ਮਨ ਦੇ ਭੈ
ਬਸ਼ੀਰ ਨੂੰ ਨੀਲਮ ‘ਪੰਜਾਬ ਸਵੀਟਸ’ ਉੱਤੇ ਮਿਲੀ ਸੀ; ਉਹ ਦੁਕਾਨ ਤੋਂ ਨਿਕਲਦੀ ਸਾਰ ਇੱਕ ਪਾਰਕਿੰਗ ਲਾਟ ਵਿੱਚ ਬਣੀ ਸਲੀਬ ਨਾਲ ਫੁੜ੍ਹਕ ਕੇ ਡਿੱਗ ਪਈ ਸੀ ਅਤੇ ਬਸ਼ੀਰ ਉਸ ਦੁਕਾਨ ਤੋਂ ਕੁਝ ਦਾਲਾਂ ਅਤੇ ਹੋਰ ਚੀਜ਼ਾਂ ਖਰੀਦ ਲਿਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਰੱਖ ਰਿਹਾ ਸੀ | ਉਸ ਨੇ ਨੱਸਕੇ ਨੀਲਮ ਨੂੰ ਖੜੀ ਕੀਤਾ, ਨੀਲਮ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ | ਉਹ ਫਾਹੁੜੀਆਂ ਨਾਲ ਤੁਰਦੀ ਸੀ ਅਤੇ ਬੜਾ ਲੰਗ ਮਾਰਦੀ ਸੀ | ਉਸ ਦਾ ਘਰ ਬਹੁਤ ਦੂਰ ਨਹੀਂ ਸੀ, ਇਸ ਕਰਕੇ ਉਹ ਤੁਰਕੇ ਹੀ ਇਸ ਦੁਕਾਨ ਤੋਂ ਕੁਝ ਖਰੀਦਣ ਆਈ ਸੀ | ਉਸ ਨੂੰ ਉਠਾਕੇ ਆਪਣੀ ਕਾਰ ਵਿੱਚ ਬਿਠਾਲਦਿਆਂ ਉਹ ਬੋਲਿਆ , “ਕਿੱਥੇ ਹੈ ਤੁਹਾਡਾ ਘਰ ਜੀ ?”
“ਨਾਲ ਹੀ ਹੈ”, ਉਹ ਬੋਲੀ ਅਤੇ ਫੇਰ ਕਾਰ ਤੋਂ ਉਤਰਨ ਦੀ ਕੋਸ਼ਿਸ਼ ਵਿੱਚ ਉਹਨੇ ਬਸ਼ੀਰ ਨੂੰ ਕਿਹਾ, “ਖੇਚਲ ਦੀ ਲੋੜ ਨਹੀਂ, ਮੈਂ ਚਲੀ ਜਾਵਾਂਗੀ ਜੀ, ਸਾਡਾ ਘਰ ਬਹੁਤ ਨੇੜੇ ਹੀ ਹੈ |”
“ਨਹੀਂ, ਬੈਠੋ ਰਹੋ ਕਾਰ ਵਿੱਚ, ਸੱਟ ਗਹਿਰੀ ਵੀ ਹੋ ਸਕਦੀ ਹੈ, ਮੈਂ ਘਰ ਛੱਡ ਦੇਂਦਾ ਹਾਂ, ” ਬਸ਼ੀਰ ਨੇ ਬੜੀ ਨਿਮਰਤਾ ਨਾਲ ਆਖਿਆ |
ਫੇਰ ਉਹ ਚੁੱਪ ਕਰਕੇ ਕਾਰ ਵਿੱਚ ਬੈਠੀ ਰਹੀ | ਘਰ ਪਹੁੰਚਣ ‘ਤੇ, ਕਾਰ ਵਿੱਚੋਂ ਉਤਰਕੇ ਉਹ ਬੋਲੀ, “ਤੁਹਾਡਾ ਨਾਂ ਕੀ ਏ ਜੀ ?”
“ਮੇਰਾ ਨਾਂ ਬਸ਼ੀਰ ਹੈ, ਮੈਂ ਰਸੀਦਾ ਸ਼ਹਿਰ ਵਿੱਚ ਰਹਿੰਦਾ ਹਾਂ, ਕੋਈ ਦੂਰ ਨਹੀਂ ਏਥੋਂ | ਤੁਹਾਡਾ ਨਾਂ ਕੀ ਹੈ ?”
“ਨੀਲਮ , ਚੰਗਾ ਬਸ਼ੀਰ ਜੀ, ਬਹੁਤ ਬਹੁਤ ਧੰਨਵਾਦ !”, ਆਖਕੇ ਨੀਲਮ ਆਪਣੇ ਘਰ ਜਾ ਵੜੀ, ਪਰ ਅੰਦਰ ਵੜਨ ਤੋਂ ਪਹਿਲਾਂ ਉਹਨੇ ਮੂੰਹ ਉੱਤੇ ਮੁਸਕਰਾਹਟ ਲਿਆਕੇ ਬਸ਼ੀਰ ਵੱਲ ਵੇਖਿਆ ਅਤੇ ਫੇਰ ਹੱਥ ਨਾਲ ਉਹਨੂੰ ਅਲਵਿਦਾ ਕੀਤੀ | ਕੁਝ ਦੇਰ ਬਸ਼ੀਰ ਉੱਥੇ ਹੀ ਖੜਾ ਰਿਹਾ, ਜਿਵੇਂ ਕਿਸੇ ਸੋਚ ਵਿੱਚ ਪੈ ਗਿਆ ਹੋਵੇ ਤੇ ਫੇਰ ਉਹ ਉੱਥੋਂ ਚਲੇ ਆਇਆ |
ਬਸ਼ੀਰ ਮੈਕਸੀਕੋ ਰਾਹੀਂ ਗਲਤ ਤਰੀਕੇ ਨਾਲ ਅਮਰੀਕਾ ਆਇਆ ਸੀ | ਉਹਨੂੰ ਏਥੇ ਆਇਆਂ ਦੋ ਸਾਲ ਗੁਜ਼ਰ ਗਏ ਸਨ ਅਤੇ ਪੱਕੇ ਨਾ ਹੋਣ ਕਰਕੇ, ਉਹਨੂੰ ਆਪਣੇ ਦੇਸੀ ਲੋਕਾਂ ਦੇ ਕਾਰੋਬਾਰ ਵਿੱਚ ਚੁਪਕੇ ਕੰਮ ਕਰਨਾ ਪੈਂਦਾ ਸੀ | ਕਈ ਵਾਰ ਇਹ ਦੇਸੀ ਲੋਕ ਹੀ ਉਸ ਦੇ ਪੈਸੇ ਦੱਬ ਵੀ ਲਿਆ ਕਰਦੇ ਸਨ | ਕਾਫੀ ਦੇਰ ਬਾਅਦ, ਉਹ ਨੂੰ ਇੱਕ ਗੁਜਰਾਤੀ ਦੇ ਲਿਕਰ ਸਟੋਰ ਵਿੱਚ 6 ਦਿਨ ਲਈ ਕੰਮ ਮਿਲ ਗਿਆ ਸੀ, ਜਿਸ ਨਾਲ ਉਸ ਦੀ ਆਮਦਨ ਸਥਿਰ ਹੋ ਗਈ | ਉਸ ਨੂੰ ਪੱਕੇ ਹੋਣ ਦੀ ਕੋਈ ਉਮੀਦ ਨਹੀਂ ਸੀ, ਇਸ ਲਈ ਉਸ ਨੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਉਹ ਹੋਰ 5 ਸਾਲ ਕੰਮ ਕਰੇਗਾ ਅਤੇ ਪੈਸੇ ਜੋੜਕੇ ਲਾਹੋਰ ਦੇ ਨੇੜੇ ਪੈਂਦੇ ਕਿਸੇ ਕਸਬੇ ਵਿੱਚ ਆਪਣਾ ਨਿੱਕਾ ਜਿਹਾ ਕਾਰੋਬਾਰ ਖੋਹਲ ਲਵੇਗਾ | ਜਿਵੇਂ ਉਹ ਆਇਆ ਸੀ, ਉਵੇਂ ਹੀ ਉਸ ਦਾ ਛੋਟਾ ਭਰਾ ਅਫ਼ਜ਼ਲ ਅਮਰੀਕਾ ਜਾਂ ਯੋਰਪ ਆਉਣ ਦੀ ਕੋਸ਼ਿਸ਼ ਵਿੱਚ ਸੀ, ਪਰ ਅਜੇ ਉਸ ਦੀ ਗੱਲ ਬਣੀ ਨਹੀਂ ਸੀ | ਬਸ਼ੀਰ ਇੱਕ ਹੋਰ ਥਾਂ ਪੈਕਿੰਗ ਦਾ ਕੰਮ ਕਰਨ ਵੀ ਜਾਂਦਾ ਸੀ ਜਿੱਥੋਂ ਉਸ ਨੂੰ ਦਿਹਾੜੀ ਦਾ ਸੌ ਡਾਲਰ ਮਿਲ ਜਾਂਦਾ ਸੀ | ਇੰਝ ਉਹ ਪੈਸੇ ਜੋੜਨ ਵਿੱਚ ਮਗਨ ਸੀ | ਆਪਣੇ ਘਰੇ ਉਹ ਪੈਸੇ ਬਹੁਤ ਘੱਟ ਘੱਲਦਾ ਸੀ, ਕਿਉਂਕਿ ਉਸ ਦੇ ਅੱਬਾ ਦੀ ਫੌਜੀ ਪੈਨਸ਼ਨ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ | ਉਸ ਦੀਆਂ ਵੱਡੀਆਂ ਭੈਣਾਂ ਵਿਆਹੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਦੋ ਯੋਰਪ ਚਲੇ ਗਈਆਂ ਸਨ ਅਤੇ ਇੱਕ ਭੈਣ ਕਰਾਚੀ ਇੱਕ ਕਾਰੋਬਾਰੀ ਬੰਦੇ ਨਾਲ ਵਿਆਹੀ ਗਈ ਹੋਣ ਕਰਕੇ ਬਥੇਰੀ ਸੌਖੀ ਅਤੇ ਖੁਸ਼ ਸੀ | ਛੋਟੇ ਅਫਜਲ ਨੇ ਆਪਣਾ ਨਿਕਾਹ ਮਨ ਮਰਜ਼ੀ ਦੀ ਕੁੜੀ ਨਾਲ ਕਰਵਾ ਲਿਆ ਸੀ ਤੇ ਉਸ ਦੇ ਸਹੁਰੇ ਚੰਗੇ ਖਾਂਦੇ ਪੀਂਦੇ ਸਨ | ਉਹ ਆਪਣੇ ਸਹੁਰਿਆਂ ਉੱਤੇ ਵੀ ਜੋਰ ਪਾ ਰਿਹਾ ਸੀ ਕਿ ਉਹ ਉਸ ਨੂੰ ਬਾਹਰ ਘੱਲਣ ਵਿੱਚ ਉਸ ਦੀ ਮੱਦਦ ਕਰਨ | ਭਾਵੇਂ ਬਸ਼ੀਰ ਖੁਦ ਅਫਜਲ ਨੂੰ ਏਧਰ ਨਾ ਆਉਣ ਦੀ ਸਲਾਹ ਹੀ ਦੇਂਦਾ ਆਇਆ ਸੀ, ਪਰ ਅਫ਼ਜ਼ਲ ਉਸ ਨੂੰ ਦੱਸੇ ਬਿਨਾਂ ਆਪਣੀਆਂ ਭੈਣਾਂ ਨੂੰ ਵੀ ਆਖੀ ਜਾ ਰਿਹਾ ਸੀ ਕਿ ਉਹ ਉਸ ਨੂੰ ਕਿਵੇਂ ਨਾ ਕਿਵੇਂ ਬਾਹਰ ਸੱਦ ਲੈਣ, ਪਰ ਓਧਰ ਵੀ ਉਸ ਦਾ ਕੰਮ ਅਜੇ ਨਹੀਂ ਸੀ ਬਣਿਆ | ਬਸ਼ੀਰ ਨੂੰ ਫਿਕਰ ਸੀ ਕਿ ਜਿਵੇਂ ਉਹ ਪੱਕਾ ਨਾ ਹੋਣ ਕਰਕੇ ਲੋਕਾਂ ਦੀਆਂ ਜ਼ਿਆਦਤੀਆਂ ਭੁਗਤ ਦਾ ਰਿਹਾ ਸੀ, ਉਵੇਂ ਅਫ਼ਜ਼ਲ ਕਿਸੇ ਦੀਆਂ ਜਿਆਦਤੀਆਂ ਨਾ ਭੁਗਤੇ; ਉਂਝ ਬਸ਼ੀਰ ਨੂੰ ਪਿੱਛੇ ਦਾ ਬਹੁਤਾ ਫਿਕਰ ਵੀ ਨਹੀਂ ਸੀ, ਪਰ ਫਿਰ ਵੀ ਕਦੇ ਕਦੇ ਉਹ ਅਫ਼ਜ਼ਲ ਨੂੰ ਪੈਸੇ ਘੱਲ ਦਿਆ ਕਰਦਾ ਸੀ |
