G. Poetry

ਪਾਰ ਦੀ ਖੁਸ਼ਬੂ

ਗੁਰੂ ਨਾਨਕ ਜੀ ਨੇ ਹੀ ਪਹਿਲੀ ਵਾਰ ਭਾਰਤੀਆਂ ਨੂੰ ਕਿਹਾ ਸੀ ਕਿ ਔਰਤ ਹੀ ਤਾਂ ਰਾਜੇ ਜੰਮਦੀ ਹੈ ਜਿਨਾਂ ਨੂੰ ਤੁਸੀਂ ਐਨੀ ਵਡਤਣ ਦੇਂਦੇ ਹੋ; ਔਰਤ ਬਿਨਾਂ ਤਾਂ ਜ਼ਿੰਦਗੀ ਖਲੋ ਜਾਂਦੀ ਅਤੇ ਲੋਕਾਈ ਖਤਮ ਹੋ ਜਾਂਦੀ ਹੈ;ਫੇਰ ਉਸ ਨੂੰ ਹੀਨਤਾ ਨਾਲ ਨਿੰਦਣਾ ਛੱਡ ਦਿਓ | ਔਰਤ ਨੂੰ ਇੱਕ ਚੀਜ਼ ਸਮਝਣਾ ਅਤੇ ਉਸ ਦੇ ਜਿਸਮ ਤੋਂ ਅੱਗੇ ਨਾ ਜਾ ਸਕਣ ਵਲੀਂ ਮਾਨਸਿਕ ਬਿਮਾਰੀ ਮਰਦ ਨੂੰ ਹਟਾਉਣੀ ਬਹੁਤ ਜਰੂਰੀ ਹੈ , ਨਹੀਂ ਫੋਕੀ ਔਰਤ ਦੇ ਹੱਕ ਵਿੱਚ ਬੱਲੇ ਬੱਲੇ ਕਰਨ ਨਾਲ ਕੀ ਬਣੇਗਾ? ਔਰਤ ਨੂੰ ਚਾਹੀਦਾ ਹੈ ਕਿ ਆਪਣੇ ਬਾਰੇ ਉਹ ਸਾਰੇ ਸ਼ਬਦਾਂ ਉੱਤੇ ਰੋਸ ਕਰੇ ਜੋ ਉਸ ਨੂੰ ਨੀਵਾਂ ਵਿਖਾਉਂਦੇ ਹਨ | ਇਸੇ ਪਰਸੰਗ ਵਿੱਚ ਇੱਕ ਕਵਿਤਾ ਪੇਸ਼ ਕਰ ਰਿਹਾਂ :

ਪਾਰ ਦੀ ਖੁਸ਼ਬੂ

ਜਦੋਂ ਔਰਤ ਦੇ ਜਿਸਮ ਤੀਕ,

ਨਜਰ ਅਟਕ ਕੇ ਰਹਿ ਜਾਵੇ,

ਉਦੋਂ ਮਰਦ ਦੀ ਹਾਲਤ ਹੁੰਦੀ,z

ਇੱਕ ਭੁੱਖੇ ਜਾਨਵਰ ਵਰਗੀ

ਜੋ ਭੁੱਖ ਕਾਰਣ ਕੁਝ ਵੀ ਖਾ ਲੈਂਦਾ ਹੈ !

ਉਸ ਦੀ ਸੋਚ ਮਾਂ ਨੂੰ ਗਾਲੀ ਬਣ ਜਾਂਦੀ ਹੈ

ਉਹ ਸਮਾਜ ਦਾ ਦਿੱਤਾ ਸਰਾਪ ਹਢਾਉਂਦਾ ਹੈ !

ਔਰਤ ਨੂੰ ਇੱਕ ਚੀਜ਼ ਸਮਝ ਉਹ

ਖੂਬਸੂਰਤ ਸ਼ਖਸ਼ੀਅਤ ਦੇ ਅਭਾਵ ਵਿੱਚ ਗੁੰਮ ਜਾਂਦਾ !

ਤੱਥ ਇਹ ਵੀ ਹੈ ਕਿ ਉਸ ਦੀ ਨਜਰ

ਆਪਣੀ ਮਾਂ ਦੇ ਜਿਸਮ ਤੀਕ ਨਹੀਂ ਟਿਕਦੀ !

ਤਦੇ ਇਸ਼ਕ ਮਿਜਾਜੀ ਵਿੱਚ ਜਿਸਮ ਦਾ ਪਿਆਰ,

ਪਿਆਰ ਨਹੀਂ ਬਲਕਿ ਭਾਵਾਂ ਵਿੱਚ ਲਿੱਬੜੀ

ਹਵਸ ਅਕਸ ਬਣਿਆ ਰਹਿੰਦੈ !

