ਹੁਣ ਤੇ ਫੇਰ

ਆਹ ਜੋ ਹੱਥਾਂ ਵਿਚੋਂ,

ਹੌਲੀ ਕਿਰ ਰਿਹਾ ਏ ਵਕਤ

ਆ ਇਸ ਨੂੰ ਸੰਭਾਲ ਅਤੇ

ਤੂੰ ਰਹਿ ਮੇਰੇ ਸਾਹਮਣੇ|

ਤੇਰੇ ਨਾਲ ਇਕ ਮਿਕ ਹੋਣ ਦਾ,

ਮੈਨੂੰ ਲੱਗਿਆ ਜਨੂੰਨ

ਮੈਂ ਜ਼ਿੰਦਗੀ ਵਿਛਾ ਦਿੱਤੀ ਏ,

ਤੂੰ ਵੇਖ ਤੇਰੇ ਸਾਹਮਣੇ!

ਮੈਂ ਉਸ ਕੱਲ੍ਹ ਨੂੰ,

ਕੀ ਹੈ ਕਰਨਾ ਜੋ ਵੇਖੀ ਨਹੀਂ

ਮੈਂ ਤਾਂ ਇਹੋ ਆਖਾਂ ਕਿ ਮੈਨੂੰ,

ਹੁਣ ਵਿਚ ਸਜਾ ਕੇ ਰੱਖ!

ਤੇਰੇ ਸੰਗ ਮੈਨੂੰ ਨਹੀਂ ਏ,

ਕੋਈ ਡਰ ਤੂਫਾਨਾਂ ਦਾ ਜ਼ਰਾ

ਆਖਾਂ ਇਹੋ ਕਿ ਆਪਣੀ ਉਂਗਲੀ,

ਮੈਨੂੰ ਫੜਾ ਕੇ ਰੱਖ !

ਬੜੀ ਜਰਖੇਜ਼ ਇਹ ਧਰਤੀ,

ਜੋ ਸਾਨੂੰ ਰੱਖਦੀ ਏ ਉੱਪਰ

ਇਸ ਉੱਤੇ ਹੀ ਰਹਿ ਤੂੰ,

ਨਾ ਕਰ ਤਾਰਿਆਂ ਦੀਆਂ ਗੱਲਾਂ !

ਮੇਰੇ ਪਾਸ ਵਕਤ ਨਹੀਂ,

ਫੁੱਲਾਂ ’ਚ ਲਪੇਟੇ ਲੀਡਰਾਂ ਲਈ

ਸੁਣਾ ਪਤੰਗੇ ਦੀ ਕਥਾ,

ਨਾ ਕਰ ਡਰ ਦੇ ਮਾਰਿਆਂ ਦੀਆਂ ਗੱਲਾਂ !

­ਦਿਨ ਰਾਤ ਉਮਰ ਦੇ,

ਮਨਫ਼ੀ ਹੁੰਦੇ ਰਹਿਣਗੇ ਇਸ ਤਰ੍ਹਾਂ|

ਚਾਦਰ ਨਾ ਪਾ ਦਿਨ ’ਤੇ ਤੂੰ,

ਐਵੇਂ ਹਨੇਰਿਆਂ ਦੀ ਵੇ ਸੱਜਣਾ

ਲਹੂ ਦੇ ਕੇ ਲਈ ਆਜ਼ਾਦੀ ਜਿਨ੍ਹਾਂ,

ਉਹ ਇਹ ਸਹਿਣਗੇ ਕਿਸ ਤਰ੍ਹਾਂ ?

ਅਣਸੱਦੀ ਬੇਕਿਰਕੀ ਜੰਗ ਹੈ,

ਇਹ ਤਾਂ ਮੌਤ ਅਤੇ ਜ਼ਿੰਦਗੀ ਦੀ

ਵਾਹਦਿਆਂ ਬਾਹਨਿਆਂ ਪਿੱਛੇ,

ਤੂੰ ਐਵੇਂ ਛੁਪ ਛੁਪ ਕੇ ਨਾ ਵੇਖ|

ਉੱਕਰਿਆ ਪਿਆ ਏ ਤਾਰੀਖ ਦੇ,

ਪੰਨੇ ਪੰਨੇ ਉੱਤੇ ਇਹ ਸੱਚ ਕਿ

ਹੱਕ ਲਿਆ ਗਿਆ ਸੀਸ ਤਲੀ ਧਰ,

ਨਾ ਤੂੰ ਇੰਜ ਝੁਕ ਝੁਕ ਕੇ ਵੇਖ!

ਯਾਦ ਵੀ ਨਹੀਂ ਰਹਿਣਾ ਕਿਸੇ,

ਜੋ ਇਹ ਟਿਮਕਣਿਆਂ ਦਾ ਵਿਖਾਵਾ,

ਹਨੇਰੇ ਨੇ ਕੀ ਰਹਿਣਾ ਉੱਥੇ,

ਜਿੱਥੇ ਸੂਰਜਾਂ ਦਾ ਪਹਿਰਾ ਹੋਵੇ !

ਧਾਰ ਲਿਆ ਮਨ ਜਿਨ੍ਹਾਂ ਨੇ,

ਆਪਣੀ ਮੰਜ਼ਿਲ ਨੂੰ ਪਾ ਲੈਣ ਲਈ,

ਪਾਰ ਕਰ ਜਾਂਦੇ ਨਕਸ਼ਦੀਪ ਉਹ,

ਪਾਣੀ ਕਿੰਨਾ ਵੀ ਗਹਿਰਾ ਹੋਵੇ !