ਨੀਲਮ ਨੂੰ ਵੇਖਣ ਤੋਂ ਬਾਅਦ, ਉਸ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਕਿ ਕਿਵੇਂ ਇੱਕ ਅਪਾਹਜ ਲੜਕੀ ਏਥੇ ਵਕਤ ਕੱਟਦੀ ਹੋਵੇਗੀ | ਉਹ ਸੋਚਦਾ ‘ ਹੋ ਸਕਦਾ ਹੈ ਕਿ ਇਹ ਕਿਤੇ ਕੰਮ ਵੀ ਕਰਦੀ ਹੋਵੇ ਜਾਂ ਘਰੇ ਨੌਕਰਾਂ ਵਾਂਗ ਭਾਂਡੇ ਹੀ ਮਾਂਜਦੀ ਹੋਵੇ | ਮੈਂ ਤਾਂ ਆਪ ਵੇਖਿਆ ਹੈ ਕਿ ਦੇਸੀ ਲੋਕ ਕਿਵੇਂ ਏਧਰ ਬੇਵਸ ਮੁੰਡੇ ਅਤੇ ਕੁੜੀਆਂ ਤੋਂ ਫ਼ਜ਼ੂਲ ਦੀਆਂ ਵਗਾਰਾਂ ਕਰਵਾਈ ਜਾਂਦੇ ਹਨ | ਨੀਲਮ ਉਮਰ ਦੀ ਵੀ ਮਸੀਂ 22 ਜਾਂ 23 ਸਾਲ ਦੀ ਲੱਗਦੀ ਸੀ, ਪਰ ਉਹਦਾ ਚਿਹਰਾ ਬੜਾ ਨਿਰਾਸ਼ਾ ਭਰਿਆ ਸੀ …..|”
ਇੱਕ ਦਿਨ ਬਸ਼ੀਰ ਬੈਂਕ ਆਫ਼ ਅਮਰੀਕਾ ਵਿੱਚ ਇੱਕ ਛੋਟਾ ਜਿਹਾ ਬੈਂਕ ਡਰਾਫ਼ਟ ਬਣਾਉਣ ਗਿਆ | ਉੱਥੇ ਇੱਕ ਨਿੱਕੇ ਕੈਬਨ ਵਿੱਚ ਉਸ ਨੇ ਨੀਲਮ ਨੂੰ ਬੈਠੀ ਵੇਖਿਆ | ਡਰਾਫ਼ਟ ਬਣਾਉਣ ਤੋਂ ਬਾਅਦ, ਉਸ ਨੂੰ ਬਸ ‘ਹੈਲੋ’ ਆਖਣ, ਉਹ ਉਸ ਦੇ ਕੈਬਨ ਕੋਲ ਜਾ ਖੜਾ ਹੋਇਆ | ਉਸ ਨੇ ਵੇਖਿਆ ਕਿ ,ਨੀਲਮ ਕਿਸੇ ਗਾਹਕ ਨਾਲ ਰੁੱਝੀ ਹੋਈ ਸੀ ਅਤੇ ਉਹ ਇੱਕ ਨੇੜੇ ਪਈ ਕੁਰਸੀ ਉੱਤੇ ਬੈਠ ਗਿਆ | ਜਦੋਂ ਉਹ ਗਾਹਕ ਚਲਿਆ ਗਿਆ, ਬਸ਼ੀਰ ਉੱਠਕੇ ਨੀਲਮ ਵੱਲ ਗਿਆ; ਉਸ ਨੇ ਨੀਲਮ ਵੱਲ ਮੁਸਕਰਾ ਕੇ ਵੇਖਿਆ ਤੇ ਹਲਕਾ ਸਿਰ ਝੁਕਾਇਆ | ਨੀਲਮ ਨੇ ਵੀ ਸਿਰ ਝੁਕਾਇਆ ਅਤੇ ਬੋਲੀ, “ਆਓ, ਆਓ ਬੈਠੋ |”
“ਦੱਸੋ ਕੀ ਕੰਮ ਹੈ”, ਨੀਲ਼ਮ ਨੇ ਮੁਸਕਰਾ ਕੇ ਆਖਿਆ, ਉਸ ਦੇ ਚਿਹਰੇ ਉੱਤੇ ਬਹੁਤ ਹੀ ਖੇੜਾ ਸੀ ਅਤੇ ਉਸ ਦੇ ਮੋਤੀਆਂ ਵਰਗੇ ਦੰਦ ਮੋਟੇ ਬੁੱਲਾਂ ਵਿਚਕਾਰ ਬੜੇ ਚਮਕ ਰਹੇ ਸੀ | ਉਹਦੀਆਂ ਅੱਖਾਂ ਵਿੱਚ ਉਸ ਦਿਨ ਵਰਗੀ ਨਿਰਾਸ਼ਾ ਨਹੀਂ ਸੀ ਬਲਕਿ ਇੱਕ ਵੱਖਰੀ ਹੀ ਕਿਸਮ ਦੀ ਚਮਕ ਸੀ| ਉਸ ਦਾ ਸਾਂਵਲਾ ਚਿਹਰਾ ਜਰਾ ਲੰਮਾ ਸੀ ਪਰ ਬਹੁਤ ਹੀ ਸੁਹਣਾ ਸੀ | ਬਸ਼ੀਰ ਨੂੰ ਉਹ ਬਹੁਤ ਹੀ ਦਿਲਕਸ਼ ਲੱਗੀ ਤੇ ਉਹ ਕੁਝ ਬੋਲਣਾ ਹੀ ਭੁੱਲ ਗਿਆ | ਨੀਲਮ ਫੇਰ ਬੋਲੀ, “ਉਸ ਦਿਨ ਦਾ ਤੁਹਾਡਾ ਚਿਹਰਾ ਮੈਂ ਵੇਖਿਆ ਹੋਇਆ ਹੈ ਤੇ ਹੁਣ ਤੀਕ ਮੈਂ ਤੁਹਾਨੂੰ ਨਹੀਂ ਭੁੱਲੀ | ਉਸ ਦਿਨ ਚਾਚੀ ਜੀ ਆਖ ਰਹੇ ਸੀ ਕਿ ਤੁਹਾਨੂੰ ਮੈਂ ਅੰਦਰ ਕਿਉਂ ਨਹੀਂ ਸੱਦਿਆ |”
“ਕੋਈ ਗੱਲ ਨਹੀਂ ਜੀ”, ਬਸ਼ੀਰ ਨੇ ਮਸੀਂ ਆਖਿਆ |
“ਬੈਂਕ ਵਿੱਚ ਕਿਸ ਕੰਮ ਆਏ ਹੋ ?”
“ਜਿਸ ਕੰਮ ਮੈਂ ਏਥੇ ਆਇਆ ਸੀ ਉਹ ਤਾਂ ਹੋ ਗਿਆ ਹੈ, ਨੀਲਮ ਜੀ , ਬਸ ਤੁਹਾਨੂੰ ਵੇਖਿਆ ਤਾਂ ਸਿਜਦਾ ਕਰਨ ਰੁਕ ਗਿਆ | ਤੁਸੀਂ ਰੁੱਝੇ ਲੱਗਦੇ ਹੋ, ਕਦੇ ਫੇਰ ਸਹੀ ?”
ਨੀਲਮ ਬੋਲੀ, “ਨਹੀਂ , ਕੋਈ ਨਹੀਂ | ਮੇਰੀ ਬ੍ਰੇਕ ਹੋਣ ਵਾਲੀ ਹੈ, ਆਪਾਂ ਨਾਲ ਲੱਗਦੇ ਕਾਫੀ ਹਾਊਸ ਵਿੱਚ ਇਕੱਠੇ ਕਾਫੀ ਪੀਂਦੇ ਹਾਂ ,” ਨੀਲਮ ਨੂੰ ਉਸ ਦਿਨ ਦਾ ਪਛਤਾਵਾ ਸੀ ਕਿ ਉਹ ਬਸ਼ੀਰ ਨੂੰ ਨਾ ਘਰ ਸੱਦ ਸਕੀ ਸੀ ਤੇ ਨਾ ਹੀ ਚੱਜ ਨਾਲ ਉਸ ਨਾਲ ਉਹ ਬੋਲੀ ਸੀ |
“ਚੰਗਾ, ਨੀਲਮ ਜੀ “
“ਮੇਰਾ ਨਾਂ ਤੁਸੀਂ ਨਹੀਂ ਭੁੱਲੇ, ਪਰ ਮੈਂ ਭੁੱਲ ਗਈ ਹਾਂ ਤੁਹਾਡਾ ਨਾਂ, ਬੜੇ ਅਫ਼ਸੋਸ ਦੀ ਗੱਲ ਹੈ! ਸ਼ਾਇਦ ਉਸ ਦਿਨ ਮੈਂ ਬੜੀ ਪੀੜ ਵਿੱਚ ਸੀ | ਤੁਹਾਡਾ ਨਾਂ ਕੀ ਹੈ ?”
“ਕੋਈ ਗੱਲ ਨਹੀਂ ਜੀ, ਇੰਝ ਹੋ ਜਾਂਦਾ ਹੈ ਕਦੇ ਕਦੇ | ਉਸ ਦਿਨ ਤੁਹਾਡਾ ਚਿਹਰਾ ਪੀੜ ਭਰਿਆ ਹੀ ਸੀ, ਨਾਲੇ ਕਾਫੀ ਦੇਰ ਹੋ ਗਈ ਹੈ ਉਸ ਘਟਨਾ ਨੂੰ ! ਮੇਰਾ ਨਾਂ ਬਸ਼ੀਰ ਹੈ | “
“ਬਸ਼ੀਰ ਜੀ, ਤੁਸੀਂ ਚਲੋ, ਬੈਂਕ ਤੋਂ ਬਾਹਰ ਨਾਲ ਲੱਗਦੀ ਕਾਫੀ ਹਾਊਸ ਕੋਲ ਖੜੋ ਜਾਣਾ, ਮੈਂ ਕੁਝ ਮਿੰਟਾਂ ਵਿੱਚ ਆਉਂਦੀ ਹਾਂ |”
“ਜੀ” ਆਖਕੇ ਬਸ਼ੀਰ ਓਥੋਂ ਉਠਕੇ ਕਾਫੀ ਹਾਊਸ ਕੋਲ ਜਾ ਖੜਿਆ |
ਤਕਰੀਬਨ ਵੀਹ ਕੁ ਮਿੰਟ ਬਸ਼ੀਰ ਕਾਫੀ ਹਾਉਸ ਦੇ ਬਾਹਰ ਖੜਾ ਰਿਹਾ ਅਤੇ ਫੇਰ ਉਸ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਨੀਲਮ ਐਵੇਂ ਕਾਫੀ ਲਈ ਆਖ ਬੈਠੀ ਅਤੇ ਹੁਣ ਆਪਣੇ ਕੰਮ ਵਿੱਚ ਰੁੱਝ ਗਈ ਹੋਣੀ ਏਂ | ’ ਉਹ ਆਪਣੀ ਕਾਰ ਵੱਲ ਆਉਣ ਹੀ ਲੱਗਿਆ ਸੀ ਕਿ ਲੰਗ ਮਾਰਦੀ ਹੋਈ ਨੀਲਮ ਨੂੰ ਉਹਨੇ ਆਪਣੇ ਵੱਲ ਆਉਂਦੀ ਵੇਖਿਆ | ਉਹ ਤੁਰਕੇ ਉਸ ਦੇ ਨਾਲ ਜਾ ਰਲਿਆ | ਦੋਨੋਂ ਕਾਫੀ ਹਾਉਸ ਵਿੱਚ ਆਕੇ ਬੈਠ ਗਏ | ਫਿਰ ਬਸ਼ੀਰ ਆਪ ਕਾਊਂਟਰ ਤੋਂ ਦੋ ਕੱਪ ਕਾਫੀ ਅਤੇ ਦਾਖਾਂ ਵਾਲੇ ਦੋ ਮਫਿਨ ਲੈ ਆਇਆ |
ਕਾਫੀ ਪੀਂਦਿਆਂ ਨੀਲਮ ਬੋਲੀ, “ਤੁਹਾਨੂੰ ਕਿਵੇਂ ਪਤਾ ਸੀ ਕਿ ਇਹ ਮਫ਼ਨ ਮੈਨੂੰ ਬਹੁਤ ਪਸੰਦ ਹਨ, ਬਸ਼ੀਰ ਜੀ |”
“ਦਿਲਾਂ ਨੂੰ ਦਿਲਾਂ ਦੇ ਰਾਹ,” ਆਖ ਬਸ਼ੀਰ ਹੱਸ ਪਿਆ |
ਫੇਰ ਨੀਲਮ ਬਸ਼ੀਰ ਨੂੰ ਉਸ ਦੀ ਕਹਾਣੀ ਬਾਰੇ ਪੁੱਛਣ ਲੱਗ ਪਈ ਅਤੇ ਬਸ਼ੀਰ ਨੇ ਆਪਣੀ ਸਾਰੀ ਕਹਾਣੀ ਉਸ ਅੱਗੇ ਰੱਖ ਦਿੱਤੀ | ਆਪਣੀ ਕਹਾਣੀ ਦੱਸਣ ਤੋਂ ਬਾਅਦ, ਬਸ਼ੀਰ ਨੇ ਉਸ ਤੋਂ ਉਸ ਦੀ ਕਹਾਣੀ ਪੁੱਛੀ |
