ਰਸਤਾ

ਹੇਠ ਦਿੱਤੀ ਗਈ ਕਵਿਤਾ ਦੇ ਸ਼ਬਦਾਂ ਨਾਲ ਬੱਝੇ ਘੁੰਗਰੂਆਂ ਨੁੰ ਸੁਣੋ ; ਇਸ ਵਿਚਲੀਆਂ ਰਾਗਣੀਆਂ ਦੀ ਗੂੰਜ ਨੂੰ ਸੁਣੋ ਅਤੇ ਮੱਖਮਲ ਵਿੱਚ ਗੱਡੇ ਕਿੱਲਾਂ ਤੋਂ ਨਿਕਲੇ ਵੈਣ ਸੁਣੋ | ਔਰਤ ਉਤੇ ਤੇ ਐਨੀ ਵਧੀਆ ਕਵਿਤਾ ਬਹੁਤ ਦੇਰ ਤੋਂ ਮੈਂ ਨਹੀਂ ਸੀ ਪੜੀ | ਜੋ ਸਰੀਰਕ ਕੰਧ ਤੋਂ ਪਾਰ ਵੇਖਣ ਦੇ ਆਦੀ ਨਹੀਂ, ਉਨਾਂ ਨੁੰ ਸ਼ਾਇਦ ਇਹ ਕਵਿਤਾ ਮੇਚ ਹੀ ਨਾ ਆਵੈ ਪਰ ਦਿਲ ਸਮੁੰਦਰੋਂ ਢੂੰਗੇ ਵਿਚਾਰ ਦੇ ਆਸ਼ਕ ਇਸ ਕਵਿਤਾ ਨਾਲ ਇਸ਼ਕ ਕਮਾ ਸਕਦੇ ਹਨ | ਮੈਂ ਹਰਵਿੰਦਰ ਨੁੰ, ਜਿਸ ਨੂੰ ਮੈਂ ਕਦੇ ਮਿਲਿਆ ਵੀ ਨਹੀਂ, ਅਜਿਹੀ ਖੂਬਸੂਰਤ ਕਵਿਤਾ ਲਿਖਣ ਦੀ ਵਧਾਈ ਦੇਂਦਾ ਹਾਂ ਕਿਉਂਕਿ ਇਹ ਕਵਿਤਾ ਪਾਠਕ ਨੁੰ ਬੁਲਾਕੇ ਆਖਦੀ ਹੈ ਕਿ ਮੈਨੂੰ ਪੜ੍ਹ ; ਇਸ ਦੇ ਖੂਬਸੂਰਤ ਜਿਸਮ ਦੀ ਖੁਸ਼ਬੂ ਅਮੁੱਕ ਹੈ |
ਪਾਣੀ ਦੇ ਜਿਸਮ ਵਾਲੀ ਔਰਤ
ਹਰਵਿੰਦਰ
ਔਰਤ ਦਾ ਜਿਸਮ
ਪਾਣੀ ਦਾ ਬਣਿਆ ਹੁੰਦਾ ਹੈ
ਉਸਨੂੰ ਛੂਹਿਆ ਤਾਂ ਜਾ ਸਕਦਾ ਹੈ
ਫੜਿਆ ਨਹੀ ਜਾ ਸਕਦਾ
ਉਸਨੂੰ ਕਲਾਵੇ ਵਿੱਚ
ਨਹੀਂ ਲਿਆ ਜਾ ਸਕਦਾ
ਉਸ ਨਾਲ ਤਰਲ ਹੋ ਕੇ
ਰਲਿਆ ਜਾ ਸਕਦਾ ਹੈ
ਕਲਾਵੇ ਵਿੱਚ ਮਹਿਸੂਸ ਹੁੰਦਾ
ਉਸਦਾ ਵਜੂਦ
ਮਹਿਜ ਛਲਾਵਾ ਹੁੰਦਾ ਹੈ
ਔਰਤ ਦੇ ਤਨ ਤੱਕ
ਪਹੁੰਚਣ ਦਾ ਪੈਂਡਾ
ਉਸਦੇ ਮਨ ਦੀਆਂ ਪਗਡੰਡੀਆਂ
ਵਿਚੋਂ ਦੀ ਹੋ ਕੇ ਗੁਜਰਦਾ ਹੈ
ਸ਼ਾਹਰਾਹਾਂ ਰਾਹੀਂ
ਸਿੱਧੇ ਔਰਤ ਦੇ ਤਨ ਤੱਕ
ਪਹੁੰਚਣ ਵਾਲੇ ਸ਼ਾਹਸਵਾਰ
ਅਕਸਰ ਉਸਦੇ ਮਨ ‘ਚੋ
