GSN

ਤਾਂ ਕੀ ਜੇ ਹੈ ਮੀਡੀਆ ਵਿਕਾਊ? || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Tan Ki Je Hai Media Vikayoo – Punjabi Poem || G.S.Nakshdeep Panjkoha

ਤਾਂ ਕੀ ਜੇ ਹੈ ਮੀਡੀਆ ਵਿਕਾਊ?
ਵਿਕ ਗਿਆ ਮੀਡੀਆ, ਨਹੀਂ ਇਹ ਕੰਨ ਅੱਖਾਂ ਤੁਹਾਡੇ,
ਪਰ ਹੌਸਲਾ ਨਾ ਛੱਡਣਾ, ਢੇਰੀ ਤੁਸੀਂ ਨਹੀਂਓਂ ਢਾਉਣੀ!
ਇਹ ਵਿਕੇ ਮੱਸਿਆ ਦੀ ਰਾਤ ਲਈ, ਵਾਰੋ ਵਾਰ ਸਾਰੇ,
ਤੁਸੀਂ ਮੱਸਿਆ ਦੀ ਰਾਤੇ, ਹੁਣ ਹੈ ਚਾਨਣੀ ਖਿੰਡਾਉਣੀ!
ਇਹ ਪੂਪਨੇ ਵਜਾਉਂਦੇ, ਐਵੇਂ ਬਹੁਸੰਮਤੀ ਦੇ ਨਸ਼ੇ ਵਿੱਚ,
ਦਿਨ ਇਨ੍ਹਾਂਂ ਦਾ ਚੜਿਆ ਸੀ, ਹੁਣ ਸ਼ਾਮ ਵੀ ਹੈ ਆਉਣੀ!
ਤੁਹਾਡੀ ਮਿਠਾਸ ਹਥਿਆਰ, ਤੁਹਾਡੇ ਹੌਸਲੇ ਤੁਫਾਨੀ,
ਹੰਕਾਰ ਦੀ ਇਹ ਪਹਾੜੀ, ਤੁਹਾਡੇ ਪੈਰਾਂ ਹੇਠ ਆਉਣੀ!
ਲੱਗੇ ਲੋਕ ਤੁਹਾਡੇ ਨਾਲ, ਰਹਿਗੇ ਚਮਚੇ ਹੁਣ ਥੋੜੇ,
ਜਗ ਵਿੱਚ ਹੁਣ ਤੁਹਾਡੀ, ਬੜੀ ਬੱਲੇ ਬੱਲੇ ਹੈ ਹੋਣੀ!
ਵੇਖੋ ਚਾਲੇ ਇਨ੍ਹਾਂ ਦੇ, ਜੋ ਦੁਹਾਈ ਧਰਮ ਦੀ ਨੇ ਪਾਉਂਦੇ,
ਮਾਣਸ ਪ੍ਰੀਤ ਕਦੇ, ਇਨ੍ਹਾਂ ਕੋਲੋਂ ਲੱਭੀ ਨਹੀਂ ਥਿਆਉਣੀ!
ਇਨਾਂ ਦੇ ਝੂਠੇ ਸਾਰੇ ਦਾਹਵੇ, ਹਨ ਖੋਟੀਆਂ ਕਰਤੂਤਾਂ,
ਹੌਲੀ ਹੌਲੀ ਇਨ੍ਹਾਂਂ ਦੇਸ਼ ਵਿੱਚ, ਸਿਰਫ਼ ਵੰਡ ਹੀ ਹੈ ਪਾਉਣੀ!
ਲਹਿਰ ਵਿੱਚ ਤੁਸੀਂ ਸਾਰੇ, ਜਦ ਕਦੇ ਇਕਮਿਕ ਹੋ ਆਏ,
ਉਦੋਂ ਧੱਕੇਬਾਜ ਸ਼ਾਸ਼ਕਾਂ ਨੂੰ, ਅਕਲ ਹੈ ਤੁਸੀਂ ਹੀ ਸਿਖਾਉਣੀ!
ਜੇ ਕਿਤੇ ਚੁੱਪ ਤੁਸੀਂ ਰਹੇ, ਇਨ੍ਹਾਂ ਸ਼ਰੇਆਮ ਹੈ ਤੁਹਾਨੂੰ ਲੁੱਟਣਾ,
ਲਿਪਟੇ ਰਹੋਗੇ ਰਾਤ ਵਿੱਚ, ਨਕਸ਼ਦੀਪ ਫਿਰ ਸਵੇਰ ਨਹੀਂ ਆਉਣੀ!