ਨੀਲਮ ਨੇ ਉਸ ਨੂੰ ਇੰਝ ਕਹਾਣੀ ਸੁਣਾਈ ਜਿਵੇਂ ਉਹ ਆਪਣੀ ਕਹਾਣੀ ਸੁਣਾਉਣ ਲਈ ਉਹਨੂੰ ਹੀ ਉਡੀਕਦੀ ਹੋਵੇ,” ਮੇਰੇ ਪਾਪਾ ਅਤੇ ਮੰਮੀ ਕਾਰ ਕਰੈਸ਼ ਵਿੱਚ ਮਰ ਗਏ ਸੀ ਜਦੋਂ ਮੈਂ ਦਸਵੀਂ ਵਿੱਚ ਸੀ | ਇੱਕ ਮੇਰਾ ਮੇਰੇ ਤੋਂ ਦੋ ਸਾਲ ਵੱਡਾ ਭਰਾ ਹੈ, ਉਹ ਕਿਸੇ ਲੜਕੀ ਨਾਲ ਵਿਆਹ ਕਰਵਾਕੇ ਫਲੋਰੇਡਾ ਸੂਬੇ ਚ’ ਜਾ ਵੱਸਿਆ ਹੈ ਅਤੇ ਪਿੱਛੋਂ ਮੈਂ ਚਾਚਾ ਜੀ ਅਤੇ ਚਾਚੀ ਜੀ ਕੋਲ ਹੀ ਰਹੀ| ਪਾਪਾ ਤੇ ਮੰਮੀ ਦੀ ਇੰਸ਼ੋਰੇਂਸ ਦਾ ਪੈਸਾ ਮਿਲਿਆ ਸੀ | ਉਸ ਵਿੱਚੋਂ ਅੱਧਾ ਭਰਾ ਲੈ ਗਿਆ ਤੇ ਅੱਧਾ ਮੈਨੂੰ ਮਿਲ ਗਿਆ | ਚਾਚਾ ਚਾਚੀ ਜੀ ਕੋਲ ਰਹਿਕੇ ਹੀ ਮੈਂ ਅਰਥ ਸ਼ਾਸਤਰ ਵਿੱਚ ਡਿਗਰੀ ਕੀਤੀ | ਫੇਰ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਦਿੱਲੀ ਤੋਂ ਮੇਰੇ ਲਈ ਇੱਕ ਰਿਸ਼ਤਾ ਲੱਭਿਆ; ਉਹ ਬੰਦਾ ਇੱਕ ਇੰਜੀਨੀਅਰ ਸੀ | ਮੇਰੇ ਵਿੱਚ ਜੋ ਕਜ ਹੈ ਨਾ, ਵਿਆਹ ਵੇਲੇ ਉਸ ਬੰਦੇ ਨੂੰ ਮੇਰਾ ਇਹ ਕਜ ਬਿਲਕੁਲ ਹੀ ਨਹੀਂ ਦਿਸਿਆ ਬਲਕਿ ਉਹ ਇਹੋ ਆਖੀ ਗਿਆ ਕਿ ਨੀਲਮ ਦਾ ਸਭਾਅ ਬਹੁਤ ਵਧੀਆ ਹੈ ਤੇ ਮੈਨੂੰ ਨੀਲਮ ਪਸੰਦ ਹੈ| ਪਰ ਏਥੇ ਗ੍ਰੀਨ ਕਾਰਡ ਲੈਣ ਤੋਂ ਬਾਅਦ, ਮੇਰਾ ਇਹ ਕਜ ਉਸ ਨੂੰ ਬਹੁਤ ਹੀ ਚੁੱਭਣ ਲੱਗ ਪਿਆ | ਹੌਲੀ ਹੌਲੀ ਉਹ ਹਰ ਵਕਤ ਮੈਨੂੰ ਇਸ ਕਜ ਦਾ ਅਹਿਸਾਸ ਕਰਵਾਉਣ ਲੱਗ ਪਿਆ | ਜਦੋਂ ਇਸ ਵਿਸ਼ੇ ਉੱਤੇ ਮੈਂ ਜਰਾ ਉਸ ਨਾਲ ਸਖ਼ਤ ਹੁੰਦੀ, ਉਹ ਮੇਰੀ ਮਿੰਨਤ ਕਰ ਲੈਂਦਾ | ਕੁਝ ਮਹੀਨਿਆਂ ਬਾਅਦ, ਮੈਂ ਮਾਂ ਬਣ ਗਈ, ਪਰ ਉਸ ਨੇ ਜੋਰ ਪਾਕੇ ਮੈਨੂੰ ਬਚਾ ਗਰਾਉਣ ਲਈ ਮਨਾ ਲਿਆ ਇਹ ਆਖਕੇ ‘ ਨੀਲਮ ਐਨੀ ਜਲਦੀ ਬੱਚਾ ਨਹੀਂ ਹੋਣਾ ਚਾਹੀਦਾ | ਬਸ ਦੋ ਚਾਰ ਸਾਲ ਹੋਰ ਅਟਕ ‘ | ਉਦੋਂ ਅਸੀਂ ਚਾਚੀ ਤੇ ਚਾਚੀ ਜੀ ਤੋਂ ਵੱਖ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਹੁੰਦੇ ਸੀ | ਮੈਂ ‘ਯੂ ਐਸ ਬੈਂਕ’ ਵਿੱਚ ਕੰਮ ਕਰਦੀ ਸੀ ਉਦੋਂ | ਇੰਝ ਵਕਤ ਲੰਘਦਾ ਗਿਆ | ਉਸ ਨੂੰ ਗ੍ਰੀਨ ਕਾਰਡ ਵੀ ਮਿਲ ਗਿਆ | ਕੁਝ ਵਕਤ ਹੋਰ ਲੰਘ ਗਿਆ ਤੇ ਇੱਕ ਦਿਨ ਜਦੋਂ ਮੈਂ ਘਰ ਪਰਤੀ, ਉਸ ਦੇ ਕੱਪੜੇ ਤੇ ਹੋਰ ਸਭ ਚੀਜ਼ਾਂ ਗਾਇਬ ਸਨ | ਮੈਂ ਉਹਨੂੰ ਫੋਨ ਕੀਤਾ, ਤਦ ਜਾਣਿਆ ਕਿ ਉਹਦਾ ਫੋਨ ਕੱਟ ਗਿਆ ਸੀ | ਦੋ ਹਫ਼ਤੇ ਮੈਂ ਇੰਝ ਹੀ ਉੱਥੇ ਰਹੀ ਅਤੇ ਅਖੀਰ ਮੈਂ ਭਰਾ ਨੂੰ ਕਾਲ ਕੀਤੀ ਤੇ ਇਸ ਗੱਲ ਬਾਰੇ ਉਹਨੂੰ ਦੱਸਿਆ | ਉਹਨੇ ਮੇਰੇ ਨਾਲ ਖੜਨ ਦੀ ਥਾਂ ਇਹੋ ਆਖਕੇ ਸਾਰ ਦਿੱਤਾ ‘ਤੂੰ ਚਾਚਾ ਜੀ ਕੋਲ ਫੇਰ ਚਲੀ ਜਾਹ | ਮੇਰੀ ਵਹੁਟੀ ਮੇਰੇ ਨਾਲ ਲੜਦੀ ਰਹਿੰਦੀ ਹੈ ਤੇ ਤੈਨੂੰ ਵੀ ਇਸ ਨੇ ਬਰਦਾਸ਼ਤ ਨਹੀਂ ਕਰਨਾ | ’ ਮੈਂ ਸਮਾਨ ਉਠਾਕੇ ਚਾਚਾ ਜੀ ਕੋਲ ਆ ਗਈ | ਕੁਝ ਅਟਕ ਕੇ, ਉਸ ਬੰਦੇ ਨੇ ਮੈਨੂੰ ਤਲਾਕ ਦੇ ਪੇਪਰ ਭੇਜ ਦਿੱਤੇ | ਚਾਚਾ ਜੀ ਚੰਗੇ ਹਨ ਤੇ ਚਾਚੀ ਜੀ ਵੀ, ਪਰ ਮੈਨੂੰ ਕਈ ਵਾਰ ਲੱਗਦਾ ਹੈ ਕਿ ਮੈਂ ਉਨ੍ਹਾਂ ਉੱਤੇ ਭਾਰ ਹਾਂ | ਕੁਝ ਪੈਸੇ ਮੈਂ ਜੋੜੇ ਹਨ ਅਤੇ ਸੋਚਿਆ ਹੈ ਕਿ ਮੈਂ ਇੱਕ ਕਾਂਡੋ ਲੈ ਲਵਾਂ ਦੋ ਰੂਮ ਵਾਲਾ ਅਤੇ ਇਨ੍ਹਾਂ ਉੱਤੇ ਮੈਂ ਭਾਰ ਨਾ ਬਣੀ ਰਹਾਂ | ਮੈਂ ਚਾਚੀ ਜੀ ਨਾਲ ਬਹੁਤ ਘਰ ਦਾ ਕੰਮ ਵੀ ਨਹੀਂ ਕਰਵਾ ਸਕਦੀ| ਕਦੇ ਕਦੇ ਚਾਚੀ ਜੀ ਉਦਾਸ ਹੋ ਜਾਂਦੇ ਹਨ ਇਹ ਆਖਕੇ ‘ ਸਾਡੇ ਕਰਮਾ ਵਿੱਚ ਸੁਖ ਹੈ ਨਹੀਂ ‘ | ਇਨ੍ਹਾਂ ਦੇ ਦੋ ਧੀਆਂ ਹਨ ਜੋ ਸ਼ਿਕਾਗੋ ਸ਼ਹਿਰ ਵਿੱਚ ਰਹਿੰਦੀਆਂ ਹਨ ਤੇ ਉਹ ਬਹੁਤ ਸੁਖੀ ਹਨ| ਇੱਕ ਪੁੱਤਰ ਹੈ ਜੋ ਯੂ ਐਸ ਮਿਲਟਰੀ ਵਿੱਚ ਹੈ ਪਰ ਚਾਚੀ ਜੀ ਨੂੰ ਸਭ ਕੁਝ ਆਪ ਹੀ ਕਰਨਾ ਪੈਂਦਾ ਹੈ ਇਸ ਢਲਦੀ ਉਮਰ ਵਿੱਚ , ਕਿਉਂਕਿ ਇਨ੍ਹਾਂ ਦੀ ਆਮਦਨ ਬਹੁਤੀ ਨਹੀਂ ਹੈ | ਇਨ੍ਹਾਂ ਦੀਆਂ ਧੀਆਂ ਬਸ ਫੋਨ ਕਰਨ ਤੀਕ ਸੀਮਤ ਹਨ | ਉਹ ਮੇਰੇ ਨਾਲ ਵੀ ਰੁੱਖੀਆਂ ਹੀ ਹਨ | ਇਹ ਹੈ ਮੇਰੀ ਕਹਾਣੀ, ਬਸ਼ੀਰ ਜੀ |”
“ਕਈਆਂ ਨੂੰ ਰੱਬ ਐਵੇਂ ਸੁਖ ਦਈ ਜਾਂਦਾ ਹੈ ਤੇ ਕਈ ਨੂੰ ਐਵੇਂ ਦੁੱਖ | ਰੱਬ ਦੇ ਇਸ ਕੰਮ ਦੀ ਕੋਈ ਸਮਝ ਨਹੀਂ ਆ ਰਹੀ ; ਉਹਦੀ ਮਰਜ਼ੀ ! ਸ਼ਾਇਦ ਤੁਹਾਨੂੰ ਉਹ ਇੰਝ ਦੁੱਖ ਹੀ ਦੇਣਾ ਚਾਹੁੰਦਾ ਹੋਵੇਗਾ ਕੋਈ ਹੋਰ ਸੁਖ ਦੇਣ ਖਾਤਰ | ਪਰ ਮੈਨੂੰ ਹੁਣ ਇਹ ਲੱਗਦਾ ਹੈ ਕਿ ਜੋ ਉਸ ਨੇ ਤੁਹਾਨੂੰ ਮੇਰੇ ਨਾਲ ਮਿਲਾਇਆ ਹੈ, ਇਸ ਦਾ ਵੀ ਕੋਈ ਖਾਸ ਕਾਰਨ ਹੋਣਾ ਏਂ | ਵੇਖੋ ਤੁਸੀਂ ਜੇ ਨਾ ਡਿੱਗਦੇ, ਆਪਾਂ ਕਿੱਥੇ ਮਿਲਣਾ ਸੀ ?” ਬਸ਼ੀਰ ਨੇ ਆਪਣੀ ਰਾਇ ਦਿੱਤੀ |
“ਹਾਂ ਜੀ, ਇਹ ਗੱਲ ਤਾਂ ਹੈ |”
“ਉਸ ਦਿਨ ਮੈਂ ਤੁਹਾਡੇ ਵੱਲ ਬਹੁਤ ਧਿਆਨ ਨਹੀਂ ਦਿੱਤਾ, ਪਰ ਹੁਣ ਦਿੱਤਾ ਹੈ | ਤੁਹਾਡੀ ਕਹਾਣੀ ਸੁਣੀ ਹੈ ਅਤੇ ਮੇਰਾ ਮਨ ਤੁਹਾਡੇ ਨੇੜੇ ਹੋਇਆ ਲੱਗਦਾ ਹੈ, ਪਤਾ ਨਹੀਂ ਕਿਉਂ , ਤੇ ਤੁਹਾਡਾ ?”
“ਇੰਝ ਦਾ ਕੁਝ ਨਹੀਂ ਮੇਰੇ ਮਨ ਵਿੱਚ ! ਅਸਲ ਵਿੱਚ ਕੁਝ ਨਹੀਂ ਆਖ ਸਕਦੀ ਮੈਂ ਇਸ ਵਕਤ”, ਮੁਸਕਰਾ ਕੇ ਨੀਲਮ ਨੇ ਆਖਿਆ |
ਐਨੇ ਨੂੰ ਨੀਲਮ ਦੀ ਬ੍ਰੇਕ ਪੂਰੀ ਹੋ ਗਈ ਤੇ ਜਦੋਂ ਉਹ ਉੱਠਕੇ ਜਾਣ ਲੱਗੀ, ਤਦ ਬਸ਼ੀਰ ਨੇ ਆਖਿਆ, “ਨੀਲਮ ਜੀ, ਕਿਸੇ ਦਿਨ ਦੁਪਹਿਰ ਜਾਂ ਰਾਤ ਦਾ ਖਾਣਾ ਆਪਾਂ ਇਕੱਠੇ ਕਰੀਏ, ਜੇ ਤੁਹਾਡਾ ਮਨ ਮੰਨਦਾ ਹੈ ?”
“ਦੁਪਹਿਰ ਹੀ ਇਕੱਠੇ ਖਾ ਸਕਦੇ ਹਾਂ ਆਪਾਂ, ਰਾਤ ਨੂੰ ਕਦੇ ਵੀ ਨਹੀਂ, ਕਿਉਂਕਿ ਸ਼ਾਮ ਨੂੰ ਮੈਂ ਬਾਹਰ ਕਦੇ ਨਹੀਂ ਨਿਕਲਦੀ |”
ਚਲੋ ਠੀਕ ਹੈ, ਹਰ ਬੁੱਧਵਾਰ ਮੇਰੀ ਛੁੱਟੀਂ ਹੁੰਦੀ ਹੈ ਤੇ ਬਾਕੀ ਦਿਨ ਮੈਂ ਕੰਮ ਕਰਦਾ ਹਾਂ | ਅਗਲੇ ਬੁੱਧਵਾਰ ਤੁਹਾਨੂੰ ਮੈਂ ਬੈਕ ਤੋਂ ਲੈਣ ਆ ਜਾਵਾਂ?”, ਬਸ਼ੀਰ ਨੇ ਪੁੱਛਿਆ |
“ਠੀਕ, ਆ ਜਾਣਾ, ਪਰ ਪੂਰੇ ਇੱਕ ਵੱਜੇ ਹੀ ਆਉਣਾ |”
“ਜੀ |”
ਅਗਲੇ ਬੁੱਧਵਾਰ ਜਦੋਂ ਉਹ ਨੀਲਮ ਨੂੰ ਬੈਂਕ ਤੋਂ ਲੈਣ ਆਇਆ, ਉਹ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੀ ਸੀ| ਉਸ ਦੇ ਕਾਲੀ ਪੈਂਟ ਤੇ ਚਿੱਟਾ ਟਾਪ ਪਾਏ ਹੋਏ ਸੀ ਅਤੇ ਉਹਨੇ ਆਪਣੇ ਵਾਲਾ ਦਾ ਜੋੜਾ ਕੀਤਾ ਹੋਇਆ ਸੀ | ਉਸ ਦਿਨ ਬਸ਼ੀਰ ਨੂੰ ਨੀਲਮ ਹੋਰ ਹੀ ਖ਼ੂਬਸੂਰਤ ਲੱਗੀ|
ਖਾਣਾ ਖਾਂਦਿਆਂ ਬਸ਼ੀਰ ਨੇ ਆਖਿਆ, “ਨੀਲਮ ਇਹ ਤੁਹਾਡੀ ਮਰਜ਼ੀ ਹੈ ਕਿ ਮੇਰੀ ਗੱਲ ਨੂੰ ਚੰਗੀ ਸਮਝੋ ਜਾਂ ਬੁਰੀ, ਪਰ ਮੈਂ ਸੱਚ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਵੱਲ ਮੈਂ ਬਹੁਤ ਖਿੱਚਿਆ ਗਿਆ ਹਾਂ |”
ਨੀਲਮ ਨੇ ਨੀਵੀਂ ਪਾਕੇ ਆਖਿਆ,” ਆਪਾਂ ਦੋਸਤ ਹੀ ਬਣੇ ਰਹੀਏ ਤਦ ਚੰਗਾ ਹੈ, ਬਸ਼ੀਰ ਜੀ , ਕਿਉਂਕਿ ਪਿਆਰ ਤੇ ਵਿਆਹ ਇਨ੍ਹਾਂ ਸ਼ਬਦਾਂ ਤੋਂ ਮੈਂ ਬਹੁਤ ਤ੍ਰਭਕਦੀ ਹਾਂ ਹੁਣ |”
“ਤਦੇ ਮੈਂ ਕਿਹਾ ਹੈ ਕਿ ਤੁਹਾਡੀ ਮਰਜ਼ੀ, ਪਰ ਤੁਹਾਡੇ ਪ੍ਰਤੀ ਮੇਰੇ ਮਨ ਵਿੱਚ ਜੋ ਭਾਵ ਹਨ ਮੈਂ ਉਹੋ ਹੀ ਦੱਸੇ ਹਨ | ਮੁਆਫ਼ ਕਰਨਾ, ਜੇ ਮੇਰਾ ਇਹ ਕਹਿਣਾ ਤੁਹਾਨੂੰ ਚੰਗਾ ਨਹੀਂ ਲੱਗਿਆ | ਇੱਕ ਗੱਲ ਹੋਰ ਹੈ ਕਿ ਜੇ ਕਦੇ ਮੇਰਾ ਦਿਲ ਕੀਤਾ ਕਿ ਮੈਂ ਤੁਹਾਡਾ ਹੱਥ ਚੁੰਮਾ ਤੇ ਤੁਸੀਂ ਨਾ ਚਾਹੋਂ , ਮੈਂ ਤੁਹਾਡਾ ਹੱਥ ਨਹੀਂ ਚੁੰਮਾਗਾ | ਤੁਹਾਡੀ ਮੇਰੇ ਮਨ ਵਿੱਚ ਬਹੁਤ ਕਦਰ ਹੈ, ਮੈਂ ਤੁਹਾਡੇ ਚਿਹਰੇ ਉੱਤੇ ਸਿਰਫ਼ ਮੁਸਕਰਾਹਟ ਵੇਖਣੀ ਚਾਹੁੰਦਾ ਹਾਂ |”
“ਜੀ, ਬਸ਼ੀਰ ਜੀ |”
ਫੇਰ ਨੀਲਮ ਨੇ ਗੱਲ ਬਦਲਦਿਆਂ ਆਖਿਆ, “ਸ਼ੁਰੂ ਤੋਂ ਹੀ ਮੈਂ ਮਰਦਾਂ ਤੋਂ ਤ੍ਰਭਕਦੀ ਆਈ ਹਾਂ, ਪਰ ਤੁਹਾਡਾ ਵਤੀਰਾ ਮੈਨੂੰ ਚੰਗਾ ਲੱਗਿਆ ਹੈ | ਏਥੇ ਸਿਰਫ਼ ਇੱਕ ਮੇਰੀ ਸਹੇਲੀ ਬਣੀ ਹੈ ਜੋ ਗੋਰੀ ਹੈ, ਬੈਟੀ | ਉਸ ਦਾ ਬੁਆਏ ਫਰੈਂਡ ਕੇਨ ਮੈਨੂੰ ਇੱਕ ਵਾਰ ਆਖਣ ਲੱਗਿਆ, “ਤੂੰ ਬੈਟੀ ਨਾਲ ਮੇਰੇ ਘਰ ਵੇਖਣ ਜਰੂਰ ਆਉਣਾ, ਮੈਂ ਤੈਨੂੰ ਆਪਣੀਆਂ ਪੇਂਟਿੰਗ ਵਿਖਾਉਣੀਆਂ ਹਨ | ’ ਪਰ ਮੈਂ ਉਹਨੂੰ ਆਖ ਦਿੱਤਾ ਕਿ ਮੈਂ ਕਿਸੇ ਦੇ ਘਰ ਨਹੀਂ ਜਾਂਦੀ | ਉਸ ਨੇ ਬੜਾ ਬੁਰਾ ਮਨਾਇਆ, ਪਰ ਬੈਟੀ ਨੇ ਕੋਈ ਬੁਰਾ ਨਹੀਂ ਮਨਾਇਆ, ਸੱਗੋਂ ਉਹਨੇ ਇਹ ਆਖਕੇ ਕੇਨ ਨੂੰ ਚੁੱਪ ਕਰਵਾਇਆ ਸੀ ਕਿ ਨੀਲਮ ਦੀ ਜੋ ਮਰਜ਼ੀ ਹੈ, ਉਹ ਓਹੋ ਹੀ ਕਰੇ, ਉਹ ਕਿਸੇ ਦੀ ਕਿਉਂ ਸੁਣੇ | ਬਸ਼ੀਰ ਜੀ, ਮੇਰਾ ਸੁਭਾਅ ਖੁੱਲ੍ਹਾ ਨਹੀਂ ਹੈ | ਛੋਟੇ ਹੁੰਦਿਆਂ ਆਪਣੇ ਲੰਗੜੇਪਣ ਉੱਤੇ ਬੜੇ ਟਕੋਰਾਂ ਸੁਣਦੀ ਆ ਰਹੀ ਹਾਂ ਮੈਂ | ਲੋਕ ਐਨੇ ਵੀ ਜ਼ਾਲਮ ਹੋ ਸਕਦੇ ਹਨ, ਮੈਂ ਕਦੇ ਕਲਪਣਾ ਨਹੀਂ ਸੀ ਕੀਤੀ, ਪਰ ਇੰਝ ਲੋਕਾਂ ਨੇ ਮੇਰੇ ਨਾਲ ਕੀਤੀ ਹੈ | ਛੱਡੋ ਇਨ੍ਹਾਂ ਗੱਲਾਂ ਨੂੰ, ਤੁਸੀਂ ਆਪਣੀ ਕੋਈ ਸੁਣਾਓ | ਲਾਹੌਰ ਦੀ ਸੁਣਾਓ | ਮੇਰੇ ਦਾਦਾ ਜੀ ਲਾਹੌਰ ਤੋਂ ਸਨ, ਪਰ ਵੰਡ ਵੇਲੇ ਉਹ ਏਧਰ ਪੰਜਾਬ ਵਿੱਚ ਅੰਬਾਲੇ ਆ ਗਏ ਸੀ, ਉਦੋਂ ਹਰਿਆਣਾ ਨਾਂ ਦਾ ਕੁਝ ਨਹੀਂ ਸੀ |”
“ਸਾਡਾ ਟੱਬਰ ਤਾਂ ਲਾਹੋਰ ਹੀ ਰਿਹਾ | ਅੱਬੂ ਫੌਜ ਵਿੱਚ ਸਨ ਤੇ ਅੰਮੀ ਘਰੇ ਰਹਿੰਦੀ ਸੀ | ਸਾਦਾ ਜਿਹਾ ਟੱਬਰ ਹੈ ਸਾਡਾ | ਭੈਣਾਂ ਪਹਿਲਾਂ ਆਈਆਂ ਤੇ ਅਸੀਂ ਬਾਅਦ ਵਿੱਚ | ਜਦ ਨੂੰ ਸਾਨੂੰ ਸੋਝੀ ਆਈ, ਉਹ ਵਿਆਹੀਆਂ ਗਈਆਂ | ਦੋ ਯੋਰਪ ਵਿੱਚ ਹਨ ਅਤੇ ਇੱਕ ਓਧਰ ਹੀ ਹੈ | ਮੇਰੇ ਤੋਂ ਛੋਟਾ ਅਫ਼ਜ਼ਲ ਵਿਆਹਿਆ ਗਿਆ ਹੈ ਪਰ ਏਧਰ ਨੂੰ ਆਉਣ ਨੂੰ ਜਾਂ ਯੋਰਪ ਨੂੰ ਜਾਣ ਲਈ ਉਹ ਭਜਿਆ ਫਿਰਦਾ ਹੈ, ਮੈਂ ਬਥੇਰਾ ਸਮਝਾਇਆ ਹੈ ਉਹਨੂੰ, ਪਰ ਹਟ ਹੀ ਨਹੀਂ ਰਿਹਾ ” , ਬਸ਼ੀਰ ਨੇ ਨੀਲਮ ਨੂੰ ਜੀ ਭਰਕੇ ਵੇਖਦਿਆਂ ਆਖਿਆ |
“ਸੁਣਿਆ ਹੈ ਓਧਰ ਦੇ ਲੋਕ ਏਧਰ ਆਉਣ ਨੂੰ ਬਹੁਤ ਤਤਪਰ ਹਨ, ਚਾਹੇ ਉਨ੍ਹਾਂ ਨੂੰ ਕੋਈ ਏਧਰ ਮੇਰੇ ਵਰਗੀ ਅਪਾਹਜ ਹੀ ਮਿਲ ਜਾਵੇ”, ਜਰਾ ਉਦਾਸੀ ਨਾਲ ਨੀਲਮ ਨੇ ਆਖਿਆ |
“ਤੁਹਾਡੇ ਨਾਲ ਧੋਖਾ ਕਰਨ ਵਾਲਾ ਦੋਜ਼ਕ ਜਾਏਗਾ, ਨੀਲਮ ਜੀ |”
“ਕੀ ਪਤਾ ਹੈ ?”
“ਨਹੀਂ ਰੱਬ ਜੀ ਦੇ ਇਨਸਾਫ਼ ਉੱਤੇ ਮੈਨੂੰ ਅਟੁੱਟ ਭਰੋਸਾ ਹੈ | ਹੁਣ ਜੇ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਵੋਂ, ਤੁਸੀਂ ਇਹ ਸੋਚ ਸਕਦੇ ਹੋ ਕਿ ਤੁਹਾਨੂੰ ਮੈਂ ਛੱਡ ਦੇਵਾਂਗਾ, ਕਿਉਂਕਿ ਤੁਹਾਡੇ ਨਾਲ ਇੰਝ ਪਹਿਲਾਂ ਹੋਈ ਹੈ| ਤੁਹਾਡਾ ਇੰਝ ਸੋਚਣਾ ਸੁਭਾਵਿਕ ਹੈ | ਕਸਮ ਉਸ ਰੱਬ ਦੀ ਇੰਝ ਨਹੀਂ ਹੋਏਗਾ ਜੇ ਤੁਸੀਂ ਮੇਰੇ ਨਾਲ ਜੁੜ ਗਏ | ਮੈਂ ਤਾਂ ਇਹ ਆਖਾਂਗਾ ਕਿ ਤੁਸੀਂ ਵਿਆਹ ਕਰਵਾਕੇ ਵੀ ਗ੍ਰੀਨ ਕਾਰਡ ਲਈ ਮੇਰੇ ਪੇਪਰ ਕਦੇ ਵੀ ਨਾ ਭਰਨੇ |”
“ਤੁਹਾਡਾ ਦਿਲ ਸਾਫ ਲੱਗਦਾ ਹੈ | ਬਹੁਤਿਆਂ ਦਾ ਦਿਲ ਇੰਝ ਦਾ ਨਹੀਂ ਹੁੰਦਾ | ਬਸ਼ੀਰ ਜੀ, ਆਪਣਾ ਧਰਮ ਵੱਖ ਹੈ ਤੇ ਆਪਣਾ ਰਿਸ਼ਤਾ ਗੰਧਲ ਸਕਦਾ ਹੈ | ਤੁਸੀਂ ਮੇਰੇ ਬਾਰੇ ਇੰਝ ਨਾ ਸੋਚਿਆ ਕਰੋ”, ਨੀਲਮ ਨੇ ਬਸ਼ੀਰ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਆਖਿਆ |
“ਜੋ ਤੁਹਾਡਾ ਧਰਮ ਹੈ, ਤੁਸੀਂ ਓਹੋ ਰੱਖੋ, ਹਾਂ ਜੇ ਤੁਹਾਨੂੰ ਮੇਰੀ ਇਹ ਗੱਲ ਬੁਰੀ ਲੱਗਦੀ ਹੈ, ਤਦ ਫੇਰ ਮੈਂ ਇੰਝ ਨਹੀਂ ਆਖਾਂਗਾ ਕਦੇ ਵੀ |”
“ਨਹੀਂ ਤੁਹਾਡੀ ਗੱਲ ਮੈਨੂੰ ਬੁਰੀ ਨਹੀਂ ਲੱਗਦੀ | ਅਜਿਹੀ ਕੋਈ ਗੱਲ ਨਹੀਂ, ਪਰ ਮੈਨੂੰ ਪਤਾ ਹੈ ਕਿ ਇੰਝ ਕਦੇ ਹੋ ਨਹੀਂ ਸਕਣਾ,” ਨੀਲਮ ਨੇ ਕੱਪੜੇ ਦੇ ਨੈਪਕਿਨ ਨਾਲ ਮੂੰਹ ਪੂੰਜਦਿਆਂ ਆਖਿਆ |
“ ਇਹ ਹੋ ਤਾਂ ਸਕਦਾ ਏ ਜੇ ਤੁਹਾਡਾ ਮਨ ਮੰਨੇ, ਪਰ ਜੇ ਤੁਹਾਡਾ ਮਨ ਹੀ ਨਾ ਮੰਨੇ, ਤਾਂ ਨਹੀਂ ਹੋ ਸਕਣਾ ? ਆਪਾਂ ਇੱਕ ਦੂਜੇ ਦੇ ਦੁੱਖ ਦੇ ਸਾਂਝੀ ਬਣੇ ਤਾਂ ਰਹਿ ਹੀ ਸਕਦੇ ਹਾਂ ਨੀਲਮ ਜੀ ਕਿ ਨਹੀਂ?” ਬਸ਼ੀਰ ਨੀਲਮ ਦੀ ਨਾਂਹ ਤੋਂ ਜਰਾ ਡੱਰ ਗਿਆ ਸੀ |
“ਹਾਂ ਜੀ”, ਨੀਲਮ ਨੇ ਫੇਰ ਕਿਹਾ,” ਹੋਰ ਸੁਣਾਓ ਕੰਮ ਤੁਹਾਡਾ ਕਿਵੇਂ ਚੱਲਦਾ ਹੈ ?”
