ਰਾਜਿੰਦਰ ਕੌਰ ਮਾਵੀ
ਬਿਨ ਜਾਣਿਆ ਕਵੀ ਤੇ ਕਵਿਤਰੀਆਂ ਦੀਆਂ ਰਚਨਾਵਾਂ ਵਿੱਚੋਂ ਉਨਾਂ ਦੇ ਉਮਦਾ ਖਿਆਲਾਂ ਦੇ ਮੋਤੀ ਤੁਹਾਡੇ ਸਭ ਨਾਲ ਸਾਂਝੇ ਕਰਨਾ ਮੇਰੀ ਤਮੰਨਾ ਰਹੀ ਹੈ; ਲਿਹਾਜਾਂ ਦੇ ਦੌਰ ਵਿੱਚ ਕੀਤੇ ਜਾਂਦੇ ਜਖਮ ਹਮੇਸ਼ਾ ਦਰਦ ਦੀ ਹੂਕ ਦੇਂਦੇ ਰਹਿੰਦੇ ਹਨ ਮੈਨੂੰ | ਲੇਖਿਕ /ਕਵੀ ਦਾ ਵਜੂਦ ਦਰਅਸਲ ਉਹ ਪਾਠਕ ਹੁੰਦੇ ਹਨ ਜੋ ਰਚਨਾ ਨੁੰ ਪਹਿਲਾਂ ਤੇ ਉਸ ਦੇ ਰਚਕਾਰ ਦੇ ਨਾਮ ਨੁੰ ਬਾਅਦ ਵਿੱਚ ਪੜ ਦੇ ਹਨ; ਉਨਾਂ ਦੀ ਦੌਲਤ ਤੁਸੀਂ ਹੋ, ਲਿਹਾਜ ਵਿੱਚ ਵਜੀ ਢੋਲਕੀ ਨਹੀਂ | ਰਾਜਿੰਦਰ ਕੌਰ ਮਾਵੀ ਹੋਰਾਂ ਦੀ ਕਵਿਤਾ ਜੋ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਉਹ ਮੇਰੀ ਤਲਾਸ਼ ਦੇ ਰੂਬਰੂ ਹੋਈ | ਉਨਾਂ ਬਾਰੇ ਕੁਝ ਨਹੀਂ ਜਾਣ ਦਾ ਇਸ ਤੋਂ ਬਿਨਾਂ ਕਿ ਉਹ ਅਧਿਆਪਕ ਹਨ ਅਤੇ ਪਲਿਆਲੇ ਦੇ ਨਜਦੀਕ ਦੇ ਹਨ | ਉਨਾਂ ਦੀ ਕਵਿਤਾ ਜਨਤਾ ਦੇ ਉਸ ਸੁਭਾਹ ਬਾਰੇ ਸਾਨੂੰ ਯਾਦ ਕਰਵਾਉਂਦੀ ਹੈ ਜਿਸ ਦੇ ਸਦਕੇ ਭਰਸ਼ਟ ਰਕਨੀਤੀਵਾਨ ਦਹਾਕਿਆਂ ਤੀਕ ਰਾਜ ਕਰੀ ਜਾਂਦੇ ਹਨ ਅਤੇ ਜੁਰਮ ਤੇ ਜਬਰ ਦੀ ਮੁਹਿੰਮ ਜਾਰੀ ਰਹਿੰਦੀ ਹੈ | ਜਨਤਾ ਦੇ ਭੁੱਲ ਜਾਣ ਦਾ ਸੁਭਾਹ ਸਰਬਵਿਆਪਕ ਹੈ ; ਕੋਈ ਵੀ ਦੁਰਘਟਨਾ ਤ੍ਰਾਸਦੀ ਵਿੱਚ ਲਿਪਟੀ ਹੋਈ ਜਦੋਂ ਜਨਤਾ ਨੂੰ ਹਿੱਟ ਕਰਦੀ ਏ, ਤਦ ਉਹਦਾ ਪ੍ਰਭਾਵ ਥੋੜਚਿਰਾ ਹੀ ਹੁੰਦਾ; ਕੁਝ ਵਕਤ ਗੁਜਰ ਨਾਲ ਜਨਤਾ ਦਾ ਮਨ ਫਿਰ ਵਿਖਰ ਜਾਂਦਾ ਹੈ | ਕਿਸੇ ਜਿਆਦਤੀ ਦਾ ਥੋੜਚਿਰਾ ਰੋਸ ਉਸੇ ਕਿਸਮ ਦੀ ਤ੍ਰਾਸਦੀ ਲਈ ਹੋਰ ਮੌਕੇ ਸਿਰਜ ਜਾਂਦਾ ਹੈ | ਇਸੇ ਪਰਸੰਗ ਵਿੱਚ Robert Frost ਦੀ ਕਵਿਤਾ “ Out , Out “ ਚੇਤੇ ਆ ਜਾਂਦੀ ਹੈ ਜੋ ਇਸ ਪ੍ਰਕਾਰ ਦੇ ਜਨਤਿਕ ਵਤੀਰੇ ਉੱਤੇ ਕਿੰਤੂ ਕਰਦੀ ਹੈ ,” They listened to his heart.