ਹੁਣ ਤੇ ਫੇਰ Read More »

ਦੁਆ

ਕੋਈ ਜੱਗੋਂ ਬਾਹਰੀ ਗੱਲ ਨਹੀਂ

ਤੇਰੀ ਬੇਵਫ਼ਾ ਹੋ ਜਾਣ ਦੀ!

ਦੁਆ ਹੈ ਕਿ ਤੈਨੂੰ ਵੀ ਸਜ਼ਾ ਮਿਲੇ

ਬੇਵਫ਼ਾਈ ਹੰਢਾਣ ਦੀ!

ਆਦਤ ਬਣੀ ਸਾਡੀ ਦੰਦਾਂ ਦੇ ਨਾਲ

ਹੁਣ ਲੋਹਾ ਚਬਾਣ ਦੀ|

ਦੁਆ ਹੈ ਕਿ ਸਿੱਖੇਂ ਤੂੰ ਕਿਸੇ ਲਈ

ਕਦੇ ਆਪਾ ਗਵਾਣ ਦੀ|

ਦੁਆ ਹੈ ਕਿ ਤੂੰ ਵੀ ਜਾਣੇ ਪੀੜ

ਧੋਖਾ ਹੰਢਾਣ ਦੀ|

ਦੁਆ ਕਿ ਤੈਨੂੰ ਆਵੇ ਜਾਚ ਬਚਨ

ਆਪਣੇ ਨਿਭਾਣ ਦੀ|

ਬੇਵਫ਼ਾਈ ’ਤੇ ਮਿਲੇ ਤੈਨੂੰ ਵੀ ਰਾਤ

ਸਾਰੀ ਰੋ ਰੋ ਲੰਘਾਣ ਦੀ !

ਦੁਆ ਇਹ ਨਹੀਂ ਕਿ ਤੂੰ ਭੁਗਤੇਂ

ਪੀੜ ਖੁਸ਼ੀ ਨੂੰ ਗਵਾਣ ਦੀ|

ਦੁਆ ਇਹੋ ਨਕਸ਼ਦੀਪ ਤੂੰ ਮਾਣੇ ਪੀੜ

ਜੋ ਤੂੰ ਦਿੱਤੀ ਸਾਨੂੰ ਰੁਆਣ ਦੀ|

ਗ.ਸ. ਨਕਸ਼ਦੀਪ ਪੰਜਕੋਹਾ

ਦੁਆ Read More »

ਰਾਜਿੰਦਰ ਕੌਰ ਮਾਵੀ

ਬਿਨ ਜਾਣਿਆ ਕਵੀ ਤੇ ਕਵਿਤਰੀਆਂ ਦੀਆਂ ਰਚਨਾਵਾਂ ਵਿੱਚੋਂ ਉਨਾਂ ਦੇ ਉਮਦਾ ਖਿਆਲਾਂ ਦੇ ਮੋਤੀ ਤੁਹਾਡੇ ਸਭ ਨਾਲ ਸਾਂਝੇ ਕਰਨਾ ਮੇਰੀ ਤਮੰਨਾ ਰਹੀ ਹੈ; ਲਿਹਾਜਾਂ ਦੇ ਦੌਰ ਵਿੱਚ ਕੀਤੇ ਜਾਂਦੇ ਜਖਮ ਹਮੇਸ਼ਾ ਦਰਦ ਦੀ ਹੂਕ ਦੇਂਦੇ ਰਹਿੰਦੇ ਹਨ ਮੈਨੂੰ | ਲੇਖਿਕ /ਕਵੀ ਦਾ ਵਜੂਦ ਦਰਅਸਲ ਉਹ ਪਾਠਕ ਹੁੰਦੇ ਹਨ ਜੋ ਰਚਨਾ ਨੁੰ ਪਹਿਲਾਂ ਤੇ ਉਸ ਦੇ ਰਚਕਾਰ ਦੇ ਨਾਮ ਨੁੰ ਬਾਅਦ ਵਿੱਚ ਪੜ ਦੇ ਹਨ; ਉਨਾਂ ਦੀ ਦੌਲਤ ਤੁਸੀਂ ਹੋ, ਲਿਹਾਜ ਵਿੱਚ ਵਜੀ ਢੋਲਕੀ ਨਹੀਂ | ਰਾਜਿੰਦਰ ਕੌਰ ਮਾਵੀ ਹੋਰਾਂ ਦੀ ਕਵਿਤਾ ਜੋ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਉਹ ਮੇਰੀ ਤਲਾਸ਼ ਦੇ ਰੂਬਰੂ ਹੋਈ | ਉਨਾਂ ਬਾਰੇ ਕੁਝ ਨਹੀਂ ਜਾਣ ਦਾ ਇਸ ਤੋਂ ਬਿਨਾਂ ਕਿ ਉਹ ਅਧਿਆਪਕ ਹਨ ਅਤੇ ਪਲਿਆਲੇ ਦੇ ਨਜਦੀਕ ਦੇ ਹਨ | ਉਨਾਂ ਦੀ ਕਵਿਤਾ ਜਨਤਾ ਦੇ ਉਸ ਸੁਭਾਹ ਬਾਰੇ ਸਾਨੂੰ ਯਾਦ ਕਰਵਾਉਂਦੀ ਹੈ ਜਿਸ ਦੇ ਸਦਕੇ ਭਰਸ਼ਟ ਰਕਨੀਤੀਵਾਨ ਦਹਾਕਿਆਂ ਤੀਕ ਰਾਜ ਕਰੀ ਜਾਂਦੇ ਹਨ ਅਤੇ ਜੁਰਮ ਤੇ ਜਬਰ ਦੀ ਮੁਹਿੰਮ ਜਾਰੀ ਰਹਿੰਦੀ ਹੈ | ਜਨਤਾ ਦੇ ਭੁੱਲ ਜਾਣ ਦਾ ਸੁਭਾਹ ਸਰਬਵਿਆਪਕ ਹੈ ; ਕੋਈ ਵੀ ਦੁਰਘਟਨਾ ਤ੍ਰਾਸਦੀ ਵਿੱਚ ਲਿਪਟੀ ਹੋਈ ਜਦੋਂ ਜਨਤਾ ਨੂੰ ਹਿੱਟ ਕਰਦੀ ਏ, ਤਦ ਉਹਦਾ ਪ੍ਰਭਾਵ ਥੋੜਚਿਰਾ ਹੀ ਹੁੰਦਾ; ਕੁਝ ਵਕਤ ਗੁਜਰ ਨਾਲ ਜਨਤਾ ਦਾ ਮਨ ਫਿਰ ਵਿਖਰ ਜਾਂਦਾ ਹੈ | ਕਿਸੇ ਜਿਆਦਤੀ ਦਾ ਥੋੜਚਿਰਾ ਰੋਸ ਉਸੇ ਕਿਸਮ ਦੀ ਤ੍ਰਾਸਦੀ ਲਈ ਹੋਰ ਮੌਕੇ ਸਿਰਜ ਜਾਂਦਾ ਹੈ | ਇਸੇ ਪਰਸੰਗ ਵਿੱਚ Robert Frost ਦੀ ਕਵਿਤਾ “ Out , Out “ ਚੇਤੇ ਆ ਜਾਂਦੀ ਹੈ ਜੋ ਇਸ ਪ੍ਰਕਾਰ ਦੇ ਜਨਤਿਕ ਵਤੀਰੇ ਉੱਤੇ ਕਿੰਤੂ ਕਰਦੀ ਹੈ ,” They listened to his heart.

Little – less – nothing! – and that ended it.

No more to build on there. And they, since they

Were not the one dead, turned to their affairs.” ਫਰੋਸਟ ਬਜ ਸਾ (Buzz Saw )ਨਾਲ ਹੱਥ ਕੱਟੇ ਜਾਣ ਉੱਤੇ ਬੱਚੇ ਦੀ ਮੌਤ ਦੇ ਸਦਮੇ ਤੇ ਲੋਕਾਂ ਦਾ ਥੋੜਚਿਰਾ ਅਫਸੂਸ ਕਰਨ ਉਪਰੰਤ ਮੁੜਕੇ ਆਪਣੇ ਰੁਝੇਵਿਆਂ ਵਿੱਚ ਗ੍ਰਸਣ ਉੱਤੇ ਕਿੰਤੂ ਕਰਦਾ ਹੈ| ਉਸ ਤ੍ਰਾਸਦੀ ਨਾਲ ਲੋਕ ਜੁੜ ਦੇ ਨਹੀਂ; ਜੇ ਇੰਝ ਕਿਸਮ ਦੇ ਪਰਸੰਗ ਵਿੱਚ ਜੇ ਲੋਕ ਜੁੜੇ ਵੀ ਤਦ ਕੁਝ ਚਿਰ ਲਈ; ਇਸੇ ਵਿਚਾਰ ਨੂੰ ਰਾਜਿੰਦਰ ਕੌਰ ਮਾਵੀ ਹੋਰੀਂ ਹੈਰਾਨੀ ਨਹੀਂ ਬਲਕਿ ਦੁਖ ਵਿੱਚ ਲਪੇਟ ਕੇ ਸਾਡੇ ਅੱਗੇ ਰੱਖਦੇ ਹਨ| ਕੀ ਅਸੀਂ ਆਹ ਕੁਝ ਬਣ ਕੇ ਹੀ ਰਹਿਣਾ ਹੈ ਜਾਂ ਅਜਿਹੀਆਂ ਦਿਲ ਹਿਲਾਉਣ ਵਾਲੀਆਂ ਤਰਸਦੀਆਂ ਬੰਦ ਕਰਨੀਆਂ ਹਨ ? ਕਵਿਤਾ ਬਹੁਤ ਛੋਟੀ ਹੈ ਕਿਉਂਕਿ ਇਹ ਜਨਤਾ ਦੇ ਸੁੰਗੜੇ ਵਤੀਰੇ ‘ਤੇ ਇਤਰਾਜ ਕਰਦੀ ਹੈ ਅਤੇ ਤ੍ਰਾਸਦੀਆਂ ਦੇ ਚਿੱਤਰ ਚਿਤਰਨ ਤੋਂ ਗੁਰੇਜ ਕਰਦੀ ਹੈ | ਇਸ ਭੁੱਲ ਜਾਣ ਦੀ ਤ੍ਰਾਸਦੀ ਹੀ ਹੋਰਾਂ ਤਰਸਦੀਆਂ ਦੀ ਜਨਮ ਦਾਤਾ ਹੋ ਨਿਬੜਦੀ ਹੈ | ਇਸੇ ਵਿੱਚ ਕਵਿਤਰੀ ਇੱਕ ਸਵਾਲ ਵੀ ਖੜਾ ਕਰ ਜਾਂਦੀ ਹੈ ਅਸਿੱਧੇ ਤੌਰਤੇ ,” ਕੀ ਇਹ ਥੋੜਚਿਰ ਵਾਲਾਂ ਰੋਸ- ਵਤੀਰਾ ਬਦਲੇਗਾ ਕਿ ਨਹੀਂ “| ਜੇ ਵਤੀਰਾ ਨਹੀਂ ਬਦਲੇਗਾ ਤਦ ਸਮਾਜ ਤ੍ਰਾਸਦੀਆਂ ਵਿੱਚ ਘੁੱਟ ਘੁੱਟ ਕੇ ਮਰਦਾ ਰਹੇਗਾ; ਜੇ ਉੱਠੇ ਰੋਸ ਵਿੱਚ ਸਮਾਜ ਇਨਕਲਾਬ ਭਰਦੇਗਾ, ਫੇਰ ਨਾ ਕੋਈ ਰਾਜਨੀਤੀਵਾਨ ਬੁੱਧੂ ਬਣਾਏਗਾ ਲੋਕਾਂ ਨੂੰ ਤੇ ਨਾ ਹੀ ਤ੍ਰਾਸਦੀਆਂ ਵਾਪਰਨਗੀਆਂ | ਹਾਜਰ ਹੈ ਕਵਿਤਾ :

ਹੁਣ

ਕੋਈ ਵੀ ਅਣਸੁਖਾਵੀਂ ਘਟਨਾ

ਬਸ ਉਦੋਂ ਤੱਕ

ਕਰਦੀ ਐ ਪਰੇਸ਼ਾਨ

ਜਦ ਤੱਕ ਕੈਂਡਲ ਮਾਰਚ ਲਈ

ਜਗਾਈਆਂ ਮੋਮਬੱਤੀਆਂ

ਬੁੱਝਦੀਆਂ ਨਹੀਂ

ਫ਼ਿਰ ਅਸੀਂ ਵਿਸਾਰ ਦਿੰਦੇ ਹਾਂ

ਚੇਤਿਆਂ ‘ਚੋਂ ਉਸ ਹੋਣੀ ਨੂੰ

ਹੋਰ ਕਿਸੇ ਅਣਹੋਣੀ ਹੋਣ ਤੱਕ

ਕਿਉਂਕਿ ਸਾਡੇ ਲਈ ਹੋਰ ਵੀ

ਜਰੂਰੀ ਮਸਲੇ,ਇਨ੍ਹਾਂ ਤੋਂ ਬਿਨਾਂ

ਕੁੱਲੀ, ਗੁੱਲੀ,ਜੁੱਲੀ ਦੇ ਜੁਗਾੜ

ਵਿੱਚ ਉਲਝਿਆਂ ਨੂੰ ਦੇਰ ਬਾਅਦ

ਆਉਂਦੀ ਐ ਸਮਝ

ਉਦੋਂ ਤੱਕ ਬਸੰਤਰ ਦੀਆਂ ਲਪਟਾਂ

ਅੱਗ ਬਣ ਘਰ ਫੂਕ ਦੇਣ

ਪਰ ਅਣਹੋਣੀ ਤੇ ਹੋਣੀ

ਦਾ ਮਿਟਿਆ ਫ਼ਾਸਲਾ

ਫਿਰ ਹੋਰਾਂ ਲਈ

ਬਣ ਜਾਦੈ

ਕੈਂਡਲ ਮਾਰਚ ਫ਼ਰਜ।

(ਰਾਜਿੰਦਰ ਕੌਰ ਮਾਵੀ)

ਰਾਜਿੰਦਰ ਕੌਰ ਮਾਵੀ Read More »

ਤਿਰਲੋਕ ਬੀਰ

ਜਿਵੇਂ ਮੈਂ ਬਿਨਾਂ ਜਾਣੇ ਕਵੀਆਂ ਦੀਆਂ ਕਵਿਤਾਵਾਂ ਉਤੇ ਆਪਣੇ ਵਿਚਾਰ ਰੱਖਕੇ ਤੁਹਾਡੇ ਨਾਲ ਸਾਂਝੀਆਂ ਕਰਦਾ ਆ ਰਿਹਾ ਹਾਂ, ਇਸ ਵਾਰ ਚੰਗੀ ਕਵਿਤਾ ਦੀ ਤਲਾਸ਼ ਵਿੱਚ ਮੈਨੂੰ ਤਿਰਲੋਕ ਬੀਰ ਦੀ ਇੱਕ ਕਵਿਤਾ ਮਿਲੀ ਜੋ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ |ਤਿਰਲੋਕ ਬੀਰ ਹੋਰਾਂ ਨੂੰ ਵੀ ਮੈਂ ਬਿਲਕੁਲ ਨਹੀਂ ਜਾਣਦਾ; ਉਨਾਂ ਦੀ ਪ੍ਰੋਫ਼ਾਈਲ ਤੋਂ ਪਤਾ ਚੱਲਦਾ ਹੈ ਕਿ ਉਹ ਲਿਖਾਰੀ ਹਨ ਅਤੇ ਮੇਰੇ ਅਪਣਾਏ (adopted ) ਦੇਸ਼, ਯੂ ਐੱਸ ਏ ਦੇ ਪੂਰਬ ਵਿੱਚ ਸਥਿਤ ਰੰਗਾਂ ਨਾਲ ਭਰੇ ਸ਼ਹਿਰ ਨਈਊ ਯੋਰਕ ਵਿੱਚ ਰਹਿੰਦੇ ਹਨ, ਉਂਝ ਪਿੱਛੋਂ ਉਹ ਕਪੂਰਥਲੇ ਤੋਂ ਹਨ ! ਉਨਾਂ ਦੀ ਹੱਥਲੀ ਕਵਿਤਾ ਤੁਹਾਡਾ ਸਭ ਦਾ ਧਿਆਨ ਮੰਗਦੀ ਹੈ, ਕਿਉਂਕਿ ਕਵਿਤਾ ਵਿੱਚ ਜੋ ਹੂਕ ਹੈ, ਉਹ ਸਾਹਿਤ ਨਾਲ ਸੰਬੰਧਿਤ ਸਭਨਾ ਲਈ ਹੈ|