“ਬੜਾ ਖਤਰੇ ਵਾਲਾ ਕੰਮ ਬਣ ਗਿਆ ਲਿਕਰ ਸਟੋਰ ਉੱਤੇ ਕੰਮ ਕਰਨਾ ਅੱਜ ਕੱਲ੍ਹ ! ਕੱਲ੍ਹ ਦੀ ਖਬਰ ਵੇਖ ਲਵੋ ਜੋ ਮਿਸ਼ਨ ਹਿਲਲਜ਼ ਵਿੱਚ ਵਾਪਰੀ ਹੈ !ਕਲਰਕ ਨੇ ਸਭ ਕੁਝ ਲੁਟੇਰੇ ਨੂੰ ਦਿੱਤਾ, ਪਰ ਉਹ ਗੰਦਾ ਬੰਦਾ ਕਲਰਕ ਨੂੰ ਜਾਂਦਾ ਜਾਂਦਾ ਗੋਲੀ ਮਾਰ ਗਿਆ | ਵੇਖੋ ਲੁੱਟਣ ਆਏ ਕਿਵੇਂ ਬਿਨ ਮਤਲਬ ਤੋਂ ਗੋਲੀ ਮਾਰ ਦੇਂਦੇ ਹਨ | “
“ਤੁਸੀਂ ਅਜਿਹੀ ਥਾਂ ਨੂੰ ਛੱਡਕੇ ਕਿਤੇ ਹੋਰ ਪਾਸੇ ਕੰਮ ਲੱਭ ਲਵੋ”, ਨੀਲਮ ਨੇ ਕਿਹਾ |
“ਨੀਲਮ ਜੀ ਮੈਂ ਪੱਕਾ ਨਹੀਂ, ਇਸ ਕਰਕੇ ਹਰ ਥਾਂ ਕੰਮ ਮੈਨੂੰ ਨਹੀਂ ਮਿਲਦਾ | ਇੱਕ ਮੇਰੇ ਸ਼ਾਹਿਰ ਦਾ ਬੰਦਾ ਹੈ, ਉਹ ਪੱਕਾ ਹੈ ਤੇ ਉਹ ਮੈਨੂੰ ਆਪਣੀ ਕੰਪਨੀ ਵਿੱਚ ਨੌਕਰੀ ਦਵਾ ਸਕਦਾ ਹੈ, ਪਰ ਮੇਰੇ ਕੋਲ ਪੇਪਰ ਨਹੀਂ, ਇਸ ਲਈ ਇਹੋ ਕੰਮ ਮਿਲਿਆ ਹੋਇਆ ਹੈ ਹਾਲੇ ਤਾਂ, ਮਤਲਬ ਲਿਕਰ ਸਟੋਰ ਵਾਲਾ ਹੀ, ਕਿਉਂਕਿ ਇਹ ਲੋਕ ਪੇਪਰ ਨਹੀਂ ਵੇਖਦੇ | ਉਂਝ ਏਥੇ ਓਵਰ ਟਾਈਮ ਕਰਕੇ ਪੈਸੇ ਬਥੇਰੇ ਬਣ ਜਾਂਦੇ ਹਨ | ਪਰ ਕੋਸ਼ਿਸ਼ ਕਰ ਲਵਾਂਗਾ ਕਿਸੇ ਰੈਸਟੋਰੈਂਟ ਵਿੱਚ ਕੰਮ ਲੱਭਣ ਦੀ, ਕਿਉਂਕਿ ਉੱਥੇ ਇੰਝ ਲੁੱਟਣ ਆਏ ਕਿਸੇ ਬੰਦੇ ਨੂੰ ਨਹੀਂ ਮਾਰਦੇ, ਬਾਕੀ ਜੇ ਇੰਝ ਹੀ ਮਰਨਾ ਹੋਇਆ ਨੀਲਮ ਜੀ, ਫੇਰ ਕੀ ਕਰ ਸਕਦੇ ਹਾਂ ,” ਬਸ਼ੀਰ ਦੀ ਆਵਾਜ਼ ਵਿੱਚ ਜਰਾ ਉਦਾਸੀ ਸੀ |
“ਕੋਸ਼ਿਸ਼ ਤਾਂ ਕਰਦੇ ਰਹੋ ਇਸ ਨੌਕਰੀ ਵਿੱਚੋਂ ਨਿਕਲਣ ਦੀ “, ਫਿਕਰ ਜਿਹੇ ਵਿੱਚ ਨੀਲਮ ਨੇ ਬਸ਼ੀਰ ਨੂੰ ਫੇਰ ਕਿਹਾ |
“ਜਰੂਰ ਕਰਾਂਗਾ |”
ਉਹ ਇੰਝ ਦੁਪਹਿਰ ਨੂੰ ਮਹੀਨੇ ਵਿੱਚ ਦੋ ਕੁ ਵਾਰ ਮਿਲਦੇ | ਵਕਤ ਲੰਘਦਾ ਗਿਆ | ਨੀਲਮ ਉਸ ਨੂੰ ਨੌਕਰੀ ਬਦਲਣ ਬਾਰੇ ਆਖਦੀ ਰਹੀ ਅਤੇ ਉਹ ਉਸ ਨੂੰ ਵਾਅਦਾ ਦੇਂਦਾ ਰਿਹਾ ਕਿ ਉਹ ਲਿਕਰ ਸਟੋਰ ਦੀ ਨੌਕਰੀ ਛੱਡ ਦੇਵੇਗਾ | ਦਰਅਸਲ ਨੀਲਮ ਬਸ਼ੀਰ ਵੱਲ ਖਿੱਚੀ ਜਾ ਰਹੀ ਸੀ, ਪਰ ਉਸ ਨੂੰ ਪਤਾ ਸੀ ਕਿ ਬਸ਼ੀਰ ਨਾਲ ਉਸ ਦਾ ਰਿਸ਼ਤਾ ਜੁੜਨ ਨਾਲ, ਉਸ ਦੇ ਚਾਚਾ ਜੀ ਤੇ ਚਾਚੀ ਜੀ ਅਤੇ ਭਰਾ ਨੇ ਉਸ ਨਾਲੋਂ ਟੁੱਟ ਜਾਣਾ ਸੀ, ਕਿਉਂਕਿ ਬਸ਼ੀਰ ਮੁਸਲਮਾਨ ਸੀ | ਉਹ ਇਹ ਸਮਝ ਗਈ ਸੀ ਕਿ ਬਸ਼ੀਰ ਉਸ ਵੱਲ ਬਹੁਤ ਮੁੜਿਆ ਹੋਇਆ ਸੀ ਤੇ ਉਹ ਉਸ ਪ੍ਰਤੀ ਬਹੁਤ ਹੀ ਸਲੀਕੇ ਨਾਲ ਗੱਲ ਕਰਦਾ ਸੀ | ਉਹਦਾ ਦਿਲ ਨਹੀਂ ਸੀ ਕਰਦਾ ਕਿ ਉਹ ਬਸ਼ੀਰ ਨੂੰ ਤੋੜਕੇ ਜਵਾਬ ਦੇਵੇ | ਬਲਕਿ ਕਈ ਵਾਰ ਉਹਦਾ ਦਿਲ ਕਰਦਾ ਕਿ ਉਹ ਬਸ਼ੀਰ ਦੀ ਹੀ ਮੰਨ ਲਵੇ ਅਤੇ ਉਸ ਨਾਲ ਵਿਆਹ ਕਰਵਾ ਲਵੇ | ਜਦੋਂ ਉਹ ਬਸ਼ੀਰ ਨੂੰ ਆਪਣਾ ਸਾਥੀ ਚਿਤਵਦੀ, ਉਹਨੂੰ ਲੱਗਦਾ ਜਿਵੇਂ ਬਸ਼ੀਰ ਉਸ ਦੀ ਬਹੁਤ ਇੱਜਤ ਕਰੇਗਾ, ਉਹਨੂੰ ਕਦੇ ਛੱਡੇਗਾ ਨਹੀਂ ਅਤੇ ਉਸ ਨੂੰ ਬਹੁਤ ਪਿਆਰੇਗਾ | ਉਹਨੂੰ ਆਪਣਾ ਬਣਾ ਲੈਣ ਦੀ ਚਾਹਤ ਉਸ ਅੰਦਰ ਪੁੰਗਰ ਰਹੀ ਸੀ, ਪਰ ਉਸ ਦੇ ਅੰਦਰ ਜੋ ਭੈ ਸਨ, ਉਹ ਉਸ ਉੱਤੇ ਬਹੁਤ ਭਾਰੂ ਹੋਏ ਹੋਏ ਸਨ | ਇਸ ਕਰਕੇ, ਉਹ ਬਸ਼ੀਰ ਬਾਰੇ ਇੰਝ ਸੋਚਣ ਤੋਂ ਫੇਰ ਗੁਰੇਜ ਕਰਨ ਲੱਗ ਪੈਂਦੀ | ਟੀ ਵੀ ‘ਤੇ ਕਿਸੇ ਵੀ ਲਿਕਰ ਸਟੋਰ ਵਿੱਚ ਵਾਪਰੀ ਕਿਸੇ ਵੀ ਦੁਰਘਟਨਾ ਬਾਰੇ ਸੁਣਕੇ, ਉਹ ਅਜੀਵ ਜਿਹੇ ਫਿਕਰ ਵਿੱਚ ਲਿਪਟ ਜਾਂਦੀ | ਬਸ਼ੀਰ ਨੂੰ ਪਾਉਣ ਜਾਂ ਉਸ ਤੋਂ ਪਾਸੇ ਹਟ ਜਾਣ ਦੀ ਕਸ਼ਮਕਸ਼ ਵਿੱਚ ਉਹਦਾ ਵਕਤ ਗੁਜਰਦਾ ਰਿਹਾ |
ਇੱਕ ਵਾਰ ਬੈਂਕ ਦੇ ਇੱਕ ਗੋਰੇ ਕਰਮਚਾਰੀ ਨੇ ਉਸ ਨਾਲ ਡੇਟਿੰਗ ਕਰਨ ਦੀ ਤਜਵੀਜ਼ ਰੱਖੀ, ਪਰ ਉਸ ਨੇ ਉਹਨੂੰ ਸਾਫ ਇਨਕਾਰ ਕਰ ਦਿੱਤਾ; ਉਹਨੂੰ ਗੋਰਿਆਂ ਦੀ ਇੱਕ ਦਮ ਟੁੱਟ ਜਾਣ ਦੀ ਰੈਪੋਟੇਸ਼ਨ ਤੋਂ ਡਰ ਲੱਗਦਾ ਸੀ; ਉਹਨੂੰ ਪਤਾ ਸੀ ਕਿ ਕਈ ਤਾਂ ਲੜਕੀ ਨਾਲ ਇੱਕ ਵਾਰ ਸੌਣ ਤੋਂ ਬਾਅਦ, ਮੁੜਕੇ ਉਸ ਵੱਲ ਵੇਖਦੇ ਵੀ ਨਹੀਂ ਸਨ | ਇਹ ਉਹ ਆਪਣੇ ਸਕੂਲ ਦੇ ਦਿਨਾਂ ਤੋਂ ਸੁਣਦੀ ਆਈ ਸੀ | ਇਹ ਵੀ ਉਸ ਦੇ ਮਨ ਵਿੱਚ ਵੱਸ ਚੁੱਕਿਆ ਸੀ ਕਿ ਅਪਾਹਜ ਨਾਲ ਲੋਕ ਹਮਦਰਦੀ ਕਰਦੇ ਹਨ, ਪਿਆਰ ਨਹੀਂ | ਉਸ ਦਾ ਰਵੀਆ ਓਦੋਂ ਤੋਂ ਹੀ ਮਰਦਾਂ ਪ੍ਰਤੀ ਬਿਲਕੁਲ ਹੀ ਬਦਲ ਗਿਆ ਸੀ ਜਦੋਂ ਉਸ ਦੇ ਬਚਪਨ ਦੀ ਭਾਰਤੀ ਸਹੇਲੀ ਵੀਨਾ ਦੀ ਇੱਕ ਗੋਰੇ ਨਾਲ ਵਿਆਹ ਕਰਵਾਕੇ ਬਹੁਤਾ ਦੇਰ ਨਿਭੀ ਨਹੀਂ ਸੀ ਜਦੋਂ ਕਿ ਵੀਨਾ ਉਹਦੇ ਵਾਂਗ ਅਪਾਹਜ ਵੀ ਨਹੀਂ ਸੀ | ਪਰ ਇਸ ਪ੍ਰਸੰਗ ਵਿੱਚ ਜਦੋਂ ਉਹ ਬਸ਼ੀਰ ਨੂੰ ਰੱਖਦੀ, ਉਹਨੂੰ ਬਸ਼ੀਰ ਬਹੁਤ ਚੰਗਾ ਲੱਗਦਾ, ਪਰ ਬਸ਼ੀਰ ਦੇ ਪ੍ਰਸੰਗ ਵਿੱਚ ਹੋਰ ਕਈ ਭੈ ਨੀਲਮ ਅੰਦਰ ਸਮਾ ਚੁੱਕੇ ਸਨ | ਉਸ ਦੇ ਭਾਰਤੀ ਸਭਿਆਚਾਰ ਵਾਲੇ ਉਸ ਨਾਲ ਬਹੁਤੇ ਨਹੀਂ ਸੀ ਜੁੜੇ ਅਤੇ ਉਹਨੂੰ ਲੱਗਦਾ ਸੀ ਕਿ ਸ਼ਾਇਦ ਉਹ ਸਾਰੇ ਉਸ ਵੱਲੋਂ ਦੂਰ ਉਸ ਦੇ ਕਜ ਕਰਕੇ ਰਹਿੰਦੇ ਸੀ; ਜੇ ਕਦੇ ਕੋਈ ਭਾਰਤੀ ਮੁੰਡਾ ਉਸ ਨਾਲ ਜੁੜਨ ਦੀ ਕੋਸ਼ਿਸ਼ ਕਰਦਾ , ਉਹ ਤੋੜਕੇ ਜਵਾਬ ਦੇ ਦੇਂਦੀ, ਕਿਉਂਕਿ ਉਹਨੂੰ ਉਸ ਉੱਤੇ ਇਹੋ ਸ਼ੱਕ ਰਹਿੰਦਾ ਕਿ ਅਜਿਹੀ ਨੇੜਤਾ ਦਾ ਮਕਸਦ ਉਸ ਨਾਲ ਸੌਣ ਦਾ ਹੀ ਹੋਵੇਗਾ, ਪਰ ਬਸ਼ੀਰ ਵੱਲ ਉਸ ਦਾ ਮਨ ਇਸ ਕਰਕੇ ਜਿਆਦਾ ਝੁਕ ਗਿਆ ਸੀ, ਕਿਉਂਕਿ ਬਸ਼ੀਰ ਨੇ ਇਹ ਉਸ ਨੂੰ ਸਾਫ ਹੀ ਆਖ ਦਿੱਤਾ ਸੀ, “ਤੁਹਾਨੂੰ ਧਰਮ ਬਦਲਣ ਦੀ ਲੋੜ ਨਹੀਂ ਤੇ ਤੁਹਾਨੂੰ ਗ੍ਰੀਨ ਕਾਰਡ ਲਈ ਮੇਰੇ ਪੇਪਰ ਭਰਨ ਦੀ ਵੀ ਲੋੜ ਨਹੀਂ, ਬਸ ਵੇਖਣਾ ਕਿ ਮੈਂ ਕਿਵੇਂ ਤੁਹਾਨੂੰ ਪਿਆਰ ਵਿੱਚ ਪੂਜਦਾ ਰਹਾਂਗਾ | ਮੈਨੂੰ ਅਜ਼ਮਾ ਲੈਣਾ ਤੇ ਵੇਖਣਾ ਕਿ ਤੁਸੀਂ ਮੇਰੇ ਲਈ ਕਿੱਡੇ ਉੱਚੇ ਹੋ |”
ਫੇਰ ਇੱਕ ਦਿਨ ਨੀਲਮ ਬਸ਼ੀਰ ਨੂੰ ਖਾਣੇ ਉੱਤੇ ਆਖਣ ਲੱਗੀ, “ਤੁਸੀਂ ਹੁਣ ਅਗਲੀ ਵਾਰ ਮੈਨੂੰ ਮਿਲਣ ਮੇਰੇ ਕਾਂਡੋ ਆਉਣਾ, ਮੈਂ ਹੁਣੇ ਲਿਆ ਹੈ ਤੇ ਤੁਹਾਨੂੰ ਹੈਰਾਨੀ ਦੇਣ ਲਈ, ਇਸ ਬਾਰੇ ਮੈਂ ਪਹਿਲਾਂ ਤਦੇ ਤੁਹਾਨੂੰ ਨਹੀਂ ਦੱਸਿਆ |”
“ਵਧਾਈਆਂ, ਨੀਲਮ ਜੀ ! ਬਾਜੀ ਮਾਰ ਗਏ ਤੁਸੀਂ,” ਬਸ਼ੀਰ ਨੇ ਖੁਸ਼ੀ ਪ੍ਰਗਟ ਕੀਤੀ |
“ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਕਿ ਮੈਂ ਚਾਚਾ ਜੀ ਤੇ ਚਾਚੀ ਜੀ ਉੱਤੇ ਇੱਕ ਤਰ੍ਹਾਂ ਦੀ ਭਾਰ ਹਾਂ | ਉਨ੍ਹਾਂ ਨੂੰ ਮੈਂ ਆਪਣੇ ਨਾਲ ਲਿਆ ਅਤੇ ਇਹ ਕਾਂਡੋ ਲੈ ਲਿਆ | ਉਹ ਬੜੇ ਖੁਸ਼ ਹੋਏ, ਪਰ ਉਨ੍ਹਾਂ ਨੇ ਕਦੇ ਮੈਨੂੰ ਇਹ ਨਹੀਂ ਆਖਿਆ ਕਿ ਮੈਂ ਉਨ੍ਹਾਂ ਕੋਲ ਹੀ ਰਹਿ ਸਕਦੀ ਸੀ | ਬਸ਼ੀਰ ਜੀ, ਕਈ ਵਾਰ ਆਪ ਹੀ ਸੋਚਣਾ ਪੈਂਦਾ ਹੈ ਕਿ ਅਸੀਂ ਕਿਸੇ ਉੱਤੇ ਭਾਰ ਤਾਂ ਨਹੀਂ |”
“ਸਹੀ ਆਖਿਆ ਤੁਸੀਂ ਨੀਲਮ ਜੀ | ਤੁਸੀਂ ਬਹੁਤ ਚੰਗਾ ਕੀਤਾ | ਕਿੰਨੇ ਦਾ ਮਿਲ ਗਿਆ ਕਾਂਡੋ ?”