ਜਿਸ ਦਿਨ ਇਹ ਸਰਾਪ ਮਰਦ ਨੇ

ਲਾਹਕੇ ਵਗਾਹ ਮਾਰਿਆ

ਉਹ ਔਰਤ ਦੇ ਕਰਾਮਾਤੀ ਦਿਮਾਗ ਦੇ ਫੁੱਲਾਂ ਦੀ

ਮਾਣੇਗਾ ਖੁਸ਼ਬੂ ਅਤੇ ਆਖ ਸਕੇਗਾ

“ਮਾਂ ਦੀ ਜਾਤ ਮੇਰੀ ਜਾਤ ਨਾਲੋਂ

ਕਦੇ ਵੀ ਘੱਟ ਨਹੀਂ ਸੀ !

ਮੈਂ ਐਵੇਂ ਮੂਰਖਾਂ ਦੀ ਭੇਡ ਬਣਿਆ ਰਿਹਾ |”

ਮੰਨੂੰ ਦੀ ਸੋਚ ਦਾ ਕਤਲ ਕਰਕੇ,

ਪੁਰਾਣਿਆਂ ਦੀ ਸੋਚ ਦੇ ਦਾਗ,

ਜੋ ਸਮਾਜ ਦੇ ਜਿਸਮ ‘ਤੇ ਉੱਕਰੇ ਪਏ ਹਨ,

ਨੂੰ ਧੋ ਕੇ ਫਿਰ ਉਹ ਧਰਤੀ ‘ਚ ਪੁੰਗਰਦੇ

ਪੌਦਿਆਂ ਦੀ ਤਰ੍ਹਾਂ

ਨਵੀਂ ਫ਼ਿਜ਼ਾ ਵਿੱਚ ਪੁੰਗਰੇਗਾ

ਔਰਤ ਦੇ ਬਰਾਬਰ ਦੀ ਖੁਸ਼ਬੂ ਬਣਨ ਲਈ !

ਗ ਸ ਨਕਸ਼ਦੀਪ ਪੰਜਕੋਹਾ

ਪਾਰ ਦੀ ਖੁਸ਼ਬੂ Read More »

ਮੈਂ ਅਤੇ ਉਹ ਸਾਰੇ

(ਭਾਰਤੀਆਂ ਦੇ ਨਾਂ )

ਨਾਲ ਲੱਗਦੇ ਦਰੱਖਤ ਦੀ ਟੀਸੀ ਤੇ,

ਮੇਰੀ ਨਜਰ ਪਈ ਅਟਕੇ ਫਲ ਤੇ!

ਮੈਂ ਉੱਡਿਆ ਫਲ ਨੂੰ ਖਾਣ ਖਾਤਰ!

ਉੱਥੇ ਦੁਹਰੀ ਹੋਏ ਟਾਹਣੀ ਵਿੱਚ

ਫਸ ਗਿਆ ਹੈ ਮੇਰਾ ਪੰਜਾ!

ਮੈਂ ਉਡ ਨਹੀਂ ਪਾ ਰਿਹਾ!

ਕੋਲ ਹੀ ਖੜ੍ਹੇ ਦਰੱਖਤ ‘ਤੇ

ਮੇਰੇ ਤੇ ਮੇਰੀ ਸਾਥਣ ਦਾ ਆਹਲਣਾ ਹੈ!

ਆਹਲਣੇ ਵਿੱਚ ਦੋ ਸਾਡੇ ਚੂਚੇ ਹਨ!

ਮੇਰੀ ਸਾਥਣ ਖੁਰਾਕ ਦੀ ਭਾਲ ਚ ਕਿਤੇ ਬਾਹਰ ਹੈ!

ਨਾਲ ਦੇ ਦਰਖ਼ਤ ਤੇ ਇੱਕ ਸਪ ਚੜ੍ਹ ਰਿਹਾ ਹੈ!

ਸਾਡੇ ਚੁੱਚਿਆਂ ਦਾ ਮੁਸ਼ਕ ਆ ਗਿਆ ਉਸ ਨੂੰ

ਤੇ ਉਹ ਸਾਡੇ ਚੁੱਚਿਆਂ ਵੱਲ ਜਾਏਗਾ!

ਮੈਂ ਫੇਰ ਉੱਡਣਾ ਚਾਹਿਆ,

ਨਹੀਂ ਉਡ ਪਾਉਂਦਾ! ਮੈਂ ਕਾਫੀ ਬੋਲੀ ਜਾ ਰਿਹਾਂ!

