ਅਹਿਸਾਸ

https://www.youtube.com/watch?v=8uUIxbD2rAYਸਿਮਰਨ ਅਕਸ ਪੰਜਾਬੀ ਦੀਆਂ ਉਨ੍ਹਾਂ ਨਵੀਆਂ ਕਾਵਿ-ਆਵਾਜ਼ਾਂ ਵਿਚੋਂ ਹੈ ਜਿਨ੍ਹਾਂ ਦੀ ਕਵਿਤਾ ਵਿਚ ਨਾਰੀ-ਸਥਿਤੀ ਦੇ ਘੋਰ ਦੁਖਾਂਤ ਅਤੇ ਪੀੜ ਦੀ ਥਾਂ ਸਥਿਤੀ ਦੀ ਸਮਝ ਅਤੇ ‘ਸਥਿਰਤਾ ਨੂੰ ਵੰਗਾਰ’ ਦੀ ਸੁਰ ਗੂੰਜਦੀ ਹੈ। ਉਸ ਦੀ ਕਵਿਤਾ ਵਿਚ ਨਾਰੀ ਦੀ ਪਹਿਲਕਦਮੀ, ਜੁਅੱਰਤਮੰਦੀ, ਸਪਸ਼ਟਤਾ, ਦਾਅਵੇਦਾਰੀ ਤੇ ਸਮਝਦਾਰੀ ਦੇ ਨਾਲ ਨਾਲ ਡੂੰਘੀ ਸੰਵੇਦਨਾ ਦੀ ਪਛਾਣ ਕੀਤੀ ਜਾ ਸਕਦੀ ਹੈ। ਉਹ ਨਾਰੀ ਦੇ ਅੰਦਰ ਬਾਹਰ ਦੇ ਸੰਸਾਰ ਦੀ ਇੱਕਮਿੱਕਤਾ ਨੂੰ ਫੜਨਾ ਲੋਚਦੀ ਹੈ ਅਤੇ ਨਾਰੀ-ਗੌਰਵ ਦਾ ਪਰਚਮ ਬੁਲੰਦ ਕਰਦੀ ਹੈ। ਇਸ ਅਨੁਭਵ-ਦਾਇਰੇ ਤੋਂ ਬਾਹਰ ਵੀ ਸਮਾਜਿਕ-ਪ੍ਰਬੰਧ ਦੀਆਂ ਵਿਸੰਗਤੀਆਂ ਦੇ ਬੋਧ ਦੇ ਪ੍ਰਮਾਣ ਉਸ ਦੀ ਕਾਵਿ-ਯਾਤਰਾ ਵਿਚ ਨਮੂਦਾਰ ਹੁੰਦੇ ਹਨ। ਇਹ ਕਵਿਤਾ ਵੀ ਏਸੇ ਤਰ੍ਹਾਂ ਦਾ ਪ੍ਰਮਾਣ ਪੇਸ਼ ਕਰਦੀ ਹੈ। ਉਸ ਉਸ ਦੀ ਇਹ ਕਵਿਤਾ ਪੰਜਾਬੀ ਵਿਭਾਗ ਵੱਲੋਂ “ਕੁਝ ਕਿਹਾ ਤਾਂ….” ਦੇ ਨਾਮ ‘ਤੇ ਕਰਵਾਏ ਗਏ ਸਾਹਿਤ ਉੱਤਸਵ ਦੌਰਾਨ ਹੋਏ ਕਵੀ ਦਰਬਾਰ ਵਿਚ ਉਸ ਵੱਲੋਂ ਪੜ੍ਹੀ ਗਈ ਸੀ। ਇਸ ਨੂੰ ਸੁਣੋਂ-ਦੇਖੋ ਅਤੇ ਆਪਣੇ ਮਿੱਤਰ ਮੰਡਲ ਵਿਚ ਸਾਂਝੀ ਕਰੋ। ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ।
ਸਿਮਰਨ ਅਕਸਪੰਜਾਬੀ ਕਵਿਤਰੀ ਸਿਮਰਨ ਅਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ :ਸਿਮਰਨ ਅਕਸ Read More »
ਅੱਜ ਜੋ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਹ ਸ਼ਾਇਰਾ ਜਸ ਪ੍ਰੀਤ ਦੀ ਹੈ ਤੇ ਇਨਾਂ ਨੂੰ ਵੀ ਮੈਂ ਨਹੀਂ ਜਾਣ ਦਾ; ਇਸ ਲਈ ਇਹ ਤਦੇ ਲਿਖ ਰਿਹਾ ਹਾਂ ਤਾਂਕੇ ਪਾਠਕ ਇਹ ਜਾਣ ਲੈਣ ਕਿ ਵਧੀਆ ਰਚਨਾ ਵਧੀਆ ਹੁੰਦੀ ਏ ਤੇ ਉਸ ਨੂੰ ਕਿਸੇ ਜਾਣਨ ਪਛਾਣਨ ਵਾਲੇ ਦੀ ਲੋੜ ਨਹੀਂ ਹੁੰਦੀ| ਉਨਾਂ ਬਾਰੇ ਫੇਸ ਬੁੱਕ ਤੋਂ ਪਤਾ ਚਲਿਆ ਕਿ ਉਹ ਬਿਜਨਸ ਕਰਦੇ ਹਨ, ਪਰ ਨਾਲ ਫੋਟੋਗ੍ਰਾਫਰ ਵੀ ਹਨ; ਉਨਾਂ ਦੀਆਂ ਬਹੁਤੀਆਂ ਕਵਿਤਾਵਾਂ ਮੈਂ ਨਹੀਂ ਪੜੀਆਂ ਪਰ ਜੋ ਪੜੀਆਂ ਉਨਾਂ ਸਭ ਵਿੱਚੋਂ ਇਸ ਨੇ ਮੇਰਾ ਧਿਆਨ ਖਿੱਚਿਆ ਹੈ; ਇਹ ਹੱਥਲੀ ਕਵਿਤਾ ਵਿਸ਼ਵਚੇਤਨਾ ਨਾਲ ਜੁੜੀ ਹੋਣ ਕਰਕੇ ਵੱਡਾ ਕੱਦ ਰੱਖਦੀ ਹੈ ਅਤੇ ਇਸ ਦਾ ਵਿਸ਼ਾ ਸਰਬ ਸਾਂਝਾ ਹੈ ; ਉਨਾਂ ਦੀ ਕਵਿਤਾ ਨੇ ਦਰਸਲ ਮੈਂਨੂੰ ਵਲਿਆਮ ਵਰਡਜ਼ ਵਰਥ ਦੀ ਕਵਿਤਾ “ The world is too much with us” ਯਾਦ ਕਰਵਾ ਦਿੱਤੀ ਜਿਸ ਵਿੱਚ ਉਹ ਲਿਖਦਾ ਹੈ , “ The world is too much with us; late and soon;