“ਇਹ ਕਾਂਡੋ ਬੈਂਕ ਨੇ ਆਪਣੇ ਕਬਜ਼ੇ ਹੇਠ ਲਿਆ ਹੋਇਆ ਸੀ ਤੇ ਮੈਨੂੰ ਬੜੇ ਚੰਗੇ ਭਾਅ ਵਿੱਚ ਮਿਲ ਗਿਆ ‘ ਇੱਕ ਲੱਖ ਪੰਜਾਹ ਹਜਾਰ ਡਾਲਰ ਦਾ | ਇਸ ਦੇ ਸਿਰਫ ਦੋ ਰੂਮ ਹਨ | ਲਿਵਿੰਗ ਰੂਮ ਹੈ ਤੇ ਵਧੀਆ ਰਸੋਈ | ਇੱਕ ਬਾਥ ਰੂਮ ਹੈ | ਮੇਰੇ ਲਈ ਤਾਂ ਬਥੇਰਾ ਹੈ |”
“ਨੀਲਮ ਜੀ, ਵਧੀਆ ਭਾਅ ਉੱਤੇ ਮਿਲ ਗਿਆ ਤੁਹਾਨੂੰ ਇਹ , ਕਿਉਂਕਿ ਅੱਜ ਕੱਲ੍ਹ ਤਾਂ ਆਪਣੇ ਇਲਾਕੇ ਵਿੱਚ ਕੋਈ ਵੀ ਕਾਂਡੋ ਦੋ ਲੱਖ ਤੋਂ ਘੱਟ ਨਹੀਂ ਹੈ !”
“ਬਸ, ਚੰਗਾ ਮੌਕਾ ਮਿਲ ਗਿਆ ਮੈਨੂੰ , ਬਸ਼ੀਰ ਜੀ |”
ਫੇਰ ਉਨ੍ਹਾਂ ਨੇ ਨੀਲਮ ਦੇ ਨਵੇਂ ਲਏ ਕਾਂਡੋ ਵਿੱਚ ਸ਼ਾਮ ਦਾ ਖਾਣਾ ਇਕੱਠੇ ਖਾਣ ਦੀ ਸਲਾਹ ਬਣਾਈ | ਬਸ਼ੀਰ ਆਪਣੇ ਨਾਲ ਹੀ ਬਾਹਰੋਂ ਥਾਈਲੈਂਡ ਐਕਸਪ੍ਰੈੱਸਸ ਤੋਂ ਸ਼ਾਮ ਦਾ ਖਾਣਾ ਲੈ ਆਇਆ | ਉਹ ਨੀਲਮ ਲਈ ਇੱਕ ਗਿਫ਼ਟ ਲੈਕੇ ਆਇਆ ਜੋ ਇੱਕ ਬਹੁਤ ਹੀ ਵਧੀਆ ਚਿੱਤਰ ਸੀ ਜਿਸ ਵਿੱਚ ਦੋ ਬੱਚੇ ਆਪਣੀ ਮਾਂ, ਜੋ ਕੁਝ ਬੁਣ ਰਹੀ ਸੀ, ਦੀ ਗੋਦੀ ਵਿੱਚ ਬੈਠੇ ਸਨ | ਨੀਲਮ ਨੂੰ ਬਹੁਤ ਹੀ ਉਹ ਪਸੰਦ ਆਈ |
ਉਹ ਕਾਫੀ ਦੇਰ ਗੱਲਾਂ ਕਰਦੇ ਰਹੇ, ਕਦੇ ਆਪਣੇ ਭਵਿੱਖ ਬਾਰੇ ਤੇ ਕਦੇ ਕੋਈ ਪੁਰਾਣੀ ਘਟਨਾ ਬਾਰੇ | ਫੇਰ ਨੀਲਮ ਨੇ ਸ਼ਬੀਰ ਨੂੰ ਆਖਿਆ , “ਤੁਸੀਂ ਇਹ ਲਿਕਰ ਸਟੋਰ ਵਾਲੀ ਨੌਕਰੀ ਛੱਡਕੇ ਕਿਸੇ ਹੋਰ ਥਾਂ ਨੌਕਰੀ ਲੱਭ ਲਵੋ, ਕਿੰਨੀ ਵਾਰ ਆਖਿਆ ਏ ਮੈਂ ਤੁਹਾਨੂੰ ?”
“ਕੋਸ਼ਿਸ਼ ਕਰ ਰਿਹਾ ਹਾਂ ਨੀਲਮ ਜੀ, ਮਿਲ ਹੀ ਨਹੀਂ ਰਹੀ | ਤੁਸੀਂ ਫਿਕਰ ਨਾ ਕਰਿਆ ਕਰੋ | ਕਿੰਨੇ ਸਾਲ ਹੋ ਗਏ ਇਸੇ ਕੰਮ ਵਿੱਚ, ਕਦੇ ਕੁਝ ਨਹੀਂ ਹੋਇਆ , ਰੱਬ ਰਾਖਾ ਹੈ ਮੇਰਾ |”
“ਨਹੀਂ , ਮੈਂ ਜੋ ਆਖ ਰਹੀ ਹਾਂ ਕਿ ਇਹ ਨੌਕਰੀ ਬਦਲ ਲਵੋ”, ਇਸ ਵਾਰ ਨੀਲਮ ਬਹੁਤ ਗੰਭੀਰ ਸੀ |
“ਚੰਗਾ ਜੀ, ਅੱਜ ਹੀ ਫੇਰ ਪੁੱਛਾਂਗਾ ਇੱਕ ਦੋ ਯਾਰਾਂ ਨੂੰ ਜੋ ਰੈਸਟੋਰੈਂਟ ਵਿੱਚ ਕੰਮ ਕਰਦੇ ਹਨ , ਸ਼ਾਇਦ ਉਹ ਕੋਈ ਕੰਮ ਮੇਰੇ ਲਈ ਲੱਭ ਦੇਣ|”
ਇਹ ਸੁਣਕੇ ਨੀਲਮ ਜਰਾ ਮੁਸਕਰਾਈ | ਬਸ਼ੀਰ ਨੇ ਇੱਕ ਪਲ ਸੋਚਿਆ, ‘ਨੀਲਮ ਮੇਰੇ ਨਾਲ ਜੁੜੀ ਹੋਈ ਤਾਂ ਹੈ ਪਰ ਇਹਦਾ ਧਰਮ ਤੇ ਚਾਚਾ ਜੀ ਤੇ ਚਾਚੀ ਜੀ ਇਸ ਨੂੰ ਆਗਿਆ ਨਹੀਂ ਦੇ ਰਹੇ ਕਿ ਇਹ ਮੇਰੇ ਨਾਲ ਨਿਕਾਹ ਕਰਵਾ ਸਕੇ | ’ ਨੀਲਮ ਦੀ ਹਮਦਰਦੀ ਨੇ ਉਸ ਅੰਦਰ ਨੀਲਮ ਪ੍ਰਤੀ ਪਹਿਲਾਂ ਨਾਲੋਂ ਵੀ ਡੂੰਘਾ ਤੇ ਭਰਪੂਰ ਪਿਆਰ ਪੈਦਾ ਕਰ ਦਿੱਤਾ ਸੀ , ਪਰ ਬਸ਼ੀਰ ਨੇ ਇੱਕ ਵਿੱਥ ਉਸ ਨਾਲ ਫਿਰ ਵੀ ਬਣਾਈ ਰੱਖੀ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਵੀ ਹਾਲਤ ਵਿੱਚ ਨੀਲਮ ਉਸ ਨੂੰ ਗਲਤ ਸਮਝ ਲਵੇ | ਉਹ ਉਂਝ ਵੀ ਸ਼ਰਮਾਊ ਇਨਸਾਨ ਸੀ | ਇੱਕ ਵਾਰ ਆਪਣੇ ਮਹੱਲੇ ਦੀ ਕੁੜੀ ਰੋਹਾਨਾ ਵੱਲ ਉਹ ਬਹੁਤ ਖਿੱਚਿਆ ਗਿਆ ਸੀ ਤੇ ਉਸ ਨੇ ਇਹ ਵੀ ਅਹਿਸਾਸ ਕੀਤਾ ਸੀ ਕਿ ਰੋਹਾਨਾ ਜਾਂਦੀ ਆਉਂਦੀ ਇੱਕ ਖਾਸ ਅੰਦਾਜ਼ ਨਾਲ ਉਸ ਵੱਲ ਤੱਕ ਕੇ ਮੁਸਕਰਾ ਦੇਂਦੀ ਸੀ, ਪਰ ਸੰਗਾਉ ਹੋਣ ਕਰਕੇ, ਉਹ ਰੋਹਾਨਾ ਨੂੰ ਕਦੇ ਬੁਲਾ ਹੀ ਨਹੀਂ ਸੀ ਸਕਿਆ | ਇੰਝ ਦੇ ਭਾਵਾਂ ਵਿੱਚ ਰਹਿ ਕੇ ਉਹ ਆਪਣੀ ਸੰਗ ਦੀ ਕੰਧ ਨਾ ਤੋੜ ਸਕਿਆ ਤੇ ਫੇਰ ਉਹ ਏਧਰ ਅਮਰੀਕਾ ਵੱਲ ਆ ਗਿਆ ਸੀ |
ਨੀਲਮ ਨੂੰ ਐਨੇ ਨੇੜੇ ਤੋਂ ਵੇਖਣ, ਉਸ ਨਾਲ ਗੱਲਾਂ ਕਰਨ ਅਤੇ ਉਸ ਦੇ ਆਪਣੇ ਪ੍ਰਤੀ ਫਿਕਰ ਦਾ ਅਹਿਸਾਸ ਕਰਨ ਕਰਕੇ , ਬਸ਼ੀਰ ਦਾ ਦਿਲ ਹੀ ਨਾ ਲੱਗਦਾ ਜਦੋਂ ਤੱਕ ਕਿ ਉਹ ਨੀਲਮ ਨਾਲ ਗੱਲ ਨਾ ਕਰ ਲੈਂਦਾ ਜਾਂ ਹਫ਼ਤੇ ਵਿੱਚ ਇੱਕ ਵਾਰ ਉਸ ਨਾਲ ਬੈਠ ਕੇ ਉਹ ਖਾਣਾ ਨਾ ਖਾ ਲੈਂਦਾ | ਬਸ਼ੀਰ ਨੀਲਮ ਦੇ ਪਿਆਰ ਵਿੱਚ ਡੁੱਬ ਗਿਆ ਸੀ, ਪਰ ਇਸ ਪਿਆਰ ਕਰਕੇ ਹੀ ਸ਼ਾਇਦ ਉਹਨੇ ਇੱਕ ਵਿੱਥ ਨੀਲਮ ਤੋਂ ਬਣਾਈ ਰੱਖੀ | ਨੀਲਮ ਨਾਲ ਟੁੱਟਣਾ ਸ਼ਾਇਦ ਉਸ ਲਈ ਹੁਣ ਬਹੁਤ ਔਖਾ ਸੀ |
ਇੱਕ ਦਿਨ ਬਸ਼ੀਰ ਦੇ ਸਟੋਰ ਵਿੱਚ ਲੁੱਟ ਕਰਨ ਆਏ ਬੰਦੇ ਨੇ ਉਸ ਦੇ ਗੋਲੀ ਮਾਰੀ, ਪਰ ਗੋਲੀ ਕਿਉਂਕਿ ਉਸ ਦੇ ਮੋਢੇ ਵਿੱਚ ਵੱਜੀ ਸੀ, ਇਸ ਲਈ ਉਸ ਦਾ ਬਚਾਓ ਹੋ ਗਿਆ |
ਬਸ਼ੀਰ ਨੂੰ ਮਿਲਣ ਨੀਲਮ ਹਸਪਤਾਲ ਗਈ | ਉੱਥੇ ਉਸ ਨੇ ਫੇਰ ਇਹੋ ਗੱਲ ਦੁਰਹਾਈ , “ਤੁਹਾਨੂੰ ਆਖਿਆ ਸੀ ਮੈਂ ਐਨੀ ਵਾਰ | ਤੁਸੀਂ ਮੇਰੀ ਸੁਣਦੇ ਕਿਉਂ ਨਹੀਂ ? ਜੇ ਭਲਾਂ ਗੋਲੀ ਗਲਤ ਥਾਂ ਲੱਗ ਜਾਂਦੀ | ਹੁਣ ਜਦੋਂ ਰੈਸਟੋਰੈਂਟ ਵਾਲੇ ਦੋਸਤ ਤੁਹਾਨੂੰ ਮਿਲਣ ਆਵਣ, ਉਨ੍ਹਾਂ ਨੂੰ ਆਖਣਾ ਕਿ ਉਹ ਤੁਹਾਡੇ ਲਈ ਕੋਈ ਨੌਕਰੀ ਜਰੂਰ ਲੱਭਣ |”
“ਜਰੂਰ ਆਖਾਂਗਾ,” ਬਸ਼ੀਰ ਨੇ ਨੀਲਮ ਦੇ ਸਾਂਵਲੇ ਰੰਗ ਵਾਲੇ ਚਿਹਰੇ ‘ਤੇ ਆਈ ਲਾਲੀ ਨੂੰ ਵੇਖਦਿਆਂ ਆਖਿਆ |
