਚਿਹਰਿਆਂ ਦੀਆਂ ਸ਼ਾਨਦਾਰ ਕਵਿਤਾਵਾਂ ਨਜਰ ਅੰਦਾਜ ਕਰਨ ਨੂੰ ਮੈਂ ਸਾਹਿਤਿਕ ਜੁਰਮ ਸਮਝਦਾ ਹਾਂ | ਡਾਕਟਰ ਹਰਭਜਨ ਦੇ ਗਰੁੱਪ ਨਾਲ ਮੇਰੀ ਕੋਈ ਸਾਂਝ ਨਹੀਂ ਸੀ ਤੇ ਨਾ ਉਨਾਂ ਦਾ ਕੋਈ ਚੰਗਾ ਪ੍ਰਭਾਵ ਮੇਰੇ ਉੱਤੇ ਸੀ, ਪਰ ਉਨਾਂ ਨੇ ਇੱਕ ਨਿਕਲੁਆਰ ਬੰਬ ਉੱਤੇ ਕਵਿਤਾ ਲਿਖੀ ਸੀ , “ ਕਿਤੇ ਜੇ ਇਹ ਤਿੜਕ ਗਿਆ , ਕਿਤੇ ਜੇ ਇਹ ਕਿਰਨ ਡੁੱਲ੍ਹ ਗਈ ,ਇਹ ਚੰਦ ਸੂਰਜ ਧਰਤੀਆਂ, ਸਿਤਾਰਿਆਂ ਦੇ ਟਿਮਕਣੇ , ਮਿਟਣਗੇ ਇੱਕ ਝਲਕ ਵਿੱਚ, ਜਿਓਂ ਸਰਕੜੇ ਦੀ ਨੋਕ ਤੇ ਤ੍ਰੇਲ ਤੁਪਕੜੇ ….(੨੮ ਸਾਲ ਪਹਲੇ ਪੜੀ ਸੀ)“ ਅੱਜ ਵੀ ਮੇਰੇ ਜ਼ਿਹਨ ਵਿੱਚ ਵਸਦੀ ਹੈ ਕਿਉਂਕਿ ਵਧੀਆ ਰਚਨਾ ਕੋਈ ਵੀ ਰਚੇ ਸਲਹਾਉਣੀ ਚਾਹੀਦੀ ਏ | ਜਿਆਦਾ ਮੈਂ ਨਾਵਲ ਹੀ ਲਿਖਣ ਵਿੱਚ ਰੁਝਿਆ ਰਿਹਾਂ, ਪਰ ਕਵਿਤਾ ਵੀ ਮੈਨੂੰ ਉਤਰਦੀ ਹੈ ਤੇ ਮੈਂ ਇੱਕ ਕਾਵਿ ਸੰਗ੍ਰਿਹ “ ਰਾਤ ਦੀ ਕੁੱਖ” ਵੀ ਛਪਵਾਇਆ ਸੀ ਪਿਛਲੇ ਸਾਲ; ਇਸ ਕਰਕੇ ਕਵਿਤਾ ਦੀ ਮੇਰੀ ਭੁੱਖ ਕਦੇ ਮਿਟਦੀ ਨਹੀਂ | ਮੈਂ ਅਕਾਦਮਿਕ ਰੋਹ੍ਬ ਪਾਉਣ ਲਈ ਖਾਸ ਸ਼ਬਦਾਵਲੀ ਤੋਂ ਕਤਰਾਉਂਦਾ ਹਾਂ; ਜਿਵੇਂ ਅਮਰੀਕਨ ਅੰਗਰੇਜੀ ਭਾਸ਼ਾ ਦਾ ਗਰਾਇਮੇਰੀਅਨ ਮਿਸਟਰ ਗਰਨਰ ਆਖਦਾ ਏ “ਸਿੱਧੀ ਗੱਲ ਸਿੱਧੀ ਭਾਸ਼ਾ”|ਅੱਜ ਕੱਲ੍ਹ ਮੈਂ ਨਵੇਂ ਕਵੀਆਂ ਨੂੰ ਜਿਆਦਾ ਪੜਦਾ ਹਾਂ ਕਿਉਂਕਿ ਉਹ ਨਵੇਂ ਵਾਤਾਵਰਣ ਦੀ ਉਪਜ ਹਨ; ਇੰਝ ਆਸ ਕਰਦਾ ਹਾਂ ਕਿ ਕੋਈ ਖੂਬਸੂਰਤ ਕਵਿਤਾ ਪੜਨ ਨੂੰ ਮਿਲ ਹੀ ਜਾਵੇ, ਤੇ ਮੈਂ ਉਸ ਬਾਰੇ ਕੁਝ ਲਿਖਾਂ | ਹੱਥਲੀ ਕਵਿਤਾ ਵਿੱਚ ਹੁਣ ਦਾ ਇਤਿਹਾਸ ਚਿਤਰਿਆ ਗਿਆ ਹੈ; ੧੯੪੭ ਤੋਂ ਬਾਅਦ ਇਸੇ ਕਿਸਮ ਦੇ ਇਤਿਹਾਸ ਦੀਆਂ ਪੈੜਾਂ ਅਸੀਂ ਵੇਖਦੇ ਆ ਰਹੇ ਹਾਂ | ਜਾਗ੍ਰਿਤੀ ਜੁਗਨੂਆਂ ਵਾਂਗ ਟਮਕਦੀ ਰਹੀ ਹੈ, ਪਰ ਸੇਧ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕੇ | ਬਿਗਾਨੀ ਸੋਚ ਦਾ ਸਹਾਰਾ ਵੀ ਮਹਿੰਗਾ ਪਿਆ| ਧਰਮ ਨੂੰ ਰਾਜਨੀਤੀਵਾਨ ਉਸੇ ਤਰ੍ਹਾਂ ਵਰਤਦੇ ਹਨ ਜਿਵੇਂ ਕੋਈ ਇੱਕ ਪਾਰਟੀ ਕਾਮਿਆਂ ਦੀ ਹਮਦਰਦੀ ਨੂੰ ਵਰਤਦੀ ਹੈ ! ਮਨੁੱਖੀ ਚੇਤਨਤਾ ਨੁੰ ਬੁੱਧੀਜੀਵੀਆਂ ਦੀਆਂ ਥ੍ਏਓਰੀਆਂ ਨਾਲ ਦਬਾਅ ਲਿਆ ਜਾਂਦਾ ਹੈ | ਇੱਕ ਹੋਕਾ ਹੈ ਇਸ ਕਵਿਤਾ ਵਿੱਚ “ਗ਼ੁਲਾਮੀ ਨੂੰ ਆਜ਼ਾਦੀ ਕਹਿ ਤੇ ਜਿੰਦਾ ਰਹਿ,ਜੋ ਵੀ ਸ਼ਖਸ ਹੈ ਸੁਤੰਤਰ ਖ਼ਤਰੇ ਵਿੱਚ ਹੈ”| ਇਸ ਹਨੇਰਗਰਦੀ ਵਿੱਚ ਜੇ ਕੋਈ ਜਗਾਵੇ ਵੀ, ਤਦ ਸੇਧ ਨੂੰ ਖੋਹ ਲਿਆ ਜਾਂਦਾ, ਰਵਿੰਦਰ ਸੰਧੂ ਜੀ ਲਿਖਦੇ ਹਨ “ਸੰਵਾਦ ਹੀ ਰਾਹ ਸੀ, ਜਦ ਗਿਆਨ ਸੀ ਮੰਜਿਲ, ਮੀਲ-ਪੱਥਰ ਹੋਏ ਕੋਰੇ, ਸਫ਼ਰ ਖ਼ਤਰੇ ਵਿੱਚ ਹੈ”|

ਇਹ ਗਲਤ ਦਾਹਵਾ ਹੈ ਕਿ ਧਰਮ ਅਫੀਮ ਹੈ, ਕਿਉਂਕਿ ਕੋਈ ਵੀ ਨਾਹਰਾ/ਰਾਜਨੀਤਕ ਸੰਗਠਨ ਜਿਸ ਦੇ ਪਿੱਛੇ ਚਲਾਕੀਆਂ ਦਾ ਜਾਲ ਹੁੰਦਾ ਹੈ, ਉਹ ਅਫੀਮ ਹੋ ਨਿਬੜਦਾ ਹੈ | ਮੈਂ ਪੱਕਾ ਆਸਤਕ ਹਾਂ ਤੇ ਮੈਨੂੰ ਧਰਮ ਨੇ ਕਦੇ ਕੁਰਾਹੇ ਨਹੀਂ ਪਾਇਆ ਤੇ ਨਾ ਇਸ ਨੇ ਮੈਨੂੰ ਕਟੜ ਬਣਨ ਦਿੱਤਾ ਏ | ਧਰਮ ਤੋਂ ਬਾਹਰੇ ਵਾਤਾਵਰਣ ਵਿੱਚ ਵੀ ਕਾਮਿਆਂ ਦੀ ਢੋਲਕੀ ਪੁੱਟਣ ਵਾਲੇ ਦੇਸ਼ਾਂ ਵਿੱਚ ਵੀ ਕਾਮਾ ਹੀ ਗੁਲਾਮ ਬਣਕੇ ਬਸਰ ਕਰਦਾ ਹੈ; ਚੀਨ, ਉਤਰੀ ਕੋਰੀਆ, ਵੇਨਜੁਲਿਜਾ ਤੇ ਕਿਊਬਾ ਆਦਿ ਮਿਸਾਲਾਂ ਹਨ ਇਸ ਪਰਸੰਗ ਵਿੱਚ | ਵਾਪਿਸ ਕਵਿਤਾ ਵੱਲ ਆਈਏ; ਇਹ ਕਵਿਤਾ ਚਾਰ ਚੁਫੇਰੇ ਨਜਰ ਮਰਾਉਂਦੀ ਹੈ ; ਇਸ ਵਿੱਚ ਕੋਈ ਨਾਹਰਾ ਨਹੀਂ ਤੇ ਦਾਹਵਾ ਨਹੀਂ, ਬਸ ਇੱਕ ਦ੍ਰਿਸ਼ ਹੈ ਅਤੇ ਦ੍ਰਿਸ਼ਾਂ ਵਿੱਚ ਬਿੰਬ ਜੋ ਆਪ ਬੋਲਦੇ ਹਨ | ਅਰਜ ਹੈ ਕਿ ਧਿਆਨ ਨਾਲ ਪੜਨਾ ਤਾਂ ਕਿ ਇਹ ਅਹਸਾਸ ਕਰ ਸਕੀਏ ਕਿ ਅਸੀਂ ਇਸ ਘੁਟਨਭਰੇ ਜੰਜਾਲ ਵਿੱਚ ਕਿੰਝ ਫਸਾ ਲਏ ਗਏ ਹਾਂ ! ਪ੍ਰੋਫੈਸਰ ਰਵਿਂਦਰ ਸੰਧੂ ਹੋਰਾਂ ਨੇ ਕਵਿਤਾ ਦਾ ਨਾਮਕਰਨ ਨਹੀਂ ਕੀਤਾ ਲੱਗਦਾ !