Getting and spending we lay waste our power; Little we see in nature that is ours;
We have given our hearts away, a sordid boon…… William Wordsworth.ਉਹਦਾ ਕਹਿਣਾ ਹੈ ਕਿ ਕੁਦਰਤ ਵੱਲੋਂ ਅਸੀਂ ਅਵੇਸਲੇ ਹੋ ਗਏ ਆਪਣੇ ਰੁਝੇਵਿਆਂ ਵਿੱਚ ਰੁੱਝ ਕੇ ਕਿਉਂਕਿ ਸਾਡਾ ਚਿਤ ਕਿਤੇ ਹੋਰ ਹੈ ਮਤਲਬ ਦੁਨੀਆਂ ਵਿੱਚ ਜਿਆਦਾ ਹੀ ਰੁਲ ਗਏ| ਜਸਪ੍ਰੀਤ ਵਰਡਜ਼ ਵਰਥ ਤੋਂ ਅੱਗੇ ਤੁਰਦੀ ਹੈ, ਕਿਉਂਕਿ ਉਹ ਆਖਦਾ ਏ ਕਿ ਅਸੀਂ ਕੁਦਰਤ ਨਾਲ ਨਹੀਂ ਜੁੜੇ ਪਰ ਜਸ ਪ੍ਰੀਤ ਸਾਨੂੰ ਸਭ ਨੂੰ ਆਵਾਜਾਂ ਮਾਰਦੀ ਹੈ ਕਿ ਕੁਦਰਤ ਨਾਲ ਜੁੜਨਾ ਤਾਂ ਇੱਕ ਪਾਸੇ ਰਿਹਾ ਅਸੀਂ ਕੁਦਰਤ ਨੂੰ ਗੰਧਲਾਉਣ ਵਿੱਚ ਰੁੱਝ ਗਏ ਹਾਂ; ਕੁਦਰਤ ਦੀ ਖੂਬਸੂਰਤੀ ਵਿੱਚ ਪ੍ਰਦੂਸ਼ਣ ਘੋਲਿਆ ਜਾ ਰਿਹਾ ਜੋ ਬਹੁਤ ਹੀ ਹਾਨੀਕਾਰਕ ਅਤੇ ਬਦਬੂ ਭਰਿਆ ਹੈ | ਅਸੀਂ ਕੁਦਰਤ ਨੂੰ ਵਿਗਾੜ ਰਹੇ ਹਾਂ ਅਤੇ ਸਮਾਜ ਵਿੱਚ ਕੁਰੀਤੀਆਂ ਵਿੱਚ ਖੰਡ ਪਾਕੇ ਖਿਲਾਰ ਰਹੇ ਹਾਂ | ਜਰਾ ਧਿਆਨ ਦੇਣਾ , “ ਮੌਸਮ ਦਾ ਕਹਿਰ ਹੈ ਜਾਂ ਧੂਏਂ ਦਾ ਜ਼ਹਿਰ ਹੈ?” ਕੀ ਜਵਾਬ ਏ ਜੀ ਆਪਣੇ ਕੋਲੇ ਜਸ ਪ੍ਰੀਤ ਹੋਰਾਂ ਦੇ ਸਵਾਲ ਦਾ ? ਕੁਦਰਤ ਨੂੰ ਐਵੇਂ ਬਦਨਾਮ ਕਰੀ ਜਾ ਰਹੇ ਹਾਂ | ਸੜਕ ਉਤੇ ਵੱਡੀਆਂ ਕਾਰਾਂ ਦਾ ਪਰਦਰਸ਼ਨ ਕਰ ਰਹੇ ਹਾਂ ਸਿਰਫ਼ ਇਹ ਦੱਸਣ ਲਈ ਕਿ ਅਸੀਂ ਵੱਡੇ ਹਾਂ, ਸਾਡੇ ਕੋਲ ਆਹ ਹੈ ਤੇ ਔਹ; ਭਲਾਂ ਫੇਰ ਕੀ ਗੱਲ? | ਮੰਨ ਲਿਆ ਤੁਸੀਂ ਵੱਡੇ ਹੋ, ਪਰ ਐਨੇ ਛੋਟੇ ਵੀ ਨਾ ਬਣੋ; ਸ਼ਰਮ ਨਹੀਂ ਆ ਰਹੀ ਕਿ ਕੁਦਰਤ ਨੂੰ ਕਿਉਂ ਗੰਧਲਾ ਰਹੇ ਹੋ ? ਸ਼ਾਇਰਾ ਜਸ ਪ੍ਰੀਤ ਕੁਦਰਤ ਦੀ ਗੋਦ ਵਿੱਚ ਖੜੋਕੇ ਆਵਾਜਾਂ ਮਾਰ ਰਹੀ ਏ ਸਾਨੂੰ ਸਭ ਨੂੰ ਕਿ ਧਰਤੀ ਦੇ ਬਣਕੇ ਰਹੋ | ਅਸੀਂ ਆਪਣੇ ਦਿਲ ਵਰਡਜ਼ ਵਰਥ ਦੇ ਕਹਿਣ ਮੁਤਾਬਿਕ ਹੋਰ ਪਾਸੇ ਹੀ ਲਾਈਂ ਹੀ ਨਹੀਂ ਬੈਠੇ ਬਲਕਿ ਉਸ ਦੀ ਹੋਂਦ ਤੇ ਖੂਬਸੂਰਤੀ ਬਾਰੇ ਸੋਚਣ ਤੋਂ ਹਟ ਗਏ ਲੱਗਦੇ; ਤਦੇ ਇੱਕ ਐਨੀ ਵਧੀਆ ਕੁਦਰਤ ਦੀ ਬਖਸ਼ੀਸ਼ ਵੱਲ ਪਿੱਠ ਕਰਕੇ ਆਪਣੇ ਆਪ ਤੋਂ ਬਿਨਾਂ, ਇਸ ਬਾਰੇ ਅਸੀਂ ਸੋਚਦੇ ਹੀ ਨਹੀਂ | ਇੰਝ ਜਸ ਪ੍ਰੀਤ ਦਾ ਵਿਸ਼ਾ ਲੋਕਲ ਨਹੀਂ ਬਲਕੇ ਵਿਸ਼ਵ ਕੇਂਦਰਿਤ ਹੈ ਤੇ ਸਵਾਲਾਂ ਰਾਹੀਂ ਸੇਧ ਦਾ ਦੀਵਾ ਬਲਦੀ ਹੈ ਉਨਾਂ ਦੀ ਇਹ ਕਵਿਤਾ; ਇਸ ਨੁਕਤੇ ਤੋਂ ਵੇਖਣਾ ਹੈ ਇਸ ਕਵਿਤਾ ਨੂੰ, ਤੇ ਸੋਚਣਾ ਹੈ ਕਿ ਅਸੀਂ ਕਿੱਧਰ ਖੋ ਗਏ ? ਜਸ ਪ੍ਰੀਤ ਦੀ ਵਡਿਆਈ ਇਸ ਵਿੱਚ ਹੈ ਕਿ ਉਸ ਨੇ ਛੋਟੇ ਛੋਟੇ ਸਵਾਲ ਕੀਤੇ ਹਨ ਤੇ ਜਵਾਬ ਸਾਹਮਣੇ ਆਪ ਹੀ ਆ ਜਾਂਦੇ ਹਨ; ਦਿਲਚਸਪ ਗੱਲ ਇਹ ਹੈ ਕਿ ਉਨਾਂ ਦੀ ਇਸ ਕਵਿਤਾ ਵਿੱਚ ਰੁੱਖੀਆਂ ਸਲਾਹਾਂ ਨਹੀਂ ; ਬਸ ਇੰਝ ਹੀ ਮਲਕੜੇ ਆਖ ਦਿੱਤਾ ਕਿ ਤਿਲਕਣ ਹੈ, ਸਿਰ ਉਤੇ ਚੁੱਕ ਕੇ ਦਮਾਦਮ ਤੋਰ ਟੁਰਨੋਂ ਹਟ ਜਾਓ ਬਈ| ਕੁਦਰਤ ਦੀ ਅਵਾਜ ਸੁਣੋ “ ਅਸੀਂ ਤਾਂ ਵਿਛੇ ਸੀ ਅਦਬ ਵਿੱਚ, ਤੁਸੀਂ ਮਧ ਕੇ ਚੱਲਦੇ ਬਣੇ’ ਪੇਸ਼ ਹੈ ਜਸ ਪ੍ਰੀਤ ਦੀ ਕਵਿਤਾ “ਮੌਸਮ ਦਾ ਕਹਿਰ ਹੈ”:
“:
ਮੌਸਮ ਦਾ ਕਹਿਰ ਹੈ
ਜਾਂ ਧੂਏਂ ਦਾ ਜ਼ਹਿਰ ਹੈ
ਦਿਨ ਹੈ ਜਾਂ ਰਾਤ
ਘੜੀ ਕਿਹੜਾ ਪਹਿਰ ਹੈ
ਕੋਣ ਏਥੋਂ ਲੰਘਿਆ
ਉਦਾਸੀ ਦੀ ਲਹਿਰ ਹੈ
ਕੋਣ ਸਿਸਕੀਆਂ ਭਰ ਰਿਹਾ
ਧੁਆਂਖੀ ਹਰ ਬਹਿਰ ਹੈ
ਕੋਣ ਇਸ ਲਈ ਜਿੱਮੇਵਾਰ
ਅਗਿਆਨਤਾ ਦੀ ਲਹਿਰ ਹੈ
ਸਾਹ ਲੈਣਾ ਵੀ ਹੈ ਮੁਸ਼ਕਿਲ
ਧੁਆਂਖਿਆਂ ਹਰ ਸ਼ਹਿਰ ਹੈ
ਪ੍ਰਦੂਸ਼ਣ ਦਾ ਸਿਖਰ ਦੇਖੋ
ਆਕਸੀਜਨ ਵਿੱਚ ਜ਼ਹਿਰ ਹੈ |

ਜੋ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਵਾਉਣ ਜਾ ਰਿਹਾ ਹਾਂ ਉਹ ਸਾਡੇ ਸਮਾਜ ਦੀ ਉਹ ਗੰਦੀ ਤਸਵੀਰ ਪੇਸ਼ ਕਰਦੀ ਹੈ ਜਿਸ ਨੂੰ ਵੇਖਕੇ ਮਨ ਵਿੱਚ ਇੱਕ ਛੋਟੇਪਣ ਦਾ ਅਹਸਾਸ ਹੁੰਦਾ ਹੈ ਕਿ ਜੰਗਲੋਂ ਨਿਕਲਕੇ ਸਭਿਅਕ ਸਮਾਜ ਸਿਰਜਕੇ ਵੀ ਅਸੀਂ ਆਪਣੀ ਜੰਗਲੀ ਸੋਚ ਨੂੰ ਬਹੁਤ ਸਜਾਕੇ ਆਪਣੇ ਜ਼ਿਹਨ ਵਿੱਚ ਰੱਖੀਂ ਬੈਠੇ ਹਾਂ | ਕਵਿਤਾ ਕਲਮਬੰਦ ਕੀਤੀ ਏ ਕੁਲਵਿੰਦਰ ਕੌਰ ਸੈਣੀ ਹੋਰਾਂ ਨੇ ਜਿਨਾਂ ਨੂੰ ਵੀ ਮੈਂ ਕਦੇ ਨਹੀਂ ਮਿਲਿਆ | ਕੁਲਵਿੰਦਰ ਜੀ ਦਿੱਲੀ ਅਕਾਦਮੀ ਵਿੱਚ ਨਾਟਕ ਰਚਕੇ, ਉਨਾਂ ਨੁੰ ਸਟੇਜ ਤੇ ਲਿਆਂਕੇ ਜਿਓਂਦਾ ਕਰਦੇ ਹਨ | ਨਾਟਕਾਂ ਵਿੱਚ ਭਰੇ ਜਾਂਦੇ ਗੀਤ ਜਾਂ ਕਵਿਤਾ ਦੇ ਸ਼ਬਦ ਲਿਖਦੇ ਲਿਖਦੇ ਉਹ ਕਵਿਤਰੀ ਬਣ ਗਏ | ਧੀ ਦੀ ਮਾਂ ਹੋਣ ਦੇ ਨਾਤੇ, ਉਹ ਇਸ ਗੰਦਲੇ ਸਮਾਜ ਵਿੱਚ ਧੀਆਂ ਦੇ ਫਿਕਰ ਨੂੰ ਸੰਪੂਰਨਤਾ ਵਿੱਚ ਸਮਝਦੇ ਹਨ |ਮੇਰੀ ਜਾਚੇ ਜੋ ਕੁਝ ਔਰਤ ਇੱਕ ਧੀ ਤੇ ਔਰਤ ਬਾਰੇ ਸੱਚ ਲਿਖ ਸਕਦੀ ਹੈ, ਉਹ ਮਰਦ ਸ਼ਾਇਦ ਕਦੇ ਵੀ ਨਾ ਲਿਖ ਸਕਣ | ਕਵਿਤਾ ਬਹੁਤ ਛੋਟੀ ਹੈ ਪਰ ਉਸ ਦੇ ਬਿੰਬ ਛੋਟੇ ਛੋਟੇ ਬੰਬਾਂ ਵਰਗੇ ਹਨ ਜੋ ਫਟਦੇ ਹਨ ਉਨਾਂ ਮਰਦਾਂ ਦੇ ਸਾਹਵੇਂ ਜਿਨਾਂ ਨੇ ਔਰਤ ਨੂੰ ਇੱਕ ਇਨਸਾਨ ਦੇ ਤੌਰਤੇ ਵੇਖਣਾ ਅਜੇ ਸਿੱਖਿਆ ਹੀ ਨਹੀਂ | ਇਹ ਭਾਰਤ ਬਲਾਤਕਾਰ ਬਾਰੇ ਐਨਾ ਪ੍ਰਸਿੱਧ ਹੋ ਗਿਆ ਏ ਕਿ ਕਈ ਵਾਰ ਮੈਂ ਅਮਰੀਕਨ ਇਹ ਕਹਿੰਦੇ ਸੁਣੇ ਹਨ, “ ਕੀ ਇਹ ਤੁਹਾਡੇ ਲੋਕ ਜਾਨਵਰ ਹਨ ?” ਦਿੱਲੀ ਵਿੱਚ ਬਲਾਤਕਾਰ ਕਰਕੇ ਮਾਰੀ ਗਈ ਬੱਚੀ ਦਾ ਕੇਸ ਮੇਰੇ ਕੋਲੋਂ ਉਨਾਂ ਦੇ ਜਵਾਬ ਦੇਣ ਲਈ ਸਾਰੇ ਸ਼ਬਦ ਖੋਹ ਲੈਂਦਾ ਹੈ | ਇਹ ਤਾਂ ਨਹੀਂ ਨਾ ਕਿ ਉੱਥੇ ਬਲਾਤਕਾਰ ਨਹੀਂ ਹੁੰਦੇ; ਪਰ ਨਕਸ਼ਾ ਕੁਝ ਹੋਰ ਹੈ ਉੱਥੇ; ਏਥੇ ਬਲਾਤਕਾਰਾਂ ਨੂੰ ਰਾਜਨੀਤਕ ਤਾਕਤ ਵਾਲੇ ਸ਼ਰੇਆਮ ਬਚਾਉਂਦੇ ਹਨ|ਸਕੂਲ ਬੱਚੀਆਂ ਦੇ ਬਲਾਤਕਾਰ ਦੇ ਪਰਸੰਗ ਵਿੱਚ ਧਰਮ ਦੀ ਚਾਦਰ/ਡੇਰੇ ਹੇਠ ਬਲਾਤਕਾਰੀਆਂ ਨਾਲ ਵੱਡੇ ਵੱਡੇ ਨੇਤਾ /ਹਸਤੀਆਂ ਆ ਖੜਦੀਆਂ ਹਨ ! ਇਸ ਪਰਸੰਗ ਵਿੱਚ ਉਧਰ ਸਿਫ਼ਰਸ਼ਾਂ ਵਰਤਣ ਦਾ ਵਿਰੋਧ ਬਹੁਤ ਸਖਤ ਹੈ, ਤਦੇ ਇੱਕ ਧੀ ਉੱਥੇ ਐਨੇ ਡਰ ਵਿੱਚ ਨਹੀਂ ਜੀਉਂਦੀ ਜਿੰਨੀ ਐਥੋਂ ਦੀ ਧੀ ਏਥੇ , ਕਿਉਂਕਿ ਜੁਰਮ ਦੀ ਭੇਟ ਚੜੀ ਔਰਤ ਦੇ ਸੰਗ ਸਾਰਾ ਸਮਾਜ ਆ ਖਲੋਂਦਾ ਹੈ ਅਤੇ ਉੱਥੋਂ ਦੇ ਨੇਤਾ ਜਾਂ ਤਾਕਤਵਰ ਏਥੇ ਵਾਂਗ ਸਭ ਸ਼ਰਮਾਂ ਕੀਲੇ ਟੰਗ ਕੇ ਜੁਲਮੀ ਨਾਲ ਨਹੀਂ ਖੜਦੇ | ਭਾਰਤ ਵਿੱਚ ਜਿੱਥੇ ਵੱਡੇ ਲੋਕ ਪੁਲਸ ਤੇ ਜੱਜ ਖਰੀਦਣ ਦੀ ਮੰਡੀ ਵਿੱਚ ਵਿਚਰਦੇ ਹਨ, ਗਰੀਬ ਦੀ ਧੀ ਕੀ ਬੁੱਕਤ ਰੱਖਦੀ ਹੈ |ਇਸੇ ਗੰਦਲੇ ਵਾਤਾਵਰਣ ਵਿੱਚੋਂ ਕਵਿਤਰੀ ਕਵਿਤਾ ਸਿਰਜਦੀ ਹੈ, ਉਹ ਦਰਦ ਤੇ ਫਿਕਰ ਭਰਕੇ ਜੋ ਸਾਨੂੰ ਇਸ ਗੱਲ ਦੀ ਅਹਸਾਸ ਕਰਵਾਉਂਦੀ ਹੈ ਕਿ ਸਾਡੀਆਂ ਧੀਆਂ ਭੈਣਾਂ ਸੱਚੀਂ ਸੁਰਖਸ਼ਿਆਤ ਨਹੀਂ ਹਨ ; ਬਲਾਤਕਾਰ ਦੇ ਛੱਡੇ ਔਰਤ ਦੇ ਜ਼ਿਹਨ ਵਿਚਲੇ ਜੱਖਮਾਂ ਦਾ ਅਹਿਸਾਸ ਕਰਕੇ ਉਸ ਨੂੰ ਖਾਮੋਸ਼ੀ ਦੀ ਭੇਟ ਚਾੜ ਦੇਣਾ ਸਾਡੇ ਸਮਾਜ ਦਾ ਵਤੀਰਾ ਬਣ ਗਿਆ; ਆਪਣਿਆਂ ਧੀਆਂ ਭੈਣਾਂ ਦਾ ਫਿਕਰ ਸਾਡੀ psyche ਵਿੱਚ ਇੱਕ ਭੁੱਖ ਵਾਂਗ ਗੱਡਿਆ ਗਿਆ ਹੈ; ਧੀਆਂ ਕਤਲ ਹੋ ਜਾਂਦੀਆਂ ਹਨ ਤੇ ਸਮਾਜ ਖਾਮੋਸ਼ੀ ਦਾ ਸਹਾਰਾ ਤਲਾਸ਼ਦਾ ਹੈ ਪਰ ਸਰਬ ਵਿਰੋਧ ਨੂੰ ਨਹੀਂ ਚੁਣ ਸਕਦਾ | ਇਸ ਕਵਿਤਾ ਵਿੱਚ ਧੀ ਹੌਸਲੇ ਨਾਲ ਬੋਲਦੀ ਹੈ ਇੱਕ ਅਣਜਾਣ ਦਲੇਰੀ ਦੀ ਤਹਿਤ, ਪਰ ਮਾਂ ਅਸਲੀਅਤ ਦੀ ਸਤਹ ਤੇ ਖੜੋਕੇ ਪ੍ਰਬਚਨ ਜਾਰੀ ਰੱਖਦੀ ਹੈ ਕਿਉਂਕਿ ਜਾਨਵਰਾਂ ਦੇ ਇਕੱਠ ਵਿੱਚ ਨਿੱਕੀਆਂ ਜਾਨਾਂ ਕੀ ਕਰਨਗੀਆਂ ? ਬਘਿਆੜਾਂ ਦੀ ਬੂ ਹਵਾ ਵਿੱਚ ਰਲੀ ਮਹੱਸੂਸੀ ਜਾ ਸਕਦੀ ਹੈ | ਇਹ ਕਵਿਤਾ ਸਮਾਜ ਦੀ ਚੇਤੰਨਤਾ ਹਲੂਣਦੀ ਹੈ; ਜਰਾ ਗੌਰ ਦੇਣਾ, ਹਾਜਰ ਹੈ ਕਵਿਤਾ “ ਧੀ ਰਾਣੀ “
ਮੈਂ ਆਪਣੀ ਧੀ
ਰਾਣੀ ਨੂੰ ਅਕਸਰ
ਆਖਦੀ ਹਾਂ,
ਤੂੰ ਟੈਮ ਸਿਰ ਘਰ
ਪਰਤ ਆਇਆ ਕਰ,
ਦੁਸ਼ਮਣ ਦੀ ਤੀਜੀ
ਅੱਖ ਦਾ ਕੋਈ ਭਰੋਸਾ ਨਹੀਂ।
ਹੁਣ ਧੀਆਂ ਸਾਂਝੀਆਂ ਨਹੀਂ
ਉਹਲੇ ਹੋ ਹੋ
ਵੇਖੀਆਂ ਜਾਂਦੀਆਂ ਨੇ
ਸ਼ਬਦਾ ਦੇ ਜਾਲ
ਵਿਛਾਉਣ ਲਈ।
ਸਪੇਰੇ ਜੋਗੀ ਬਣ
ਬੀਨ ਵਜਾਉਂਦੇ
ਮੋਹ ਪਟਾਰੀ ਪਾਉਂਦੇ
ਥਾਂ- ਥਾਂ ਨਚਾਉਣ ਲਈ।
ਮਿੱਠੜੇ ਬੋਲਾਂ ਦੇ
ਬਾਣ ਚਲਾਉਂਦੇ
ਧੁਰ ਤੱਕ ਜ਼ਖਮੀ ਕਰਦੇ
ਰੁਵਾਉਣ ਲਈ।
ਮੇਰੀ ਧੀ ਹੱਸ ਟਾਲ
ਦਿੰਦੀ ਤੇ ਕਹਿੰਦੀ ਮਾਂ
ਤੂੰ ਐਵੀ ਨਾ ਡਰਿਆ ਕਰ,
ਤੇਰੀ ਧੀ ਇਕੀਵੀਂ ਸਦੀ
ਦੀ ਨਿਡਰ ਤੇ ਬਹਾਦਰ ਕੁੜੀ ਏ,
ਦੁਸ਼ਮਣ ਨਾਲ ਲੜਨ ਦੀ
ਗੁੜ੍ਹਤੀ ਤੂੰ ਹੀ ਦਿੱਤੀ।
ਪਰ ਮੈਂ ਮਾਂ ਹਾਂ
ਮਾਂ ਹਰ ਜਨਮ ਆਪਣੀ
ਧੀ ਰਾਣੀ ਨੂੰ ਆਖਦੀ ਏ,
ਤੂੰ ਟੈਮ ਸਿਰ
ਘਰ ਪੱਰਤ ਆਇਆ ਕਰ।
ਕੁਲਵਿੰਦਰ ਕੌਰ ਸੈਣੀ