ਕਈ ਦਿਨ ਬਾਅਦ, ਇੱਕ ਦਿਨ ਸ਼ਾਮ ਨੂੰ ਬਸ਼ੀਰ ਨੂੰ ਨੀਲਮ ਦੇ ਕਾਂਡੋ ਜਾਣਾ ਪੈ ਗਿਆ; ਉਸ ਦੇ ਅਜੇ ਵੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ; ਉਹ ਹਸਪਤਾਲੋਂ ਨੱਸ ਆਇਆ ਸੀ | ਉਸ ਨੇ ਨੀਲਮ ਨੂੰ ਬੜੀ ਨਰਮੀ ਨਾਲ ਆਖਿਆ, “ਮੇਰਾ ਦੋਸਤ ਦੱਸ ਰਿਹਾ ਸੀ ਕਿ ਮੇਰੇ ਮਾਲਕ ਤੋਂ ਪੁਲਸ ਮੇਰੇ ਪੇਪਰ ਮੰਗ ਰਹੀ ਸੀ ਅਤੇ ਉਹ ਪੁਲਸ ਨੂੰ ਟਾਲ ਮਟੋਲ ਕਰ ਰਿਹਾ ਸੀ | ਉਹਨੇ ਮੈਨੂੰ ਹਸਪਤਾਲੋਂ ਨੱਸ ਜਾਣ ਲਈ ਆਖਿਆ ਤੇ ਇਸ ਕਰਕੇ ਮੈਂ ਤੁਹਾਡੇ ਕੋਲ ਆ ਗਿਆ, ਕਿਉਂਕਿ ਕੋਈ ਹੋਰ ਥਾਂ ਛੁਪਣ ਖਾਤਰ ਮੈਨੂੰ ਸੁਝਿਆ ਨਹੀਂ | ਕੁਝ ਦਿਨ ਜੇ ਏਥੇ ਰਹਿ ਲਵਾਂ, ਤਦ ਫੇਰ ਕਿਸੇ ਦੋਸਤ ਕੋਲ ਚਲਿਆ ਜਾਵਾਂਗਾ ਮੈਂ, ਜੇ ਤੁਸੀਂ ਇਤਰਾਜ਼ ਨਾ ਕਰੋਂ |”
“ਬਿਲਕੁਲ ਏਥੇ ਰਹੋ ਅਜੇ | ਔਹ ਦੂਸਰੇ ਕਮਰੇ ਵਿੱਚ ਪੈ ਜਾਣਾ |”
“ਨਹੀਂ ਮੈਂ ਇਸ ਸੋਫ਼ੇ ਉੱਤੇ ਹੀ ਸੌਂ ਜਾਇਆ ਕਰਾਂਗਾ |”
“ਨਹੀਂ ਬਸ਼ੀਰ ਜੀ, ਤੁਸੀਂ ਉਸ ਕਮਰੇ ਵਿੱਚ ਪਵੋ, ਕਮਰਾ ਖਾਲੀ ਹੀ ਤਾਂ ਪਿਆ ਹੈ | ਫਿਕਰ ਨਾ ਕਰੋ |”
ਦੋ ਹਫ਼ਤੇ ਉਹਨੇ ਨੀਲਮ ਕੋਲ ਕੱਟੇ | ਉਹ ਨੀਲਮ ਲਈ ਖਾਣਾ ਤਿਆਰ ਕਰਦਾ ਅਤੇ ਉਸ ਦੇ ਛੋਟੇ ਮੋਟੇ ਕੰਮ ਕਰ ਛੱਡਦਾ | ਉਹਦੀ ਇਹੋ ਕੋਸ਼ਿਸ਼ ਰਹਿੰਦੀ ਕਿ ਨੀਲਮ ਖੁਸ਼ ਰਹੇ | ਦੋ ਹਫ਼ਤੇ ਤੋਂ ਬਾਅਦ, ਇੱਕ ਦਿਨ ਉਸ ਨੇ ਨੀਲਮ ਨੂੰ ਆਖਿਆ, “ਮੇਰਾ ਦੋਸਤ ਲੈਣ ਆਇਆ ਹੈ ਮੈਨੂੰ, ਨੀਲਮ ਜੀ |”
“ਉਹ ਉੱਤੇ ਨਹੀਂ ਆਇਆ ?”
“ਨਹੀਂ, ਮੈਂ ਉਸ ਨੂੰ ਆਖ ਦਿੱਤਾ ਸੀ ਕਿ ਉਹ ਹੇਠਾਂ ਹੀ ਰਹੇ |”
“ਤੁਹਾਨੂੰ ਐਨੀ ਜਲਦੀ ਜਾਣ ਦੀ ਕੀ ਲੋੜ ਹੈ, ਬਸ਼ੀਰ ਜੀ ?”
“ਸੋਚਦਾ ਸੀ ਜੇ ਕਿਤੇ ਤੁਹਾਡੇ ਚਾਚਾ ਜੀ ਤੇ ਚਾਚੀ ਜੀ ਏਧਰ ਆ ਗਏ, ਤਦ ਮੈਨੂੰ ਤੁਹਾਡੇ ਨਾਲ ਵੇਖ ਕੇ ਉਹ ਪਤਾ ਨਹੀਂ ਤੁਹਾਡੇ ਨਾਲ ਗੁੱਸੇ ਹੋ ਜਾਵਣ ਜਾਂ ਬੁਰਾ ਭਲਾ ਆਖਣ | ਮੈਂ ਇਹ ਬਿਲਕੁਲ ਨਹੀਂ ਚਾਹੁੰਦਾ |”
“ਬੜਾ ਖਿਆਲ ਹੈ ਤੁਹਾਨੂੰ ਮੇਰਾ |”
ਬਸ਼ੀਰ ਚੁੱਪ ਰਿਹਾ| ਫੇਰ ਨੀਲਮ ਨੇ ਆਖਿਆ, “ਹੁਣ ਨੌਕਰੀ ਲਿਕਰ ਸਟੋਰ ਵਿੱਚ ਨਹੀਂ ਕਰਨੀ ਕਦੇ ਵੀ , ਠੀਕ ? ਵਾਅਦਾ ?”
“ਬਿਲਕੁਲ ਸਹੀ |”
ਫੇਰ ਉਹ ਬਾਹਰ ਨਿਕਲ੍ ਗਿਆ | ਕਾਫੀ ਦੇਰ ਬਸ਼ੀਰ ਨੀਲਮ ਨੂੰ ਮਿਲਣ ਨਹੀਂ ਆਇਆ, ਪਰ ਨੀਲਮ ਨੂੰ ਉਹ ਰੋਜ ਸ਼ਾਮ ਨੂੰ ਫੋਨ ਜਰੂਰ ਕਰਦਾ ਸੀ ਤੇ ਉਹਨੂੰ ਦੱਸਦਾ ਕਿ ਕੁਝ ਮਹੀਨੇ ਉਹ ਇੱਕ ਮਿੱਤਰ ਨਾਲ ਹੀ ਠਹਿਰੇਗਾ ਤੇ ਫੇਰ ਉਹ ਕੋਈ ਨੌਕਰੀ ਲੱਭੇਗਾ, ਕਿਉਂਕਿ ਅਜੇ ਪੁਲਸ ਤੋਂ ਉਹ ਬਚਕੇ ਰਹਿਣਾ ਚਾਹੁੰਦਾ ਸੀ | ਨੀਲਮ ਉਸ ਨੂੰ ਭਾਵੇਂ ਫੇਰ ਵੀ ਆਖਦੀ ਰਹੀ ਕਿ ਉਹ ਕੁਝ ਦਿਨ ਹੋਰ ਉਸ ਨਾਲ ਕੱਟ ਸਕਦਾ ਹੈ, ਪਰ ਉਹ ਮੁੜਕੇ ਉਸ ਕੋਲ ਆਉਣਾ ਨਹੀਂ ਮੰਨਿਆ |
ਇੰਝ ਕਈ ਮਹੀਨੇ ਗੁਜ਼ਰ ਗਏ ਤੇ ਨੀਲਮ ਨੂੰ ਪਤਾ ਚਲਿਆ ਕਿ ਬਸ਼ੀਰ ਨੂੰ ਅਜੇ ਕਿਤੇ ਨੌਕਰੀ ਨਹੀਂ ਸੀ ਮਿਲ ਰਹੀ | ਜੇ ਕਿਤੇ ਕੋਈ ਨੌਕਰੀ ਮਿਲ ਰਹੀ ਸੀ, ਤਦ ਉਹ ਲਿਕਰ ਸਟੋਰ ਜਾਂ ਕਨਵੀਂਨੀਅੰਟ ਸਟੋਰ ਦੀ ਹੀ ਸੀ ਜਿਸ ਨੂੰ ਨਾ ਲੈਣ ਲਈ ਨੀਲਮ ਉਸ ਉੱਤੇ ਵਾਰ ਵਾਰ ਜੋਰ ਪਾਉਂਦੀ ਰਹਿੰਦੀ ਸੀ ਤੇ ਇਸ ਕਰਕੇ ਉਹ ਸਿਰਫ਼ ਰੈਸਟੋਰੈਂਟ ਵਿੱਚ ਕੰਮ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ | ਇਸ ਬਾਰੇ ਉਹ ਨੀਲਮ ਕੋਲ ਦੱਸਦਾ ਕਿ ਕਿਵੇਂ ਹੋਰ ਥਾਂ ਉਸ ਲਈ ਨੌਕਰੀ ਕਰਨੀ ਮੁਸ਼ਕਿਲ ਹੋ ਗਈ ਲੱਗਦੀ ਸੀ | ਉਸ ਦਾ ਇੱਕ ਦੋਸਤ, ਜੋ ਵਿਸਾਲੀਆ ਸ਼ਹਿਰ ਵਿੱਚ ਸੀ, ਉਸ ਨੂੰ ਆਖ ਰਿਹਾ ਸੀ ਕਿ ਉਹ ਓਧਰ ਆ ਜਾਵੇ ਤੇ ਉਹਨੂੰ ਖੇਤਾਂ ਵਿੱਚ ਕੰਮ ਮਿਲ ਸਕਦਾ ਸੀ, ਪਰ ਨੀਲਮ ਕੋਲੋਂ ਉਹ ਦੂਰ ਨਹੀਂ ਸੀ ਜਾਣਾ ਚਾਹੁੰਦਾ ਅਤੇ ਨੀਲਮ ਉਸ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਐਨੀ ਦੂਰ ਜਾਣ ਬਾਰੇ ਇਹੋ ਆਖਦੀ, “ਏਧਰ ਹੀ ਕੋਈ ਕੰਮ ਲੱਭ ਲਵੋ | ਕੋਈ ਨਹੀਂ, ਲੱਭ ਜਾਵੇਗਾ ਕੰਮ ਹੌਲੀ ਹੌਲੀ |”
ਇੰਝ ਹੀ ਹੋਰ ਕਈ ਮਹੀਨੇ ਲੰਘ ਗਏ | ਨੀਲਮ ਰੋਜ ਸੋਚਦੀ,”ਵੇਖੀ ਜਾਉ, ਬਸ਼ੀਰ ਭਲਾ ਬੰਦਾ ਹੈ | ਕੀ ਹੋ ਜਾਵੇਗਾ ਜੇ ਮੈਂ ਇਸ ਦੀ ਵਿਆਹ ਵਾਲੀ ਗੱਲ ਮੰਨ ਲਵਾਂ ? ਮੈਂ ਆਪਣਾ ਧਰਮ ਨਹੀਂ ਬਦਲਣਾ , ਮੈਨੂੰ ਕੀ ਦਿੱਕਤ? ਇਹ ਹੋਰਾਂ ਵਰਗਾ ਬੰਦਾ ਤਾਂ ਹੈ ਨਹੀਂ | ਇਸ ਦੀ ਅੱਖ ਬੁਰੀ ਨਹੀਂ | ਇਸ ਵਿੱਚ ਹਿਆ ਹੈ. ਸ਼ਰਮ ਹੈ, ਲਿਹਾਜ਼ ਹੈ ਉਨ੍ਹਾਂ ਸਭਨਾ ਮਰਦਾਂ ਨਾਲੋਂ ਜਿਆਦਾ ਜੋ ਹੁਣ ਤੀਕ ਮੈਨੂੰ ਮਿਲੇ ਸਨ , ਕਿੰਨੇ ਦਿਨ ਨਾਲ ਰਹਿ ਕੇ ਗਿਆ, ਕਿੰਨੀ ਸ਼ਰਾਫ਼ਤ ਵਿਖਾਈ ਸੀ |” ਫੇਰ ਉਸ ਨੂੰ ਆਪਣਾ ਭਰਾ ਯਾਦ ਆ ਜਾਂਦਾ ਅਤੇ ਚਾਚਾ ਜੀ ਤੇ ਚਾਚੀ ਜੇ ਯਾਦ ਆ ਜਾਂਦੇ ਅਤੇ ਉਹ ਫਿਰ ਭੈ ਵਿੱਚ ਸੁੰਗੜ ਜਾਂਦੀ |