( ਕਵਿਤਾ )

ਹਰ ਰੂਪ ਹਰ ਰੰਗ ਦਾ ਬਸ਼ਰ ਖ਼ਤਰੇ ਵਿੱਚ ਹੈ।

ਕਿ ਮੇਰਾ ਦੇਸ਼ ਮੇਰਾ ਘਰ ਖ਼ਤਰੇ ਵਿੱਚ ਹੈ।

ਗ਼ੁਲਾਮੀ ਨੂੰ ਆਜ਼ਾਦੀ ਕਹਿ ਤੇ ਜਿੰਦਾ ਰਹਿ,

ਜੋ ਵੀ ਸ਼ਖਸ ਹੈ ਸੁਤੰਤਰ ਖ਼ਤਰੇ ਵਿੱਚ ਹੈ।

ਰੰਗਰੇਜ਼ ਨੇ ਬਿਖੇਰੇ, ਹਨ ਰੰਗ ਇਹ ਚੁਫੇਰੇ,

ਵੱਖ ਰੰਗਾਂ ਨੂੰ ਪਛਾਣੇ, ਨਜ਼ਰ ਖ਼ਤਰੇ ਵਿੱਚ ਹੈ।

ਸ਼ਬਦਾਂ ਨੂੰ ਜ਼ੰਗ ਲੱਗੀ, ਹਥਿਆਰ ਲਿਸ਼ਕਦੇ ਨੇ,

ਹੁਣ ਚੁੱਪ ਬੋਲਦੀ ਹੈ, ਸਤਰ ਖ਼ਤਰੇ ਵਿੱਚ ਹੈ।

ਸ਼ੋਰ ਜਦ ਡਰਾਵੇ, ਤਾਂ ਬੋਲ ਸਹਿਮ ਜਾਂਦੇ,

ਸ਼ੋਰ ਬੇਖੌਫ਼ ਹੈ ਦੇਖੋ, ਨਗਰ ਖ਼ਤਰੇ ਵਿੱਚ ਹੈ।

ਸੰਵਾਦ ਹੀ ਰਾਹ ਸੀ, ਜਦ ਗਿਆਨ ਸੀ ਮੰਜਿਲ,

ਮੀਲ-ਪੱਥਰ ਹੋਏ ਕੋਰੇ, ਸਫ਼ਰ ਖ਼ਤਰੇ ਵਿੱਚ ਹੈ।

ਗੋਲ ਦਾਇਰੇ ਵਿੱਚ ਗੁੰਮੀ, ਤਹਿਜ਼ੀਬ ਇਸ ਸਮੇਂ ਦੀ,

ਕੁਰਸੀ ਅਤੇ ਟੋਪੀ ਸੰਭਾਲੋ, ਰਾਸ਼ਟਰ ਖ਼ਤਰੇ ਵਿੱਚ ਹੈ।

ਦੇਸ਼ ਨਾਲ ਪ੍ਰੇਮ ਕਰ ਰਿਹਾ ਹੈ, ਯਕਦਮ ਠੀਕ ਹੈ,

ਜੋ ਮੁਹੀਬ-ਏ-ਵਤਨ ਹੈ, ਨਿਰੰਤਰ ਖ਼ਤਰੇ ਵਿੱਚ ਹੈ।

ਹਰ ਰੂਪ ਹਰ ਰੰਗ ਦਾ ਬਸ਼ਰ ਖ਼ਤਰੇ ਵਿੱਚ ਹੈ।

ਕਿ ਮੇਰਾ ਦੇਸ਼ ਮੇਰਾ ਘਰ ਖ਼ਤਰੇ ਵਿੱਚ ਹੈ। ( ਰਵਿੰਦਰ ਸੰਧੂ )

ਪ੍ਰੋਫੈਸਰ ਰਵਿੰਦਰ ਸੰਧੂ Read More »

ਜਗਦੀਪ ਸਿੱਧੂ

ਨਵੇਂ ਕਵੀ ਜਗਦੀਪ ਸਿੱਧੂ ਦੀ ਇੱਕ ਕਵਿਤਾ ਪੜੀ, ਬਹੁਤ ਚੰਗੀ ਲੱਗੀ; ਇਹ ਇੱਕ ਮਾਨਸਿਕ ਪਰਸਥਿਤੀ ਦੀ ਹੂਕ ਹੈ ਜੋ ਆਪਣੇ ਆਪ ਨਾਲੋਂ ਤੋੜਕੇ ਹੋਰਾਂ ਨਾਲ ਜੋੜ ਦੀ ਹੈ| ਵਿਖਾਵਾ ਨਾ ਸਮਝ ਲੈਣਾ ਬਲਕਿ ਉਸ ਖੁਸ਼ੀ ਦੇ ਰਾਗ ਨੂੰ ਜੋ ਆਪਣੇ ਨਾਲੋਂ ਟੁੱਟਣ ਤੋਂ ਬਾਅਦ ਉਪਜਦਾ ਹੈ ਸੁਣਨਾ ਤਦ ਅੰਦਰ ਕੋਈ ਕਣਸੋ ਵੀ ਸੁਣੋਗੇ !

ਅੰਗ ਦਾਨ ਦੀ ਵਸੀਅਤ

ਮੈਂ

ਹਸਪਤਾਲੋਂ

ਘਰ ਸੀ ਆਇਆ

ਮੈਨੂੰ

ਘਰੋਂ

ਹਸਪਤਾਲ ਹੀ ਭੇਜ ਦੇਣਾ

ਭੀੜ

ਲੋਕਾਂ ਦੀ ਨਹੀਂ

ਕਾਫਲਾ

ਸੋਚਾਂ ਦਾ ਹੋਵੇਗਾ ਨਾਲ ਮੇਰੇ

ਮੇਰੀਆਂ

ਕਾਲੀਆਂ ਅੱਖਾਂ ਵੀ

ਦੇਣਗੀਆਂ ਚਾਨਣ ਕਿਸੇ ਨੂੰ

ਮੇਰੇ

ਗੁਰਦਿਆਂ ਨਾਲ

ਸ਼ਾਇਦ ਕੁਝ ਲੋਕਾਂ ਨੂੰ

ਸਾਫ ਹੋਵੇਗਾ

ਇਹ ਵੀ

ਕਿ ਜੀ ਸਕਦਾ

ਇਹਨਾਂ ਨਾਲ

ਮਰ ਰਿਹਾ ਕੋਈ

ਇਹ ਕੰਮ ‘ਦਿਲ ਜਿਗਰ’ ਨਾਲ ਹੀ

ਹੋਵੇਗਾ ਪੂਰਾ

ਲਾੲੀਟਾਂ ਜਗਣਗੀਆਂ

(ਓਪਰੇਸ਼ਨ)ਥਿਏਟਰ ਦੀਆਂ

ਮਰ ਕੇ ਵੀ ਨਿਭਾਵਾਂਗਾ

ਕਿਰਦਾਰ

ਨਵੀਂ ਰੌਸ਼ਣੀ ਮਿਲੇਗੀ

ਜਿਸਮ ਮੇਰੇ ‘ਚੋਂ

ਕੁਝ ਚਾਨਣ ਕਰ ਕੇ ਜਾਵਾਂ

ਧੂੰਆਂ ਨਹੀ

ਜਗਦੀਪ ਸਿੱਧੂ(ਇਉਂ ਵੀ ਦੇਖਣਾ ਹੈ)

ਜਗਦੀਪ ਸਿੱਧੂ Read More »

Scroll to Top