ਤਾਂ ਕੀ ਜੇ ਹੈ ਮੀਡੀਆ ਵਿਕਾਊ? || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Tan Ki Je Hai Media Vikayoo – Punjabi Poem || G.S.Nakshdeep Panjkoha Read More »

ਸ਼ਾਂਤੀ ਸਰੂਪ ਯੋਧੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Shanti Saroop Yodhe – Punjabi Poem || G.S.Nakshdeep Panjkoha

ਸ਼ਾਂਤੀ ਸਰੂਪ ਯੋਧੇ
ਇਹ ਜੰਗ ਹੈ ਅਸਾਡੀ ਧੱਕਿਆਂ ਵਿਰੁੱਧ,
ਲੜਨੀ ਇਹ ਅਸੀਂ ਹਥਿਆਰ ਤੋਂ ਬਿਨਾਂ !
ਕੋਈ ਵੀ ਤੋੜ ਫੋੜ ਅੱਗਾਂ ਲਾਉਣ ਤੋਂ ਬਿਨਾਂ,
ਹੋਰਨੀ ਨਿਸ਼ਾਨਾ ਧੱਕੇਬਾਜਾਂ ਨੂੰ ਹਰਾਉਣ ਤੋਂ ਬਿਨਾਂ !
ਬਹੁਤ ਭੜਕਾਉਣਗੇ ਅਸੀਂ ਸਾਵਧਾਨ ਰਹਿਣਾ,
ਟੀਚਾ ਹੋਰ ਨਹੀਂ ਸਾਡਾ ਜਿੱਤ ਪਾਉਣ ਤੋਂ ਬਿਨਾਂ !
ਜੋ ਇੰਝ ਕਰੇ ਕੋਈ ਉਹ ਹੋਊ ਇਨ੍ਹਾਂ ਦਾ ਹੀ ਬੰਦਾ
ਜਿਹਦਾ ਕੰਮ ਹੋਰ ਨਹੀਂ ਸਾਨੂੰ ਭੜਕਾਉਣ ਤੋਂ ਬਿਨਾਂ !
ਵੇਖਾਂਗੇ ਇਹ ਸਾਨੂੰ ਕਿੰਝ ਕਿੰਝ ਅਜਮਾਉਂਦੇ,
ਸਾਡਾ ਟੀਚਾ ਹੋਰਨੀ ਇਨ੍ਹਾਂ ਨੂੰ ਜਗਾਉਣ ਤੋਂ ਬਿਨਾਂ !
ਅਸੀਂ ਜਿੱਤਾਂਗੇ ਸ਼ਾਂਤੀ ਦੇ ਨਾਲ ਇਸ ਜੰਗ ਨੂੰ,
ਇਨ੍ਹਾਂ ਕੋਲ ਹੋਰ ਕੀ ਦੀਵੇ ਬੁਝਾਉਣ ਤੋਂ ਬਿਨਾਂ !
ਅਸੀਂ ਸ਼ਾਂਤੀ ਸਰੂਪ ਯੋਧੇ ਪਰ ਇਨ੍ਹਾਂ ਕੋਲੇ,
ਕੁਝ ਨਹੀਂ ਬਿਗਾਨੇ ਪੁੱਤ ਮਰਵਾਉਣ ਤੋਂ ਬਿਨਾਂ !
ਧੱਕੇਬਾਜੀ ਦਾ ਨਕਸ਼ਦੀਪ ਇਹ ਦੌਰ ਨੇ ਲਿਆਏ ,
ਸਾਡੇ ਕੋਲ ਹੁਣ ਕੀ ਇਨ੍ਹਾਂ ਨੂੰ ਹਟਾਉਣ ਤੋਂ ਬਿਨਾਂ !
ਗ ਸ ਨਕਸ਼ਦੀਪ ਪੰਜਕੋਹਾ

ਸ਼ਾਂਤੀ ਸਰੂਪ ਯੋਧੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Shanti Saroop Yodhe – Punjabi Poem || G.S.Nakshdeep Panjkoha Read More »

ਫੈਸਲੇ ਦੀ ਘੜੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Faisle Di Ghrhi – Punjabi Poem || G.S.Nakshdeep Panjkoha