ਹਰ ਕੰਪਨੀ ਕੰਮ ਲਈ ਪੇਪਰ ਮੰਗਦੀ ਸੀ ਤੇ ਰੈਸਟੋਰੈਂਟ ਵਾਲੇ ਨਵੇਂ ਬੰਦੇ ਨਹੀਂ ਸੀ ਰੱਖ ਰਹੇ | ਉਸ ਦੇ ਮਿੱਤਰ ਉਸ ਨੂੰ ਸਿਰਫ਼ ਆਸ ਦਿਵਾਉਂਦੇ ਕਿ ਜਦੋਂ ਕੋਈ ਉਨ੍ਹਾਂ ਦੇ ਰੈਸਟੋਰੈਂਟ ਤੋਂ ਕੰਮ ਛੱਡ ਗਿਆ, ਉਹ ਉਹਨੂੰ ਕੰਮ ਜਰੂਰ ਦਿਵਾ ਦੇਣਗੇ ਪਰ ਅਜਿਹਾ ਦਿਨ 6 ਮਹੀਨੇ ਟਪਣ ਤੋਂ ਬਾਅਦ ਵੀ ਨਾ ਆਇਆ | ਕਿੰਨਾ ਹੀ ਚਿਰ ਬਸ਼ੀਰ ਘਰ ਬੈਠਾ ਰਿਹਾ, ਹਾਂ, ਇੱਕ ਥਾਂ ਉਹ ਹਰ ਹਫ਼ਤੇ ਇੱਕ ਰਾਤ ਨੂੰ ਪੈਕਿੰਗ ਦੇ ਕੰਮ ਕਰਨ ਜਾਂਦਾ ਸੀ ਤੇ ਸੌ ਡਾਲਰ ਲੈ ਆਉਂਦਾ ਸੀ | ਉਨ੍ਹਾਂ ਪੈਸਿਆਂ ਵਿੱਚ ਕੁਝ ਆਪਣੇ ਕੋਲੋਂ ਪੈਸੇ ਪਾਕੇ ਉਹ ਆਪਣੇ ਦੋਸਤ ਨੂੰ ਆਪਣੇ ਕਿਰਾਏ ਅਤੇ ਗ੍ਰੋਸਰੀ ਦਾ ਹਿੱਸਾ ਦੇ ਦੇਂਦਾ | ਇਨ੍ਹਾਂ ਦਿਨਾਂ ਵਿੱਚ ਉਹ ਨੀਲਮ ਨੂੰ ਮਹੀਨੇ ਵਿੱਚ ਦੋ ਵਾਰ ਹੀ ਮਿਲਦਾ ਭਾਵੇਂ ਰੋਜ ਉਸ ਨੂੰ ਮਿਲਣ ਦੀ ਉਸ ਅੰਦਰ ਤਾਂਘ ਰਹਿੰਦੀ ਸੀ | ਜਦੋਂ ਵੀ ਨੀਲਮ ਉਸ ਨੂੰ ਮਿਲਦੀ ਬਸ ਉਹ ਇਹੋ ਆਖਦੀ,” ਤੁਸੀਂ ਹੌਸਲਾ ਰੱਖੋ |”
ਫੇਰ ਇੱਕ ਦਿਨ ਬਸ਼ੀਰ ਨੂੰ ਨੀਲਮ ਨੇ ਘਰ ਸੱਦਿਆ | ਘਰ ਉਸ ਨੇ ਬਸ਼ੀਰ ਲਈ ਆਪ ਖਾਣਾ ਬਣਾਇਆ | ਖਾਣਾ ਖਾਣ ਤੋਂ ਬਾਅਦ ਨੀਲਮ ਨੇ ਇੱਕ ਸੋਨੇ ਦੀ ਮੁੰਦਰੀ ਲਿਆਂਦੀ ਅਤੇ ਬਸ਼ੀਰ ਨੂੰ ਫੜਾਕੇ ਬੋਲੀ, “ਇਹਨੂੰ ਕੋਲ ਰੱਖ ਲਵੋ | ਇਹ ਤੁਸੀਂ ਪਤੀ ਦੇ ਤੌਰਤੇ ਉੱਤੇ ਕੱਲ੍ਹ ਨੂੰ ਮੇਰੇ ਪਾਉਣੀ ਹੋਏਗੀ | ਮੇਰਾ ਵਕੀਲ ਆਪਣੀ ਕੋਰਟ ਵਿਆਹ ਕਰਵਾ ਰਿਹਾ ਹੈ ਕੱਲ੍ਹ ਨੂੰ | ਸਭ ਕੁਝ ਤਿਆਰ ਹੈ | ਮੈਂ ਉਸ ਨੂੰ ਸਭ ਸਮਝਾ ਦਿੱਤਾ ਹੈ ਤੁਹਾਡੇ ਬਾਰੇ ਵੀ |”
“ਕੀ ਤੁਸੀਂ ਇਹ ਮੈਨੂੰ ਪੱਕਾ ਕਰਨ ਵਾਸਤੇ ਕਰ ਰਹੇ ਹੋ ?”
“ਕੀ ਤੁਹਾਨੂੰ ਮਨਜੂਰ ਹੈ?”
“ਮੇਰੇ ਨਾਲ ਨੀਲਮ ਜੀ ਤੁਸੀਂ ਵਿਆਹ ਕਰਵਾ ਲਵੋ, ਮੈਂ ਸਮਝਾਂਗਾ ਮੈਨੂੰ ਜਹਾਨ ਮਿਲ ਗਿਆ| ਤੁਹਾਨੂੰ ਮੇਰੇ ਪੇਪਰ ਭਰਕੇ ਮੈਨੂੰ ਪੱਕੇ ਕਰਨ ਦੀ ਲੋੜ ਨਹੀਂ , ਕਿਉਂਕਿ ਤੁਸੀਂ ਮੇਰੀ ਲੋੜ ਨਹੀਂ ਹੋ, ਬਲਕਿ ਮੇਰੀ ਚਾਹਤ ਹੋ ਤੇ ਮੇਰਾ ਪਿਆਰ ਹੋ ! ਆਹ ਮੁੰਦਰੀ ਆਪਣੇ ਪਾਸ ਰੱਖ ਲਵੋ ਨੀਲਮ ਜੀ , ਕਿਉਂਕਿ ਤੁਹਾਡੇ ਲਈ ਮੈਂ ਬਹੁਤ ਦੇਰ ਤੋਂ ਇੱਕ ਮੁੰਦਰੀ ਖਰੀਦ ਰੱਖੀ ਹੈ,” ਉਹ ਜਰਾ ਮੁਸਕਰਾਇਆ ਤੇ ਫੇਰ ਆਖਣ ਲੱਗਾ, “ਇੱਕ ਵਾਰ ਮੈਂ ਆਪਣੇ ਇੱਕ ਮਿੱਤਰ ਨਾਲ ਆਰਟੀਸ਼ੀਆ ਸ਼ਹਿਰ ਗਿਆ ਸੀ, ਜਿਸ ਨੇ ਆਪਣੀ ਵਹੁਟੀ ਲਈ ਗਲੇ ਦਾ ਲੌਕਟ ਲੈਣਾ ਸੀ ਅਤੇ ਮੈਂ ਇੱਕ ਮੁੰਦਰੀ ਲੈ ਲਈ ਸੀ ਤੁਹਾਡੇ ਲਈ | ਆਸ ਹੈ ਤੁਹਾਨੂੰ ਉਹ ਬਹੁਤ ਪਸੰਦ ਹੋਵੇਗੀ ,” ਬਸ਼ੀਰ ਦੀਆਂ ਅੱਖਾਂ ਵਿੱਚ ਅਜੇ ਵੀ ਬੜੀ ਸੰਗ ਸੀ |
ਪਹਿਲੀ ਵਾਰ ਨੀਲਮ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਬੋਲੀ, “ ਤੁਸੀਂ ਮੁੰਦਰੀ ਮੇਰੇ ਲਈ ਖਰੀਦੀ ਹੋਵੇ ਤੇ ਮੈਨੂੰ ਪਸੰਦ ਕਿਵੇਂ ਨਹੀਂ ਆਵੇਗੀ ?ਮੈਨੂੰ ਭਰੋਸਾ ਹੈ ਕਿ ਮੈਂਨੂੰ ਤੁਸੀਂ ਸਾਰੀ ਉਮਰ ਪੂਰੀ ਇੱਜ਼ਤ ਦੇਵੋਂਗੇ ਤੇ ਖੁਸ਼ ਰੱਖੋਗੇ| ਕੁਝ ਵੀ ਆਪਣੇ ਵਿਚਕਾਰ ਨਹੀਂ ਆਵੇਗਾ, ਨਾ ਧਰਮ ਤੇ ਨਾ ਆਪਣੇ ਉਲਟ ਵਿਚਾਰ | ਤੇ ਮੈਂ ਆਸ ਕਰਦੀ ਹਾਂ ਕਿ ਮੈਂ ਕਦੇ ਵੀ ਮੁੜਕੇ ਛੁੱਟੜ ਨਹੀਂ ਬਣਾਂਗੀ |”
ਨੀਲਮ ਦੇ ਮੂੰਹ ਤੇ ਹੱਥ ਰੱਖਦਿਆਂ ਬਸ਼ੀਰ ਨੇ ਬੋਲਿਆ, “ਇਹ ਬਸ਼ੀਰ ਮਰ ਜਾਵੇਗਾ, ਪਰ ਨੀਲਮ ਜੀ ਨੂੰ ਕਦੇ ਠੇਸ ਨਹੀਂ ਪਹੁੰਚਾਵੇਗਾ | ਵੇਖ ਲੈਣਾ ਇਹ ਮੇਰਾ ਰੱਬ ਜਾਣਦਾ ਕਿ ਮੇਰੇ ਇਨ੍ਹਾਂ ਸ਼ਬਦਾਂ ਵਿੱਚ ਕਿੰਨਾ ਸੱਚ ਹੈ ! ਤੁਸੀਂ ਬੇਸ਼ੱਕ ਪਰਖ ਲੈਣਾ ਮੈਨੂੰ | ਤੁਸੀਂ ਮੇਰੇ ਪੇਪਰ ਭਰਨਾ ਹੀ ਨਾ, ਬਿਲਕੁਲ ਨਾ ਭਰਨਾ ਪੇਪਰ ਮੇਰੇ, ਬਸ ਮੇਰੀ ਬਣਕੇ ਰਹੋ ,” ਉਸ ਨੇ ਹਲਕਾ ਨੀਲਮ ਦੀ ਠੋਡੀ ‘ਤੇ ਉਂਗਲ ਫੇਰੀ ਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਲੱਗਿਆ | ਇਸ ਵਾਰ ਉਸ ਵਿੱਚ ਸੰਗ ਨਹੀਂ ਸੀ |
ਇਹ ਸੁਣਕੇ ਨੀਲਮ ਅੱਖਾਂ ਭਰ ਆਈ | ਬਸ਼ੀਰ ਨੇ ਉਸ ਦਾ ਹੱਥ ਘੁੱਟ ਲਿਆ | ਕੁਝ ਦੇਰ ਬਾਅਦ ਉਹ ਬੋਲਿਆ, “ਤੁਹਾਡੇ ਚਾਚਾ ਜੀ ਤੇ ਚਾਚੀ ਜੀ ਕਿਤੇ ….. ”
ਉਸ ਦੀ ਗੱਲ ਕੱਟਕੇ ਨੀਲਮ ਬੋਲੀ, “ਆਪਣੀ ਜ਼ਿੰਦਗੀ ਆਪ ਹੀ ਜੀਉਣੀ ਹੁੰਦੀ ਹੈ, ਬਸ਼ੀਰ ਜੀ | ਕਿੰਨੇ ਭੈ ਹਨ ਮੇਰੇ ਅੰਦਰ, ਉਨ੍ਹਾਂ ਮੁਤਾਬਕ ਮੈਂ ਕੁਝ ਵੀ ਨਹੀਂ ਕਰ ਸਕਣਾ, ਪਰ ਹੁਣ ਮੈਂ ਫੈਸਲਾ ਲੈ ਲਿਆ ਹੈ ਕਿ ਕਿਸੇ ਵੀ ਭੈ ਤੋਂ ਮੈਂ ਨਹੀਂ ਡਰਨਾ |”
ਬਸ਼ੀਰ ਨੇ ਉਹਦੇ ਦੋਨੋਂ ਹੱਥ ਚੁੰਮੇ ਤੇ ਬੋਲਿਆ, “ਨੀਲਮ ਜੀ ਨੂੰ ਮੇਰਾ ਦਿਲੋਂ ਸਿਜਦਾ |”
ਫੇਰ ਉਹ ਅੱਖਾਂ ਭਰ ਆਇਆ ਤੇ ਉਸ ਨੇ ਵੇਖਿਆ ਕਿ ਨੀਲਮ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਰਹੇ ਸਨ !
ਗ.ਸ. ਨਕਸ਼ਦੀਪ ਪੰਜਕੋਹਾ













Hi, this is a comment.
To get started with moderating, editing, and deleting comments, please visit the Comments screen in the dashboard.
Commenter avatars come from Gravatar.