ਇਸ ਕਵਿਤਾ ਵਿੱਚ ਕਵੀ ਤਿਰਲੋਕ ਬੀਰ ਜੀ ਬਹੁਤ ਸਾਰੇ ਕਵੀਆਂ/ਲੇਖਕਾਂ ਦੀ ਇੱਕ ਅਣਜਾਣੀ ਕਥਾ ਸਾਡੇ ਨਾਲ ਸਾਂਝੀ ਕਰਦੇ ਹਨ ਅਤੇ ਇੰਝ ਉਹ ਵੱਡੇ ਕਵੀਆਂ ਜਾਂ ਲੇਖਿਕਾਂ ਦੀ ਚੇਤਨਤਾ ਤੇ ਕਿੰਤੂ ਕਰਦੇ ਹਨ ਜੋ ਦਰਬਾਰੀ ਕਵੀ/ਲੇਖਿਕ ਬਣ ਰਹਿ ਜਾਂਦੇ ਹਨ ਜਾਂ ਫਿਰ ਉਹ ਸਿਰਫ਼ ਨਿੱਜ ਤੇ ਕੇਂਦਰਤ ਹੋਏ ਰਹਿੰਦੇ ਹਨ | ਜਦੋਂ ਤੀਕ ਸਾਹਿਤਕਾਰ ਆਪਣੇ ਨਾਂ ਖਾਤਰ ਕਿਸੇ ਰਾਹੀਂ ਪੌੜੀਆਂ ਚੜਨ ਦੇ ਸਰਾਪ ਵਿੱਚ ਵਿਚਰਦਾ ਰਹਿੰਦਾ ਹੈ, ਉਹ ਅੱਧਾ ਅਧੂਰਾ ਹੀ ਰਹਿੰਦਾ ਹੈ ਭਾਂਵੇਂ ਆਪਣੇ ਵਕਤ ਵੇਲੇ ਉਹ ਆਪਣਾ ਨਾਂ ਜਿੰਨਾ ਮਰਜੀ ਖੱਟ ਲਵੇ | ਕਵਿਤਾ ਦਾ ਸ਼ੁਰੂ ਵੇਖੋ “ ਪੇਸ਼ ਹੈ ਇੱਕ ਨਜ਼ਮ, ਜਿਸ ਦਾ ਕੋਈ ਨਾਮ ਨਹੀਂ “; ਉਲਾਂਭਾ ਏਥੋਂ ਸ਼ੁਰੂ ਹੁੰਦਾ ਹੈ; ਭਲਾਂ ਬੇਅਰਥ ਗਾਏ ਗੀਤ ਤੇ ਲਿਖੇ ਸਾਹਿਤ ਨੂੰ ਇੱਕ ਚੇਤੰਨ ਕਲਾਕਾਰ ਕੀ ਨਾਮ ਦੇਵੇ ? ਜਰਾ ਸੋਚੋ ! ਅਨੁਵਾਨ ਤੋਂ ਰਹਿਤ ਸ਼ਬਦ ਓਪਰੇਪਣ ਦੇ ਲਿਖਾਇਕ ਹੁੰਦੇ ਹਨ ਜਿਵੇਂ “ ਕਿਵੇਂ ਹੋ ?” ਦੇ ਜਵਾਬ ਵਿੱਚ ਆਖਿਆ ਜਾਂਦਾ ਹੈ “ ਠੀਕ ਆਂ “| “ਹਾਦਸੇ ਦੁਆਲੇ ਜੁੜਿਆ ਝੁਰਮਟ “ ਸ਼ਬਦ ਖਿੜਦੇ ਹਨ ਤਮਾਸ਼ਬੀਨ ਲੋਕਾਂ ਨੂੰ ਨਵੇਂ ਤੱਖਲਸ ਦੇਣ ਲਈ ! ਫੇਰ ਕਿੰਤੂ ਸ਼ੁਰੂ ਹੁੰਦੇ ਹਨ ਸਮਾਜਿਕ ਮੁੱਦੇ/ਤਰਸਦੀਆਂ ਬਾਰੇ ਜੋ ਦਿਲ ਹਿਲਾਉਣ ਵਾਲੇ ਹਨ ਅਤੇ ਜਿਨਾਂ ਦਾ ਜਿਕਰ ਅਤਿਅੰਤ ਜਰੂਰੀ ਹੈ; ਇੰਝ ਉੱਨਾਂ ਦੇ ਅਭਾਵ ਹੋਣ ਉੱਤੇ ਗਿਲਾ ਦਰਜ ਹੈ ਇਸ ਕਵਿਤਾ ਵਿੱਚ ਹੈ; ਖੂਬਸੂਰਤੀ ਹੈ ਕਿ ਪਹਿਲਾਂ ਕਿੰਤੂ ਖੁਦ ਦੀ ਹਾਉਂ ਉੱਤੇ ਹੈ | ਖੁਸਰੇ ਸ਼ਬਦ ਪਰਾਈ ਖੁਸ਼ੀ ਦੇ ਇਜ਼ਹਾਰ ਦਾ ਧਿਆਨ ਦਵਾਉਂਦੇ ਹਨ | ਅਜਿਹੀ ਕਲਮ ਮੱਥੇ ਤੇ ਮਲੀ ਕਾਲਖ ਤੋਂ ਵੱਧ ਕੀ ਹੋਈ? ਮੈਨੂੰ ਇੰਝ ਲੱਗਦਾ ਏ ਜਿਵੇਂ ਤਿਰਲੋਕ ਬੀਰ ਜੀ ਫਲੈਸ਼ ਲਾਇਟ ਮਾਰ ਰਹੇ ਹੋਣ ਕਿਸੇ ਹੋਰੇ ਕਿਸਮ ਦੀ ਨੀਂਦ ਵਿੱਚ ਸੁੱਤੇ ਸਾਹਿਤਕਾਰਾਂ /ਕਵੀਆਂ ਉੱਤੇ | ਕਵਿਤਾ ਬਹੁਤ ਛੋਟੀ ਹੈ ਪਰ ਇਹ ਮੈਨੂੰ ਟੀ ਐਸ ਏਲੀਅਟ ਦੀ ਕਵਿਤਾ ਦੀ ਯਾਦ ਕਰਵਾਉਂਦੀ ਹੈ ਜਿਸ ਵਿੱਚ ਉਹ ਲਿਖਦੇ ਹਨ

“ The hollow men “

We are the hollow men

We are the stuffed men

Leaning together

Headpiece filled with straw. Alas!

Our dried voices, when

We whisper together

Are quiet and meaningless” (T.S Eliot); ਇੰਝ ਇਹ ਕਵਿਤਾ ਇੱਕ ਉੱਚੀ ਬਾਂਗ ਹੋ ਨਿਬੜਦੀ ਹੈ, “ ਜਾਗੋ ਬਈ ਜਾਗੋ ਆਈ ਆ”| ਜਾਗਣਾ ਜਾਂ ਨਾ ਜਾਗਣਾ ਕਵੀ ਜੀ ਸੰਬੰਧਿਤ ਕਲਾਕਾਰਾਂ ਉਤੇ ਛੱਡ ਦੇਂਦੇ ਹਨ !

ਇੱਕ ਨਜ਼ਮ

————————-

ਪੇਸ਼ ਹੈ ਇਕ ਨਜ਼ਮ

ਜਿਸ ਦਾ ਕੋਈ ਨਾਮ ਨਹੀਂ ਹੈ

ਜਿਸ ਦਾ ਕੋਈ ਅਨੁਵਾਨ ਨਹੀਂ ਹੈ

ਬੱਸ, ਇਕ ਹਾਦਸੇ ਦੁਆਲੇ

ਜੁੜਿਆ ਝੁਰਮਟ ਹੈ

ਐਵੇਂ ਉਲਟਾ ਸਿੱਧਾ ਖੌਰੂ ਪਾਉਂਦੇ

ਪਰਾਈ ਖ਼ੁਸ਼ੀ ਦਾ ਮੂੰਹ ਚੁੰਮਣ ਆਏ

ਸਤਰਾਂ ‘ਚ ਖੜੇ , ਕੁਝ

ਖੁਸਰਿਆਂ ਵਰਗੇ ਲਫ਼ਜ਼ ਹਨ

ਨਜ਼ਮ ‘ਚ, ਕਾਮ ਤੇ ਆਈ

ਫੰਨ ਚੁੱਕੀ ਨਾਗਣ ਦਾ ਕੋਈ ਜ਼ਿਕਰ ਨਹੀਂ ਹੈ

ਸਮਾਜ ‘ਚ ਜੀਣ ਲਈ ਹੱਕ ਮੰਗਦੇ

ਕਤਾਰਾਂ ‘ਚ ਰੁਲ਼ਦੇ ਲੋਕਾਂ ਦਾ ਫ਼ਿਕਰ ਨਹੀਂ ਹੈ

ਨਜ਼ਮ, ਐਵੇਂ ਬਦਜ਼ਾਤ ਜਹੀ

ਕਲਮ ਦੇ ਮੂੰਹੋਂ ਉੱਤਰੀ ਕਾਲਖ਼ ਹੈ

ਮਨ ਦਾ ਉਧੜਾਅ ਹੈ

ਜ਼ਿਹਨੀ ਹੱਥਰਸੀ ਹੈ

ਕੁਝ ਕਹਿਣ ਦੀ ਹਸਰਤ ਹੈ

ਪੇਸ਼ ਹੈ ਇੱਕ ਨਜ਼ਮ ।

(ਤਿਰਲੋਕ ਬੀਰ )

ਤਿਰਲੋਕ ਬੀਰ Read More »