ਡਿੱਗ ਜਾਂਦੇ ਹਨ
ਔਰਤ ਦਾ ਜਿਸਮ
ਪਾਣੀ ਦਾ ਬਣਿਆ ਹੁੰਦਾ ਹੈ
ਉਸ ਤੱਕ ਪਹੁੰਚਣ ਲਈ
ਪਾਣੀ ਬਣਨਾ ਪੈਂਦਾ ਹੈ
ਜੇ ਤੁਹਾਨੂੰ ਉਸਦੀਆਂ ਅੱਖਾਂ ਦੇ
ਖਾਰੇ ਸਮੁੰਦਰਾਂ ‘ਚ
ਤੈਰਨ ਦੀ ਜਾਚ ਆਉਂਦੀ ਹੈ
ਤਾਂ ਉਹ ਤੁਹਾਨੂੰ
ਸੱਤ ਸਮੁੰਦਰਾਂ ਤੋਂ ਵੀ
ਅਗਾਂਹ ਦੀ ਸੈਰ ਕਰਵਾ ਸਕਦੀ ਹੈ
ਤੇ ਅਧਭੁਤ ਟਾਪੂਆਂ ਦੇ
ਆਲੌਕਿਕ ਦ੍ਰਿਸ਼ ਵਿਖਾ ਸਕਦੀ ਹੈ –
ਜਿੱਥੇ ਸਿਰਫ
ਹਵਾ ਤੇ ਪਰਿੰਦੇ ਬੋਲਦੇ ਨੇ।
ਸੈਆਂ ਸਦੀਆਂ ਤੋਂ
ਰਿਸ਼ੀਆਂ ਵਾਂਗ ਖੜ੍ਹੇ
ਪਹਾੜਾਂ ਦੀ
ਚੁੱਪ ਦੀ ਆਵਾਜ਼ ਸੁਣਾਈ ਦਿੰਦੀ ਹੈ
ਚੋਟੀਆਂ ਤੋਂ ਵਹਿੰਦੇ
ਝਰਨਿਆਂ ਦੀ ਕਲ ਕਲ
ਰੂਹ ਵਿੱਚ ਝਰਨਾਹਟ ਛੇੜਦੀ ਹੈ
ਜਿਥੇ ਚਾਰ ਚੁਫੇਰੇ ਉਕਰੀ
ਹਰੀ ਕਚੂਰ ਇਬਾਬਤ
ਤੁਹਾਨੂੰ ਮਹਾਂ ਸੁੰਨ ‘ਚ ਲੈ ਜਾਂਦੀ ਹੈ
ਤੇ ਤੁਸੀਂ ਆਪਣੇ ਆਪ ਵਿੱਚ
ਤੈਰਨ ਲਗਦੇ ਹੋ |
ਔਰਤ ਦੇ ਹਾਸਿਆਂ ਦੇ
ਸ਼ਰਾਟਿਆਂ ਦੀ ਫੁਹਾਰ ਮਾਨਣ ਲਈ
ਉਸਦੇ ਹੌਕੇ ਹਟਕੋਰਿਆਂ ਦਾ
ਵੈਰਾਗਮਈ ਸੰਗੀਤ ਵੀ ਸੁਣਨਾ ਪੈਂਦਾ ਹੈ
ਜੇ ਤੁਸੀਂ ਉਸਦੀ ਜ਼ਿੰਦਗੀ ਚ
ਮੀਲਾਂ ਤੀਕ ਫੈਲੇ
ਖੁਸ਼ਕ ਮਾਰੂਥਲਾਂ ‘ਚ
ਉਸਦੇ ਅੰਗ ਸੰਗ
ਨਾਲ ਨਾਲ ਤੁਰਦੇ ਹੋ
ਫਿਰ ਉਹ ਤੁਹਾਨੂੰ
ਕਦੇ ਕੋਹਕਾਫ਼ ਦੇ ਪਰੀ ਦੇਸ ‘ਚ
ਕਦੇ ਆਕਾਸ਼ ਗੰਗਾ ‘ਚ
ਉਡਾ ਕੇ ਲਿਜਾ ਸਕਦੀ ਹੈ
ਔਰਤ ਅਸੰਖ ਤਹਿਆਂ ਚ
ਬੇਅੰਤ ਜ਼ਿੰਦਗੀਆਂ ਜਿਊਂਦੀ ਹੈ
ਤੇ ਇਹਨਾ ਸਾਰੀਆਂ
ਤਹਿਆਂ ਦੀਆਂ ਪੌੜੀਆਂ ਉਤਰਨਾ
ਹਾਰੀ ਸਾਰੀ ਦੇ ਵੱਸ ਨਹੀਂ ਹੁੰਦਾ।