ਨਾਲ ਦੇ ਦਰੱਖਤ ‘ਤੇ ਹੋਰ ਮੇਰੇ ਵਰਗੇ ਪਰਿੰਦੇ ਹਨ!

ਮੈਨੂੰ ਸੁਣਕੇ ਉਹ ਜਰਾ ਏਧਰ ਓਧਰ ਵੇਖਦੇ ਹਨ!

ਫੇਰ ਸੱਪ ਨੂੰ ਵੇਖਕੇ, ਬੋਲਦੇ ਹਨ ਪਰ ਹਿਲਦੇ ਨਹੀਂ!

ਸੱਪ ਨੂੰ ਚੁੰਜ ਮਾਰਨ ਖਾਤਰ ਉੱਡਦੇ ਹੀ ਨਹੀਂ!

ਸੋਚਦਾ ਹਾਂ ਕਿ ਉਹ ਬੇਹਰਕਤ ਕਿਉਂ ਹਨ?

ਖਤਰਾ ਵੱਧ ਰਿਹਾ ਹੈ! ਮੇਰੀ ਕੋਸ਼ਿਸ਼ ਜਾਰੀ ਹੈ,

ਪਰ ਉਹ ਅਜੇ ਵੀ ਕਿਉਂ ਹਨ ਬੇਹਰਕਤ!

ਡਰ ਅਤੇ ਮੌਤ ਵਿੱਚ,

ਲੱਗਦਾ ਹੈ ਕੋਈ ਫਰਕ ਨਹੀਂ !

ਗ ਸ ਨਕਸ਼ਦੀਪ ਪੰਜਕੋਹਾ

ਮੈਂ ਅਤੇ ਉਹ ਸਾਰੇ Read More »

ਵਕਤ ਦੀ ਗੱਲ

ਸੁਣਿਆ ਹੈ ਕਿ ਅੰਬ ਨੂੰ ਵੇਖ ਅੰਬ ਪੱਕਦਾ ਹੈ ,

ਨਹੀਂ ਪੱਕਿਆ ਕਿਉਂਕਿ ਹਰ ਅੰਬ ਹਉਂ ਵਿੱਚ ਹੈ

ਹਉਂ ਟੁੱਟੇ ਤੇ ਅੰਬ ਪੱਕੇ !

ਚਿੱਤਰਕਾਰ ਨੇ ਤਸਵੀਰ ਵਾਹ ਦਿੱਤੀ

ਚੋਰਾਂ ਦੇ ਹੱਥਕੰਡਿਆਂ ਤੇ ਜੋਰਵਰਾਂ ਦੀਆਂ ਧਮਕੀਆਂ ਪਿੱਛੇ

ਛੁੱਪੀ ਲਾਹਪਰਵਾਹੀ ਦੇ ਸਰਾਪ ਦੀ !

ਅਜੇ ਵੀ ਉਹ ਹਨ ਜੋ ਸੂਰਜ ਵੱਲ ਪਿੱਠ ਕਰ ਆਖਦੇ ਹਨ

ਸੂਰਜ ਨਹੀਂ ਚੜ੍ਹਿਆ! ਤਦੇ ਸ਼ੋਸ਼ਣ ਜਾਰੀ ਰਹੇਗਾ !

ਉਬਾਲੀ ਕੇਂਦਰ ਬਿੰਦੂ ਤੋਂ ਸ਼ੁਰੂ ਕਰਕੇ

ਸਭ ਕੁਝ ਬਾਹਰ ਸੁੱਟਣ ਦਾ ਜੇਰਾ ਕਰਦੀ ਹੈ !

ਮੇਰੇ ਲੋਕ ਉਬਾਲੀ ਤੋਂ ਸਿੱਖਣ ਤੋਂ ਵੀ ਮੁਨਕਰ ਹਨ !

ਸੱਪ ਨੇ ਕਾਟੋ ਦੇ ਅੰਡੇ ਖਾ ਲਏ ਹਨ,

ਕਾਂ ਵੇਖਕੇ ਰੋਲਾ ਪਾ ਭੈਣ ਭਰਾਵਾਂ ਨੂੰ ਇਕੱਤਰ ਕਰਦਾ ਹੈ !

ਮੇਰੇ ਲੋਕਾਂ ਨੇ ਕਾਵਾਂ ਤੋਂ ਵੀ ਨਾ ਸਿੱਖਿਆ !

ਜਾਬਰ ਜਿੱਤਦਾ ਰਹੇ ਜੇ ਤਦ ਮਨੁੱਖਤਾ ਸੁੰਗੜ ਜਾਂਦੀ ਹੈ

ਵੈਣ ਪਾਉਂਦੀ ਹੋਈ ਕਿ ਕੀ ਹੋ ਗਿਆ ਜਮੀਰਾਂ ਨੂੰ !