ਬੀਬੀ ਸੁਰਜੀਤ ਕੌਰ ਸੈਕਰਾਮੈੰਟੋ

ਸੂਫੀ ਕਵੀ ਆਪਣੇ ਆਲੇ ਦੁਆਲੇ ਵਿੱਚ ਪ੍ਰਚਲਤ ਸ਼ਬਦਾਂ ਰਾਹੀਂ ਆਪਣੇ ਅੰਦਰਲੀ ਗਲ ਜਾਂ ਆਪਣੇ ਇਸ਼ਕ ਹਕੀਕੀ ਪਿਆਰ ਨੂੰ ਦਰਸਾਉਂਦੇ ਹਨ ਅਤੇ ਉਨਾਂ ਦੀਆਂ ਰਚਨਾਵਾਂ ਦਿਲਕਸ਼ ਬਣ ਜਾਂਦੀਆਂ ਹਨ |ਇਸ ਦੁਨੀਆਂ ਵਿੱਚ ਇਸ਼ਕ ਮਿਜਾਜੀਆਂ ਦੀ ਭੀੜ ਹੈ ਅਤੇ ਇਸ਼ਕ ਹਕੀਕੀ ਵਾਲੇ ਬਹੁਤ ਘੱਟ ਹਨ ਤੇ ਇਸੇ ਪਰਸੰਗ ਵਿੱਚ ਸੁਪ੍ਰਸਿੱਧ ਸੂਫੀ ਕਵੀ ਰੂਮੀ ਆਖਦਾ ਏ ਕਿ ਜੇ ਤੂੰ ਅਲੱਗ ਦਿਸਣਾ ਚਾਉਂਦਾ ਏਂ ਤਦ ਭੀੜ ਵਿੱਚੋਂ ਬਾਹਰ ਨਿਕਲ, ਨਹੀਂ ਭੀੜ ਵਿੱਚ ਤੇਰੀ ਕੋਈ ਹਸਤੀ ਨਹੀਂ; ਇੰਝ ਹੀ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ ਕਵਿਤਾਵਾਂ ਰੱਬ ਦੇ ਪਿਆਰ ਵਿੱਚ ਰੰਗੀਆਂ ਹੋਈਆਂ ਹਨ | ਉਨਾਂ ਦੀਆਂ ਕਵਿਤਾਵਾਂ ਵਿੱਚ ਦਰਸਾਏ ਰੱਬ ਦੇ ਪਿਆਰ ਵਿੱਚੋਂ ਇਸ਼ਕ ਮਿਜਾਜੀ ਦੀ ਖੁਸ਼ਬੂ ਲੱਭਣ ਵਾਲੇ ਪੰਜਾਬੀ ਪਾਠਕ ਉਹ ਖੁਸ਼ਬੂ ਲੱਭਦੇ ਰਹਿੰਦੇ ਹਨ, ਪਰ ਕਿਸੇ ਟਾਵੇਂ ਨੇ ਉਨਾਂ ਦੇ ਦਿਲ ਦੀ ਹਾਲਤ ਜਾਣੀ ਹੋਏਗੀ, ਕਿਉਂਕਿ ਉਨਾਂ ਦਾ ਦਿਲ ਅਲੱਖ ਵਿੱਚ ਮਸਤ ਹੁੰਦਾ ਹੈ ਪਰ ਬਾਕੀ ਸਭ ਲੋਕਾਂ ਦਾ ਸੰਸਾਰ ਵਿੱਚ ਹੈ | ਸੂਫੀ ਕਵਿਤਾ ਪਾਕ ਦਾਮਨ ਨਾਲ ਬੰਨ੍ਹੀ ਗਈ ਹੁੰਦੀ ਹੈ ਤੇ ਉਸ ਨੁੰ ਸਮਝਣ ਲਈ ਜੇ ਕੋਈ ਇਨਸਾਨ ਸੂਫੀ ਨਾ ਵੀ ਬਣੇ, ਤਦ ਵੀ ਉਸ ਦੀ ਖੂਬਸੂਰਤੀ ਤੋ ਵਾਂਝਾ ਨਹੀਂ ਰਹਿ ਸਕਦਾ/ਸਕਦੀ | ਡਾਕਟਰ ਐਸ ਪੀ ਸਿੰਘ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਬੀਬੀ ਸੁਰਜੀਤ ਕੌਰ ਸਕ੍ਰਾਮੇਂਟੋ ਦੀ ਕਵਿਤਾ ਸੂਫੀਵਾਦ ਵਿੱਚ ਰੰਗੀ ਹੋਈ ਪੜਨ ਨੁੰ ਮਿਲੀ | ਬੀਬੀ ਸੁਰਜੀਤ ਕੌਰ ਜੀ ਹੋਰਾਂ ਨੁੰ ਮੈਂ ਕਦੇ ਨਹੀਂ ਮਿਲਿਆ, ਸਿਰਫ਼ ਇੱਕ ਵਾਰ ਇੱਕ ਸਾਂਝੇ ਕਵੀ ਦਰਬਾਰ ਵਿੱਚ ਹਿੱਸਾ ਲੈਂਦਿਆਂ ਮੈਂ ਉਨਾਂ ਨੁੰ ਕਵਿਤਾ ਪ੍ੜਦਿਆਂ ਸੁਣਿਆ ਜਰੂਰ ਸੀ | ਉਨਾਂ ਦੀ ਇਸ ਕਵਿਤਾ ਦੀ ਖਾਸੀਅਤ ਇਹ ਹੈ ਕਿ ਜੀਵ , ਉਸ ਦੇ ਜਨਮ ਅਤੇ ਉਸ ਦੀ ਆਪਣੇ ਕਰਤੇ ਨੂੰ ਮਿਲਣ ਦੀ ਵਾਰੀ ਅਤੇ ਤਾਂਘ ਬਾਰੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕੀਤਾ ਗਿਆ ਹੈ, ਉਸੇ ਖਿਆਲ ਨੂੰ ਨਵੇਂ ਬਿੰਬ ਨਾਲ ਸ਼ਾਇਰਾ ਨੇ ਇਸ ਵਿੱਚ ਕਲਮਬੰਦ ਕੀਤਾ ਹੈ : ਕਵਿਤਾ ਦਾ ਰੂਪ ਗਜ਼ਲ ਹੈ ਪਰ ਮੇਰੀ ਖਿੱਚ ਕਵਿਤਾ ਦਾ ਰੂਪ ਨਹੀਂ ਹੈ ਬਲਕਿ ਉਹ ਖਿਆਲ ਹੈ ਜਿਸ ਰਾਹੀਂ ਕਰਤੇ ਨਾਲ ਇਕਮਿਕ ਹੋਣ ਦੀ ਤਾਂਘ ਦੀ ਬੁਲੰਦੀ ਦਰਜ ਹੈ |ਬੂੰਦਾਂ ਜੀਵ ਬਿੰਬ ਹਨ ਅਤੇ ਸਮੁੰਦਰ ਕਰਤੇ ਦਾ ਬਿੰਬ ਹੈ, ਪਰ ਕਰਤੇ ਨਾਲ ਇਕਮਿਕ ਹੋਣ ਦੇ ਸਫ਼ਰ ਦਾ ਇੱਕ ਦ੍ਰਿਸ਼ ਚਿਤਰਿਆ ਗਿਆ ਹੈ ਇਸ ਕਵਿਤਾ ਵਿੱਚ ਜੋ ਸਿਰਫ਼ ਵੇਖਣ ਵਾਲਾ ਹੀ ਨਹੀਂ ਬਲਕਿ ਮਹਿਸੂਸ ਕਰਨੇ ਵਾਲਾ ਹੈ ; ਕੁਝ ਬੂੰਦਾਂ ਵਾਪਿਸ ਸਮੁੰਦਰ ਵਿੱਚ ਜਾ ਡਿੱਗੀਆਂ ਤੇ ਉਸ ਨਾਲ ਇਕਮਿਕ ਹੋ ਗਈਆਂ , ਕੁਝ ਨਦੀ ਵਿੱਚ ਜੋ ਆਖਰ ਨੁੰ ਸਮੁੰਦਰ ਵਿੱਚ ਮਿਲ ਜਾਣ ਦੀ ਤਾਂਘ ਵਿੱਚ ਹਨ ਪਰ ਕੁਝ ਮਿਟੀ ਦੇ ਮੋਹ ਵਿੱਚ ਰੱਲ ਮਿਲ ਜਾਂਦੀਆਂ ਹਨ ਤੇ ਉਹ ਫੇਰ ਕਿਤੇ ਮਿਲੀ ਵਾਰੀ ਮੁਤਾਬਿਕ ਕਰਤੇ ਦੀ ਤਾਂਘ ਕਰਨ ਗੀਆਂ |ਇਹੋ ਇੱਕ ਸਿੱਖ ਦਾ ਉਦੇਸ਼ ਹੈ ਤੇ ਸਫ਼ਰ ਹੈ, ਭਾਂਵੇਂ ਉਸ ਦੀ ਸੀਮਾਂ ਵੀ ਬਹੁਤ ਵਾਰੀ ਮਿਟੀ ਦੇ ਮੋਹ ਤੀਕ ਰਹਿ ਜਾਂਦੀ ਹੈ ਜੇ ਉਹ ਕੰਵਲ ਵਾਂਗ ਚਿੱਕੜ ਵਿੱਚ ਉੱਗਕੇ ਉਤਾਂਹ ਨਾ ਖਿੜੇ | ਇਸ ਕਵਿਤਾ /ਗਜ਼ਲ ਨੂੰ ਮੇਰੇ ਦੱਸੇ ਪਰਸੰਗ ਵਿੱਚ ਪੜਕੇ ਵੇਖਣਾ ਤੇ ਮਹਿਸੂਸ ਕਰਨਾ ਕਿ ਅਸੀਂ ਕਿਹੜੀਆਂ ਬੂੰਦਾਂ ਹੋ ਨਿਬੜੇ ਹਾਂ ! ਹਾਜਰ ਹੈ ਬੀਬੀ ਸੁਰਜੀਤ ਕੌਰ ਜੀ ਦੀ ਇਹ ਖੂਬਸੂਰਤ ਰਚਨਾ :