ਔਰਤ ਨੂੰ ਜਿਸਮ ਸਮਝ ਕੇ
ਮਿਲਣ ਵਾਲੇ ਮਰਦ
ਅਮ੍ਰਿਤਪਾਨ ਦੀ ਬਜਾਏ
ਉਸਦੇ ਪਹਿਲੇ ਪੱਤਣਾਂ ਦੇ
ਗੰਧਲੇ ਪਾਣੀਆਂ ‘ਚ ਹੀ ਡੁੱਬ ਮਾਰਦੇ ਨੇ।
ਖੂੰਖਾਰੀ ਹੰਕਾਰੀ
ਤੇ ਹੁਕਮਰਾਨ ਲਹਿਜੇ ਵਾਲੇ
ਔਰਤ ਦੇ ਵਜੂਦ ਦੀਆਂ ਬਰੂਹਾਂ ਦੇ
ਬਾਹਰ ਖੜੇ ਹੀ
ਜੇਤੂ ਹੋਣ ਦਾ
ਭਰਮ ਪਾਲੀ ਰੱਖਦੇ ਹਨ
ਔਰਤ ਨੂੰ ਮਿਲਣ ਲਈ
ਜੇਤੂ ਜਰਨੈਲ ਵਾਂਗ ਨਹੀਂ
ਬਲਕਿ
ਕਿਸੇ ਮੁੱਕਦਸ ਅਸਥਾਨ ਦੀ
ਜ਼ਿਆਰਤ ਕਰਨ ਆਏ
ਫਕੀਰ ਵਾਂਗ
ਜੁੱਤੀ ਬਾਹਰ ਲਾਹ ਕੇ
ਆਉਣਾ ਪੈਂਦਾ ਹੈ।
ਉਸਦੇ ਮਨ ਦੇ ਮਾਨ ਸਰੋਵਰਾਂ ‘ਚ
ਇਸ਼ਨਾਨ ਕਰਨਾ ਪੈਂਦਾ ਹੈ
ਸਤਿਕਾਰ ਨਾਲ
ਪਰਿਕਰਮਾ ਕਰਨੀ ਪੈਂਦੀ ਹੈ
ਔਰਤ ਤਨ-ਜੀਵ ਨਹੀਂ
ਮਨ-ਜੀਵ ਹੈ
ਔਰਤ ਜਿੰਦਗੀ ਨਹੀ
ਜਜ਼ਬੇ ਜੀਂਦੀ ਹੈ
ਔਰਤ ਨੂੰ ਮਿਲਣ ਲਈ
ਮਰਦ ਨਹੀਂ
ਔਰਤ ਬਣਨਾ ਪੈਂਦਾ ਹੈ
ਔਰਤ ਨੂੰ ਮਿਲਣ ਲਈ
ਬੰਦੇ ਜਿੱਡਾ ਨਹੀਂ
ਕਾਇਨਾਤ ਜਿੱਡਾ ਬਣਨਾ ਪੈਂਦਾ ਹੈ |
ਤੁਰ ਜਾਣਾ ਇੰਝ ਅਣਿਆਈ ਮੌਤੇ, ਨਾਲ ਬਹੁਤ ਸ਼ਬਦਾਂ ਦਾ ਜਾਦੂ ਲੈਕੇ |
ਦੁਖ ਏ ਕਿ ਤੁਸੀਂ ਤੁਰ ਗਏ, ਸਾਨੂੰ ਸਭ ਨੁੰ ਬਹੁਤ ਅਣਕਹੀਆਂ ਕਹਿਕੇ |
ਨਾਮੁਰਾਦ ਬਿਮਾਰੀ ਦਾ ਦੁਖ ਗੁਰਪ੍ਰੀਤ , ਚੜ੍ਹਦੀ ਉਮਰੇ ਇੰਝ ਦੁਖ ਸਹਿਕੇ |
ਨ ਵੇਖਿਆ ਨ ਮਿਲਿਆ ਤੁਹਾਨੂੰ, ਫਿਰ ਵੀ ਤੁਹਾਨੂੰ ਚੁਪਕੇ ਯਾਦ ਕਰਾਂ ਬਹਿਕੇ |
ਜਿਕਰ ਰਹੇਗਾ ਨਕਸ਼ਦੀਪ ਤੁਹਾਡਾ, ਤੁਰਗੇ ਤੁਸੀਂ ਭਾਵੇਂ ਚਾਰ ਦਿਨ ਰਹਿਕੇ |
ਸਵਰਗਵਾਸੀ ਗੁਰਪ੍ਰੀਤ ਕੌਰ ਗੀਤ ਦੇ ਨਾਂ Read More »