ਸ਼ਰੇਆਮ ਕੋਈ ਲੋਕਾਂ ਨੂੰ ਖਰੀਦਣ ਦੇ ਕਰੇ ਦਾਹਵੇ,

ਤੇ ਲੋਕ ਚੁੱਪ ਧਾਰੀ ਬੈਠੇ ਹਨ !

ਕਦੇ ਐਨੀ ਦੁਰਗਤੀ ਵੇਖੀ ਏ ਮਨੁੱਖ ਦੀ ?

ਠੁਹਿਆਂ ਨੂੰ ਏਧਰ ਓਧਰ ਛੱਡਕੇ,

ਕੋਈ ਮੁਸਕਰਾ ਕੇ ਮਸ਼ਕਰੀਆਂ ਕਰਦਾ ਏ,

ਸ਼ਹੀਦਾਂ ਦੀ ਔਲਾਦ ਕਿੱਧਰ ਹੈ ?

ਛੋਟੇ ਛੋਟੇ ਡੱਬਿਆਂ ਦੇ ਸੁਆਦ ਵਿੱਚ ਰਹਿਕੇ

ਆਗੂ ਗਾਇਬ ਹਨ ਤੇ ਲੋਕਧਾਰਾ ਚੁੱਪ ਹੈ !

ਜੋ ਬੋਲਦੀ ਹੈ ਉਹ ਅਣਸੁਣੀ ਕਰਕੇ ਕੋਈ ਹੱਸਦਾ ਹੈ,

ਕਿਉਂਕਿ ਖੋਹੀ ਅਜ਼ਾਦੀ ਵਾਪਿਸ ਲਿਆਉਣ ਦਾ ਖਿਆਲ,

ਅਜੇ ਤੁਰਨਾ ਸਿੱਖ ਰਿਹਾ ਹੈ ਬੱਚੇ ਵਾਂਗ,

ਬਿਲਕੁਲ ਹੋਇਆ ਅਣਜਾਣ ਇਤਿਹਾਸ ਤੋਂ !

ਸਾਧੂਆਂ ਦੇ ਡੇਰੇ ਭਰੇ ਪਏ ਹਨ,

ਮਨ ਭਾਉਂਦੀਆਂ ਦਾਤਾਂ ਲਈ ਮੂਰਖਾਂ ਨਾਲ !

ਕਿਉਂਕਿ ਧਰਮ ਨਸ਼ਾ ਬਣ ਦਿੱਤਾ ਗਿਆ ਜਿਵੇਂ

ਦੀਵੇ ਨੂੰ ਢੱਕ ਕਿ ਹਨੇਰੇ ਨੂੰ ਪੂਜਿਆ ਜਾਵੇ!

ਜੋ ਲਹਰ ਉੱਠੀ ਹੈ ਉਸ ਨੇ ਨਫ਼ਰਤ ਦੇ ਗਾਇਣੇ ਪਹਿਨ ਲਏ !

ਜੇ ਹੋਰ ਨਹੀਂ ਵੰਡੀਆਂ ਦੀ ਅਫੀਮ ਛੱਡਕੇ,

ਚਿੱਕੜ ਵੱਲ ਕਿਸਤੀ ਹੀ ਸੁੱਟ ਦਿਓ

ਕੋਈ ਕਿਨਾਰੇ ਤਾਂ ਪੁੱਜੇ !

ਤੰਗਦਿਲੀ ਸੁਰੀਲੀ ਬਣ ਗਈ ਏ,

ਇਸੇ ਰਾਗ ਵਿੱਚ ਭੇਡ ਸੋਚ ਮਸਤ ਹੈ !

ਮਤਲਬਪ੍ਰਸ਼ਤੀ ਗਾਹੜੇ ਰੰਗ ਵਿੱਚ ਆਪਣੇ ਵੱਲ ਖਿੱਚੇ ਪਈ !

ਫਿਰ ਵੀ ਉਹ ਜੋ ਚੱਲ ਪਏ ਇਹ ਸਭ ਕੁਝ ਵੇਖਕੇ

ਕਾਫਲਾ ਵਧੇਗਾ ਉਨਾਂ ਦਾ ਹੌਲੀ ਹੌਲੀ,

ਤੇ ਪਹਾੜ ਤੋਂ ਪਾਰ ਦੀ ਵਾਦੀ ਜੀ ਆਇਆਂ ਆਖੇਗੀ,

ਸਿਰਫ਼ ਵਕਤ ਦੀ ਗੱਲ ਹੈ !

ਵਕਤ ਦੀ ਗੱਲ Read More »

Scroll to Top