ਗ਼ਜ਼ਲ

ਨਿਕੀਆੰ ਨਿਕੀਆੰ ਬੂਦਾਂ ਬਰਸਨ ।

ਸਾਗਰ ਨੂੰ ਮਿਲਣੇ ਲਈ ਤਰਸਨ ।

ਨੀਲ ਗਗਨ ਤੋੰ ਤੁਰਕੇ ਆਈਆੰ।

ਸਾਗਰ ਦੇ ਪੈਰਾਂ ਨੂੰ ਪਰਸਨ ।

ਕਿੰਝ ਨਦੀ ਵਿਚ ਵੜੀਏ ਜਾ ਕੇ ।

ਕਿੰਝ ਸਾਗਰ ਦੇ ਕਰੀਏ ਦਰਸਨ ।

ਦਿਲ ਵਿਚ ਚਾਉ ਘਨੇਰਾ ਲੈ ਕੇ ।

ਮਨ ਹੀ ਮਨ ਵਿਚ ਪਈਆੰ ਸਰਸਨ ।

ਪੀਅਾ ਮਿਲਣ ਦੀ ਤਾਂਘ ਹੈ ਤੀਬਰ ।

ਅਾਪੇ ਸੋਚਣ ਅਾਪੇ ਹਰਸਨ ।

ਕਈ ਜਨਮਾਂ ਤੋੰ ਪਏ ਵਿਛੋੜੇ ।

ਹੋਰ ਵਿਛੋੜਾ ਕਿਦਾਂ ਜਰਸਨ ।

ਜੋ ਸਾਗਰ ਵਿਚ ਜਾ ਕੇ ਵੜੀਆੰ ।

ਸੀਸ ਉਸਦੇ ਪੈਰੀੰ ਧਰਸਨ ।

ਜੋ ‘ਸੁਰਜੀਤ’ ਕਿਨਾਰੇ ਖੜੀਆੰ ।

ਤੜਪ ਤੜਪ ਕੇ ਪਈਆੰ ਮਰਸਨ । ਬੀਬੀ ਸੁਰਜੀਤ ਕੌਰ ਸੈਕਰਾਮੈੰਟੋ ।

ਬੀਬੀ ਸੁਰਜੀਤ ਕੌਰ ਸੈਕਰਾਮੈੰਟੋ Read More »

Scroll to Top