ਫੈਸਲੇ ਦੀ ਘੜੀ
ਕਿਸਾਨਾਂ ਨਾਲ ਜੋ ਅੱਜ ਹੋਈ
ਉਹ ਤੁਹਾਡੇ ਨਾਲ ਵੀ ਹੋਵੇਗੀ!
ਤੁਹਾਡੇ ਪੱਲੇ ਜੋ ਰਹਿ ਗਿਆ ,
ਉਹ ਅਮੀਰ ਜਾਤ ਖੋਹ ਲੈ ਜਾਏਗੀ !
ਤੁਸੀਂ ਬਣ ਤਮਾਸ਼ਬੀਨ ਇੰਝ,
ਤੱਕਦੇ ਤਮਾਸ਼ਾ ਰਹਿ ਜਾਣਾ !
ਫੇਰ ਲਭਦੇ ਰਹਿ ਜਾਓਗੇ,
ਸਭ ਕੁਝ ਪਾਣੀ ‘ਚ ਬਹਿ ਜਾਣਾ !
ਤਦ ਹੱਥ ਉਨ੍ਹਾਂ ਦੇ ਤਲਵਾਰ,
ਤੇ ਗਰਦਨ ਤੁਹਾਡੀ ਹੋਵੇਗੀ !
ਕਿਸਾਨਾਂ ਨਾਲ ਜੋ ਅੱਜ ਹੋਈ
ਕੱਲ੍ਹ ਤੁਹਾਡੇ ਨਾਲ ਹੋਵੇਗੀ !
ਸਮਝੋ ਸਮੇਂ ਦਾ ਰੁੱਖ ਹੁਣ,
ਇਸ ਲਹਿਰ ਨਾਲ ਜੁੜ ਜਾਓ !
ਇਨਾਂ ਫੁੱਟਾਂ ਦੇ ਰਾਹਾਂ ਤੋਂ,
ਤੁਸੀਂ ਹੁਣ ਵਾਪਿਸ ਮੁੜ ਆਓ !
ਫੇਰ ਕੱਲ੍ਹ ਦਿਨ ਵੀ ਤੁਹਾਡਾ,
ਤੇ ਤੁਹਾਡੀ ਸ਼ਾਮ ਵੀ ਹੋਵੇਗੀ !
ਕਿਸਾਨਾਂ ਨਾਲ ਜੋ ਅੱਜ ਹੋਈ,
ਉਹ ਕੱਲ੍ਹ ਤੁਹਾਡੇ ਨਾਲ ਵੀ ਹੋਵੇਗੀ !
ਘਰ ਫੂਕ ਤਮਾਸ਼ੇ ਵੇਖਣੇ,
ਤੁਸੀਂ ਹੁਣ ਸਥਿਓ ਛੱਡ ਦਿਓ !
ਜੋ ਲੱਗੀ ਘਰਾਂ ਨੂੰ ਸਿਓਂਕ,
ਉਸਦਾ ਰੱਸਾ ਹੀ ਵਢ ਦਿਓ !
ਇਹ ਚੁੱਪ ਤੁਹਾਡੀ ਨਹੀਂ ਤਾਂ,
ਤੁਹਾਨੂੰ ਵਾਰ ਵਾਰ ਜੋਹੇਗੀ !
ਕਿਸਾਨਾਂ ਨਾਲ ਜੋ ਅੱਜ ਹੋਈ,
ਕੱਲ੍ਹ ਤੁਹਾਡੇ ਨਾਲ ਵੀ ਹੋਏਗੀ!
ਲੋਕਾਂ ਨੂੰ ਪਾੜ ਪਾੜ ਕੇ,
ਉਨ੍ਹਾਂ ਧੌਲਰ ਉਸਾਰ ਲਏ !
ਇਹ ਕਾਹਦੀ ਆਜ਼ਾਦੀ ਮਿਲੀ ,
ਚਾਰ ਬੋਲ ਜੇ ਉਚਾਰ ਲਏ !
ਤੁਹਾਡੀ ਬੇਦਿਲੀ ਦੇ ਕਾਰਨ,
ਤੁਹਾਡੀ ਚੁੱਪ ਬੋਲੀ ਵੀ ਕੋਹਦੇਗੀ !
ਕਿਸਾਨਾਂ ਨਾਲ ਜੋ ਅੱਜ ਹੋਈ ,
ਉਹ ਤੁਹਾਡੇ ਨਾਲ ਵੀ ਹੋਏਗੀ !
ਇੱਕ ਮੁੱਠ ਹੋਕੇ ਜੇ ਹੁਣ,
ਤੁਸੀਂ ਮੌਕਾ ਸੰਭਾਲ ਲਿਆ!
ਨਕਸ਼ਦੀਪ ਦੀਵਾ ਅਕਲਾਂ ਦਾ,
ਜੇ ਤੁਸੀਂ ਅੱਜ ਬਾਲ ਲਿਆ !
ਫੇਰ ਤਾਂ ਤੁਹਾਡੀ ਉਲਾਦ ਵੀ,
ਨਵੇਂ ਨਵੇਂ ਨਿਤ ਨਗਮੇ ਬੋਏਗੀ !
ਕਿਸਾਨਾਂ ਨਾਲ ਜੋ ਅੱਜ ਹੋਈ,
ਕੱਲ੍ਹ ਤੁਹਾਡੇ ਨਾਲ ਵੀ ਹੋਏਗੀ !
ਤੁਹਾਡੇ ਪਲ੍ਹੇ ਜੋ ਰਹਿ ਗਿਆ,
ਉਹ ਅਮੀਰ ਜਾਤ ਖੋਹ ਲੈ ਜਾਏਗੀ !
ਗ ਸ ਨਕਸ਼ਦੀਪ ਪੰਜਕੋਹਾ

ਫੈਸਲੇ ਦੀ ਘੜੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Faisle Di Ghrhi – Punjabi Poem || G.S.Nakshdeep Panjkoha Read More »

Scroll to Top