Little – less – nothing! – and that ended it.
No more to build on there. And they, since they
Were not the one dead, turned to their affairs.” ਫਰੋਸਟ ਬਜ ਸਾ (Buzz Saw )ਨਾਲ ਹੱਥ ਕੱਟੇ ਜਾਣ ਉੱਤੇ ਬੱਚੇ ਦੀ ਮੌਤ ਦੇ ਸਦਮੇ ਤੇ ਲੋਕਾਂ ਦਾ ਥੋੜਚਿਰਾ ਅਫਸੂਸ ਕਰਨ ਉਪਰੰਤ ਮੁੜਕੇ ਆਪਣੇ ਰੁਝੇਵਿਆਂ ਵਿੱਚ ਗ੍ਰਸਣ ਉੱਤੇ ਕਿੰਤੂ ਕਰਦਾ ਹੈ| ਉਸ ਤ੍ਰਾਸਦੀ ਨਾਲ ਲੋਕ ਜੁੜ ਦੇ ਨਹੀਂ; ਜੇ ਇੰਝ ਕਿਸਮ ਦੇ ਪਰਸੰਗ ਵਿੱਚ ਜੇ ਲੋਕ ਜੁੜੇ ਵੀ ਤਦ ਕੁਝ ਚਿਰ ਲਈ; ਇਸੇ ਵਿਚਾਰ ਨੂੰ ਰਾਜਿੰਦਰ ਕੌਰ ਮਾਵੀ ਹੋਰੀਂ ਹੈਰਾਨੀ ਨਹੀਂ ਬਲਕਿ ਦੁਖ ਵਿੱਚ ਲਪੇਟ ਕੇ ਸਾਡੇ ਅੱਗੇ ਰੱਖਦੇ ਹਨ| ਕੀ ਅਸੀਂ ਆਹ ਕੁਝ ਬਣ ਕੇ ਹੀ ਰਹਿਣਾ ਹੈ ਜਾਂ ਅਜਿਹੀਆਂ ਦਿਲ ਹਿਲਾਉਣ ਵਾਲੀਆਂ ਤਰਸਦੀਆਂ ਬੰਦ ਕਰਨੀਆਂ ਹਨ ? ਕਵਿਤਾ ਬਹੁਤ ਛੋਟੀ ਹੈ ਕਿਉਂਕਿ ਇਹ ਜਨਤਾ ਦੇ ਸੁੰਗੜੇ ਵਤੀਰੇ ‘ਤੇ ਇਤਰਾਜ ਕਰਦੀ ਹੈ ਅਤੇ ਤ੍ਰਾਸਦੀਆਂ ਦੇ ਚਿੱਤਰ ਚਿਤਰਨ ਤੋਂ ਗੁਰੇਜ ਕਰਦੀ ਹੈ | ਇਸ ਭੁੱਲ ਜਾਣ ਦੀ ਤ੍ਰਾਸਦੀ ਹੀ ਹੋਰਾਂ ਤਰਸਦੀਆਂ ਦੀ ਜਨਮ ਦਾਤਾ ਹੋ ਨਿਬੜਦੀ ਹੈ | ਇਸੇ ਵਿੱਚ ਕਵਿਤਰੀ ਇੱਕ ਸਵਾਲ ਵੀ ਖੜਾ ਕਰ ਜਾਂਦੀ ਹੈ ਅਸਿੱਧੇ ਤੌਰਤੇ ,” ਕੀ ਇਹ ਥੋੜਚਿਰ ਵਾਲਾਂ ਰੋਸ- ਵਤੀਰਾ ਬਦਲੇਗਾ ਕਿ ਨਹੀਂ “| ਜੇ ਵਤੀਰਾ ਨਹੀਂ ਬਦਲੇਗਾ ਤਦ ਸਮਾਜ ਤ੍ਰਾਸਦੀਆਂ ਵਿੱਚ ਘੁੱਟ ਘੁੱਟ ਕੇ ਮਰਦਾ ਰਹੇਗਾ; ਜੇ ਉੱਠੇ ਰੋਸ ਵਿੱਚ ਸਮਾਜ ਇਨਕਲਾਬ ਭਰਦੇਗਾ, ਫੇਰ ਨਾ ਕੋਈ ਰਾਜਨੀਤੀਵਾਨ ਬੁੱਧੂ ਬਣਾਏਗਾ ਲੋਕਾਂ ਨੂੰ ਤੇ ਨਾ ਹੀ ਤ੍ਰਾਸਦੀਆਂ ਵਾਪਰਨਗੀਆਂ | ਹਾਜਰ ਹੈ ਕਵਿਤਾ :
ਹੁਣ
ਕੋਈ ਵੀ ਅਣਸੁਖਾਵੀਂ ਘਟਨਾ
ਬਸ ਉਦੋਂ ਤੱਕ
ਕਰਦੀ ਐ ਪਰੇਸ਼ਾਨ
ਜਦ ਤੱਕ ਕੈਂਡਲ ਮਾਰਚ ਲਈ
ਜਗਾਈਆਂ ਮੋਮਬੱਤੀਆਂ
ਬੁੱਝਦੀਆਂ ਨਹੀਂ
ਫ਼ਿਰ ਅਸੀਂ ਵਿਸਾਰ ਦਿੰਦੇ ਹਾਂ
ਚੇਤਿਆਂ ‘ਚੋਂ ਉਸ ਹੋਣੀ ਨੂੰ
ਹੋਰ ਕਿਸੇ ਅਣਹੋਣੀ ਹੋਣ ਤੱਕ
ਕਿਉਂਕਿ ਸਾਡੇ ਲਈ ਹੋਰ ਵੀ
ਜਰੂਰੀ ਮਸਲੇ,ਇਨ੍ਹਾਂ ਤੋਂ ਬਿਨਾਂ
ਕੁੱਲੀ, ਗੁੱਲੀ,ਜੁੱਲੀ ਦੇ ਜੁਗਾੜ
ਵਿੱਚ ਉਲਝਿਆਂ ਨੂੰ ਦੇਰ ਬਾਅਦ
ਆਉਂਦੀ ਐ ਸਮਝ
ਉਦੋਂ ਤੱਕ ਬਸੰਤਰ ਦੀਆਂ ਲਪਟਾਂ
ਅੱਗ ਬਣ ਘਰ ਫੂਕ ਦੇਣ
ਪਰ ਅਣਹੋਣੀ ਤੇ ਹੋਣੀ
ਦਾ ਮਿਟਿਆ ਫ਼ਾਸਲਾ
ਫਿਰ ਹੋਰਾਂ ਲਈ
ਬਣ ਜਾਦੈ
ਕੈਂਡਲ ਮਾਰਚ ਫ਼ਰਜ।
(ਰਾਜਿੰਦਰ ਕੌਰ ਮਾਵੀ)




